G18L011 ੧੭ ਪੋਹ ੨੦੨੧ ਬਿਕ੍ਰਮੀ ਬਲਾਕਾ ਸਿੰਘ, ਪਿਆਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

     ਸਤਾਰਾਂ ਪੋਹ ਕਹੇ ਉਠੋ ਮੇਰੇ ਸੱਜਣ, ਸੱਚਾ ਹਾਲ ਸੁਣਾਈਆ।

ਬਾਕੀ ਉਨੱਤੀ ਮੈਨੂੰ ਮਿਲ ਕੇ ਪਾਵੋ ਕੱਜਲ, ਸਭਨਾਂ ਦਿਆਂ ਸੁਣਾਈਆ। ਮੈਂ ਅੱਜ ਜਾਣਾ ਸਾਚੀ ਮੰਜ਼ਲ, ਬਣ ਕੇ ਪਾਂਧੀ ਰਾਹੀਆ। ਅਧ ਵਿਚ ਔਣਾ ਖੇੜਾ ਅਚਲ, ਜਿੱਥੇ ਸੱਤ ਸਿੱਧ ਬੈਠੇ ਧਿਆਨ ਲਗਾਈਆ। ਉਹਨਾਂ ਨੂੰ ਨਾਨਕ ਦੱਸ ਕੇ ਗਿਆ ਸੀ ਇਕ ਬਚਨ, ਜਗਤ ਉਡਾਰੀ ਕੰਮ ਕਿਸੇ ਨਾ ਆਈਆ। ਜਿਸ ਨੇ ਮੈਨੂੰ ਨਾਮ ਖ਼ੁਮਾਰੀ ਚਾੜ੍ਹੀ ਰੰਗਣ, ਉਹ ਦਾਤਾ ਬੇਪਰਵਾਹੀਆ । ਜਿਸ ਵੇਲੇ ਭਗਤਾਂ ਕੋਲੋਂ ਆਵੇ ਭਿੱਛਿਆ ਮੰਗਣ, ਏਥੋਂ ਦੀ ਲੰਘੇ ਚਾਈਂ ਚਾਈਂਆ। ਸਤਾਰਾਂ ਪੋਹ ਸੁਹੰਜਣੀ ਤੁਸੀਂ ਵੇਖਿਓ ਨਾ ਉਤੇ ਗਗਨ, ਉਹ ਖ਼ਾਕੀ ਬੰਦਾ ਹੋ ਕੇ ਪੰਧ ਮੁਕਾਈਆ। ਉਹਦਾ ਚਮੜੇ ਵਾਲਾ ਬਾਹਰੋਂ ਬਦਨ, ਅੰਦਰ ਇਕੋ ਜੋਤ ਰੁਸ਼ਨਾਈਆ। ਤੁਹਾਡੇ ਮੁਖ ਨੂੰ ਚਰਨਾਂ ਦੀ ਧੂੜੀ ਲਾ ਕੇ ਜਾਵੇ ਸਗਨ, ਆਸਾ ਪੂਰ ਕਰਾਈਆ। ਸੱਤਾਂ ਨੇ ਪੁਛਿਆ ਨਾਨਕ ਅਸੀਂ ਕਿਹੜਾ ਕਰੀਏ ਭਜਨ, ਸਾਨੂੰ ਅਗਲਾ ਦੇ ਸਮਝਾਈਆ। ਸਾਡਾ ਹੰਕਾਰ ਵਿਕਾਰ ਕਰੇ ਦਝਨ, ਅਗਨੀ ਤੱਤ ਰਹੇ ਨਾ ਰਾਈਆ। ਜਿਸ ਬਿਧ ਸਾਨੂੰ ਲਾਏ ਅੰਗਣ, ਅੰਕ ਸੁਹੇਲੀ ਲਏ ਬਣਾਈਆ। ਦਰਸ ਵਖਾ ਕੇ ਮੂਰਤ ਗੋਪਾਲ ਮਦਨ, ਮਧੁਸੂਦਨ ਆਪਣੀ ਸੇਵਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਰਿਹਾ ਚੁਕਾਈਆ। ਨਾਨਕ ਕਿਹਾ ਸੁਣੋ ਸਿੱਧੋ, ਸਿਧਾ ਰਾਹ ਵਖਾਈਆ। ਜੇ ਸਚ ਮੈਥੋਂ ਪੁੱਛੋ, ਪੇਸ਼ਤਰ ਦਿਆਂ ਜਣਾਈਆ। ਜੇ ਓਸ ਨੂੰ ਤੁਸੀਂ ਨਾ ਬੁੱਝੋ, ਉਹ ਤੁਹਾਡਾ ਲਹਿਣਾ ਆਪੇ ਦਏ ਚੁਕਾਈਆ। ਓਸ ਦੇ ਨਾਂ ਵਿਚ ਐਸ ਤਰਾ ਰੁੱਝੋ, ਜਿਸ ਤਰਾ ਮੈਂ ਸੋਹੰ ਢੋਲਾ ਰਿਹਾ ਗਾਈਆ। ਭਾਵੇਂ ਦਾੜ੍ਹੀ ਮੁੱਛਾਂ ਮੂਲ ਨਾ ਮੁੰਡੋ, ਮੂੰਡ ਮੁੰਡਾਏ ਕੇਸਾਧਾਰੀ ਸਾਰੇ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵਡੀ ਵਡਿਆਈਆ। ਸਿੱਧਾਂ ਕਿਹਾ ਕੀ ਉਹ ਨਾਨਕ ਹੋਵੇ ਸਾਧ, ਸਾਧਾਂ ਵਰਗਾ ਨਜ਼ਰੀ ਆਈਆ। ਸਿੱਧਾਂ ਕਿਹਾ ਕੀ ਉਹ ਹੋਵੇ ਰਾਜਨ ਰਾਜ, ਸ਼ਾਹ ਸਵਾਰਾ ਫੇਰਾ ਪਾਈਆ। ਨਾਨਕ ਕਿਹਾ ਨਹੀਂ ਉਹ ਭਗਤਾਂ ਦਾ ਮੁਹਤਾਜ, ਭਿਖਾਰੀ ਹੋ ਕੇ ਅਲਖ ਜਗਾਈਆ। ਸਚ ਪੁਛੋ ਉਹ ਮਾਲਕ ਦੋ ਜਹਾਨਾਂ ਸਭ ਨੂੰ ਦੇਵਣਹਾਰ ਖ਼ਰਾਜ, ਨਾਮ ਨਿਧਾਨਾ ਇਕ ਅਖਵਾਈਆ। ਓਸ ਦਾ ਆਪੇ ਸਵਾਲ ਤੇ ਆਪੇ ਜਵਾਬ, ਲਾਜਵਾਬ ਸਭ ਨੂੰ ਦਏ ਕਰਾਈਆ। ਭਗਤਾਂ ਮਿਲਣ ਦੀ ਰਖ ਕੇ ਖ਼ਾਹਿਸ਼, ਨਿਰਗੁਣ ਹੋ ਕੇ ਫੇਰਾ ਪਾਈਆ। ਓਸ ਦੇ ਚਰਨ ਦੀ ਧੂੜੀ ਲਾ ਲਿਉ ਖ਼ਾਕ, ਮਸਤਕ ਨੂਰ ਕਰੇ ਰੁਸ਼ਨਾਈਆ। ਸਿੱਧਾਂ ਕਿਹਾ ਉਹਦਾ ਕਿਹੋ ਜਿਹਾ ਮਜਾਜ਼, ਕਿਹੜੇ ਰੰਗ ਸਮਾਈਆ। ਨਾਨਕ ਕਿਹਾ ਓਹ ਸਦਾ ਸੁਖ ਸ਼ਾਂਤ, ਵਿਸ਼ਵ ਆਪਣੀ ਧਾਰ ਚਲਾਈਆ। ਪ੍ਰੇਮ ਨਾਲ ਸਭ ਨਾਲ ਕਰਦਾ ਬਾਤ, ਵਡਿਆਂ ਛੋਟਿਆਂ ਇਕੋ ਜਿਹੀ ਦਏ ਵਡਿਆਈਆ। ਕੀ ਨਾਨਕ ਉਹਦੇ ਨਾਲ ਹੋਰ ਵੀ ਹੋਣਾ ਨਾਲ ਸਾਥ, ਸਾਨੂੰ ਦੇ ਦਰਸਾਈਆ। ਨਾਨਕ ਕਿਹਾ ਉਹਦੀ ਇੱਕੀਆਂ ਦੀ ਜਮਾਤ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।