G01L065 ੨ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਕਲਜੁਗ ਪ੍ਰਗਟੇ ਪਤਤ ਪਾਵਨ, ਈਸ਼ਰ ਜੋਤ ਜਗਤ ਗੁਰ ਚਾਨਣਾ। ਭਗਤ ਜਨਾਂ ਹਰਿ ਦਰ ਬੂਝਿਆ, ਪ੍ਰਭ ਮਿਲਿਆ ਸੁਘੜ ਸੁਜਾਨਣਾ। ਸੋਹੰ ਸ਼ਬਦ ਰਸ ਲੂਝਿਆ, ਤਿਸ ਦੇਵੇ ਬ੍ਰਹਮ ਗਿਆਨਣਾ। ਗੁਰਸਿਖ ਚਰਨ ਪਿਆਰ, ਕਿਰਪਾਨੰਦ

ਦੇਵੇ ਇਹ ਦਾਨਣਾ। ਜਗਾਵੇ ਜੋਤ ਅਪਾਰ, ਸਤਿ ਪੁਰਖ ਸਤਿ ਮਾਨਣਾ। ਬੈਠਾ ਆਪ ਅਡੋਲ, ਜਗਤ ਕਰਾਇਆ ਸਰਬ ਦੀਵਾਨਣਾ। ਪ੍ਰਭ ਤੋਲੇ ਪੂਰਾ ਤੋਲ, ਕਲਜੁਗ ਜੀਵ ਅੰਤ ਕਲ ਖਪਾਨਣਾ। ਮਹਾਰਾਜ ਸ਼ੇਰ ਸਿੰਘ ਬਚਨ ਅਮੋਲ, ਗੁਰਸਿਖਾਂ ਮਨ ਭਾਵਨਾ। ਗੁਰਸਿਖਾਂ ਗੁਰਦਰ ਸੀਸ ਨਿਵਾਇਆ। ਬੇਮੁਖਾਂ ਸਿਰ ਛਾਰ ਕਲ ਧੱਕਾ ਲਾਇਆ। ਗੁਰਸਿਖਾਂ ਦੇ ਉਧਾਰ, ਜੋਤ ਸਰੂਪ ਪ੍ਰਭ ਦਰਸ ਦਿਖਾਇਆ। ਬੇਮੁਖ ਹੋਏ ਖ਼ੁਆਰ, ਹਰਿ ਕਰਤਾ ਨਜ਼ਰ ਨਾ ਆਇਆ । ਗੁਰਸਿਖਾਂ ਹੋਏ ਆਧਾਰ, ਦੀਪਕ ਜੋਤ ਜਗਾਇਆ। ਬੇਮੁਖ ਹੋਏ ਲਾਚਾਰ, ਕਾਲ ਫਾਸ ਕਲ ਸਿਰ ਤੇ ਆਇਆ। ਗੁਰਸਿਖ ਬ੍ਰਹਮ ਵਿਚਾਰ, ਗੁਰ ਪੂਰੇ ਬੂਝ ਬੁਝਾਇਆ। ਬੇਮੁਖ ਜਨਮ ਦਿਨ ਚਾਰ, ਵਿਚ ਚੁਰਾਸੀ ਗੇੜ ਲਗਾਇਆ। ਗੁਰਸਿਖ ਉਤਰੇ ਪਾਰ, ਜੋਤ ਸਰੂਪ ਅੰਤ ਜੋਤ ਮਿਲਾਇਆ। ਬੇਮੁਖ ਲਏ ਨਾ ਕੋਏ ਸਾਰ, ਗੁਰ ਪੂਰੇ ਮੁਖ ਭਵਾਇਆ । ਗੁਰਸਿਖ ਬੈਠੇ ਠਾਂਡੇ ਦਰਬਾਰ, ਜੋਤ ਸਰੂਪ ਥਾਨ ਸਚਖੰਡ ਰਚਾਇਆ। ਨਿਹਕਲੰਕ ਲੈ ਅਵਤਾਰ, ਸੋਹੰ ਬਾਣ ਜਗਤ ਪ੍ਰਭ ਲਾਇਆ। ਮਹਾਰਾਜ ਸ਼ੇਰ ਸਿੰਘ ਜੋਤ ਆਕਾਰ, ਵਿਚ ਮਾਤ ਜੋਤ ਪ੍ਰਗਟਾਇਆ । ਕਲਜੁਗ ਆਇਆ ਅੰਧ ਅੰਧਿਆਰਾ। ਪ੍ਰਗਟਿਓ ਜੋਤ ਸਰੂਪ ਆਪ ਗਿਰਧਾਰਾ । ਗੁਰਸਿਖਾਂ ਦੇ ਗਿਆਨ, ਆਤਮ ਹੋਏ ਚਮਤਕਾਰਾ। ਗੁਰਸਿਖ ਮਨ ਗੁਰਚਰਨ ਧਿਆਨ, ਚਰਨ ਕਵਲ ਸਾਚਾ ਦਰਬਾਰਾ। ਸਚ ਦਰਬਾਰ ਜਿਥੇ ਲੈ ਪ੍ਰਭ ਅਵਤਾਰਾ। ਬੇਮੁਖ ਨਾ ਪਾਇਣ ਸਾਰ, ਕਲਜੁਗ ਪ੍ਰਗਟਿਓ ਆਪ ਨਿਰੰਕਾਰਾ। ਜੋਤ ਸਰੂਪ ਜਗਤ ਹਰਿ ਵਸਿਆ, ਰਹੇ ਪ੍ਰਭ ਸਦਾ ਨਿਰਾਧਾਰਾ। ਗੁਰਸਿਖਾਂ ਕਲ ਹਰਿ ਰੰਗ ਮਾਣਿਆਂ, ਜਿਨ੍ਹਾਂ ਬੁਝਾਏ ਵਖਾਏ ਰੰਗ ਅਪਰ ਅਪਾਰਾ। ਧਰਤ ਹਿਲਾਈ ਸ੍ਰਿਸ਼ਟ ਖਪਾਈ, ਐਸਾ ਕਰੇ ਖੇਲ ਅਪਾਰਾ। ਕਲਜੁਗ ਉਲਟਾਏ ਸਤਿਜੁਗ ਸਾਚਾ ਲਾਏ, ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਲੈ ਅਵਤਾਰ ਜਗਤ ਪ੍ਰਕਾਸ਼ਿਆ । ਕਰ ਦਰਸ ਦੁੱਖ ਦਰਦ ਵਿਨਾਸਿਆ। ਜੋਤ ਜਗਾਈ ਗੁਰਸਿਖਾਂ ਪ੍ਰਭ ਬੂਝ ਬੁਝਾਈ, ਗੁਰ ਪੂਰੇ ਕਉ ਸਦ ਬਲ ਜਾਸਿਆ। ਸ੍ਰਿਸ਼ਟ ਭੁਲਾਈ ਬੇਮੁਖ ਦਰ ਤੇ ਠੌਹਰ ਨਾ ਪਾਈ, ਅੰਤ ਕਾਲ ਗਲ ਜਮ ਕੀ ਫਾਸਿਆ। ਗੁਰਸਿਖ ਪਹਿਨਾਈ ਸੋਹੰ ਸ਼ਬਦ ਰੰਗਣ ਦੇ ਚੜ੍ਹਾਈ, ਅੰਤ ਕਾਲ ਕਰੇ ਬੰਦ ਖੁਲਾਸਿਆ। ਕਲਜੁਗ ਪ੍ਰਗਟੇ ਆਪ ਰਘੁਰਾਈ, ਮਹਾਰਾਜ ਸ਼ੇਰ ਸਿੰਘ ਨਾਮ ਰਖਾਈ, ਗੁਰਸਿਖਾਂ ਗੁਰ ਚਰਨ ਰਹਿਰਾਸਿਆ। ਗੁਰਚਰਨ ਸਚ ਗੁਰ ਕੇ ਧਾਮਾ। ਕਲਜੁਗ ਪ੍ਰਗਟਿਓ ਨਰ ਕਾ ਜਾਮਾ । ਤਰੇਤਾ ਰਾਮ ਅਵਤਾਰ, ਦਵਾਪਰ ਕ੍ਰਿਸ਼ਨ ਸ਼ਾਮਾ। ਕਲਜੁਗ ਕਰਮ ਵਿਚਾਰ, ਨਿਹਕਲੰਕ ਵਜਾਏ ਸ਼ਬਦ ਦਮਾਮਾ। ਹੋਏ ਜਗਤ ਖ਼ੁਆਰ, ਸ਼ਬਦ ਲਿਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਪ੍ਰਭ ਕਾ ਬਚਨ ਪ੍ਰਭ ਕਾ ਰੰਗ। ਗੁਰ ਕਾ ਸ਼ਬਦ ਸਰਬ ਦੁੱਖ ਭੰਗ। ਗੁਰ ਦਰਬਾਰ ਜੋ ਜਨ ਆਏ, ਸੋਹੰ ਸ਼ਬਦ ਨਾਮ ਸਦ ਮੰਗ। ਉਪਜੇ ਗਿਆਨ ਮਿਟੇ ਅੰਧੇਰਾ, ਦੇਵੇ ਦਰਸ ਆਪ ਅਨਰੰਗ। ਹੰਕਾਰ ਨਿਵਾਰੇ ਦੁਸ਼ਟ ਸੰਘਾਰੇ, ਜੋਤ ਸਰੂਪ ਜਗਤ ਪ੍ਰਭ ਜੰਗ। ਸੋਹੰ ਸ਼ਬਦ ਵਿਚਾਰੇ, ਮਹਾਰਾਜ ਸ਼ੇਰ ਸਿੰਘ ਚਰਨ ਨਿਮਸਕਾਰੇ, ਸੋਹੰ ਸ਼ਬਦ ਚਲੇ ਅਨਰਾਗਾ । ਸਿਮਰੇ ਜਨ ਵੱਜੇ ਅਨਹਦ ਵਾਜਾ। ਉਪਜੇ ਮਨ ਧੁਨ ਜਿਉਂ ਨਾਦਾ। ਜਗਾਏ ਜੋਤ ਦੇਵੇ ਦਰਸ ਪ੍ਰਭ ਅਗਾਧਾ। ਗੁਰਸਿਖਾਂ ਗੁਰ ਜਨਮ ਸਵਾਰਿਆ, ਸ਼ਰਨ ਲਾਏ ਦਰਸ ਦਿਖਾਏ ਤਨ ਮਨ ਸਾਧਾ। ਮਹਾਰਾਜ ਸ਼ੇਰ ਸਿੰਘ ਚਲਤ ਕਰਾਏ, ਜੁਗਤ ਜਗਤ ਇਹ ਬਣਾਏ ਕਲੂ ਕਾਲ ਰੂਪ ਜਗਤ ਹੈ ਖਾਧਾ । ਪ੍ਰਭ ਕਾ ਧਾਮ ਸਦਾ ਅਖੰਡ । ਪ੍ਰਭ ਵਸੇ ਖੰਡ ਬ੍ਰਹਿਮੰਡ। ਕਲਜੁਗ ਹੋਇਆ ਅੰਤ ਮਲੰਗ। ਉਤਮ ਰੰਗ ਮਹਾਰਾਜ ਸ਼ੇਰ ਸਿੰਘ ਗੁਰਸਿਖ ਸਰਬ ਦੁੱਖ ਖੰਡ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਦੇਵੇ ਆਪ ਕਰਤਾਰਾ। ਸੋਹੰ ਨਾਮ ਗੁਰ ਕੀ ਵੱਥ, ਗੁਰਮੁਖ ਪਾਏ ਆ ਗੁਰ ਕੇ ਦਵਾਰਾ। ਸੋਹੰ ਨਾਮ ਗੁਰ ਕੀ ਵੱਥ, ਭਗਤ ਜਨਾਂ ਦੇ ਭੰਡਾਰਾ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਕੀਓ ਜਿਸ ਪਾਰ ਕਿਨਾਰਾ। ਸੋਹੰ ਨਾਮ ਗੁਰ ਕੀ ਵੱਥ, ਗੁਰਸਿਖ ਸਿਮਰ ਉਤਰੇ ਪਾਰ ਕਿਨਾਰਾ। ਸੋਹੰ ਨਾਮ ਗੁਰ ਕੀ ਵੱਥ, ਰਸਨਾ ਉਚਰੇ ਕਿਰਪਾ ਕਰੇ ਜਿਸ ਗਿਰਧਾਰਾ। ਸੋਹੰ ਨਾਮ ਗੁਰ ਕੀ ਵੱਥ, ਰਸਨਾ ਸਿਮਰੇ ਦੇਵੇ ਦਰਸ ਆਪ ਨਿਰੰਕਾਰਾ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਪ੍ਰਗਟਿਓ ਆਪ ਕ੍ਰਿਸ਼ਨ ਮੁਰਾਰਾ । ਸੋਹੰ ਨਾਮ ਗੁਰ ਕੀ ਵੱਥ, ਖਾਣੀ ਬਾਣੀ ਗਗਨ ਪਾਤਾਲ ਪ੍ਰਭ ਜੋਤ ਆਕਾਰਾ। ਸੋਹੰ ਨਾਮ ਸ਼ਬਦ ਅਕੱਥ, ਗੁਰਸਿਖ ਪਾਵੇ ਨਾਮ ਉਜਿਆਰਾ। ਸੋਹੰ ਸ਼ਬਦ ਸੋਹੰ ਨਾਮ ਸਤਿਜੁਗ ਰਥ, ਰਸਨਾ ਸਿਮਰੇ ਸ੍ਰਿਸ਼ਟ ਉਤਰੇ ਪਾਰਾ । ਮਹਾਰਾਜ ਸ਼ੇਰ ਸਿੰਘ ਸਦਾ ਸਿਰ ਰੱਖੇ ਹੱਥ, ਜੋ ਜਨ ਆਏ ਚਰਨ ਨਿਮਸਕਾਰਾ । ਸੋਹੰ ਸ਼ਬਦ ਸਤਿਜੁਗ ਚਲਾਇਆ। ਸੋਹੰ ਸ਼ਬਦ ਕਲ ਭੱਖ ਕਰਾਇਆ। ਸੋਹੰ ਸ਼ਬਦ ਗੁਰ ਦਰ ਗੁਰਸਿਖ ਧਿਆਇਆ। ਸੋਹੰ ਸ਼ਬਦ ਨਾਮ ਪਦਾਰਥ ਪ੍ਰਭ ਝੋਲੀ ਪਾਇਆ। ਸੋਹੰ ਸ਼ਬਦ ਰਸਨਾ ਜਪ, ਜੋਤ ਸਰੂਪ ਪ੍ਰਭ ਮੇਲ ਮਿਲਾਇਆ। ਸੋਹੰ ਸ਼ਬਦ ਉਤਮ ਰਸ, ਬ੍ਰਹਮ ਸਰੂਪ ਜਿਸ ਦਰਸਾਇਆ। ਸੋਹੰ ਸ਼ਬਦ ਕਰੇ ਸਭ ਭਸ, ਕਾਮ ਕਰੋਧ ਵਿਚ ਦੇਹ ਜਲਾਇਆ। ਸੋਹੰ ਸ਼ਬਦ ਕਰੇ ਪ੍ਰਭ ਵਸ, ਜੋ ਸਿਮਰੇ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਭਗਤਨ ਵਸ, ਸਾਧ ਸੰਗਤ ਵਿਚ ਦਰਸ ਦਿਖਾਇਆ। ਦਰਸ ਦਿਖਾਵੇ ਆਪ ਅਪਰੰਪਰ ਪੂਰਾ। ਜੋਤ ਜਗਾਵੇ ਕਰੇ ਗਿਆਨ ਭਸਮੰਤਰਾ। ਏਕ ਜੋਤ ਪ੍ਰਭ ਜੋਤ ਸਰੂਪਾ, ਜਗੇ ਜੋਤ ਵਿਚ ਦੇਹ ਨਿਰੰਤਰਾ। ਅਗਿਆਨ ਅੰਧੇਰ ਗਵਾਏ, ਦੀਪਕ ਜੋਤ ਵਿਚ ਦੇਹ ਜਗਾਏ, ਸੋਹੰ ਸ਼ਬਦ ਦੇਵੇ ਗੁਰਮੰਤਰਾ। ਪ੍ਰਭ ਦਰਸ ਦਿਖਾਵੇ, ਦਵਾਪਰ ਵਿਛੜੇ ਕਲ ਲਏ ਮਿਲਾਏ, ਕਿਰਪਾ ਕਰੇ ਪ੍ਰਭ ਨਿਰੰਤਰਾ। ਬੇਮੁਖ ਖਪਾਏ ਗੁਰਸਿਖ ਤਰਾਏ, ਸੋਹੰ ਦੇਵੇ ਗਿਆਨ ਨਿਰੰਤਰਾ। ਨਿਹਕਲੰਕ ਅਖਵਾਵੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ, ਛੱਡ ਦੇਹ ਜੋਤ ਸਰੂਪ ਰਹੰਤਰਾ। ਜੋਤ ਸਰੂਪ ਪ੍ਰਭ ਸਰਬ ਪਰਕਾਸ਼ੇ। ਜੋਤ ਸਰੂਪ ਪ੍ਰਭ ਤੀਨ ਲੋਕ ਪ੍ਰਕਾਸ਼ੇ। ਜੋਤ ਸਰੂਪ ਪ੍ਰਗਟਿਓ ਕਲ, ਕਰ ਦਰਸ ਦੁੱਖ ਦਰਦ ਵਿਨਾਸੇ। ਜੋਤ ਸਰੂਪ ਪ੍ਰਭ ਧਰਨੀ ਧਰ, ਗੁਰਸਿਖ ਗਾਓ ਸਦ ਰਸਨ ਸਵਾਸੇ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪਾ, ਭਗਤ ਜਨਾਂ ਕਰੇ ਬੰਦ ਖੁਲਾਸੇ। ਸ਼ਬਦ ਰੂਪ ਗੁਰ ਸ਼ਬਦ ਚਲਾਇਆ । ਸ਼ਬਦ ਰੂਪ ਗੁਰ ਸ਼ਬਦ ਬਾਣ ਅਗਨ ਚਲਾਇਆ । ਸ਼ਬਦ ਰੂਪ ਸਰਬ ਸ੍ਰਿਸ਼ਟ ਪ੍ਰਭ ਦੇ ਖਪਾਇਆ। ਸ਼ਬਦ ਰੂਪ ਸ਼ਬਦ ਗੁਰ ਉਚਰੇ, ਸ਼ਬਦ ਸ਼ਬਦ ਗੁਰ ਮੇਲ ਕਰਾਇਆ। ਸ਼ਬਦ ਰੂਪ ਪ੍ਰਭ ਦੇਹ ਪ੍ਰਕਾਸ਼ੇ, ਬੇਮੁਖਾਂ ਨਜ਼ਰ ਨਾ ਆਇਆ । ਸ਼ਬਦ ਰੂਪ ਪ੍ਰਭ ਕਰੇ ਵਿਨਾਸੇ, ਖੰਡ ਸਚ ਬੈਠ ਜੋਤ ਜਗਾਇਆ। ਸ਼ਬਦ ਰੂਪ ਪ੍ਰਭ ਦੇਹ ਤਜਾਈ, ਛੱਡ ਦੇਹ ਨਿਹਕਲੰਕ ਅਖਵਾਇਆ। ਨਿਹਕਲੰਕ ਨਿਰੰਜਣ ਨਰਾਇਣ, ਪਾਰਬ੍ਰਹਮ ਪਰਮੇਸ਼ਰ ਕਿਸੇ ਭੇਵ ਨਾ ਪਾਇਆ। ਮੁਕੰਦ ਮਨੋਹਰ ਲਖ਼ਮੀ ਨਰਾਇਣ, ਪ੍ਰਭ ਜੋਤ ਪ੍ਰਗਟਾਇਆ। ਅਬਿਨਾਸ਼ੀ ਅਵਿਗਤ ਅਗੋਚਰ, ਜੋਤ ਸਰੂਪ ਵਿਚ ਦੇਹ ਸਿੱਖ ਸਮਾਇਆ। ਅਛੱਲ ਅਡੋਲ ਅਤੋਲ ਪ੍ਰਭ ਪੂਰਨ, ਬਾਹੋਂ ਪਕੜ ਪ੍ਰਭ ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਦਰਸ ਅਨਮੋਲ, ਜੋਤ ਪ੍ਰਗਟਾਏ ਬੇਮੁਖਾਂ ਨਜ਼ਰ ਨਾ ਆਏ, ਗੁਰਸਿਖਾਂ ਦਰਸ ਦਿਖਾਇਆ। ਗੁਰਸਿਖ ਤਰਾਏ, ਬੇਮੁਖ ਜਲਾਏ, ਮਦਿ ਮਾਸੀ ਨਰਕ ਨਿਵਾਸ ਦਿਵਾਇੰਦਾ। ਕਲਜੁਗ ਅਗਨ ਜਲਾਏ ਦੁੱਖੀ ਜੀਵ ਬਿਲਲਾਏ, ਗੁਰਸਿਖਾਂ ਮੁਖ ਅੰਮ੍ਰਿਤ ਬੂੰਦ ਚਵਾਇੰਦਾ। ਆਤਮ ਸ਼ਾਂਤ ਕਰਾਏ, ਨਿਜਾਨੰਦ ਪ੍ਰਭ ਦਰਸਾਏ, ਦੇ ਦਰਸ ਪੜਦੇ ਲਾਹਿੰਦਾ। ਪੜਦਾ ਲਾਹਿਆ ਭਰਮ ਭਉ ਚੁਕਾਇਆ, ਆਤਮ ਹੋ ਪ੍ਰਕਾਸ਼ ਦੀਪਕ ਜੋਤ ਜਗਾਇੰਦਾ। ਭਗਤ ਰਾਏ ਹੋਏ ਸਹਾਏ, ਸਵੱਛ ਸਰੂਪ ਪ੍ਰਭ ਨਜ਼ਰੀ ਆਇੰਦਾ। ਗੁਰਸਿਖ ਵਡਿਆਏ ਚਰਨ ਲਗਾਏ, ਪ੍ਰਭ ਭਵਜਲ ਪਾਰ ਕਰਾਇੰਦਾ । ਅੰਤ ਕਾਲ ਪ੍ਰਭ ਜੋਤ ਮਿਲਾਏ, ਗੁਰਸਿਖਾਂ ਦਰਸ ਦਿਖਾਇੰਦਾ । ਜਮ ਨੇੜ ਨਾ ਆਏ, ਸਤਿਗੁਰ ਪੂਰਾ ਹੋਏ ਸਹਾਏ, ਐਸੀ ਬਣਤ ਪ੍ਰਭ ਆਪ ਬਣਾਇੰਦਾ। ਵਿਚ ਬਬਾਣ ਬਿਠਾਏ, ਖੰਡ ਸਚ ਗੁਰ ਧਾਮ ਪੁਚਾਏ, ਜੋਤ ਸਰੂਪ ਜਿਥੇ ਪ੍ਰਭ ਡਗਮਗਾਇੰਦਾ। ਚੁਰਾਸੀ ਗੇੜ ਚੁਕਾਏ, ਅਟਲ ਪਦਵੀ ਗੁਰਸਿਖ ਗੁਰਦਰ ਤੇ ਪਾਏ, ਜੋਤ ਸਰੂਪ ਵਿਚ ਜੋਤ ਮਿਲਾਇੰਦਾ । ਨਿਹਕਲੰਕ ਅਖਵਾਏ, ਛੱਡ ਦੇਹ ਜੋਤ ਸਰੂਪ ਹੋ ਜਾਏ, ਗੁਰਸਿਖਾਂ ਬੂਝ ਬੁਝਾਇੰਦਾ। ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ, ਅੰਤ ਕਲੂ ਆਪ ਕਰਾਏ, ਸਤਿਜੁਗ ਸਚ ਲਾਇੰਦਾ। ਸਤਿਜੁਗ ਵਰਤੇ ਸਚ ਪਸਾਰਾ। ਈਸ਼ਰ ਜੋਤ ਹੋਏ ਜਗਤ ਆਕਾਰਾ। ਜੀਵ ਜੰਤ ਸਭ ਜੋਤ ਆਧਾਰਾ। ਪ੍ਰਭ ਕੀ ਜੋਤ ਸਰਬ ਪਸਰ ਪਸਾਰਾ। ਸਤਿਜੁਗ ਉਪਜੇ ਆਪ ਨਿਰੰਕਾਰਾ । ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਗੁਰਚਰਨ ਦਵਾਰਾ। ਦੁਖੀ ਦਰ ਬਿਲਲਾਏ ਦਏ ਦੁਹਾਈਆ। ਜਨਮ ਬਿਰਥਾ ਜਾਏ, ਦਰ ਦਰ ਠੋਕਰਾਂ ਖਾਈਆ। ਦੁਖੀਆਂ ਦੁੱਖ ਨਿਵਾਰ ਦੇ, ਤੇਰੇ ਹੱਥ ਵਡਿਆਈਆ। ਕਰੀ ਦਰ ਪੁਕਾਰ ਬਿੰਗ ਕਸਾਈਆ। ਢੱਠੇ ਹਰਿ ਦਵਾਰ, ਗੁਣ ਅਵਗੁਣ ਨਾ ਵਿਚਾਰ, ਢਠੇ ਦਰ ਘਰ ਘਰ ਦਰ ਮਿਲਣ ਵਧਾਈਆ। ਕਲ ਕਲੇਸ਼ ਕਰਮ ਵਿਚਾਰ, ਨਾਮ ਦਾਨ ਪਲੇ ਪਾਈਆ। ਦੁਖੀ ਹੋ ਜਗਤ ਬਿਲਲਾਏ, ਬਿਨ ਪੁੱਤਰਾਂ ਮਾਵਾਂ ਸਦਾ ਸਵਾਈਆ। ਦੇ ਦਿਲਾਸਾ ਤੇਰੇ ਚਰਨ ਭਰਵਾਸਾ, ਦੇ ਦਾਤ ਦਾਤ ਗੁਰ ਡਾਹਢੇ ਸਭ ਭੁੱਖਿਆਂ ਭੁੱਖ ਗਵਾਈਆ। ਦਰਸ ਤੇਰਾ ਸਦਾ ਮਨ ਉਪਜੇ, ਰੱਖਣਹਾਰੇ ਲਾਜ ਰੱਖ ਵਖਾਈਆ । ਮਹਾਰਾਜ ਸ਼ੇਰ ਸਿੰਘ ਢਹਿ ਪਇਓ ਦਵਾਰੇ, ਚਰਨ ਲਾਗ ਸਾਧ ਸੰਗਤ ਰਲ ਜਾਈਆ। ਸਾਧ ਸੰਗਤ ਪ੍ਰਭ ਵਸਣੇਹਾਰਾ। ਸਾਧ ਸੰਗਤ ਵਿਚ ਲੈ ਅਵਤਾਰਾ। ਸਾਧ ਸੰਗਤ ਬਿਨ ਸ੍ਰਿਸ਼ਟ ਝੱਖ ਮਾਰਾ। ਸਾਧ ਸੰਗਤ ਬੂਝੇ ਹਰਿ ਕਾ ਦਵਾਰਾ। ਸਾਧ ਸੰਗਤ ਰੰਗ ਮਾਣੇ ਜੁਗ ਹੈ ਚਾਰਾ। ਸੋਹੰ ਦੇ ਗਿਆਨ, ਗੁਰਸਿਖਾਂ ਗੁਰ ਪਾਰ ਉਤਾਰਾ। ਕਲਜੁਗ ਲੈ ਅਵਤਾਰ, ਮਹਾਰਾਜ ਸਿੰਘ ਜੋਤ ਆਧਾਰਾ। ਜੋਤ ਆਧਾਰ ਨਿਰੰਜਣ ਦੇਉ। ਸ੍ਰਿਸ਼ਟ ਭੁਲਾਈ ਪ੍ਰਭ ਪੂਰਨ ਦਿਉ। ਸ੍ਰਿਸ਼ਟ ਭੁਲਾਈ ਗੁਰਸਿਖ ਜਣਾਈ, ਸੋਹੰ ਸ਼ਬਦ ਮਹਾਂ ਰਸ ਪੀਓ। ਪ੍ਰਭ ਹੱਥ ਵਡਿਆਈ, ਮਹਾਰਾਜ ਸ਼ੇਰ ਸਿੰਘ ਪੈਜ ਰਖਾਈ, ਕਰ ਦਰਸ ਹੋਏ ਨਿਰਮਲ ਜੀਓ। ਦਰਸ ਦਾਸ ਜਨ ਗੁਰ ਕਾ ਕਰਿਆ । ਰਸਨਾ ਉਚਰੇ ਨਾਉਂ ਆਤਮ ਠਾਂਡਾ ਕਰਿਆ। ਗੁਰਸਿਖ ਪਾਇਨ ਥਾਂਓ, ਦੀਪਕ ਜੋਤ ਜਿਥੇ ਪ੍ਰਭ ਧਰਿਆ। ਭਗਤ ਵਛਲ ਵਸੇ ਸਭ ਠਾਂਓ, ਦੇਵੇ ਦਰਸ ਸਭ ਆਸਾ ਵਰਿਆ। ਮਹਾਰਾਜ ਸ਼ੇਰ ਸਿੰਘ ਸਦਾ ਗੁਣ ਗਾਓ, ਮਾਣਸ ਜਨਮ ਜਿਸ ਕਰਿਆ। ਮਨਸਾ ਮਨ ਜੋ ਧਾਰੇ, ਗੁਰ ਕਾ ਸ਼ਬਦ ਨਾ ਮਨ ਵਿਚਾਰੇ, ਕਲਜੁਗ ਡੁੱਬੇ ਵਿਚ ਮੰਝਧਾਰੇ। ਮਾਣ ਗਵਾਇਆ ਜਗਤ ਦੁੱਖ ਪਾਇਆ, ਮਾਣਸ ਜਨਮ ਜਗਤ ਗਏ ਹਾਰੇ। ਅੰਤਕਾਲ ਕਾਲ ਖਪਾਇਆ, ਲੱਖ ਚੁਰਾਸੀ ਵਿਚ ਚੱਕਰ ਲਾਇਆ, ਆਤਮ ਸਦਾ ਅਡੋਲ ਦੇਹ ਨਿਮਾਣਿਆਂ। ਦੁੱਖੜੇ ਦੇ ਕਲੋਲ, ਪੀੜੇ ਤਿਲ ਜਿਉਂ ਘਾਣਿਆਂ। ਦੇਹ ਦੁੱਖ ਨਾ ਸਕੇ ਤੋਲ, ਬਹੱਤਰ ਨਾੜਾਂ ਵਿਚ ਸਮਾਣਿਆਂ। ਜਪ ਤਪ ਖਟ ਰੋਗ ਪ੍ਰਭ ਮਾਰੇ, ਮਥੇ ਜਿਉਂ ਮਥਨ ਮਧਾਣਿਆਂ । ਕਚ ਪ੍ਰਭ ਤੋੜੇ ਝੱਟ ਭੁੱਲਾ ਜੀਵ ਜਿਉਂ ਬਾਲ ਅੰਞਾਣਿਆਂ। ਗੁਰ ਪੂਰੇ ਬਿਨ ਕੋਈ ਰੱਖ ਨਾ ਸਕੇ, ਦੂਖ ਨਿਵਾਰ ਨਾ ਕੋਈ ਅਖਵਾਣਿਆਂ। ਮਹਾਰਾਜ ਸ਼ੇਰ ਸਿੰਘ ਆਪ ਸਮਰਥ, ਅੰਮ੍ਰਿਤ ਬਰਖਾ ਲਾਏ ਦੁੱਖ ਮਿਟਾਣਿਆਂ। ਝੂਠੀ ਦੇਹ ਵਿਚ ਪ੍ਰੀਤਮ ਸਾਚਾ। ਝੂਠੀ ਕਾਇਆ ਜਿਉਂ ਕੁੰਭ ਕਾਚਾ । ਹਉਮੇ ਰੋਗ ਵਿਚ ਦੇਹ ਆਂਚਾ। ਪ੍ਰਭ ਕੀ ਜੋਤ ਰਚੇ ਵਿਚ ਦੇਹ ਮਹਾਰਾਜ ਸ਼ੇਰ ਸਿੰਘ ਜਲਾਵੇ ਜੀਵ ਕੀ ਆਂਚਾ।