G01L15 ੧੮ ਮੱਘਰ ੨੦੦੬ ਬਿਕ੍ਰਮੀ

      ਕਿਰਪਾ ਆਪ ਕਰੇ ਨਿਰੰਕਾਰ । ਘਨਕਾਪੁਰੀ ਵਿਚ ਜਾਮਾ ਧਾਰ । ਸੱਚਾ  ਸਤਿਗੁਰ ਸੱਚੀ ਸਰਕਾਰ । ਦੇ ਕੇ ਦਰਸ ਲਾਏ ਸੰਗਤ ਨੂੰ ਪਾਰ । ਹੁਕਮ ਆਪਣਾ ਲਿਖਾਏ ਅਪਾਰ ।

ਮੇਰਾ ਸਿੱਖ ਨਾ ਹੋਏ ਠੱਗ ਚੋਰ ਯਾਰ । ਸੱਚਾ ਮੈਂ ਆਪ ਸੱਚਾ ਦੀਬਾਣ । ਸੱਚਾ ਮੇਰਾ ਹੁਕਮ ਸਚ ਨੀਸਾਣ । ਪੁਰਖ ਨਿਰੰਜਣ ਜਾਣੀ ਜਾਣ । ਪ੍ਰਗਟੀ ਜੋਤ ਵਿਸ਼ਨੂੰ ਭਗਵਾਨ । ਮਹਾਰਾਜ ਸ਼ੇਰ ਸਿੰਘ ਸਦਾ ਮਿਹਰਵਾਨ । ਆਦਿ ਜੁਗਾਦਿ ਪ੍ਰਭ ਏਕੰਕਾਰ । ਸ੍ਰਿਸ਼ਟ ਸਬਾਈ ਪ੍ਰਭ ਕੀ ਨਾਰ । ਅੱਜ ਪ੍ਰਭ ਪਰਮੇਸ਼ਵਰ ਆਇਆ । ਭਗਤ ਜਨਾਂ ਚਰਨ ਸੰਗ ਲਾਇਆ । ਚਰਨ ਸੰਗ ਪ੍ਰਭ ਜੋ ਆਏ । ਸਾਚੇ ਗੁਰ ਦਾ ਦਰਸ਼ਨ ਪਾਏ । ਗੁਰ ਸੱਚਾ ਗੁਰ  ਸਤਿਗੁਰ ਸੂਰਾ । ਸਦਾ ਸਮਰਥ ਸਦਾ ਭਰਪੂਰਾ । ਸਦਾ ਭਰਪੂਰ ਕਬਹੂੰ ਨਾ ਡੋਲੇ । ਜੋਤ ਸਰੂਪੀ ਸਭ ਜਗ ਮੌਲੇ । ਉਪਾਏ ਜਗਤ ਪ੍ਰਭ ਖੇਲ ਬਣਾਇਆ । ਹਰਿ ਜੀਉ ਵਿਚ ਪ੍ਰਭ ਆਪ ਸਮਾਇਆ । ਉਹ ਵੇਖੇ ਉਹ ਨਜ਼ਰ ਨਾ ਆਏ । ਆਪਣਾ ਭੇਤ ਨਾ ਪ੍ਰਭ ਜਤਾਏ । ਜਿਸ ਨੇ ਭੇਉ ਪ੍ਰਭੂ ਕਾ ਪਾਇਆ । ਦਵਾਰ ਦਸਵੇਂ ਦਾ ਪਰਦਾ ਲਾਹਿਆ । ਖੁਲ੍ਹੇ ਕਪਾਟ ਗੁਰ ਨਜ਼ਰੀ ਆਇਆ । ਆਨ ਬਾਟ ਪ੍ਰਭ ਫੰਦ ਤੁੜਾਇਆ । ਸਮਦਰਸੀ ਪ੍ਰਭ ਦਰਸ ਦਿਖਾਇਆ । ਅਨਹਦ ਸ਼ਬਦ ਮਨ ਵਜਾਇਆ । ਵਜਿਆ ਵਾਜ ਧੁਨਤ ਧੁਨ ਹੋਈ । ਏਸ ਸ਼ਬਦ ਨੂੰ ਬੂਝੇ ਕੋਈ । ਸੋ ਬੂਝੇ ਜਿਸ ਆਪ ਬੁਝਾਏ । ਬਿਨ ਗੁਰ ਸੋਝੀ ਕੋਈ ਨਾ ਪਾਏ । ਜਿਸ ਤੇ ਦਇਆ ਪ੍ਰਭ ਆਪ ਕਮਾਏ । ਸਰਗਣ ਨਿਰਗੁਣ ਹੋ ਦਰਸ ਦਿਖਾਏ । ਵਿਚੋਂ ਜੋਤ ਜੋਤ ਪ੍ਰਗਟਾਏ । ਸਮੇਂ ਅਨੁਸਾਰ ਪ੍ਰਭ ਕਾਇਆ ਪਲਟਾਏ । ਸਤਿਜੁਗ ਵਿਚ ਮਿਹਰਵਾਨ ਹੋ ਆਇਆ । ਤਰੇਤੇ ਵਿਚ ਰਾਮ ਰਘੁਬੰਸ ਅਖਵਾਇਆ । ਵਿਚ ਦੁਆਪਰ ਮੁਰਾਰ ਕ੍ਰਿਸ਼ਨ ਬਣ ਆਇਆ । ਕਵਲ ਨੈਣ ਮੁਕਟ  ਬੈਣ ਸਿਰ ਉਪਰ ਟਿਕਾਇਆ । ਕੰਸ ਕੇਸੀ ਪਕੜ ਗਿਰਾਇਆ । ਦੁਸ਼ਟਾਂ ਦਾ ਮਾਣ ਗਵਾਇਆ । ਰਾਓ ਤੋਂ ਕਰ ਰੰਕ ਬਹਾਇਆ । ਫੇਰ ਆਪਣਾ ਤੇਜ ਚੜ੍ਹਾਇਆ । ਕਿਰਪਾ ਕੀਤੀ ਨਾਥ ਅਪਾਰ । ਦਵਾਰਕਾ ਉਪਰ ਗੋਵਰਧਨ ਸੁਆਰ । ਮਹਾਸਾਰਥੀ ਆਪ ਅਖਵਾਇਆ । ਰਥ ਅਰਜਨ ਦਾ ਆਪ ਚਲਾਇਆ । ਸਾਰਾ ਸੰਸਾ ਉਸ ਦਾ ਲਾਹਿਆ । ਬਰਾਟ ਰੂਪ ਹੋ ਦਰਸ ਦਿਖਾਇਆ । ਸ੍ਰਿਸ਼ਟ ਸਾਰੀ ਨੂੰ ਮੁਖ ਵਿਚ ਪਾਇਆ । ਕੌਰੋਂ ਪਾਂਡੋ ਦਾ ਯੁੱਧ ਕਰਾਇਆ । ਬਿਨ ਸ਼ਸਤਰ ਪ੍ਰਭ ਯੁੱਧ ਮਚਾਇਆ । ਸਭ ਸ੍ਰਿਸ਼ਟ ਖੇਹ ਰਲਾਇਆ । ਦਵਾਪਰ ਦਾ ਸਮਾਂ ਮੁਕਾਇਆ । ਕਲਜੁਗ  ਸਤਿਗੁਰ ਆਪ ਪ੍ਰਗਟਾਇਆ । ਜੀਵ ਜੰਤ ਪਾਈ ਮਾਇਆ । ਐਸੀ ਮਾਇਆ ਆਪ ਪ੍ਰਭ ਪਾਈ । ਮਦਿ ਮਾਸ ਆਹਾਰ ਬਣਾਈ । ਫੇਰ ਇਹ ਚਲਾਈ ਚਾਲ । ਮੂਸਾ ਘੱਲਿਆ ਆਪ ਦੀਨ ਦਿਆਲ । ਬੁੱਧੀ ਵਿਚ ਭਰਿਆ ਇਹ ਖਿਆਲ ।