ਮਾਣਾ ਸਿੰਘ ਦੀ ਧੀ ਨਿਹਾਲੋ ਦੀ ਸਾਖੀ
ਇਕ ਸਮੇਂ ਦੀ ਗਲ ਹੈ ਕਿ ਪਾਤਸ਼ਾਹਾਂ ਦੇ ਮਕਾਨ ਲਈ ਸਿਖ ਸ਼ਹਿਰੋਂ ਜਾ ਕੇ
ਸ਼ਤੀਰੀਆਂ ਗੱਡਾਂ ਤੇ ਲੱਦ ਨਹਿਰੋ ਨਹਿਰ ਰਾਤ ਭੁਚਰ ਆ ਰਹੇ ਹਨ । ਮਾਣਾ ਸਿੰਘ ਸਿਖ ਨੂੰ ਵੇਖ ਬੜੀ ਖ਼ੁਸ਼ੀ ਹੋਈ । ਜਿਸ ਵਕਤ ਸਵੇਰੇ ਉਠ ਕੇ ਸਿਖ ਤਿਆਰ ਹੋਏ ਹਨ, ਮਾਣਾ ਸਿੰਘ ਦੀ ਧੀ ਨਿਹਾਲੋ ਕੁਛੜ ਕਾਕੀ ਸੀ । ਆਪਣੇ ਪਿਤਾ ਨਾਲ ਸਲਾਹ ਕਰਦੀ ਹੈ ਕਿ ਪਾਤਸ਼ਾਹ ਦੀਆਂ ਗੱਡਾਂ ਤੇ ਮੈਂ ਵੀ ਭਾਈਏ ਆਸਾ ਸਿੰਘ ਤੇ ਬੁਧ ਸਿੰਘ ਨਾਲ ਘਵਿੰਡ ਚਲੀ ਜਾਂਦੀ ਹਾਂ । ਜਿਦਣ ਗੱਡਾਂ ਔਣਗੀਆਂ, ਮੈਂ ਵੀ ਆ ਜਾਵਾਂਗੀ । ਨਿਹਾਲੋ ਫੇਰ ਸ਼ਤੀਰੀਆਂ ਉਤੇ ਗੱਡੇ ਤੇ ਬੈਠ ਗਈ ਹੈ । ਨੈਹਰੋ ਨੈਹਰ ਗੱਡਾਂ ਤੁਰੀਆਂ ਔਂਦੀਆਂ ਹਨ । ਕਲਸੀਆਂ ਤੇ ਘਵਿੰਡ ਦੀ ਬਰੋਬਰ ਤੇ ਰਸਤੇ ਵਿਚ ਟੋਆ ਸੀ । ਆਸਾ ਸਿੰਘ ਵੇਖਿਆ ਨਾ । ਗਡ ਟੋਏ ਵਿਚ ਡਿਗ ਕੇ ਪਾਸ ਪੈ ਗਈ ਹੈ । ਨੈਹਰ ਵਾਲੇ ਪਾਸੇ ਡਿਗ ਕੇ ਬੀਬੀ ਨਿਹਾਲੋ ਸ਼ਤੀਰੀਆਂ ਥੱਲੇ ਆ ਗਈ ਹੈ । ਜੇਹੜੀ ਕਾਕੀ ਕੁਛੜ ਸੀ ਓਹ ਨੈਹਰ ਦੀ ਪਟਰੀ ਤੇ ਡਿਗ ਕੇ ਗਿਠ ਪਾਣੀ ਵਿਚ ਜਾ ਪਈ ਹੈ । ਛੇਤੀ ਛੇਤੀ ਬੁਧ ਸਿੰਘ ਤੇ ਆਸਾ ਸਿੰਘ ਸ਼ਤੀਰੀਆਂ ਉਤੋਂ ਲਾਹੀਆਂ ਹਨ । ਬੀਬੀ ਨਿਹਾਲੋ ਦੀ ਲੱਤ ਟੁਟ ਗਈ ਹੈ । ਭੋਂ ਕੇ ਪੈਰ ਗੋਡੇ ਨੂੰ ਆਣ ਲਗਾ । ਬੀਬੀ ਦਾ ਉਤਲਾ ਲੀੜਾ ਲੈ ਕੇ ਬੁਧ ਸਿੰਘ ਨੇ ਲਤ ਸਿੱਧੀ ਕਰ ਕੇ ਬੰਨ ਦਿਤੀ । ਫੇਰ ਛੋਟੀ ਕਾਕੀ ਨੂੰ ਲੱਭਦੇ ਹਨ ਤੇ ਹਨੇਰੇ ਵਿਚ ਲੱਭਦੀ ਨਹੀਂ । ਦਿਲ ਵਿਚ ਆਂਦੇ ਹਨ ਕਿ ਕੁੜੀ ਡੁੱਬ ਨਾ ਗਈ ਹੋਵੇ । ਫੇਰ ਪਾਣੀ ਵਿਚ ਹੱਥ ਮਾਰਦੇ ਫਿਰਦੇ ਹਨ । ਕਾਕੀ ਪਾਣੀ ਵਿਚ ਸਾਰੀ ਪਈ ਹੈ ਤੇ ਸਿਰ ਸੁੱਕੇ ਥਾਂ ਪਿਆ ਹੈ । ਰਮਾਨ ਨਾਲ ਸੁੱਤੀ ਪਈ ਹੈ । ਨਾ ਰੋਈ ਤੇ ਨਾ ਸੱਚੇ ਪਾਤਸ਼ਾਹ ਸੱਟ ਲੱਗਣ ਦਿਤੀ ਹੈ । ਆਸਾ ਸਿੰਘ ਪਿੰਡ ਆਇਆ ਹੈ ਤੇ ਆਣ ਕੇ ਹਵੇਲੀ ਵਿਚ ਰਾਤ ਸੱਚੇ ਪਾਤਸ਼ਾਹ ਵਾਜਾਂ ਮਾਰੀਆਂ ਹਨ । ਤੇਜਾ ਸਿੰਘ ਅਗੋਂ ਵਾਜ ਦਿਤੀ ਕਿ ਖਣੀ ਗੱਡੇ ਆ ਗਏ ਹਨ । ਆਸਾ ਸਿੰਘ ਸਾਰਾ ਹਾਲ ਦੱਸਿਆ । ਫੇਰ ਤੇਜਾ ਸਿੰਘ ਤੇ ਆਸਾ ਸਿੰਘ ਹਵੇਲੀ ਵਿਚੋਂ ਘਰ ਸੱਚੇ ਪਾਤਸ਼ਾਹ ਕੋਲ ਗਏ ਹਨ । ਜਾ ਕੇ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਐਸ ਤਰਾਂ ਬੀਬੀ ਨਿਹਾਲੋ ਗੱਡਾਂ ਤੇ ਤੁਹਾਡੇ ਦਰਸ਼ਨਾਂ ਨੂੰ ਆਈ ਸੀ ਰਸਤੇ ਵਿਚ ਗੱਡਾ ਪਾਸ ਪੈ ਗਿਆ ਤੇ ਬੀਬੀ ਦੀ ਲੱਤ ਟੁੱਟ ਗਈ ਹੈ । ਸੱਚੇ ਪਾਤਸ਼ਾਹ ਆਖਣ ਲੱਗੇ, ਨਿਹਾਲੋ ਨੂੰ ਗੱਡੇ ਉਤੇ ਪਾ ਕੇ ਤੇ ਪਿਛਾਂਹ ਭੁਚਰ ਛੱਡ ਆਓ, ਬਾਬਾ ਮਾਣਾ ਸਿੰਘ ਜਾਣਦਾ ਹੈ ਤੇ ਆਪੇ ਲੱਤ ਬੰਨ ਦੇਉ, ਰਮਾਨ ਆ ਜਾਉ । ਨਿਹਾਲੋ ਨੂੰ ਭੁਚਰ ਛੱਡ ਆਏ । ਮਾਣਾ ਸਿੰਘ ਸਤਿ ਬਚਨ ਮੰਨ ਕੇ ਲੱਤ ਬੰਨ ਦਿਤੀ ਤੇ ਕੋਈ ਇਕੀ ੨੦(20) ਦਿਨਾਂ ਵਿਚ ਲੱਤ ਜਿਉਂ ਕੀ ਤਿਉਂ ਬਣ ਗਈ । ਸੱਚੇ ਪਾਤਸ਼ਾਹ ਸਾਡੇ ਪਿਛਲੇ ਜਨਮਾਂ ਦੀਆਂ ਭੁੱਲਾਂ ਨੂੰ ਸੂਲੀ ਤੋਂ ਸੂਲ ਕਰ ਕੇ ਭੁਗਤਾ ਦੇਂਦੇ ਹਨ । ਫੇਰ ਗੱਡੇ ਤੇ ਸ਼ਤੀਰੀਆਂ ਘਵਿੰਡ ਲੈ ਗਏ ਹਨ । ਸੱਚੇ ਪਾਤਸ਼ਾਹ ਐਡੇ ਦਿਆਲੂ ਸਨ । ਕਸ਼ਟ ਵੀ ਭੁਗਤਾ ਦੇਂਦੇ ਸਨ ਤੇ ਤਕਲੀਫ ਵੀ ਨਹੀਂ ਸੀ ਹੋਣ ਦੇਂਦੇ ਤੇ ਜਾਨ ਬਚ ਗਈ ॥