G01L062 ੨੭ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਕਲਜੁਗ ਪ੍ਰਗਟਿਆ ਨਰ ਲੈ ਅਵਤਾਰਾ। ਚਾਰ ਕੂਟ ਜੋਤ ਚਮਤਕਾਰਾ। ਤੀਨ ਲੋਕ ਜਸ ਹੋਏ ਹਮਾਰਾ। ਮਾਤਲੋਕ ਹੋਏ ਅੰਧ ਅੰਧਿਆਰਾ। ਬੇਮੁਖ ਕਰ ਨਰਕ ਦਵਾਰਾ। ਗੁਰਸਿਖਾਂ ਮਿਲਿਆ ਹਰਿ 

ਬਨਵਾਰਾ। ਕਲਜੁਗ ਕੀਓ ਜਿਨ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਨਿਹਕਲੰਕ ਅਵਤਾਰਾ। ਨਿਹਕਲੰਕ ਨੇਹੁ ਨਾ ਤੋੜੇ। ਗੁਰਸਿਖ ਦਰ ਤੇ ਸੰਗ ਚਰਨ ਪ੍ਰਭ ਜੋੜੇ। ਬੇਮੁਖ ਕੂਕਰ ਸੂਕਰ ਗਰਭ ਜੂਨ ਮੇਂ ਰੋੜ੍ਹੇ। ਅੰਤਕਾਲ ਕਲ ਆਪ ਪ੍ਰਭ ਪ੍ਰਗਟ, ਪਾਪੀ ਜੀਵ ਨਾ ਚਰਨੀਂ ਜੋੜੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦਰ ਆਇਆ ਨਾ ਖ਼ਾਲੀ ਮੋੜੇ। ਗੁਰ ਦਰ ਸਾਚਾ ਦਰਬਾਰਾ। ਪ੍ਰਗਟੀ ਜੋਤ ਨਿਹਕਲੰਕ ਅਵਤਾਰਾ। ਸਾਧ ਸੰਗਤ ਪ੍ਰਭ ਵਿਚ ਪਾਤਾਲ ਆਕਾਸ਼ ਮਾਤ ਸੰਗ ਦੇਵੇ ਸਿੱਖ ਸਹਾਰਾ। ਨਾਉਂ ਨਾਮ ਨਿਧਾਨ ਗੁਰ ਦੇ ਕੇ, ਸੋਹੰ ਸ਼ਬਦ ਗੁਰਸਿਖਾਂ ਨਾਮ ਪਿਆਰਾ। ਸਾਧ ਸੰਗਤ ਦਰ ਘਰ ਸੂਝਿਆ, ਜਿਥੇ ਵਸਿਆ ਆਪ ਨਿਰੰਕਾਰਾ। ਗੁਰਸਿਖਾਂ ਪ੍ਰਭ ਪੂਰਨ ਬੂਝਿਆ, ਦੇਵੇ ਦਰਸ ਆਪ ਨਿਰਾਧਾਰਾ । ਦਰਸ਼ਨ ਪਾਏ ਦੁਖ ਰੋਗ ਗਵਾਏ, ਮਿਲੇ ਸ਼ਾਹੁ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਆਪ ਪ੍ਰਭ ਠਾਕਰ, ਜਿਸ ਨੇ ਪਸਰਿਆ ਸ਼੍ਰਿਸਟ ਪਸਾਰਾ। ਸਰਬ ਪਸਾਰ ਪ੍ਰਭ ਕਾ ਜਾਣੋ। ਸਰਬ ਆਕਾਰ ਈਸ਼ਰ ਮਾਨੋ। ਸਰਬ ਵਿਕਾਰ ਚਲੇ ਬਿਨ ਵਿਸ਼ਨੂੰ ਭਗਵਾਨੋ। ਸਰਬ ਅਹਾਰ ਦੇਵੇ, ਨਾ ਬੂਝੇ ਜੀਵ ਨਿਧਾਨੋ। ਹੋਏ ਮਿਹਰਵਾਨ ਆਪ ਪਰਮੇਸ਼ਰ, ਖਾਲੀ ਨਾ ਜਾਏ ਕੋਈ ਦਰ ਸੁਲਤਾਨੋ । ਨਿਹਕਲੰਕ ਲੈ ਅਵਤਾਰ, ਸੋਹੰ ਦੇਵੇ ਬ੍ਰਹਮ ਗਿਆਨੋ। ਭਗਤ ਜਨਾਂ ਹਰਿ ਦਰਸ਼ਨ ਦੇਵੇ, ਐਸਾ ਹਰਿ ਜੀ ਰਸਨ ਬਖਾਨੋ। ਆਪ ਕਰਨਹਾਰ ਪ੍ਰਭ ਠਾਕਰ, ਏਸ ਸਮਾਨ ਕੋਈ ਹੋਰ ਨਾ ਮਾਨੋ। ਜਾਂਹ ਦੇਖੋ ਤਾਂਹ ਪ੍ਰਭ ਹਾਜ਼ਰ, ਗੁਰਪ੍ਰਸਾਦ ਗੁਰ ਭੋਗ ਲਗਾਨੋ। ਦੂਖ ਵਿਨਾਸ ਕਰੇ ਗੁਣਤਾਸ, ਪ੍ਰਭ ਕਾ ਨਾਉਂ ਸ਼ਬਦ ਸਚ ਜਾਨੋ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਕਾਸਿਆ, ਨਜ਼ਰ ਨਾ ਆਵੇ ਗੁਣ ਨਿਧਾਨੋ। ਜਗਤ ਉਪਾਏ ਜੀਵ ਜੰਤ ਰਹਾਏ, ਕਿਸੇ ਨਜ਼ਰ ਨਾ ਆਨਿਆਂ। ਮਾਇਆ ਜਗਤ ਖਾਏ, ਕਹਿਰ ਗੁਰ ਵਰਤਾਏ, ਕੋਏ ਨਾ ਜਾਣੇ ਗੁਰ ਕੇ ਭਾਣਿਆਂ। ਨਿਹਕਲੰਕ ਅਖਵਾਏ, ਮਦਿ ਮਾਸੀ ਖਪਾਏ, ਭੁੱਲੀ ਸ੍ਰਿਸ਼ਟ ਜਿਉਂ ਅੰਞਾਣਿਆਂ। ਹਰਿ ਨਾਮ ਜਪਾਏ, ਗੁਰਸਿਖ ਤਰਾਏ, ਦਰ ਸਚ ਪਛਾਣਿਆਂ। ਸਾਧ ਸੰਗਤ ਬਖ਼ਸ਼ਾਏ, ਪਤਤ ਪਾਪੀ ਜੋ ਦਰ ਤੇ ਆਏ, ਸੋਹੰ ਸ਼ਬਦ ਚਲੇ ਗੁਰ ਬਾਨਿਆ। ਸਤਿਜੁਗ ਸਤਿ ਵਰਤਾਏ, ਗੁਰਸਿਖਾਂ ਪ੍ਰਭ ਹੋਏ ਸਹਾਏ, ਅਗਨ ਕਲੂ ਵਿਚ ਆਪ ਰਖਾਣਿਆਂ। ਸੋਹੰ ਸ਼ਬਦ ਚਲਾਏ, ਭਗਤ ਜਨਾਂ ਮੁਖ ਰਖਾਏ, ਦੇਵੇ ਨਾਉਂ ਆਪ ਨਿਧਾਨਿਆਂ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਏ, ਕਲਜੁਗ ਪ੍ਰਗਟ ਜੁਗ ਸਤਿ ਚਲਾਏ, ਪ੍ਰਭ ਕੀ ਜੋਤ ਸਦ ਆਵਣ ਜਾਣਿਆਂ। ਗਗਨ ਅਗਨ ਜਗਤ ਲਗਨ, ਮੁਖ ਵਾਕ ਕਰਤਾਰਾ। ਮਗਨ ਦਗਨ ਜਗਤ ਨਗਨ, ਗੁਰ ਪੂਰਾ ਜਿਨ੍ਹਾਂ ਮਨ ਵਿਸਾਰਾ। ਭਗਤ ਮਗਨ ਸੰਗ ਜੋਤ ਜਗਨ, ਕਰੇ ਆਪ ਜੋਤ ਚਮਤਕਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਪ੍ਰਭ ਅੰਤਰਜਾਮੀ। ਨਿਜ ਘਰ ਵਸਿਆ ਸਰਬ ਕਾ ਸਵਾਮੀ। ਕਲਜੁਗ ਜੀਵ ਸਰਬ ਨਿਹਕਾਮੀ। ਮਹਾਰਾਜ ਸ਼ੇਰ ਸਿੰਘ ਆਪ ਪ੍ਰਕਾਸ਼ੀ, ਗੁਰਸਿਖ ਚਰਨ ਲਾਗ ਮੇਰੇ ਪਰੇ ਪਾਰਗਰਾਮੀ। ਪਾਰਗਰਾਮ ਗੁਰਸਿਖਾਂ ਪਾਇਆ। ਜਿਥੇ ਜੋਤ ਪ੍ਰਭ ਸਦ ਰੁਸ਼ਨਾਇਆ। ਬਿਨ ਬਾਤੀ ਬਿਨ ਤੇਲ ਦੀਪਕ ਜੋਤ ਜਗਾਇਆ। ਗੁਰਸਿਖਾਂ ਉਹ ਗਰਾਮ, ਜਿਥੇ ਪ੍ਰਭ ਆਪਣਾ ਆਪ ਉਪਾਇਆ। ਕਲਜੁਗ ਮਿਲਿਆ ਆਪ ਘਰ ਸ਼ਾਮ ਨਿਹਕਲੰਕ ਅਖਵਾਇਆ। ਗੁਰਸਿਖ ਨਾ ਖਾਏ ਕਾਲ, ਅੰਤਕਾਲ ਸੰਗ ਜੋਤ ਮਿਲਾਇਆ। ਪ੍ਰਭ ਕਾ ਰੂਪ ਅਗੰਮ, ਵਿਚ ਸਰਬ ਜੀਵ ਰਹਾਇਆ। ਗੁਰਸਿਖ ਦੇਵੇ ਮਾਣ ਮਹਾਰਾਜ ਸ਼ੇਰ ਸਿੰਘ, ਜਨਮ ਮਰਨ ਦਾ ਗੇੜ ਮੁਕਾਇਆ। ਗਰਭ ਜੂਨ ਗੁਰਸਿਖ ਨਾ ਆਏ। ਪ੍ਰਭ ਜੋਤ ਸਰੂਪ ਸਿੱਖ ਵਿਚ ਜੋਤ ਮਿਲਾਏ। ਬੈਠ ਆਪ ਅਡੋਲ, ਤੀਨ ਲੋਕ ਹਿਲਾਏ। ਗੁਰਸਿਖ ਉਧਰੇ ਪਾਰ, ਜਿਨਾਂ ਪ੍ਰਭ ਦਰਸ ਦਿਖਾਏ। ਕਲ ਨਾ ਹੋਏ ਖ਼ੁਆਰ, ਜਿਨ੍ਹਾਂ ਸੰਗ ਚਰਨ ਮਿਲਾਏ। ਸਤਿਜੁਗ ਹੋਏ ਆਧਾਰ, ਸਤਿ ਪੁਰਖ ਗੁਰਸਿਖ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਮਾਣ ਦਿਵਾਇਆ, ਬਚਨ ਰਸਨਾ ਆਪ ਲਿਖਾਏ । ਈਸ਼ਰ ਰਸਨਾ ਰਸ ਰਸਾਇਣ। ਗੁਰਸਿਖ ਕਲਜੁਗ ਭਗਤ ਨਰਾਇਣ। ਬਿਨ ਸਿੱਖਾਂ ਦੁੱਖੀ ਜੀਵ ਸਰਬ ਹਿੰਦਵੈਣ। ਅੰਤਕਾਲ ਗੁਰ ਦਰਸ਼ਨ ਪਾਏ, ਚਰਨ ਲਾਗ ਜੋ ਸੀਸ ਨਿਵਾਇਣ। ਸੋਹੰ ਸ਼ਬਦ ਸਰਬ ਕਾ ਦਾਤਾ, ਉਤਰੇ ਪਾਰ ਜੋ ਰਸਨ ਗਾਇਣ। ਮਹਾਰਾਜ ਸ਼ੇਰ ਸਿੰਘ ਭਇਓ ਗਿਆਤਾ, ਚਾਰ ਜੁਗ ਭੇਤ ਖੁਲ੍ਹਾਇਣ। ਨਿਹਕਲੰਕ ਸਰਬ ਸੁਖ ਦਾਤਾ, ਗੁਰਮੁਖ ਵਿਰਲੇ ਕੋਈ ਪਾਇਣ।