ਗੁਰ ਗਹਿਰ ਗੰਭੀਰ ਪ੍ਰਗਟੇ ਘਰ ਭਗਤ ਸੁਜਾਨਾ। ਧੰਨ ਮੰਦਰ ਚਰਨ ਧਰਾਪਿਆ ਵਿਸ਼ਨੂੰ ਭਗਵਾਨਾ। ਕਲਜੁਗ ਤਾਰਨ
ਆ ਗਿਆ, ਕਰ ਖੇਲ ਬਿਧਨਾਨਾ। ਹਰਿ ਮੰਦਰ ਥਾਨ ਸੁਹਾ ਲਿਆ, ਵਾਂਗ ਭਗਤ ਸੁਦਾਮਾ। ਗੁਰਸਿਖਾਂ ਮਾਣ ਦਿਵਾ ਲਿਆ, ਉਪਜੇ ਬ੍ਰਹਮ ਗਿਆਨਾ। ਸੋਹੰ ਸ਼ਬਦ ਦਿਵਾ ਲਿਆ, ਮਨ ਉਪਜੇ ਗੁਰ ਨਾਮਾ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਲਿਆ, ਸੁਫਲ ਹੋਵੇ ਸਭ ਕਾਮਾ। ਧੰਨ ਸੁਹਾਇਆ ਥਾਨ, ਜਿਥੇ ਗੁਰ ਜੋਤ ਜਗਾਏ । ਧੰਨ ਸੁਹਾਇਆ ਥਾਨ, ਜਿਥੇ ਗੁਰ ਭੋਗ ਲਗਾਏ । ਧੰਨ ਸੁਹਾਇਆ ਥਾਨ, ਜਿਥੇ ਗੁਰ ਰੋਗ ਗਵਾਏ। ਧੰਨ ਸੁਹਾਇਆ ਥਾਨ, ਜਿਥੇ ਵਿਛੜੇ ਸੰਜੋਗ ਮਿਲਾਏ । ਧੰਨ ਸੁਹਾਇਆ ਥਾਨ, ਜਿਥੇ ਗੁਰਸਿਖ ਬਣਾਏ। ਧੰਨ ਸੁਹਾਇਆ ਥਾਨ, ਜਿਥੇ ਜੀਵ ਤਾਈਂ ਗੁਰ ਗਿਆਨ ਦਿਵਾਏ। ਧੰਨ ਸੁਹਾਇਆ ਥਾਨ, ਜਿਥੇ ਨਰ ਨਰਾਇਣ ਨਿਰੰਜਣ ਆਏ। ਧੰਨ ਸੁਹਾਇਆ ਥਾਨ, ਜਿਥੇ ਨਾਥ ਤ੍ਰਲੋਕੀ ਭਗਤ ਤਰਾਏ। ਧੰਨ ਸੁਹਾਇਆ ਥਾਨ, ਜਿਥੇ ਆਤਮ ਜੋਤ ਗੁਰ ਦੇ ਜਗਾਏ। ਧੰਨ ਸੁਹਾਇਆ ਥਾਨ, ਜਿਥੇ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ । ਧੰਨ ਗੁਰਸਿਖ ਜਿਨ ਸੇਵ ਕਮਾਈ। ਧੰਨ ਗੁਰਸਿਖ ਜਿਨ ਮਿਲੀ ਵਡਿਆਈ। ਧੰਨ ਗੁਰਸਿਖ ਜਿਨ ਬੂਝ ਬੁਝਾਈ। ਧੰਨ ਗੁਰਸਿਖ ਹਉਮੇ ਮਮਤਾ ਮੈਲ ਗਵਾਈ। ਧੰਨ ਗੁਰਸਿਖ ਸਿੱਖੀ ਸਿਖਿਆ ਮਨ ਟਿਕਾਈ। ਧੰਨ ਗੁਰਸਿਖ ਗੁਰ ਪੂਰੇ ਦੀ ਸੋਝੀ ਪਾਈ। ਧੰਨ ਗੁਰਸਿਖ ਕਲ ਵਿਚ ਬੰਸ ਲਿਆ ਤਰਾਈ। ਧੰਨ ਗੁਰਸਿਖ ਮੁਕਤ ਜੁਗਤ ਦੀ ਸੋਝੀ ਪਾਈ। ਧੰਨ ਗੁਰਸਿਖ ਸੇਵਾ ਵਿਚ ਪਿਆਰ ਘਰ ਜੋਤ ਜਗਾਈ। ਧੰਨ ਗੁਰਸਿਖ ਉਪਜੇ ਨਾਮ ਸੋਹੰ ਸ਼ਬਦ ਦੀ ਸੋਝੀ ਪਾਈ। ਧੰਨ ਗੁਰਸਿਖ ਜਗਤ ਗਵਾਇਆ ਮਾਣ ਚਰਨ ਸੀਸ ਝੁਕਾਈ। ਧੰਨ ਗੁਰਸਿਖ ਪਾਰਬ੍ਰਹਮ ਪ੍ਰਭ ਪਏ ਸਰਨਾਈ। ਧੰਨ ਗੁਰਸਿਖ ਆਵਣ ਜਾਵਣ ਬਿਆਧਿ ਮਿਟਾਈ। ਧੰਨ ਗੁਰਸਿਖ ਸਰਬ ਸੂਖ ਘਰ ਮਾਹਿ ਪਾਈ। ਧੰਨ ਗੁਰਸਿਖ ਕਲੂ ਅਗਨ ਪੋਹੇ ਨਾ ਰਾਈ । ਧੰਨ ਗੁਰਸਿਖ ਜਿਸ ਪ੍ਰਭ ਦੇ ਵਡਿਆਈ। ਧੰਨ ਗੁਰਸਿਖ ਕਰ ਸੇਵਾ ਈਸ਼ਰ ਜੋਤ ਪ੍ਰਗਟਾਈ। ਮਾਨਸ ਜਨਮ ਸੁਜਾਨ, ਜੇ ਗੁਰ ਸੇਵ ਕਮਾਵੇ। ਮਾਨਸ ਜਨਮ ਸੁਜਾਨ, ਜੇ ਗੁਰ ਚਰਨੀਂ ਸੀਸ ਝੁਕਾਵੇ । ਮਾਨਸ ਜਨਮ ਸੁਜਾਨ, ਮਿਲ ਸਾਧ ਸੰਗਤ ਹਰਿ ਜਸ ਗਾਵੇ। ਮਾਨਸ ਜਨਮ ਸੁਜਾਨ, ਮਨੋ ਅਭਿਮਾਨ ਚੁਕਾਵੇ। ਮਾਨਸ ਜਨਮ ਸੁਜਾਨ, ਜੀਵ ਜੀਵ ਜੀਵ ਦਇਆ ਕਮਾਵੇ। ਮਾਨਸ ਜਨਮ ਸੁਜਾਨ, ਗੁਰ ਗੁਰ ਗੁਰ ਦਰਸ ਦਰਸਾਵੇ। ਮਾਨਸ ਜਨਮ ਸੁਜਾਨ, ਇਕ ਮਨ ਹੋ ਪ੍ਰਭ ਰਿਦੇ ਧਿਆਵੇ। ਮਾਨਸ ਜਨਮ ਸੁਜਾਨ, ਘਰ ਬੈਠੇ ਅੰਤਰਜਾਮੀ ਪਾਵੇ। ਮਾਨਸ ਜਨਮ ਸੁਜਾਨ, ਜਿਨ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਪ੍ਰਭ ਨਾਮ ਚਿਤਾਰਿਆ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਮਿਲੇ ਪ੍ਰਭ ਅਪਰ ਅਪਾਰਿਆ। ਗੁਰਸਿਖਾਂ ਸਦ ਬਲਿਹਾਰ, ਦੇਵੇ ਗੁਰ ਨਾਮ ਭੰਡਾਰਿਆ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਸੋਹੰ ਸ਼ਬਦ ਵਿਚਾਰਿਆ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਨਿਮਸਕਾਰਿਆ । ਪ੍ਰਗਟ ਜੋਤ ਪ੍ਰਭ ਠਾਕਰ, ਜਿਸ ਜਗਤ ਪਸਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੀਵ ਜੰਤ ਉਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜਿਸ ਅੰਤ ਨਾ ਪਾਰਾਵਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੁਗ ਜੁਗ ਦੇਹ ਪਲਟਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਸਦ ਸਦ ਸਦ ਨਿਮਸਕਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਲਜੁਗ ਆ ਭਗਤਾਂ ਨੂੰ ਤਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਭੈ ਭੰਜਨ ਸਿੱਖ ਉਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਬੈਠਾ ਵਿਚ ਦੇਹ ਪ੍ਰਭ ਨਿਰਾਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਕੋਟ ਬ੍ਰਹਿਮੰਡ ਜਿਸ ਪਸਰ ਪਸਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਚੰਦ ਸੂਰਜ ਜਿਸ ਸੇਵਾ ਲਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਤੀਨ ਲੋਕ ਇਕ ਰੰਗ ਸਮਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਬ੍ਰਹਮ ਬਿੰਦ ਸਭ ਜਗਤ ਉਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪਣਾ ਆਪ ਵਿਚ ਟਿਕਾ ਲਿਆ । ਪ੍ਰਗਟ ਜੋਤ ਪ੍ਰਭ ਠਾਕਰ, ਮਾਇਆ ਰੂਪੀ ਜੀਵ ਪਰਦਾ ਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਰਾਖੇ ਹਉਮੇ ਰੋਗ, ਦੇਹ ਅੰਧੇਰ ਰਖਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੋਤ ਜਗਾ ਨਿਰਾਲੀ ਦੇਹ ਦੀਪਕ ਡਗਮਗਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੀਵ ਵਿਕਾਰੇ ਵਿਚ ਪ੍ਰਭ ਛੁਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਰ ਕਰਮ ਵਿਚਾਰ ਭਗਤਾਂ ਨੂੰ ਦਰਸ ਦਿਖਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪ ਬ੍ਰਹਮ ਸਰੂਪ ਸਿੱਖ ਬ੍ਰਹਮ ਸਰੂਪ ਬਣਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪ ਜੋਤ ਨਿਰੰਜਣ ਸਿੱਖ ਜੋਤ ਨਿਰੰਜਣ ਬਣਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਲਜੁਗ ਲੈ ਸਾਰ ਭਵਜਲ ਪਾਰ ਤਰਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਮਹਾਰਾਜ ਸ਼ੇਰ ਸਿੰਘ ਭਗਤ ਉਧਾਰ ਸਿੱਖਾਂ ਨੂੰ ਆਣ ਤਰਾ ਲਿਆ। ਸੋਈ ਸੁਹੰਦਾ ਥਾਉਂ, ਜਿਥੇ ਗੁਰ ਚਰਨ ਧਰੰਦੇ। ਸੋਈ ਸੁਹੰਦਾ ਥਾਉਂ, ਜਿਥੇ ਜੋਤ ਮਰਗੰਦੇ। ਸੋਈ ਸੁਹੰਦਾ ਥਾਉਂ, ਜਿਥੇ ਗੁਰਸਿਖ ਤਰੰਦੇ। ਸੋਈ ਸੁਹੰਦਾ ਥਾਉਂ, ਜਿਥੇ ਫੜ ਮਨ ਭਵੰਦੇ। ਸੋਈ ਸੁਹੰਦਾ ਥਾਉਂ, ਜਿਥੇ ਗੁਰ ਗਿਆਨ ਦਿਵੰਦੇ। ਸੋਈ ਸੁਹੰਦਾ ਥਾਉਂ, ਜਿਥੇ ਪ੍ਰਭ ਜੋਤ ਜਗੰਦੇ। ਸੋਈ ਸੁਹੰਦਾ ਥਾਉਂ, ਜਿਥੇ ਪ੍ਰਗਟ ਸਦ ਬਖ਼ਸ਼ੰਦੇ। ਸੋਈ ਸੁਹੰਦਾ ਥਾਉਂ, ਜਿਥੇ ਲਿਆਂ ਨਾਉਂ ਦੁੱਖ ਢਹਿੰਦੇ। ਸੋਈ ਸੁਹੰਦਾ ਥਾਉਂ, ਜਿਥੇ ਸਿੱਖ ਗੁਰ ਚਰਨ ਪੜੰਦੇ। ਸੋਈ ਸੁਹੰਦਾ ਥਾਉਂ, ਜਿਥੇ ਉਪਜੇ ਪ੍ਰਭ ਮੁਕੰਦੇ। ਸੋਈ ਸੁਹੰਦਾ ਥਾਉਂ, ਜਿਥੇ ਮਹਾਰਾਜ ਸ਼ੇਰ ਸਿੰਘ ਸਿੱਖ ਕਰਮ ਲਿਖੰਦੇ।