G18L013 ੧੭ ਪੋਹ ੨੦੨੧ ਬਿਕ੍ਰਮੀ ਮੁਨਸ਼ਾ ਸਿੰਘ, ਮੇਲਾ ਸਿੰਘ ਦੇ ਗ੍ਰਹਿ ਬਾਬੂਪੁਰ

     ਮੱਖਣ ਦੀ ਆਸਾ ਕਹੇ ਪ੍ਰਭੂ ਇਕ ਬਚਨ ਅਨਮੋਲ, ਮੈਂ ਸਚ ਦੇਣਾ ਸੁਣਾਈਆ।

ਗੁਰ ਤੇਗ਼ ਬਹਾਦਰ ਕੋਲ ਨਾ ਡੱਗਾ ਨਾ ਕੋਈ ਢੋਲ, ਨੌਬਤ ਜਗਤ ਨਾ ਕੋਇ ਵਜਾਈਆ। ਉਸ ਦੇ ਪ੍ਰੇਮ ਦਾ ਇਕ ਪਰਿੰਦਾ ਬਾਹਰੋਂ ਕਾਲਾ ਤੇ ਓਸ ਨੂੰ ਕਹਿੰਦੇ ਕੋਇਲ, ਉਚੀ ਕੂਕ ਕੂਕ ਸੁਣਾਈਆ। ਉਹ ਠੀਕ ਸਾਢੇ ਤਿੰਨ ਵਜੇ ਪੈਂਦੀ ਸੀ ਬੋਲ, ਆਪਣੀ ਸੇਵਾ ਸਚ ਕਮਾਈਆ। ਗੁਰ ਤੇਗ਼ ਬਹਾਦਰ ਉਠ ਪੈਂਦਾ ਸੀ ਅਡੋਲ, ਆਪਣੀ ਅੱਖ ਖੁਲ੍ਹਾਈਆ। ਇਕ ਦਿਨ ਕਲਜੁਗ ਨੇ ਕਾਂ ਬਣ ਕੇ ਮਾਰਿਆ ਰੋਲ, ਆਪਣੀ ਆਵਾਜ਼ ਸੁਣਾਈਆ। ਤੇਗ਼ ਬਹਾਦਰ ਕਿਹਾ ਕੂੜੇ ਕਦੇ ਨਾ ਤੁਲੇ ਗੁਰਮੁਖਾਂ ਤੋਲ, ਇਹ ਆਵਾਜ਼ ਮੋਹੇ ਨਾ ਭਾਈਆ। ਜੋ ਪ੍ਰੇਮ ਵਿਚ ਮੰਨੇ ਆਪਣਾ ਆਪ ਚਰਨਾਂ ਉਤੋਂ ਗਏ ਘੋਲ, ਉਹਨਾਂ ਦਾ ਸੁਰਤਾਲ ਕਿਸੇ ਨਾਲ ਕਦੇ ਰਲ ਨਾ ਪਾਈਆ। ਸਹਿਜ ਸੁਭਾਉ ਕਿਹਾ, ਓ ਜੂਠਿਆ ਝੂਠਿਆ, ਮੈਂ ਨਹੀਂ ਮੇਰੇ ਭਗਵਾਨ ਦੇ ਭਗਤ ਤੈਨੂੰ ਚਰਨਾਂ ਹੇਠਾਂ ਦੇਣਗੇ ਵਰੋਲ, ਡਾਢੀ ਮਿਲੇ ਸਜ਼ਾਈਆ। ਓਸ ਕੋਇਲ ਨੂੰ ਮਾਣ ਮਿਲਣਾ ਉਪਰ ਧੌਲ, ਧਰਨੀ ਦਏ ਗਵਾਹੀਆ। ਮੱਖਣ ਕਹੇ ਪ੍ਰਭੂ ਤੇਰੇ ਬਿਨਾ ਕਵਣ ਪੂਰੀ ਕਰੇ ਲੋੜ, ਲੋੜੀਂਦੀ ਆਸਾ ਪੂਰ ਕਰਾਈਆ। ਮੈਂ ਬੇਨੰਤੀ ਕਰਨੀ ਹੱਥ ਜੋੜ, ਜਿਸ ਵੇਲੇ ਕੋਲ ਲੰਘਦਾ ਮੈਨੂੰ ਨਜ਼ਰੀ ਆਈਆ। ਉਹਦੀ ਆਸ਼ਾ ਦੀ ਅਜੇ ਤਕ ਤੇਰੇ ਨਾਲੋਂ ਟੁੱਟੀ ਨਹੀਂ ਡੋਰ, ਡੋਰਾਂ ਦੇ ਮਾਲਕ ਆਪਣੇ ਨਾਲ ਬੰਧਾਈਆ। ਤੇਰੇ ਨਾਲ ਚਮਿਆਰ ਢੋਣ ਵਾਲਾ ਢੋਰ, ਜੋ ਪਸ਼ੂਆਂ ਖੱਲ ਲੁਹਾਈਆ। ਤੂੰ ਉਹਨਾਂ ਦੇ ਕਰ ਜਾ ਭਾਗ ਮਥੋਰ, ਜੋ ਮਿਥ ਕੇ ਤੇਰੀ ਸੇਵ ਕਮਾਈਆ। ਤੂੰ ਜਗਤ ਜਹਾਨ ਵਾਸਤੇ ਚੋਰ, ਭਗਤਾਂ ਵਾਸਤੇ ਸਾਹਮਣੇ ਨਜ਼ਰੀ ਆਈਆ। ਸ੍ਰੀ ਭਗਵਾਨ ਕਿਹਾ ਮੈਂ ਜਾਂਦਾ ਜਾਂਦਾ ਲਹਿਣੇ ਦੇਣੇ ਸਭ ਦੇ ਜਾਵਾਂ ਨਬੇੜ, ਲੇਖਾ ਕੋਇ ਰਹਿਣ ਨਾ ਪਾਈਆ। ਜਿਸ ਨੂੰ ਇਕ ਵਾਰ ਮਿਲਾਂ ਉਹ ਮੁੜ ਕੇ ਆਵੇ ਨਾ ਫੇਰ, ਫੇਰੇ ਸਾਰੇ ਦੇਵਾਂ ਮੁਕਾਈਆ। ਇਸੇ ਕਰ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਮੰਗਦੇ ਗਏ ਮਿਹਰ, ਮਿਹਰ ਨਜ਼ਰ ਨਾਲ ਸਰਬ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਿਲਾਰੀ ਹੋ ਕੇ ਸ਼ਿਕਾਰੀ ਹੋ ਕੇ ਵਪਾਰੀ ਹੋ ਕੇ ਵਿਵਹਾਰੀ ਹੋ ਕੇ ਖੇਲਦਾ ਫਿਰਦਾ ਆਪਣੀ ਖੇਲ, ਖੇਡ ਆਪਣੀ ਆਪ ਰਚਾਈਆ। ਕੋਇਲ ਕਹੇ ਮੈਂ ਕਾਲੀ ਕੋਝੀ ਕਮਲੀ, ਕਮਲਾਪਤ ਤੇਰੀ ਸਾਰ ਕੋਇ ਨਾ ਆਈਆ। ਪ੍ਰੇਮ ਪਿਆਰ ਅੰਦਰ ਹੋ ਗਈ ਯਮਲੀ, ਯਾਦਾਸ਼ਤ ਰਹੀ ਨਾ ਰਾਈਆ। ਨਾਮ ਖ਼ੁਮਾਰਨ ਹੋ ਗਈ ਅਮਲੀ, ਆਪਣਿਆਂ ਅਮਲਾਂ ਗਈ ਭੁਲਾਈਆ। ਬਿਰਹੋਂ ਵੈਰਾਗਣ ਹੋ ਗਈ ਪਗ਼ਲੀ, ਹੋਸ਼ ਹਵਾਸ ਰਹੀ ਨਾ ਰਾਈਆ। ਮੈਂ ਫਿਰਦੀ ਰਹੀ ਜੂਹਾਂ ਜੰਗਲੀ, ਭੱਜੀ ਵਾਹੋ ਦਾਹੀਆ। ਮੇਰੀ ਕਹਾਣੀ ਸੁਣੀ ਨਹੀਂ ਕਿਸੇ ਅਗਲੀ, ਪਿਛਾ ਨਾ ਯਾਦ ਕਰਾਈਆ। ਧੰਨ ਭਾਗ ਜੇ ਤੂੰ ਅੱਜ ਆਪਣੇ ਦਵਾਰੇ ਸੱਦ ਲਈ, ਮੱਖਣ ਨਾਲ ਮਿਲਾਈਆ। ਅੱਜ ਤੋਂ ਕੋਝਿਆਂ ਕਮਲਿਆਂ ਦੀ ਵੇਲ ਵਧ ਗਈ, ਜੋ ਅੰਦਰੋਂ ਤੇਰੇ ਹੋ ਕੇ ਤੇਰੇ ਵਿਚ ਸਮਾਈਆ। ਧੰਨ ਭਾਗ ਜੇ ਟੁੱਟੀ ਫੇਰ ਗੰਢ ਲਈ, ਨਾਤਾ ਆਪਣੇ ਨਾਲ ਜੁੜਾਈਆ। ਮੈਂ ਦਰਸ਼ਨ ਕਰਨ ਆਉਣਾ ਵਾਸਤੇ ਠੰਡ ਲਈ, ਜੋ ਭਗਤਾਂ ਅੰਦਰ ਆਪਣਾ ਅੰਮ੍ਰਿਤ ਮੇਘ ਬਰਸਾਈਆ। ਮੈਂ ਪਿਆਸੀ ਉਦਾਸੀ ਗੁਜਰੀ ਦੇ ਚੰਦ ਲਈ, ਜਿਸ ਦੇ ਪਿਤਾ ਦਿਤੀ ਵਡਿਆਈਆ। ਮੈਂ ਭੱਜੀ ਨੱਠੀ ਓਸੇ ਦੇ ਸੰਗ ਲਈ, ਜੋ ਸਗਲਾ ਸੰਗ ਨਿਭਾਈਆ। ਮੈਂ ਨੱਠੀ ਕੁਠੀ ਓਸੇ ਦੇ ਅਨੰਦ ਲਈ, ਜੋ ਅਨੰਦਪੁਰੀ ਗਿਆ ਤਜਾਈਆ। ਜਿਸ ਹਰਿ ਸੰਗਤ ਪ੍ਰੇਮ ਅੰਦਰ ਬੰਨ੍ਹ ਲਈ, ਮੈਂ ਓਸ ਦੀ ਬੰਦਨਾ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੇ ਕੋਈ ਕਹੇ ਬਖ਼ਸ਼ੰਦ ਨਹੀਂ, ਮੈਂ ਲਾਅਨਤ ਦੇਵਾਂ ਪਾਈਆ। ਜਿਸ ਜਨਮ ਜਨਮ ਦੀ ਵਿਛੜੀ ਆਪਣੇ ਰੰਗ ਵਿਚ ਰੰਗ ਲਈ, ਜਾਂਦੇ ਰਾਹੀਆਂ ਪਾਰ ਲੰਘਾਈਆ।