ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵਾਰੇ
ਅਗਲੇ ਦਿਨ ੨੬ (26) ਪੋਹ ਵਾਲੇ ਦਿਨ ਪੁਨਿਆ ਸੀ । ਸੰਗਤ ਨੂੰ ਅੱਧੀ ਰਾਤ ਤੱਕ
ਸ਼ਬਦ ਪੜ੍ਹਾ ਕੇ ਪਰਸ਼ਾਦ ਵਰਤਾ ਦਿਤਾ ਹੈ । ਮਾਤਾ ਨੈਣੋਂ ਨੂੰ ਪਰਸ਼ਾਦ ਦਿਤਾ । ਮਾਤਾ ਜੀ ਆਖਿਆ, ਸੱਚੇ ਪਾਤਸ਼ਾਹ ਮੇਰੇ ਦੰਦ ਨਹੀਂ ਪਰਸ਼ਾਦ ਚਿਥਿਆ ਨਹੀਂ ਜਾਂਦਾ । ਪਾਤਸ਼ਾਹ ਸੁਣ ਕੇ ਨਰਾਜ ਹੋ ਗਏ ਹਨ । ਆਖਣ ਲੱਗੇ, ਨਿਭਾਗੀਏ, ਪਰਸ਼ਾਦ ਲੈ ਲਾ, ਕੁਟ ਕੇ ਖਾਹ ਲਈਂ । ਤੁਸੀਂ ਨਾ ਕਰਦੀਆਂ ਜੇ, ਸਾਡੇ ਪਰਸ਼ਾਦ ਨੂੰ ਤਾਂ ਦੇਵੀਆਂ ਦੇਵਤੇ ਤਰਸ ਰਹੇ ਹਨ । ਤੁਸੀਂ ਹੁਣ ਸਾਡੇ ਪਰਸ਼ਾਦ ਨੂੰ ਨਾ ਕਰਦੀਆਂ ਜੇ, ਫੇਰ ਤੁਸੀਂ ਤਰਸਣਾਂ ਏ । ਮਾਤਾ ਹੋਰਾਂ ਭੁੱਲ ਬਖ਼ਸ਼ਾਈ ਤੇ ਪਾਤਸ਼ਾਹ ਦਇਆ ਕੀਤੀ । ਸਾਰਿਆਂ ਨੂੰ ਆਖਣ ਲੱਗੇ, ਜਾਓ ਹੁਣ ਸਾਰੇ ਥਾਉਂ ਥਾਈਂ ਸੌਂ ਜਾਓ । ਤੇਜਾ ਸਿੰਘ ਨੂੰ ਆਖਣ ਲਗੇ, ਤੇਜਾ ਸਿੰਘ ਤੂੰ ਬੈਠਾ ਰਓ ਸਾਡੇ ਕੋਲ, ਸਵੀਂ ਨਾ । ਤੇਜਾ ਸਿੰਘ ਸਤਿ ਬਚਨ ਮੰਨ ਕੇ ਕੋਲ ਬੈਹ ਗਿਆ ਹੈ । ਸੱਚੇ ਪਾਤਸ਼ਾਹ ਪਲੰਘ ਤੇ ਸੁਖ ਆਸਣ ਹੋ ਗਏ ਹਨ । ਜਿਸ ਵਕਤ ਅੰਮ੍ਰਿਤ ਵੇਲਾ ਹੋਇਆ ਤੇ ਸੱਚੇ ਪਾਤਸ਼ਾਹ ਜਾਗੇ ਹਨ । ਤੇਜਾ ਸਿੰਘ ਨੂੰ ਵਾਜ ਮਾਰੀ ਓਸ ਆਖਿਆ ਜੀ ਮੇਰੇ ਸਾਹਿਬ । ਪਾਤਸ਼ਾਹ ਹੁਕਮ ਦਿਤਾ ਤੇਜਾ ਸਿੰਘ ਜਲ ਲਿਆ । ਜਲ ਛਕ ਕੇ ਆਖਣ ਲੱਗੇ, ਸਾਨੂੰ ਚੀਤਾ ਕਰਾ । ਏਨੇ ਬਚਨ ਕਰ ਕੇ ਐਸਾ ਸਮਾਂ ਵਰਤਾਇਆ, ਜਬਾਨ ਥੱਥਲੌਣ ਲਗ ਪਈ ਤੇ ਗੱਲ ਦੀ ਸਮਝ ਨਾ ਲੱਗੇ ਬੱਦਲ ਓਸ ਵਕਤ ਬੜੀ ਘਨਘੋਰ ਪਾਈ ਹੈ । ਸੱਚੇ ਪਾਤਸ਼ਾਹ ੨੬ (26) ਪੋਹ ਦਿਨ ਸਵੇਰੇ ੧੦ (10) ਵਜੇ ਚੋਲਾ ਛੱਡ ਕੇ ਜੋਤ ਰੂਪ ਹੋ ਗਏ ਹਨ । ਸੱਚੇ ਪਾਤਸ਼ਾਹ ਦੇ ਜੋਤ ਰੂਪ ਹੋਣ ਦੀ ਦੇਰ ਸੀ, ਦਿਨ ਵੀ ਨਿਤਰਨਾ ਸ਼ੁਰੂ ਹੋ ਗਿਆ । ਫੇਰ ਜੋ ਸਿਖ ਨੇੜੇ ਸਨ, ਸਾਰਿਆਂ ਨੂੰ ਖ਼ਬਰ ਕਰ ਦਿਤੀ । ਮੋਹਣ ਸਿੰਘ ਕਲਸੀਆਂ ਵਾਲਾ ਮਸਤਾਨਾ ਸੱਚੇ ਪਾਤਸ਼ਾਹ ਦੀ ਸੇਵਾ ਦੇਣ ਲਗ ਪਿਆ । ਸਾਰੇ ਸਿਖ ਸੁਣ ਕੇ ਓਸੇ ਵਕਤ ਆ ਗਏ । ਸਾਰਿਆਂ ਸਿਖਾਂ ਤੇ ਸਾਹਿਬਜਾਦਿਆਂ ਸਲਾਹ ਕੀਤੀ ਕਿ ਸੱਚੇ ਪਾਤਸ਼ਾਹ ਦਾ ਸਸਕਾਰ ਖੇਤ ਬਾਗ ਵਿਚ ਜਾ ਕੇ ਕਰੀਏ । ਲਕੜਾਂ ਗੱਡੇ ਉਤੇ ਰੱਖ ਲਈਆਂ ਹਨ । ਸੱਚੇ ਪਾਤਸ਼ਾਹ ਦਾ ਬਿਬਾਨ ਬਣੌਣ ਲਗ ਪਏ ਹਨ । ਤੇਜਾ ਸਿੰਘ ਗਲ ਵਿਚ ਪੱਲਾ ਪਾ ਕੇ ਚਰਨਾਂ ਵਿਚ ਖਲੋ ਕੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਦਇਆ ਕਰੋ ਤੇ ਜਿਥੇ ਤੁਹਾਡਾ ਹੁਕਮ ਹੋਵੇ, ਆਪਣਾ ਸੁਖ ਆਸਣ ਕਰੀਏ । ਬੇਨੰਤੀ ਕਰਨ ਦੀ ਦੇਰ ਹੋਈ ਤੇ ਮਸਤਾਨਾ ਲਲਕਾਰੇ ਮਾਰਨ ਲਗ ਪਿਆ ਤੇ ਬਚਨ ਹੋਣ ਲਗ ਪਏ । ਮਸਤਾਨੇ ਵਿਚ ਦੀ ਹੁਕਮ ਹੋਇਆ ਕਿ ਸਾਡਾ ਸਸਕਾਰ ਘਰ ਕਰ ਦਿਓ । ਮਸਤਾਨਾ ਖੇਡਣਾ ਖੇਡਦਾ ਆਣ ਕੇ ਵੇਹੜੇ ਵਿਚ ਖਲੋ ਗਿਆ ਤੇ ਆਖਣ ਲੱਗਾ ਐਸ ਜਗਾ ਤੇ ਸਾਡਾ ਸਸਕਾਰ ਕਰ ਦਿਓ । ਓਸ ਜਗਾ ਤੇ ਸਵਾ ਹੱਥ ਟੋਆ ਪੁਟ ਲਿਆ । ਫੇਰ ਸੱਚੇ ਪਾਤਸ਼ਾਹ ਦਾ ਅਸ਼ਨਾਨ ਕਰਾਇਆ ਪਲੰਘ ਦੇ ਉਤੇ ਅਰਾਮ ਕੁਰਸੀ ਡਾਹ ਕੇ ਕਪੜੇ ਪਾ ਕੇ ਸੱਚੇ ਪਾਤਸ਼ਾਹ ਨੂੰ ਉਪਰ ਬਿਠਾ ਦਿਤਾ । ਸਾਰੀ ਦੁਨੀਆਂ ਓਸ ਵਕਤ ਦਰਸ਼ਨ ਨੂੰ ਆਈ ਹੈ । ਕੋਠਿਆਂ ਉਤੇ ਤੇ ਵੇਹੜੇ ਵਿਚ ਪੈਰ ਧਰਨ ਨੂੰ ਥਾਂ ਨਹੀਂ ਸੀ । ਸਿਖਾਂ ਓਸ ਵਕਤ ਸੱਚੇ ਪਾਤਸ਼ਾਹ ਦਾ ਪਲੰਘ ਸਿਰ ਤੇ ਚੁਕ ਕੇ ਸਾਰਿਆਂ ਨੂੰ ਦਰਸ਼ਨ ਕਰਾਇਆ ਹੈ । ਸੱਜੇ ਪਾਸੇ ਦਾ ਗੇੜ ਸਾਰੇ ਬੱਚਿਆਂ ਤੀਕ ਦਰਸ਼ਨ ਕਰ ਕੇ ਨਿਹਾਲੋ ਨਿਹਾਲ ਹੋਏ ਹਨ । ਧੰਨ ਸੱਚੇ ਪਾਤਸ਼ਾਹ ਦੀ ਅਵਾਜ਼ ਸਾਰਿਆਂ ਦੀ ਰਸਨਾ ਵਿਚੋਂ ਨਿਕਲ ਰਹੀ ਹੈ । ਸੰਗਤਾਂ ਓਸ ਵਕਤ ਗੱਜ ਕੇ ਸ਼ਬਦ ਪੜ੍ਹ ਰਹੀਆਂ ਹਨ । ਏਹ ਸਮਾਂ ਵੇਖ ਕੇ ਬੱਦਲ ਵੀ ਬੂੰਦਾਂ ਵਰਸੌਣ ਲੱਗ ਪਏ ਹਨ । ਪਲੰਘ ਸਿਖਾਂ ਨੇ ਫੇਰ ਹੇਠਾਂ ਉਤਾਰ ਕੇ ਰੱਖ ਦਿਤਾ ਹੈ । ਸਾਰੀ ਸਮਗਰੀ ਤਿਆਰ ਕਰ ਕੇ ਸੱਚੇ ਪਾਤਸ਼ਾਹ ਦਾ ਸਸਕਾਰ ਕੀਤਾ ਗਿਆ ਰਾਤ ਦੇ ਸਮੇਂ ਰਾਤ ਨਿਤਰ ਗਈ ਤੇ ਤਾਰੇ ਸੋਭਾ ਪਾ ਰਹੇ ਹਨ । ਏਹ ਸਮਾਂ ਭੁਗਤਾ ਕੇ ਫੇਰ ਅਗਲੇ ਦਿਨ ਦੂਰ ਵਾਲੇ ਸਿਖਾਂ ਨੂੰ ਵੀ ਖ਼ਬਰ ਕੀਤੀ ਗਈ । ਜਿੰਨੀ ਪਾਤਸ਼ਾਹ ਦੀ ਸੰਗਤ ਸੀ, ਦੇਹ ਦਾ ਵਿਛੋੜਾ ਕਰ ਕੇ ਸੰਗਤ ਨੂੰ ਉਦਾਸੀ ਪੈਦਾ ਹੋ ਗਈ ਹੈ । ਫੇਰ ਪਾਤਸ਼ਾਹ ਦਇਆ ਕੀਤੀ ਤੇ ਸੰਗਤ ਵਿਚ ਰੋਜ਼ ਦਰਸ਼ਨ ਦੇਣ ਲਗ ਪਏ, ਤੇ ਬਚਨ ਕਰਨ ਕਿ ਅਸੀਂ ਕਿਤੇ ਗਏ ਨਹੀਂ ਤੁਹਾਡੇ ਪਾਸ ਹੀ ਹਾਂ । ਬਚਨਾਂ ਤੇ ਦਰਸ਼ਨਾਂ ਦੇ ਅਧਾਰ ਨਾਲ ਸਿਖ ਦਿਹਾੜੇ ਗੁਜਾਰਦੇ ਹਨ ਜੀ । ਇਹ ਸਾਰਾ ਵਿਹਾਰ ਕਰ ਕੇ ਸਤਾਰਵੇਂ ਤੋਂ ਬਾਅਦ ਅੰਗੀਠਾ ਸਾਹਿਬ ਪੱਕਾ ਕਰ ਦਿਤਾ ਹੈ । ਪਰਦੱਖਣਾ ਵਾਕਰ ਪਰਦੱਖਣਾ ਬਣਾ ਦਿਤੀ । ਮਰਯਾਦਾ ਅਨੁਸਾਰ ਰਾਤ ਨੂੰ ਘਿਉ ਦਾ ਸ਼ਮੇਦਾਨ ਜਗੌਂਣਾ । ਸਵੇਰੇ ਪੋਚਾ ਫੇਰਨਾ ਤੇ ਧੂਪ ਧੁਖੌਣੀ । ਸੱਚੇ ਪਾਤਸ਼ਾਹ ਤਾਂ ਰੋਜ਼ ਹੀ ਸਿਖਾਂ ਤੇ ਦਇਆ ਕਰਦੇ ਰਹੇ ਹਨ ॥
ਮੋਟੇ ਮੋਟੇ ਬਚਨ ਜੇਹੜੇ ਹਨ ਓਹ ਤੇਜਾ ਸਿੰਘ ਲਿਖਾਏ ਹਨ । ਅਸੀਂ ਸੱਚੇ ਪਾਤਸ਼ਾਹ ਦੀਆਂ ਰਮਜਾਂ ਨਹੀਂ ਸਮਝੀਆਂ । ਸਾਰੀ ਸਿਖੀ ਦੇ ਦਿਲ ਵਿਚ ਸੀ ਕਿ ਪਾਤਸ਼ਾਹ ਦੇਹ ਕਰ ਕੇ ਦਿਲੀ ਤੇ ਮਸਤੂਆਣੇ ਜਾਣਗੇ । ਰਾਜਿਆਂ ਨੂੰ ਜੂੜ ਪੌਣਗੇ । ਜੇ ਸਾਨੂੰ ਪਤਾ ਹੁੰਦਾ ਕਿ ਪਾਤਸ਼ਾਹ ਦੇਹ ਛੱਡ ਜਾਣੀ ਹੈ, ਤੇ ਜੋਤ ਕਰ ਕੇ ਏਹ ਵਿਹਾਰ ਕਰਨਾ ਹੈ, ਦੇਹ ਦਾ ਓਹਲਾ ਕਰ ਜਾਣਾ ਹੈ, ਤੇ ਦੇਹ ਹੁੰਦਿਆਂ ਰੱਜ ਕੇ ਮੰਗਾਂ ਮੰਗ ਲੈਂਦੇ । ਜੇਹੜਾ ਸੱਚੇ ਪਾਤਸ਼ਾਹ ਸੰਤ ਮਨੀ ਸਿੰਘ ਤੋਂ ਲਿਖੌਂਦੇ ਸੀ ਕਿ ਅਸੀਂ ੫੦(50) ਸਾਲ ਮਾਝੇ ਦੇਸ ਵਿਚ ਰਵਾਂਗੇ ਤੇ ੫੦(50) ਸਾਲ ਵਲੈਤ ਵਿਚ ਰਵਾਂਗੇ, ਓਹ ਬਚਨ ਪੂਰਾ ਭੁਗਤਾ ਦਿਤਾ । ੫੦ (50) ਸਾਲ ਮਾਝੇ ਦੇਸ਼ ਵਿਚ ਰਹੇ ਹਨ ਤੇ ਹੁਣ ਜੋਤ ਸਰੂਪ ਹਨ । ਬਾਬੇ ਮਨੀ ਸਿੰਘ ਦੀ ਲਿਖਤ ਸੀ ਕਿ ਪਾਤਸ਼ਾਹ ਦੇਹ ਕਰ ਕੇ ਕੁਛ ਨਹੀਂ ਕਰਨਾ ਤੇ ਜੋਤ ਰੂਪ ਕਰਨਗੇ । ਬਚਨ ਹੁਣ ਸਾਰੇ ਸਤਿ ਹੋਣ ਡਏ/ ਹਨ । ਸਿਖ (ਮਹਾਰਾਜ ਪੂਰਨ ਸਿੰਘ) ਦੇ ਵਿਚ ਪਰਵੇਸ਼ ਹੋ ਕੇ ਨਿਹਕਲੰਕ ਹੋ ਕੇ, ਖੇਡਾਂ ਕਰ ਰਹੇ ਹਨ ਜੀ ||
