G01L061 ੨੬ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

    ਪ੍ਰਭ ਪ੍ਰਗਟੇ ਜੋਤ ਪ੍ਰਕਾਸ਼ਾ। ਗੁਰਸਿਖ ਨਿਰਮਲ ਵਾਂਗ ਆਕਾਸ਼ਾ। ਕਲਜੁਗ ਦੀਉ ਸੋਹੰ ਧਰਵਾਸਾ। ਆਪਣਾ ਨਾਮ ਕੀਓ ਭਰਵਾਸਾ। ਗੁਰਸਿਖ ਗਾਇਨ ਮਿਲ ਰਸਨ ਸਵਾਸਾ। ਗੁਰਚਰਨ ਲਾਗ ਹੋਏ ਰਹਿਰਾਸਾ। ਗੁਰ ਪੂਰਾ ਸਦ ਨਿਮਸਕਾਰੇ, ਗੁਰਸਿਖ ਸਦ

ਬਲ ਬਲ ਜਾਸਾ । ਖੰਡ ਬ੍ਰਹਿਮੰਡ ਪ੍ਰਭ ਦੇਵੇ ਦੰਡ, ਗੁਰਸਿਖ ਜੋਤ ਸਦਾ ਪ੍ਰਕਾਸ਼ਾ। ਕਲ ਉਲਟਾਏ ਸਰਬ ਮਾਣ ਗੁਆਏ, ਗੁਰਸਿਖਾਂ ਮਨ ਪ੍ਰਭ ਦਰਸ ਪਿਆਸਾ । ਚੁਰਾਸੀ ਗੇੜ ਨਾ ਆਏ, ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਏ, ਸਾਧ ਸੰਗਤ ਪ੍ਰਭ ਸਦ ਹੈ ਵਾਸਾ। ਸਾਧ ਸੰਗਤ ਰਸਨਾ ਹਰਿ ਗੁਣ ਗਾਵੇ। ਸਾਧ ਸੰਗਤ ਹਰਿ ਕਲ ਪੈਜ ਰਖਾਵੇ। ਸਾਧ ਸੰਗਤ ਸਿਰ ਨਿਰਭੈ ਹੱਥ ਟਿਕਾਵੇ। ਸਾਧ ਸੰਗਤ ਪ੍ਰਗਟ ਹੋ ਪ੍ਰਭ ਦਰਸ ਦਿਖਾਵੇ। ਸਾਧ ਸੰਗਤ ਆਤਮ ਪ੍ਰਕਾਸ਼, ਸੋਹੰ ਸ਼ਬਦ ਰਸਨਾ ਗਾਵੇ। ਸਾਧ ਸੰਗਤ ਸਦ ਅਬਿਨਾਸ਼, ਅੰਤਕਾਲ ਜਮ ਨੇੜ ਨਾ ਆਵੇ । ਸਾਧ ਸੰਗਤ ਸਦਾ ਸੁਖ ਵਾਸ, ਖੰਡ ਧਾਮ ਗੁਰਚਰਨ ਬਣਾਵੇ। ਸਾਧ ਸੰਗਤ ਨਾ ਹੋਵੇ ਵਿਨਾਸ਼, ਨਿਹਕਲੰਕ ਜੋਤ ਪ੍ਰਗਟਾਵੇ। ਸਾਧ ਸੰਗਤ ਪ੍ਰਭ ਹੈ ਵਾਸ, ਪ੍ਰਗਟ ਹੋਵੇ ਦਰਸ ਦਿਖਾਵੇ। ਸਾਧ ਸੰਗਤ ਪ੍ਰਭ ਕਾ ਵਾਸ, ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ। ਜੋਤ ਪ੍ਰਗਟਾਵੇ ਦਰਸ ਦਿਖਾਵੇ, ਗੁਰਮੁਖਾਂ ਇਹ ਬੂਝ ਬੁਝਾਵੇ। ਖੇਲ ਰਚਾਵੇ ਕਹਿਰ ਵਰਤਾਵੇ। ਸ੍ਰਿਸ਼ਟ ਅਗਨ ਸ਼ਬਦ ਜਲਾਵੇ। ਦੇਹ ਤਜਾਏ ਜੋਤ ਸਰੂਪ ਹੋ ਜਾਵੇ। ਪ੍ਰਗਟ ਹੋ ਦਰਸ ਦਿਖਾਵੇ। ਨਿਰੰਕਾਰ ਨਿਰਵੈਰ ਸਦਾਵੇ। ਜੋਤ ਨਿਰੰਜਣ ਜਗਤ ਡੁਲਾਵੇ। ਬੈਠ ਅਡੋਲ ਸਰਬ ਰਿਹਾ ਸਮਾਏ। ਗਿਆ ਵਕਤ ਫਿਰ ਹੱਥ ਨਾ ਆਏ। ਬੇਮੁਖ ਜੀਵ ਅਗਨ ਜਲਾਏ। ਗੁਰਸਿਖ ਤਰਾਏ ਗੁਰ ਦਰ ਤੇ ਆਏ। ਜਨਮ ਜਨਮ ਪ੍ਰਭ ਰੋਗ ਮਿਟਾਏ। ਰੋਗ ਗਵਾਏ ਕਾਇਆ ਕਪਟ ਵਿਹਾਏ। ਮਦਿ ਮਾਸੀ ਕੋਈ ਠੌਹਰ ਨਾ ਪਾਏ। ਗੁਰਮੁਖਾਂ ਨਾਮ ਨਿਧਾਨ ਦਿਵਾਏ। ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਅਨਹਦ ਸ਼ਬਦ ਮਨ ਧੁਨ ਵਜਾਏ। ਆਤਮ ਪ੍ਰਕਾਸ਼ੇ ਹਉਮੇ ਰੋਗ ਗਵਾਏ। ਦੁਬਦਾ ਨਾਸੇ ਇਕ ਰੰਗ ਹੋ ਜਾਏ । ਵੇਦ ਚਾਰ ਵਿਨਾਸੇ, ਸੋਹੰ ਸ਼ਬਦ ਪ੍ਰਕਾਸ਼ੇ, ਨਿਹਕਲੰਕ ਭਗਵਾਨ ਅਖਵਾਏ। ਗੁਰਸਿਖ ਗੁਰਚਰਨ ਭਰਵਾਸੇ, ਕਲਜੁਗ ਅਗਨ ਸ਼ਾਂਤ ਕਰਾਏ। ਬੇਮੁਖ ਵਿਨਾਸੇ ਜਨਮ ਮਾਨਸ ਗਵਾਇਆ ਵਿਚ ਹਾਸੇ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਏ। ਬੈਠਾ ਆਪ ਅਤੋਲ, ਜਗਤ ਜਿਨ ਤੋਲਿਆ। ਬੈਠਾ ਆਪ ਅਡੋਲ, ਜਗਤ ਸਭ ਡੋਲਿਆ। ਬੈਠਾ ਕਰੇ ਕਲੋਲ, ਜਗਤ ਸਭ ਰੋਲਿਆ। ਪ੍ਰਭ ਕੇ ਬਚਨ ਅਨਮੋਲ, ਕਲਜੁਗ ਜਿਸ ਖੋਹ ਲਿਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਛਡ ਦੇਹ ਜੋਤ ਸਰੂਪ ਹੋ ਬੋਲਿਆ। ਜੋਤ ਦੇਹ ਦੇਹ ਜੋਤ ਨਿਆਰੀ। ਈਸ਼ਰ ਜੋਤ ਸਭ ਸ੍ਰਿਸ਼ਟ ਆਕਾਰੀ। ਜੀਵ ਦੇਹ ਦੇਹ ਜੀਵ ਨਿਰਾਧਾਰੀ। ਈਸ਼ਰ ਜੋਤ ਕਰੇ ਜਗਤ ਖ਼ੁਆਰੀ। ਭਗਤ ਜਨਾਂ ਪ੍ਰਭ ਪੈਜ ਸਵਾਰੀ। ਕਲਜੁਗ ਪ੍ਰਗਟਿਓ ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਕਲਜੁਗ ਪ੍ਰਗਟੇ ਆਪ ਨਿਰੰਕਾਰ। ਸ੍ਰਿਸ਼ਟ ਵਗਾਏ ਜਿਉਂ ਜਲ ਕੀ ਧਾਰ। ਕੋਈ ਨਾ ਸਹਾਏ ਹੋਏ ਸ਼ਬਦ ਕੀ ਮਾਰ। ਬਚਨ ਲਿਖਾਏ ਕਲ ਲੈ ਅਵਤਾਰ। ਜੁਗ ਚਾਰ ਸ਼ਬਦ ਸੋਹੰ ਸਿਕਦਾਰ। ਭਗਤ ਜਨ ਸੋਹਨ ਹਰਿ ਕੇ ਦਵਾਰ। ਬੇਮੁਖ ਖਾਇਨ ਜਮ ਕੀ ਮਾਰ। ਭਗਤ ਜਨਾਂ ਪ੍ਰਭ ਪੈਜ ਸਵਾਰ। ਬੇਮੁਖ ਡਾਰੇ ਨਰਕ ਮਝਾਰ। ਗੁਰਸਿਖ ਉਧਰੇ ਕਲਜੁਗ ਪਾਰ। ਮਦਿ ਮਾਸੀ ਹੋਏ ਜਗਤ ਖੁਆਰ। ਕੋਏ ਨਾ ਜਾਣੇ ਪ੍ਰਭ ਪੂਰਨ ਅਵਤਾਰ। ਮਹਾਰਾਜ ਸ਼ੇਰ ਸਿੰਘ ਸਚ ਸਿਰਜਨਹਾਰ। ਸਰਬ ਸ੍ਰਿਸ਼ਟ ਕਾ ਪ੍ਰਭ ਆਪ ਗਿਆਤਾ। ਸਰਬ ਜੀਵ ਪ੍ਰਭ ਜੋਤ ਜਗਾਤਾ। ਕੋਈ ਨਾ ਜਾਣੇ ਪ੍ਰਭ ਹਰਿ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਕਲ ਗੁਰਸਿਖ ਪਛਾਤਾ। ਸੋ ਬੂਝੇ ਜਿਸ ਬੂਝ ਬੁਝਾਏ। ਸੋ ਬੂਝੇ ਜਿਸ ਦਰਸ ਦਿਖਾਏ। ਸੋ ਬੂਝੇ ਜਿਸ ਅਗਿਆਨ ਅੰਧੇਰ ਮਿਟਾਏ। ਸੋ ਬੂਝੇ ਜਿਸ ਜੋਤ ਸਰੂਪ ਪ੍ਰਭ ਦਰਸ ਦਿਖਾਏ। ਸੋ ਬੂਝੇ ਜਿਸ ਹਉਮੇ ਰੋਗ ਗਵਾਏ। ਸੋ ਬੂਝੇ ਜਿਸ ਕਰ ਕਿਰਪਾ ਪ੍ਰਭ ਸ਼ਰਨੀ ਲਾਏ। ਸੋ ਬੂਝੇ ਜਿਸ ਸਾਧ ਸੰਗਤ ਮਿਲ ਹਰਿ ਗੁਣ ਗਾਏ। ਸੋ ਬੂਝੇ ਜਿਤ ਸਿਰ ਪ੍ਰਭ ਹੱਥ ਟਿਕਾਏ। ਘਰ ਦਰ ਦਰ ਘਰ ਸਾਚਾ ਸੂਝੇ, ਗੁਰਚਰਨ ਲਾਗ ਜੋ ਸੀਸ ਝੁਕਾਏ। ਸੋ ਬੂਝੇ ਜਿਸ ਮਹਾਰਾਜ ਸ਼ੇਰ ਸਿੰਘ ਸੋਝੀ ਪਾਏ। ਗੁਰਸਿਖ ਜਾਣੇ ਪ੍ਰਭ ਅੰਤਰਜਾਮੀ। ਗੁਰਸਿਖ ਜਾਣੇ ਪ੍ਰਗਟ ਭਇਓ ਆਪ ਪ੍ਰਭ ਸਵਾਮੀ। ਗੁਰਸਿਖ ਜਾਣੇ ਪ੍ਰਭ ਪ੍ਰਮੇਸ਼ਵਰ ਸਦਾ ਸਿਕਦਾਰੀ, ਬੇਮੁਖ ਨਾ ਜਾਣੇ ਨਾ ਬੂਝੇ ਕਾਮੀ। ਬੇਮੁਖ ਨਾ ਜਾਣੇ ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਸਰਬ ਕਾ ਸਵਾਮੀ। ਗੁਰਸਿਖ ਮੰਗ ਮਨ ਹਰਿ ਕਾ ਰੰਗ। ਗੁਰਸਿਖ ਮੰਗ ਸਦ ਗੁਰਚਰਨ ਕਾ ਸੰਗ। ਗੁਰਸਿਖ ਮੰਗ ਜਰਮ ਏ ਮਾਣਸ ਹੋਏ ਨਾ ਭੰਗ। ਗੁਰਸਿਖ ਮੰਗ ਗੁਰ ਦਰ ਸ਼ਬਦ ਸੋਹੰ। ਗੁਰਸਿਖ ਮੰਗ ਮਹਾਰਾਜ ਸ਼ੇਰ ਸਿੰਘ ਚਰਨ ਕਾ ਸੰਗ। ਚਰਨਕਵਲ ਜਿਸ ਸੰਗ ਬਣ ਆਏ। ਚਰਨ ਕਵਲ ਵਾਂਗ ਕਵਲ ਖੁਲ੍ਹਾਏ। ਜਗਤ ਸਾਗਰ ਗੁਰਸਿਖ ਵਿਚ ਕਵਲ ਤਰਾਏ। ਸ੍ਰਿਸ਼ਟ ਮਿਟ ਜਾਏ ਗੁਰਸਿਖ ਨਾਉਂ ਰਹਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸੋਹੰ ਦੇ ਗਿਆਨ ਸਿੱਖਾਂ ਦੀ ਪੈਜ ਰਖਾਏ। ਗੁਰਸਿਖਾਂ ਗੁਰ ਮਾਣ ਦਿਵਾਏ । ਸਤਿਜੁਗ ਸਾਚਾ ਪ੍ਰਭ ਦੇ ਵਖਾਏ। ਬਿਨ ਸਿੱਖਾਂ ਕੋਈ ਰਹਿਣ ਨਾ ਪਾਏ। ਜੋਤ ਸਰੂਪ ਕਲ ਕਹਿਰ ਵਰਤਾਏ। ਜੋਤ ਅਗਨ ਸੀਤਲ ਹੈ ਜੀਆ, ਜੋਤ ਅਗਨ ਰਲ ਜਾਏ। ਸੋਹੰ ਸ਼ਬਦ ਜਪੋ ਹੋਏ ਮੁਕਤਾ, ਮਹਾਰਾਜ ਸ਼ੇਰ ਸਿੰਘ ਵਿਚ ਸਮਾਏ।