G01L28 ੧੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਪ੍ਰਗਟੀ ਜੋਤ ਆਪ ਨਿਰੰਕਾਰ । ਸਰਬ ਜੀਵ ਜੋਤ ਅਧਾਰ । ਕੀਤੀ ਖੇਲ ਅਪਰ ਅਪਾਰ । ਭਗਤ ਜਨਾਂ ਨੂੰ ਦਿਤਾ ਤਾਰ । ਜੁਗੋ ਜੁਗ ਪ੍ਰਭ

ਲੈ ਅਵਤਾਰ । ਵੱਜਾ ਧ੍ਰੂ ਜੋਤ ਚਮਤਕਾਰ । ਬਾਲ ਅਵਸਥਾ ਹੋਏ ਅਧਾਰ । ਕਿਰਪਾ ਕੀਨੀ ਆਪ ਦਾਤਾਰ ।  ਸਚਖੰਡ ਦਿਤਾ ਘਰ ਬਾਰ । ਚਾਰ ਜੁਗ ਦਾ ਮਾਣ ਦਵਾਇਆ । ਸਤਾਰਾਂ ਲੱਖ ਅਠਾਈ ਹਜ਼ਾਰ ਸਤਿਜੁਗ ਲਿਖਾਇਆ । ਬਾਰਾਂ ਲੱਖ ਛਿਆਨਵੇਂ ਹਜ਼ਾਰ ਤਰੇਤਾ ਉਪਜਾਇਆ । ਅੱਠ ਲੱਖ ਚੌਂਸਠ ਹਜ਼ਾਰ ਦਵਾਪਰ ਭੁਗਤਾਇਆ । ਚਾਰ ਲੱਖ ਬੱਤੀ ਹਜ਼ਾਰ ਕਲਜੁਗ ਕਰਮ ਲਿਖਾਇਆ । ਐੜਾ ਅਥਰਬਣ ਵੇਦ ਜਿਸ ਵਾਦ ਵਧਾਇਆ । ਅੱਲ੍ਹਾ ਅੱਲ੍ਹਾ ਨੂਰ ਪ੍ਰਭ ਜੋਤ ਜਗਾਇਆ । ਈਸਾ ਮੂਸਾ ਆਏ , ਜਗਤ ਵਿਚ ਰਾਹ ਚਲਾਇਆ । ਕੀਨੀ ਗਊ ਪੁਕਾਰ , ਕਲਜੁਗ ਦਾ ਨਾਸ ਕਰਾਇਆ । ਦਵਾਪਰ ਹੋਇਆ ਕ੍ਰਿਸ਼ਨ ਮੁਰਾਰ , ਕਲ ਨਿਹਕਲੰਕ ਅਖਵਾਇਆ । ਧ੍ਰੂ ਪ੍ਰਭ ਦੀ ਜੋਤ , ਜੋਤ ਵਿਚ ਸਮਾਇਆ । ਸਵਰਨ ਸਿੰਘ ਦਰਬਾਨ ਦਰ ਅੱਗੇ ਬਹਾਇਆ । ਕਲਜੁਗ ਵਿਚ ਆਏ ਪ੍ਰਭ ਭਗਤ ਵਡਿਆਇਆ । ਸਤਿਜੁਗ ਵਿਚ ਸਚ ਤਖ਼ਤ ਬਹਾਇਆ । ਜਾਮਾ ਧਾਰ ਆਪ ਘਨਕਪੁਰੀ ਵਿਚ ਆਇਆ । ਮਹਾਰਾਜ ਸ਼ੇਰ ਸਿੰਘ ਧੰਨ , ਜਿਸ ਇਹ ਜੁਗ ਪਲਟਾਇਆ । ਕਰੇ ਖੇਲ ਪ੍ਰਭ ਅਪਰ ਅਪਾਰ । ਪ੍ਰਹਿਲਾਦ ਤਾਈਂ ਜਿਸ ਦਿਤਾ ਤਾਰ । ਜਿਸ ਨੇ ਰੱਖਿਆ ਸ਼ਬਦ ਅਧਾਰ । ਰਸਨਾ ਸਿਮਰੇ ਰਾਮ ਕਰਤਾਰ । ਹਰਨਾਕਸ਼ ਨੂੰ ਕੀਆ ਖੁਆਰ । ਪ੍ਰਗਟ ਭਇਆ ਨਰ ਸਿੰਘ ਅਵਤਾਰ । ਜੋਤ ਆਪਣੀ ਪ੍ਰਭ ਸਦਾ ਜਗਾਵੇ । ਬਾਵਨ ਰੂਪ ਹੋ ਅਲੱਖ ਜਗਾਵੇ । ਚਾਰ ਵਰਨ ਉਪਦੇਸ਼ ਦੁਆਵੇ । ਚਾਰ ਵੇਦ ਮੁਖ ਪਾਠ ਸੁਣਾਵੇ । ਲੀਲਾ ਚਲਤ ਵਖਾਣ ਦਾ , ਕੋਈ ਇਸ ਦਾ ਭੇਵ ਨਾ ਪਾਵੇ । ਸਰਬ ਆਕਾਰ ਇਹ ਜਗਤ ਦਾ ਐਸੀ ਬਣਤ ਬਣਾਵੇ । ਪ੍ਰਗਟ ਕਾਇਆ ਮਾਤ ਵਿਚ  , ਆਪਣੀ ਪ੍ਰਭ ਜੋਤ ਜਗਾਵੇ । ਆਪ ਅਡੋਲ ਸਰਬ ਹੈ ਪੇਖੇ , ਜੀਵ ਤਾਈਂ ਨਜ਼ਰ ਨਾ ਆਵੇ । ਹੋਏ ਦਿਆਲ ਕਿਰਪਾਲ ਪ੍ਰਭ , ਭਗਤ ਜਨਾਂ ਹਰਿ ਦਰਸ ਦਿਖਾਵੇ । ਵਿਛੜੇ ਵਿਚ ਜੁਗ ਸਤਿ , ਕਲਜੁਗ ਵਿਚ ਗੁਰ ਚਰਨ ਲਗਾਵੇ । ਦਿਤਾ ਮਾਣ ਗੁਰ ਧਾਮ , ਬਲ ਰਾਜਾ ਗੁਰਦਿਆਲ ਸਿੰਘ ਬਣ ਜਾਵੇ । ਭਗਤ ਹੇਤ ਪ੍ਰਕਾਸ਼ ਕਰ , ਗੁਰਚਰਨ ਸੰਗ ਸੇਵ ਕਮਾਵੇ । ਹੋਏ ਬਚਨ ਅਟੱਲ , ਗੁਰ ਪੂਰਾ ਇਹ ਬਚਨ ਲਿਖਾਵੇ । ਮਹਾਰਾਜ ਸ਼ੇਰ ਸਿੰਘ ਆਪ ਅਟੱਲ , ਸਿੱਖ ਦੀ ਪੈਜ ਰਖਾਵੇ । ਅਛਲ ਛਲਣ ਆਪ ਪ੍ਰਭ ਆਏ । ਮਾਇਆ ਵਿਚ ਜਗਤ ਭੁਲਾਏ । ਈਸ਼ਰ ਜੋਤ ਜਗਤ ਪ੍ਰਗਟਾਏ । ਮੋਹਣੀ ਰੂਪ ਸ਼ਿਵ ਤਾਈਂ ਵਖਾਏ । ਕਰੇ ਦਰਸ ਸੁਧ ਭੁਲਾਏ । ਨਾਰੀ ਜਾਣ ਲਿੰਗ ਵਧਾਏ । ਪੂਰੇ ਗੁਰ ਦਾ ਭੇਦ ਨਾ ਪਾਏ । ਐਸੀ ਕਲਾ ਆਪ ਵਰਤਾਏ । ਜੁਗੋ ਜੁਗ ਪ੍ਰਭ ਜੋਤ ਪ੍ਰਗਟਾਏ । ਦੇ ਦਰਸ ਸਭ ਸੰਸੇ ਲਾਹੇ । ਪੂਜਾ ਉਸ ਦੀ ਜਗਤ ਰਹਿ ਜਾਏ । ਕਲ ਵਿਚ ਪ੍ਰਭ ਖੇਲ ਰਚਾਏ । ਜੀਵ ਜੰਤ ਕੋਈ ਭੇਦ ਨਾ ਪਾਏ । ਮਹਾਰਾਜ ਸ਼ੇਰ ਸਿੰਘ ਏਕ ਰਘੁਰਾਏ । ਜੀਵ ਦਾ ਪ੍ਰਭ ਆਕਾਰ ਬਣਾਇਆ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ । ਵਿਚ ਮਨ ਮਤਿ ਬੁਧਿ ਹੰਕਾਰ ਟਿਕਾਇਆ । ਖੇਲ ਕਰੀ ਅਪਾਰ , ਵਾਜਾ ਪਵਣ ਵਜਾਇਆ । ਕੋਈ ਨਾ ਜਾਣੇ ਸਾਰ , ਵਾਜਾ ਪਵਣ ਵਜਾਇਆ । ਦਿਤਾ ਆਪ ਗਿਆਨ , ਸੋਹੰ ਸ਼ਬਦ ਸੁਣਾਇਆ । ਅਨਹਦ ਵੱਜੇ ਮਨ , ਅਥਰਬਣ ਮਾਣ ਗੁਆਇਆ । ਹੋਏ ਆਪ ਕਿਰਪਾਲ , ਦੇਹ ਦੀਪਕ ਵਿਚ ਜੋਤ ਜਗਾਇਆ । ਹੋਇਆ ਅੰਧ ਆਕਾਰ , ਜੀਵ ਦਾ ਬੁੱਤ ਬਣਾਇਆ । ਭੁੱਲਾ ਮੁਗਧ ਗਵਾਰ , ਮਾਤ ਗਰਭ ਸੇ ਬਾਹਰ ਜਾਂ ਆਇਆ । ਕਲਜੁਗ ਦਿਤੀ ਹਾਰ , ਗੁਰ ਦਾ ਨਾਮ ਭੁਲਾਇਆ । ਵਧਿਆ ਮਨ ਵਿਕਾਰ , ਉਲਟੇ ਧੰਦੇ ਲਾਇਆ । ਬੇਮੁਖ ਹੋਏ ਖੁਆਰ , ਦਰ ਦਰ ਧੱਕੇ ਖਾਇਆ । ਮਾਣਸ ਜਨਮ ਨੂੰ ਆਈ ਹਾਰ , ਲੋਕ ਪ੍ਰਲੋਕ ਧੱਕੇ ਖਾਇਆ । ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ , ਸਿੱਖਾਂ ਨੂੰ ਆਣ ਤਰਾਇਆ । ਕਲਜੁਗ ਭਗਤ ਪਛਾਣ , ਜਿਨ੍ਹਾਂ ਗੁਰ ਦਰਸ਼ਨ ਪਾਇਆ । ਕਲਜੁਗ ਭਗਤ ਪਛਾਣ , ਜਿਨ੍ਹਾਂ ਸੋਹੰ ਗਾਇਆ । ਕਲਜੁਗ ਭਗਤ ਪਛਾਣ , ਜਿਨ੍ਹਾਂ ਗੁਰ ਮਾਣ ਦਵਾਇਆ । ਕਲਜੁਗ ਭਗਤ ਪਛਾਣ , ਜਿਨ੍ਹਾਂ ਹਰਿ ਮੰਗਲ ਗਾਇਆ । ਕਲਜੁਗ ਭਗਤ ਪਛਾਣ , ਜਿਨ੍ਹਾਂ ਗੁਰ ਚਰਨ ਲਗਾਇਆ । ਕਲਜੁਗ ਭਗਤ ਪਛਾਣ , ਜਿਨ੍ਹਾਂ ਗੁਰ ਚਰਨੀਂ ਸੀਸ ਝੁਕਾਇਆ । ਕਲਜੁਗ ਪ੍ਰਗਟ ਕੀਏ ਭਗਤ , ਭਗਵਾਨ ਆਣ ਇਹ ਬਿਰਦ ਰਖਾਇਆ । ਭਗਤ ਮੇਰੇ ਦੀ ਇਹ ਵਡਿਆਈ । ਅਚਰਜ ਵਿਚ ਅਚਰਜ ਮਿਲ ਜਾਈ । ਵਿਸਮਾਦੇ ਵਿਸਮਾਦ ਸਮਾਈ । ਬ੍ਰਹਮ ਸਰੂਪ ਬ੍ਰਹਮ ਜੋਤ ਜਗਾਈ । ਗੁਰਸਿਖ ਉਪਜੇ ਨਾਉਂ , ਜਿਨ ਇਹ ਬੂਝ ਬੁਝਾਈ । ਬੇਮੁਖ ਪਾਏ ਨਾ ਠਾਉਂ , ਦਰ ਦਰ ਧੱਕੇ ਖਾਈ । ਸੋਹੰ ਸੱਚੀ ਨਾਉ , ਗੁਰਸਿਖ ਪਾਰ ਲੰਘਾਈ । ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ , ਭਗਤਨ ਦੀ ਪੈਜ ਰਖਾਈ । ਭਗਤ ਹੋਣ ਗੁਰਸਿਖ , ਜਿਨ੍ਹਾਂ ਰੰਗ ਮਾਣਿਆ । ਭਗਤ ਹੋਣ ਗੁਰਸਿੱਖ , ਚਲਣ ਗੁਰ ਕੇ ਭਾਣਿਆ । ਭਗਤ ਹੋਣ ਗੁਰਸਿੱਖ , ਜਿਨ੍ਹਾਂ  ਸਤਿਗੁਰ ਪਛਾਣਿਆ । ਭਗਤ ਹੋਣ ਗੁਰਸਿੱਖ , ਜਗਤ ਵਿਚ ਵਾਂਗ ਨਿਮਾਣਿਆ । ਭਗਤ ਹੋਣ ਗੁਰਸਿੱਖ , ਈਸ਼ਰ ਪਿਤਾ ਆਪ ਭੂਤ ਅੰਞਾਣਿਆਂ । ਭਗਤ ਹੋਣ ਗੁਰਸਿੱਖ , ਜਿਨ੍ਹਾਂ ਸੋਹੰ ਸ਼ਬਦ ਪਛਾਣਿਆ ।  ਸਤਿਗੁਰ ਸਿੱਖ ਉਤੇ ਦਇਆ ਕਮਾਏ । ਸੋਹੰ ਸ਼ਬਦ ਗਿਆਨ ਦੁਆਏ । ਸਾਧ ਸੰਗਤ ਵਿਚ ਓਮੀ ਰਲਾਏ । ਪਸੂ ਪ੍ਰੇਤੋਂ ਦੇਵ ਬਣਾਏ । ਚੰਦਨ ਵਾਂਗ ਨਿੰਮ ਮਹਿਕਾਏ । ਪਾਪੀ ਅਪਰਾਧੀ ਗੁਰ ਚਰਨ ਤਰਾਏ । ਦਰ ਆਇਆ ਪ੍ਰਵਾਨ , ਜਿਨ੍ਹਾਂ ਗੁਰ ਦਰਸ਼ਨ ਪਾਏ । ਅੰਤ ਨਾ ਖਾਵੇ ਕਾਲ , ਜਮ ਪਰੇ ਹਟਾਏ । ਭਗਤ ਵਛਲ ਕਿਰਪਾਲ , ਆ ਕੇ ਹੋਏ ਸਹਾਏ । ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ , ਸਿੱਖ ਦੀ ਮੁਕਤ ਰਖਾਏ । ਗੁਰਸਿਖਾਂ ਨੂੰ ਗੁਰ ਮਾਣ ਦਵਾਇਆ । ਨਰਕ ਸਵਰਗ ਚੋਂ ਪਾਰ ਲੰਘਾਇਆ । ਸਚ ਵਾਸੀ  ਸਚਖੰਡ ਪਹੁੰਚਾਇਆ । ਆਪ ਸਰੂਪ ਜੋਤ ਵਿਚ ਜੋਤ ਸਮਾਇਆ । ਓਥੇ ਜੋਤ ਅਟੱਲ , ਜਿਥੇ ਪ੍ਰਭ ਜੋਤ ਜਗਾਇਆ । ਮਹਾਰਾਜ ਸ਼ੇਰ ਸਿੰਘ ਹੋਏ ਆਪ ਸਹਾਇਆ । ਜੁਗ ਚੌਥਾ ਕਹਿਰ ਵਰਤਾਏ । ਜੀਵ ਜੰਤ ਬਿਲਲਾਏ । ਕੋਇ ਨਾ ਇਹਨੂੰ ਪਾਰ ਲੰਘਾਏ । ਕਲਜੁਗ ਅਗਨ ਦੇਹ ਜਲਾਏ । ਹੋਏ ਨਿਮਾਣੇ ਗੁਰ ਦਰ ਤੇ ਆਏ । ਗੁਰ ਸਾਗਰ ਦਇਆ ਮੇਘ ਬਣਾਏ । ਸੋਹੰ ਸ਼ਬਦ ਦੀ ਬਰਖਾ ਲਾਏ । ਦੁੱਖ ਕਲੇਸ਼ ਸੰਗਤ ਦੇ ਲਾਹੇ । ਬੀਰ ਅਠਾਰਾਂ ਸਭ ਭੈ ਰਖਾਏ । ਜਿਨ ਖ਼ਬੀਸ ਕੋਈ ਨੇੜ ਨਾ ਆਏ । ਮਸਾਣ ਪਵਣ ਦਰ ਧੱਕੇ ਖਾਏ । ਸੋਹੰ ਸ਼ਬਦ ਜੋ ਸਿੱਖ ਰਸਨਾ ਗਾਏ । ਭੂਤ ਪਰੇਤ ਕੋਈ ਨੇੜ ਨਾ ਆਏ । ਚਕਰ ਸੁਦਰਸ਼ਨ ਗੁਰ ਇਹ ਚਲਾਏ । ਮਹਾਰਾਜ ਸ਼ੇਰ ਸਿੰਘ ਸਿੱਖ ਦੀ ਪੈਜ ਰਖਾਏ । ਸਿੱਖਾਂ ਨੂੰ ਗੁਰ ਆਪ ਪਛਾਣਿਆ । ਉਤਮ ਕੀਏ ਜਗ ਵਿਚ ਸਭ ਜਰਵਾਣਿਆ । ਲੱਜਿਆ ਰੱਖੀ ਆਪ ਆਏ ਦਰ ਪ੍ਰਵਾਣਿਆ । ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ ਭਗਤ ਨਿਸਾਣਿਆ ।