ਗੁਰ ਦਰ ਧੁਨ ਗੁਰ ਧੁਨਕਾਰਾ। ਦੁਖੀ ਜਗਤ ਰੋਵੇ ਕਰ ਹਾਹਾਕਾਰਾ। ਸਤਿਗੁਰ ਸੱਚਾ ਗੁਰ ਦਰਸ਼ਨ, ਦਰਸ਼ਨ ਸਿੱਖ ਗੁਰ ਦਰਬਾਰਾ। ਕਲਜੁਗ ਲਵੇ ਰੱਖ, ਪ੍ਰਗਟ ਸਿਰਜਣਹਾਰਾ। ਸ੍ਰਿਸ਼ਟ ਹੋਈ ਸਭ ਸੱਥ, ਪ੍ਰਭ ਕੀ ਜੋਤ ਕੀਆ ਕਿਨਾਰਾ। ਗੁਰਸਿਖਾਂ ਗੁਰ ਦੇਵੇ ਵੱਥ, ਸੋਹੰ ਸ਼ਬਦ ਕਲਜੁਗ ਨਿਆਰਾ। ਗੁਰ ਸ਼ਬਦ ਚਲਾਇਆ ਸਚ ਰਥ, ਚੜ੍ਹੇ ਕੋਈ ਗੁਰਸਿਖ ਪਿਆਰਾ। ਮਹਾਰਾਜ ਸ਼ੇਰ ਸਿੰਘ ਜਗਤ ਸਿਰ ਹੱਠ, ਪਾਪੀ ਡੁੱਬੇ ਵਿਚ ਮੰਝਧਾਰਾ। ਨਿਹਕਲੰਕ ਬੇਮੁੱਖਾਂ ਪਾਈ ਨੱਥ, ਜੋਤ ਸਰੂਪ ਹੋਏ ਦੇਹ ਸਵਾਰਾ। ਅਗਨ
ਜਲਾਏ, ਧਰਮ ਰਾਏ ਦਏ ਸਜ਼ਾਏ, ਮਹਾਰਾਜ ਸ਼ੇਰ ਸਿੰਘ ਨਾ ਮਿਲੇ ਦੀਦਾਰਾ। ਦੀਦਾਰ ਦਾਤਾਰ ਦਰ ਦਰ ਗੁਰਸਿਖ ਮੰਗਣਾ। ਜਗਤ ਸਾਗਰ ਅਤਿ ਦੁਖਿਆਰ। ਗੁਰਸਿਖ ਵਿਰਲੇ ਕਿਸੇ ਪਾਰ ਲੰਘਣਾ। ਬੇਮੁਖ ਦਰ ਦਰ ਹੋਏ ਖੁਆਰ, ਮਦਿ ਮਾਸੀ ਪਕੜ ਧਰਮ ਰਾਏ ਡੰਨਣਾ। ਗੁਰਸਿਖ ਜਗਤ ਉਜਿਆਰ, ਸੋਹੇ ਵਿਚ ਪ੍ਰਭਾਸ ਜਿਉਂ ਚੰਦਣਾ। ਕਲਜੁਗ ਪ੍ਰਗਟਿਓ ਨਰ ਅਵਤਾਰ, ਵਿਸ਼ਨੂੰ ਭਗਵਾਨ ਸਤਿ ਸਤਿ ਸਤਿ ਕਰ ਮੰਨਣਾ । ਗੁਰ ਸਾਚਾ ਹੈ ਠਠਿਆਰ, ਕਾਚਾ ਕੁੰਭ ਹੁਣ ਭੰਨਣਾ। ਸੋਹੰ ਸ਼ਬਦ ਦੇ ਆਧਾਰ, ਗੁਰਸਿਖ ਮਨ ਸ਼ਬਦ ਸੰਗ ਬੰਨ੍ਹਣਾ। ਲਿਆ ਜਗਤ ਭਤਾਰ, ਸੀਸ ਝੁਕਾਏ ਦਾਨ ਗੁਰ ਦਰ ਤੇ ਮੰਗਣਾ। ਕਾਰਜ ਦਏ ਸਵਾਰ, ਦੋਏ ਜੋੜ ਜੋ ਕਰੇ ਬੰਦਨਾ। ਲੱਖ ਪਾਪੀ ਉਤਰੇ ਪਾਰ, ਆਏ ਦਰਬਾਰ ਸੰਗ ਸਾਧ ਸੰਗਤ ਜਿਨ ਮੰਗਣਾ । ਉਤਮ ਕਰ ਵਿਚਾਰ, ਦੀਪਕ ਜੋਤ ਜਗਾਏ ਜਗਤ ਜਗੰਨਣਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਭਾਂਡਾ ਭਉ ਝੂਠੀ ਦੇਹ ਦਾ ਭੰਨਣਾ। ਪ੍ਰਭ ਰੰਗ ਮਾਣੋ, ਸਦ ਬਖ਼ਸ਼ਿੰਦ ਪਹਿਚਾਣੋ। ਰਸਨਾ ਰਸ ਰਸ ਰਸ ਨਾਮ ਰਸ ਹਰਿ ਕਾ ਮਾਣੋ। ਆਤਮ ਹੋਏ ਗਿਆਨ, ਈਸ਼ਰ ਜੋਤ ਸਰੂਪ ਆਤਮ ਬ੍ਰਹਮ ਪਛਾਣੋ। ਅੰਤਕਾਲ ਨਾ ਖਾਏ ਕਾਲ, ਜਾਓ ਵਿਚ ਬੈਕੁੰਠ ਬਬਾਣੋ। ਭਗਤ ਜਨ ਨਾ ਹੋਏ ਖ਼ੁਆਰ, ਆਤਮ ਧਿਆਨ ਗੁਰਚਰਨ ਸਿਆਨੋ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਮਿਲਿਆ ਪਦ ਨਿਰਬਾਨੋ। ਨਿਜਾਨੰਦ ਪ੍ਰਭ ਨਿਜ ਘਰ ਵਾਸਾ। ਕਲਜੁਗ ਵੇਖੇ ਜਗਤ ਤਮਾਸ਼ਾ। ਕਲੂ ਵਿਚ ਆਏ ਜੀਵ ਭੁਲਾਏ, ਬੈਠ ਅਡੋਲ ਸਦਾ ਗੁੁਰ ਵਾਸਾ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਸੋਹੰ ਨਾਉਂ ਜਗਤ ਭਰਵਾਸਾ। ਗੁਰ ਪ੍ਰਗਟੇ ਕਲ ਦੁੱਖ ਭੰਜਨਾ। ਦੇਵੇ ਬ੍ਰਹਮ ਗਿਆਨ, ਸ਼ਬਦ ਸੋਹੰ ਅੰਜਨਾ। ਗੁਰ ਬੈਠਾ ਵਿਚ ਦਰਬਾਰ, ਅਟੱਲ ਜੋਤ ਪ੍ਰਭ ਨਿਰੰਜਣਾ। ਨਿਹਕਲੰਕ ਸਰਬ ਸੁਖ ਸਾਰ, ਮਹਾਰਾਜ ਸ਼ੇਰ ਸਿੰਘ ਵਸੇ ਵਰਭੰਡਨਾ। ਸਤਿਜੁਗ ਉਪਜੇ ਸਤਿ ਪੁਰਖਾ, ਸਤਿ ਸਤਿ ਸਤਿ ਪ੍ਰਭ ਸਤਿ ਵਰਤਾਇੰਦਾ। ਸਤਿਜੁਗ ਆਏ ਗੁਰਸਿਖ ਦਰ ਤੇ, ਗੁਰ ਦੇ ਮਾਣ ਜੁਗ ਭਗਤ ਬਣਾਇੰਦਾ। ਦੇ ਦਰਸ ਕਿਰਪਾ ਧਾਰ, ਗੁਰਸਿਖਾਂ ਕਾਗੋਂ ਹੰਸ ਬਣਾਇੰਦਾ। ਨਿਗਮ ਕਰ ਵਿਚਾਰ, ਸਤਿਜੁਗ ਜਾਮਾ ਸਤਿ ਪੁਰਖ ਪ੍ਰਗਟਾਇੰਦਾ। ਕੋਇ ਰਹੇ ਨਾ ਜੀਵ ਵਿਭਚਾਰ, ਰਹੇ ਸੋ ਜੋ ਰਸਨਾ ਸੋਹੰ ਸੋਹੰ ਸੋਹੰ ਸ਼ਬਦ ਗਾਇੰਦਾ। ਕਲਜੁਗ ਲਏ ਅਵਤਾਰ, ਜੋਤ ਸਰੂਪ ਪ੍ਰਭ ਸਭ ਮਾਣ ਗਵਾਇੰਦਾ। ਵੇਦ ਚਾਰ ਖਪਾਏ, ਚੌਥਾ ਜੁਗ ਉਲਟਾਏ, ਸਤਿਜੁਗ ਸਾਚਾ ਫੇਰ ਲਗਾਇੰਦਾ । ਬ੍ਰਹਮਾ ਜੋਤ ਰਲਾਏ, ਸ੍ਰਿਸ਼ਟ ਹੱਥ ਸਿੰਘ ਪਾਲ ਫੜਾਏ, ਅਚਲ ਪ੍ਰਭ ਚਲਤ ਕਰਾਇੰਦਾ। ਧ੍ਰੂ ਅੰਤ ਕਰਾਏ, ਦਰਬਾਨ ਸਵਰਨ ਕਰਾਏ, ਅਮਰਾਪਦ ਗੁਰਸਿਖ ਪਾਇੰਦਾ। ਥਿਰ ਘਰ ਸਮਾਏ, ਪ੍ਰਭ ਦਰਸ਼ਨ ਪਾਏ, ਕੁਖ ਮਾਤ ਸੁਫਲ ਕਰਾਇੰਦਾ । ਪ੍ਰਭ ਮਾਣ ਦਿਵਾਏ, ਦਰਬਾਨ ਬਣਾਏ, ਦੇ ਦਰਸ ਰੰਗਣ ਨਾਮ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਬਾਹੋਂ ਪਕੜ ਸਿੱਖ ਪਾਰ ਲੰਘਾਇੰਦਾ। ਬੇਮੁਖ ਕਲ ਹੋਏ ਖ਼ੁਆਰ ਦਰ ਮੰਗਣ ਭਿਖ ਨਾ ਪਾਇੰਦਾ। ਗੁਰਸਿਖ ਉਧਰਨ ਪਾਰ, ਪ੍ਰਗਟ ਜੋਤ ਪ੍ਰਭ ਦਰਸ ਦਿਖਾਇੰਦਾ। ਈਸ਼ਰ ਸਦਾ ਬਿਦੋਸ਼, ਦੋਸ਼ ਜੀਵ ਲਗਾਇੰਦਾ। ਰਸਨਾ ਦੇਵੇ ਗਿਆਨ, ਪਾਪੀ ਮੁਗਧ ਅੰਞਾਣ, ਫਿਰ ਕੋਇ ਨਾ ਪ੍ਰਭ ਪ੍ਰਗਟਿਓ ਨਿਰਬਾਣ, ਗੁਰਸਿਖਾਂ ਭੇਤ ਚੁਕਾਇੰਦਾ । ਪ੍ਰਭ ਜੋਤ ਸਰੂਪ ਨਿਤਾਣਿਆਂ ਤਾਣ, ਦਰ ਆਏ ਪਾਰ ਕਰਾਇੰਦਾ। ਹੋਏ ਨਾ ਜਗਤ ਖ਼ੁਆਰ, ਹੋਏ ਅਧੀਨ ਚਰਨ ਸੀਸ ਨਿਵਾਇੰਦਾ । ਪ੍ਰਭ ਬੈਠਾ ਨਿਰਾਧਾਰ, ਨਿਰਵੈਰ ਆਪ ਅਖਵਾਇੰਦਾ । ਰੰਗ ਅਨੂਪ ਸਵੱਛ ਸਰੂਪ, ਜਗਤ ਬਣਤ ਪ੍ਰਭ ਆਪ ਬਣਾਇੰਦਾ। ਕਲੂ ਕਾਲ ਅੰਤ ਕਹਿਰ ਵਰਤੇ, ਗੁਰ ਸ਼ਬਦ ਸਰੂਪ ਸਚ ਸੁਣਾਇੰਦਾ। ਗੁਰਸਿਖ ਜਮ ਡੰਡ ਨਾ ਭਰਤਾ, ਅੰਤ ਕਾਲ ਪ੍ਰਭ ਦਰਸ ਦਿਖਾਇੰਦਾ। ਵਕਤ ਹੈ ਆਇਆ, ਗੁਰਸਿਖ ਗੁਰ ਪਕੜ ਉਠਾਇਆ, ਸਤਿਜੁਗ ਸਾਚਾ ਰਾਹ ਬਤਾਇੰਦਾ। ਪ੍ਰਭ ਦਰ ਦਿਖਾਇਆ, ਜੋਤ ਸਰੂਪ ਵਿਚ ਦੇਹ ਸਿੱਖ ਸਮਾਇਆ, ਭੁਲੇਖੇ ਜਗਤ ਭੁਲਾਇੰਦਾ। ਜੋ ਜਨ ਚਰਨ ਛੋਹ ਜਾਏੇ ਮਾਨਸ ਜਨਮ ਮੁਕਤ ਕਰਾਏ, ਗੁਰ ਪੂਰਾ ਬੰਧਨ ਤੋੜ ਤੁੜਾਇੰਦਾ । ਗੁਰਸਿਖ ਸਮਾਏ ਪੂਰਨ ਦੇਹ ਵਿਚ ਪ੍ਰਮੇਸ਼ਰ ਜੋਤ ਆਏ, ਜੋਤ ਸਰੂਪ ਪ੍ਰਭ ਜਗਤ ਜਲਾਇੰਦਾ। ਪ੍ਰਭ ਜੋਤ ਪ੍ਰਗਟਾਏ, ਆਪਣਾ ਖੇਲ ਰਚਾਏ, ਚਾਰ ਕੁੰਟ ਹਾਹਾਕਾਰ ਕਰਾਇੰਦਾ। ਜਗਤ ਆਕਾਰ ਜੋਤ ਪ੍ਰਭ ਕਰਿਆ, ਖਿੱਚ ਜੋਤ ਤਨ ਖੇਹ ਕਰਾਇੰਦਾ। ਭਾਂਡਾ ਦੇਹ ਆਪ ਪ੍ਰਭ ਘੜਿਆ, ਬੇਮੁਖਾਂ ਭੰਨ ਵਖਾਇੰਦਾ। ਜਗਨ ਨਾਥ ਦਰਸ ਜਿਨ ਕਰਿਆ, ਮਹਾਰਾਜ ਸ਼ੇਰ ਸਿੰਘ ਚਰਨ ਲਗਾਇੰਦਾ। ਗੁਰ ਕੀ ਸੇਵਾ ਚਰਨ ਹਜ਼ੂਰਾ। ਗੁਰ ਕੀ ਸੇਵਾ ਮਨ ਉਤਰੇ ਸਗਲ ਵਸੂਰਾ। ਗੁਰ ਕੀ ਸੇਵਾ ਕਰੇ ਕੋਈ ਸਿੱਖ ਪੂਰਾ। ਗੁਰ ਕੀ ਸੇਵਾ ਕਰ ਹੈ ਸਤਿਗੁਰ ਪੂਰਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਚਰਨੋਂ ਕੀਤਾ ਜਗਤ ਹੈ ਦੂਰਾ। ਹਰਿ ਹਰਿ ਹਰਿ ਕਾ ਰੰਗ ਸਦਾ ਅਬਿਨਾਸ਼ੀ । ਸ੍ਰੀ ਰੰਗ ਬੈਕੁੰਠ ਕਾ ਵਾਸੀ। ਮਛ ਕਛ ਕੂਰਮ ਆਗਿਆ ਅਉਤਰਾਸੀ। ਤੀਨ ਲੋਕ ਪ੍ਰਭ ਚਰਨ ਕੇ ਦਾਸੀ। ਕੇਸਵ ਚਲਤ ਕਰੇ ਨਿਰਾਲੇ, ਕੋਇ ਨਾ ਜਾਣੇ ਕਲਜੁਗ ਜੋਤ ਪ੍ਰਕਾਸ਼ੀ। ਜਗਤ ਜਲੇ ਜਿਉਂ ਅਗਨ ਜਵਾਲਾ। ਬੁਝੇ ਅਗਨ ਜੋ ਜਨ ਰਸਨ ਸੋਹੰ ਨਾਮ ਪਿਆਸੀ। ਮਹਾਰਾਜ ਸ਼ੇਰ ਸਿੰਘ ਬਾਣ ਚਲਾਇਆ, ਸ਼ਬਦ ਰੂਪ ਜਗਤ ਸਭ ਘਾਸੀ। ਸ਼ਬਦ ਬਾਣ ਬ੍ਰਹਮਾ ਮਾਰਿਆ। ਸ਼ਬਦ ਬਾਣ ਸੰਗ ਪਾਰ ਉਤਾਰਿਆ। ਸ਼ਬਦ ਬਾਣ ਕਲ ਸ੍ਰਿਸ਼ਟ ਸੰਘਾਰਿਆ । ਸ਼ਬਦ ਬਾਣ ਬੇਮੁਖਾਂ ਮਿਲੇ ਕਲ ਅੰਧਿਆਰਿਆ। ਸ਼ਬਦ ਬਾਣ ਵੱਜੇ ਮਨ ਗੁਰਸਿੱਖਾਂ, ਸੋਹੰ ਨਿਕਲੇ ਰਸਨ ਧੁਨਕਾਰਿਆ। ਸ਼ਬਦ ਬਾਣ ਗੁਰਸਿਖ ਮਨ ਲੱਗੇ, ਜਗਤ ਵਿਕਾਰ ਛੱਡ ਆਪ ਸਵਾਰਿਆ। ਸ਼ਬਦ ਬਾਣ ਦੇਹ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਰੱਖੇ ਪੈਜ ਮੁਰਾਰਿਆ। ਸਤਿਜੁਗ ਵਰਤੇ ਸਤਿ ਵਰਤੰਤਾ। ਸਤਿਜੁਗ ਮਿਲੇ ਪ੍ਰਭ ਭਗਤ ਭਗਵੰਤਾ। ਸਤਿਜੁਗ ਮਿਲੇ ਸਾਧ ਸੰਗਤ ਜਿਉਂ ਸੰਤਾ। ਸਤਿਜੁਗ ਦੁੱਖ ਸਭ ਹਰੇ, ਨਿਹਕਲੰਕ ਜੋ ਚਰਨ ਪੜੰਤਾ । ਮਾਤਾ ਗਰਭ ਜੂਨ ਧਰੇ, ਅੰਤਕਾਲ ਪ੍ਰਭ ਜੋਤ ਮਿਲੰਤਾ। ਉਤਮ ਗੁਰਸਿਖ ਵਿਚਾਰ, ਮਹਾਰਾਜ ਸ਼ੇਰ ਸਿੰਘ ਜੋ ਸ਼ਰਨ ਰਹੰਤਾ। ਸ਼ਰਨ ਪ੍ਰਭ ਕੀ ਕੋਈ ਵਿਰਲਾ ਲੋੜੇ। ਕਲਜੁਗ ਜੀਵ ਭਰਮ ਭੁਲਾਇਆ, ਮਾਇਆ ਮਮਤਾ ਜਾਲ ਨਾ ਤੋੜੇ। ਕਰੋਧ ਹੰਕਾਰ ਭਰਮ ਭੁਲਾਇਆ, ਸ਼ੌਹ ਦਰਿਆ ਜੀਵ ਹੈ ਰੋੜ੍ਹੇ। ਸਤਿਜੁਗ ਸਤਿ ਪੁਰਖ ਉਧਰੇ ਪਾਰ, ਨਿਹਕਲੰਕ ਜਨ ਪ੍ਰੀਤ ਜੋ ਜੋੜੇ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਝੂਠੀ ਮਾਟੀ ਵਿਚ ਤਜਾਈ ਗੋਰੇ। ਦੇਹ ਤਜਾਈ ਜੋਤ ਪ੍ਰਗਟਾਈ, ਤੀਨ ਲੋਕ ਹੋਈ ਜੈਕਾਰੇ। ਸ਼ਬਦ ਧੁਨ ਵਜਾਈ ਅਨਹਦ ਰਾਗ ਸੁਣਾਈ , ਮਿਲਿਆ ਪ੍ਰਭ ਅਪਰ ਅਪਾਰੇ। ਗੁਰਸੰਗਤ ਤਰਾਈ, ਕਲਜੁਗ ਮਾਣ ਦਿਵਾਈ, ਹਉਮੇ ਮਮਤਾ ਜੋ ਮਨ ਤੇ ਹੋਰੇ। ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨਾ, ਟੁੱਟੀ ਗੰਢ ਚਰਨ ਸੰਗ ਜੋਰੇ।