ਸਾਡੇ ਭੋਲਿਆਂ ਤੇ ਗਰੀਬਾਂ ਲਈ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ । ਸਿਖਾਂ ਦਾ ਤਿਲ ਫੁਲ ਪੂਜਾ ਪਰਵਾਨ ਕਰ ਦੇ ਦਇਆ ਕਰੀ ਜਾਂਦੇ ਹਨ ਜੀ । ਐਸੀ ਸੱਚੇ ਪਾਤਸ਼ਾਹ ਦੇ ਚਰਨਾਮਤ ਵਿਚ ਤਾਕਤ ਸੀ, ਛਕਦਿਆਂ ਸਾਰ ਦੁਖ ਦਲਿੱਦਰ ਦੂਰ ਹੋ ਜਾਂਦੇ ਸੀ । ਕਈਆਂ ਸਿਖਾਂ ਦੇ ਘਰ ੨੦(20) ਸਾਲ ਦਾ ਚਰਨਾਮਤ ਰੱਖਿਆ ਹੈ । ਓਹਨਾਂ ਦੀ ਕਿਰਪਾ ਨਾਲ ਜਿਉਂ ਦਾ ਤਿਉਂ ਹੈ । ਮਨੀ ਸਿੰਘ ਦੀ ਲਿਖਤ ਹੈ ਕਿ ਜਿਸ ਸਿਖ ਦੇ ਘਰ ਸੱਚੇ ਪਾਤਸ਼ਾਹ ਦੇ ਤਿੰਨ ਵੇਰਾਂ ਚਰਨ ਪਏ ਓਥੇ ਜਰੂਰ ਧਾਮ ਬਣੇਗਾ । ਤੇਜਾ ਸਿੰਘ ਤੇ ਹਰਬੰਸ ਕੌਰ ਦੀ ਸੱਚੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਬੇਨੰਤੀ ਹੈ ਕਿ ਸੱਚੇ ਪਿਤਾ ਦਿਲਾਂ ਦੀਆਂ ਜਾਨਣ ਵਾਲੇ ਜੋ ਲਗ ਮਾਤਰ ਦੀ ਗਲਤੀ ਹੋਵੇ, ਮਾਫੀ ਦੇਣੀ, ਭੁਲ ਬਖ਼ਸ਼ਣੀ ਤੇ ਸੇਵਾ ਪਰਵਾਨ ਕਰਨੀ । ਤੇਜਾ ਸਿੰਘ, ਦੀਨ ਦਿਆਲ ਤੁਹਾਡੇ ਹੁਕਮ ਨਾਲ ਜਨਮ ਸਾਖੀ ਤੇ ਤੁਹਾਡੀ ਮਹਿੰਮਾ ਲਿਖਾਈ ਹੈ ਤੇ ਹਰਬੰਸ ਕੌਰ ਨੇ ਲਿਖੀ ਹੈ, ਦਇਆ ਕਰਿਉ । “ਸੱਚੇ ਪਿਤਾ ਹਰ ਵਕਤ ਆਪਣਾ ਤੇ ਆਪਣੀਆਂ ਉਤਮ ਸੰਗਤਾਂ ਦੇ ਦਰਸ਼ਨ ਬਖ਼ਸ਼ੋ ਤੇ ਮਿਹਰ ਦੀ ਨਿਗਾਹ ਰੱਖੋ ਜੀ” ॥