ਸਤਿਗੁਰ ਸ਼ਬਦ ਸਚ ਗਿਆਨ, ਆਦਿ ਅੰਤ ਵਡਿਆਈਆ। ਜੁਗ ਚੌਕੜੀ ਦੇਵੇ ਦਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੋਟਨ ਵਿਚੋਂ ਜਨ ਭਗਤ ਕਰੇ ਪਰਵਾਨ, ਜਿਸ ਜਨ ਆਪਣੀ ਦਇਆ ਕਮਾਈਆ। ਦਿਵਸ ਰੈਣ ਇਕ ਧਿਆਨ, ਘੜੀ ਪਲ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਤਰ ਇਕ ਸਮਝਾਈਆ। ਸ਼ਬਦ ਅਨਾਦੀ ਸਤਿਗੁਰ ਮੰਤਰ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਦਏ ਸਮਝਾਈਆ। ਭੇਵ ਚੁਕਾ ਗਗਨ ਗਗਨੰਤਰ, ਗ੍ਰਹਿ ਮੰਡਲ ਖੋਜ ਖੋਜਾਈਆ। ਪੰਜ ਤਤ ਬੁਝਾ ਬਸੰਤਰ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਸਰਬ ਗੁਣਵੰਤ, ਦੇਵੇ ਮਾਣ ਵਡਿਆਈਆ। ਉੱਤਮ ਸ੍ਰੇਸ਼ਟ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁਰਤੀ ਸ਼ਬਦੀ ਮੇਲ ਮਿਲਾਵਾ ਸਾਚੇ ਕੰਤ, ਆਤਮ ਪਰਮਾਤਮ ਪੜਦਾ ਲਾਹੀਆ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਦਏ ਸਮਝਾਈਆ। ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਭੇਵ ਖੁਲ੍ਹਾਈਆ। ਸਚ ਦਵਾਰ ਬਣੇ ਦਰਵੇਸ਼ ਮੰਗਤ, ਘਰ ਠਾਂਡੇ ਅਲਖ ਜਗਾਈਆ। ਲੇਖਾ ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਸਾਚੀ ਬਣੇ ਧੁਰ ਦੀ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਤਿਗੁਰ ਸ਼ਬਦ ਬੋਧ ਅਗਾਧ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਕੋਟਨ ਕੋਟ ਲੱਭਦੇ ਸੰਤ ਸਾਧ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਜੋਗ ਅਭਿਆਸ ਅੰਦਰ ਰਹੇ ਅਰਾਧ, ਡੂੰਘੀ ਕੰਦਰ ਅੰਦਰ ਡੇਰਾ ਸਰਬ ਲਗਾਇੰਦਾ। ਸੁੰਨ ਸਮਾਧੀ ਅੰਦਰ ਹੋ ਵਿਸਮਾਦ, ਜੰਗਲ ਜੂਹ ਉਜਾੜ ਪਹਾੜ ਖੋਜ ਖੋਜਾਇੰਦਾ। ਅੱਠੇ ਪਹਿਰ ਦਿਵਸ ਰੈਣ ਕਰਨ ਯਾਦ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਢੋਲਕ ਛੈਣੇ ਵਜਾਵਣ ਨਾਦ, ਧੁਨ ਆਤਮਕ ਰਾਗ ਸਚ ਨਾ ਕੋਇ ਦ੍ਰਿੜਾਇੰਦਾ। ਮਨ ਵਾਸਨਾ ਰਹੇ ਭਾਜ, ਚਾਰੇ ਕੁੰਟ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਸਵਾਮੀ, ਇਕੋ ਇਕ ਏਕ ਵਡਿਆਈਆ। ਆਦਿ ਜੁਗਾਦਿ ਅੰਤਰਜਾਮੀ, ਜੁਗ ਜੁਗ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਰੇ ਪ੍ਰੇਮ ਦੀ ਬੋਲਣ ਬਾਣੀ, ਧੁਰ ਦਾ ਰਾਗ ਸੁਣਾਈਆ। ਲੇਖ ਲਿਖਣ ਸ਼ਾਸਤਰ ਸਿਮਰਤ ਵੇਦ ਪੁਰਾਨੀ, ਸਿਮਰਤ ਮੇਰਾ ਨਾਉਂ ਰਹੀ ਜਸ ਗਾਈਆ। ਖੇਲਾਂ ਖੇਲ ਦੋ ਜਹਾਨੀ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਅੱਠ ਦਸ ਪਦ ਨਿਰਬਾਣੀ, ਗੀਤਾ ਗਿਆਨ ਇਕ ਦ੍ਰਿੜਾਈਆ। ਅੰਜੀਲ ਕੁਰਾਨ ਮੇਰੀ ਨਿਸ਼ਾਨੀ, ਅਲਿਫ਼ ਯੇ ਕਰਾਂ ਪੜ੍ਹਾਈਆ। ਪੀਰ ਪੈਗੰਬਰਾਂ ਦੱਸਾਂ ਖੇਲ ਮਹਾਨੀ, ਮਹਿੰਮਾ ਅਕਥ ਕਥ ਸੁਣਾਈਆ। ਗੁਰ ਅਵਤਾਰਾਂ ਕਰ ਪਰਵਾਨੀ, ਸਚ ਪਰਵਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸ਼ਬਦ ਗਿਆਨ ਕਹੇ ਮੈਂ ਸੂਰਬੀਰ, ਸਮਰਥ ਇਕ ਅਖਵਾਇੰਦਾ। ਜਨ ਭਗਤਾਂ ਮਾਰਾਂ ਨਿਰਾਲਾ ਤੀਰ, ਅਣਿਆਲਾ ਆਪ ਚਲਾਇੰਦਾ। ਕਾਇਆ ਅੰਦਰ ਸਾਚੇ ਮੰਦਰ ਬਜਰ ਕਪਾਟੀ ਦੇਵਾਂ ਚੀਰ, ਦੂਈ ਦਵੈਤੀ ਡੇਰਾ ਢਾਹਿੰਦਾ। ਨਾਭੀ ਕਵਲੀ ਅੰਮ੍ਰਿਤ ਬਖ਼ਸ਼ਾਂ ਨੀਰ, ਸਾਚਾ ਜਾਮ ਇਕ ਪਿਆਇੰਦਾ। ਮੰਜ਼ਲ ਚਾੜ੍ਹ ਦੇਵਾਂ ਅਖ਼ੀਰ, ਸਾਚੀ ਚੋਟੀ ਆਪ ਬਹਾਇੰਦਾ। ਨਾ ਕੋਈ ਇਸ਼ਟ ਦੇਵ ਸਵਾਮੀ, ਨਾ ਕੋਈ ਤਸਵੀਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜਾਤਾ ਨਜ਼ਰੀ ਆਏ ਗਹਿਰ ਗੰਭੀਰ, ਗੁਣਵੰਤਾ ਸੋਭਾ ਪਾਇੰਦਾ। ਮੇਰੀ ਸਿਫ਼ਤ ਕਰ ਕੇ ਗਏ ਪੀਰ ਫ਼ਕੀਰ, ਔਲੀਆ ਗੌਂਸ ਕੁਤਬ ਸਰਬ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸ਼ਬਦ ਗਿਆਨ ਕਹੇ ਮੈਂ ਵੱਡਾ ਦਾਤਾ, ਦਾਤਿਆਂ ਵਿਚੋਂ ਨਜ਼ਰੀ ਆਈਆ। ਮੇਰਾ ਖੇਲ ਨਾ ਕਿਸੇ ਪਛਾਤਾ, ਨਿਹਕਰਮੀ ਹੋ ਕੇ ਕਰਮ ਕਮਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗੰਬਰਾਂ ਦੇਵਾਂ ਸਾਥਾ, ਸਗਲਾ ਸੰਗ ਨਿਭਾਈਆ। ਅੱਖਰਾਂ ਨਾਲ ਜਣਾਵਾਂ ਗਾਥਾ, ਨਿਰਅੱਖਰ ਇਕ ਸਮਝਾਈਆ। ਨਿਤ ਨਵਿਤ ਮੇਟਾਂ ਅੰਧੇਰੀ ਰਾਤਾ, ਸਤਿ ਸਤਿਵਾਦੀ ਸੱਚਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਸ਼ਬਦ ਕਹੇ ਮੇਰਾ ਗਿਆਨ ਗਹਿਰ ਗੰਭੀਰ, ਕੋਟਨ ਕੋਟਾਂ ਵਿਚੋਂ ਵਿਰਲੇ ਨਜ਼ਰੀ ਆਈਆ। ਮੈਂ ਅਗੰਮ ਅਥਾਹ ਉਚ ਮਹੱਲ ਅਟਲ ਵਸਾਂ ਅਖ਼ੀਰ, ਮੁਕਾਮੇ ਹੱਕ ਡੇਰਾ ਲਾਈਆ। ਮੇਰਾ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਦੇਵਾਂ ਮਾਣ ਸ਼ਾਹ ਹਕੀਰ, ਊਚ ਨੀਚ ਇਕੋ ਰੰਗ ਵਖਾਈਆ। ਮੇਰਾ ਪ੍ਰੇਮੀ ਕਦੇ ਨਾ ਹੋਏ ਦਿਲਗੀਰ, ਦੂਈ ਦਵੈਤ ਰੂਪ ਨਾ ਕੋਇ ਵਟਾਈਆ। ਮੈਂ ਸ਼ਰਅ ਕੱਟਾਂ ਜ਼ੰਜੀਰ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਮੈਂ ਹਉਮੇ ਕੱਢਾਂ ਪੀੜ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸ਼ਬਦ ਗਿਆਨ ਕਹੇ ਮੈਂ ਸਚ ਮਰਦੰਗਾ, ਆਦਿ ਜੁਗਾਦੀ ਇਕ ਵਜਾਇੰਦਾ। ਲੱਖ ਚੁਰਾਸੀ ਘਟ ਘਟ ਅੰਦਰ ਦੇਵਾਂ ਸਤਿ ਅਨੰਦਾ, ਅਨੰਦ ਆਤਮ ਵਿਚੋਂ ਪਰਗਟਾਇੰਦਾ। ਡੂੰਘੀ ਭਵਰੀ ਕਾਇਆ ਕਵਰੀ ਸਚ ਪਰਕਾਸ਼ ਕਰਾਂ ਚੰਦਾ, ਜੋਤੀ ਜਾਤਾ ਡਗਮਗਾਇੰਦਾ । ਭੇਵ ਚੁਕਾਵਾਂ ਖੰਡਾਂ ਪੁਰੀਆਂ ਬ੍ਰਹਿਮੰਡਾਂ, ਲੋਆਂ ਚਰਨਾਂ ਹੇਠ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗੰਬਰਾਂ ਪੜ੍ਹੌਂਦਾ ਰਿਹਾ ਛੰਦਾ, ਸੋਹਲਾ ਢੋਲਾ ਆਪਣਾ ਨਾਉਂ ਵਡਿਆਇੰਦਾ। ਭਾਗ ਲਗੌਂਦਾ ਰਿਹਾ ਪੰਜ ਤਤ ਕਾਇਆ ਮਾਟੀ ਖ਼ਾਕੀ ਬੰਦਾ, ਬੰਦਗੀ ਆਪਣੀ ਇਕ ਜਣਾਇੰਦਾ। ਨੇਤਰ ਪਰਕਾਸ਼ ਕਰਦਾ ਰਿਹਾ ਅੰਧਾ, ਲੋਚਣ ਇਕੋ ਇਕ ਖੁਲ੍ਹਾਇੰਦਾ। ਕਾਇਆ ਚੋਲੀ ਚੜ੍ਹੌਂਦਾ ਰਿਹਾ ਰੰਗਾ, ਦੁਰਮਤ ਮੈਲ ਧੁਆਇੰਦਾ। ਆਦਿ ਜੁਗਾਦਿ ਜੁਗ ਚੌਕੜੀ ਹੋ ਕੇ ਠੰਡਾ, ਅਗਨੀ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਗਿਆਨ ਕਹੇ ਮੈਂ ਸਦਾ ਨਿਹਕਰਮੀ, ਕਰਮ ਕਾਂਡ ਵਿਚ ਕਦੇ ਨਾ ਆਈਆ। ਜਨ ਭਗਤ ਸੁਹੇਲੇ ਕਰ ਕਰ ਮੇਲੇ ਮਿਲਾਵਾਂ ਚਰਨੀ, ਚਰਨ ਚਰਨੋਦਕ ਮੁਖ ਚੁਆਈਆ। ਨੇਤਰ ਖੋਲ੍ਹ ਕੇ ਹਰਨੀ ਫਰਨੀ, ਨਿਜ ਲੋਚਣ ਕਰਾਂ ਰੁਸ਼ਨਾਈਆ। ਸਾਚੀ ਦੱਸਾਂ ਜੁਗ ਜੁਗ ਤਰਨੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਈਆ। ਸ਼ਬਦ ਗਿਆਨ ਕਹੇ ਮੇਰਾ ਲੇਖਾ ਅਗੰਮ, ਅਗੋਚਰ ਦੇਵਣਹਾਰ ਵਡਿਆਈਆ। ਨਾ ਮਰਾਂ ਨਾ ਪਵਾ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਹਰਖ਼ ਸੋਗ ਨਾ ਕੋਈ ਗਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਤ੍ਰਿਸਨਾ ਰੋਗ ਨਾ ਹੋਏ ਤਮ, ਤ੍ਰੈਗੁਣ ਤਤ ਨਾ ਕੋਇ ਵਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਧੁਰ ਦੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਰ ਸਚ ਰਿਹਾ ਸਮਝਾਈਆ। ਸ਼ਬਦ ਗਿਆਨ ਕਹੇ ਮੇਰਾ ਖੇਲ ਅਵੱਲਾ, ਹਰਿ ਹਜ਼ਰਤ ਆਪ ਕਰਾਇੰਦਾ। ਜੁਗ ਚੌਕੜੀ ਫੜਾਏ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਸਚ ਸੰਦੇਸ਼ ਨਿਤ ਨਵਿਤ ਘੱਲਾਂ, ਮੰਤਰ ਅੰਤਰ ਨਾਮ ਦ੍ਰਿੜਾਇੰਦਾ। ਪਾਵਾਂ ਸਾਰ ਜਲਾਂ ਥਲਾਂ, ਟਿੱਲੇ ਪਰਬਤ ਫੋਲ ਫੋਲਾਇੰਦਾ। ਦੂਈ ਦਵੈਤੀ ਮੇਟਾਂ ਸਲਾ, ਹਉਮੇ ਰੋਗ ਚੁਕਾਇੰਦਾ। ਜੁਗ ਚੌਕੜੀ ਅਛਲ ਅਛੱਲਾ, ਵਲ ਛਲ ਧਾਰੀ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇੰਦਾ। ਸ਼ਬਦ ਗਿਆਨ ਕਹੇ ਮੈਂ ਦੱਸਾਂ ਰੀਤ, ਧੁਰ ਦੀ ਆਪ ਜਣਾਈਆ। ਜੁਗ ਚੌਕੜੀ ਖੇਲਾਂ ਖੇਲ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਚਨ ਰਚਾਈਆ। ਗੁਰ ਦਰ ਦੱਸਾਂ ਧਾਮ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਵਖਾਈਆ। ਸ਼ਬਦ ਗਿਆਨ ਕਹੇ ਜੁਗ ਚਾਰ, ਜੀਵਾਂ ਜੰਤਾਂ ਕਰਾਂ ਪੜ੍ਹਾਈਆ। ਅੱਖਰਾਂ ਨਾਲ ਕਰ ਪਿਆਰ, ਲੋਕਮਾਤ ਦਿਆਂ ਵਡਿਆਈਆ। ਗੁਰਮੁਖ ਗੁਰਸਿਖ ਵਿਰਲੇ ਲਵਾਂ ਉਠਾਲ, ਸੁਰਤੀ ਸੁਰਤ ਆਪ ਜਗਾਈਆ। ਅੰਦਰ ਵੜ ਕੇ ਪੁੱਛਾਂ ਹਾਲ, ਕਾਇਆ ਮੰਦਰ ਫੋਲ ਫੋਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਰਸ ਇਕੋ ਇਕ ਵਖਾਈਆ। ਸਚ ਪ੍ਰੀਤੀ ਨਿਭਾਵਾਂ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਗੁਰ ਅਵਤਾਰਾਂ ਪੂਰਾ ਕਰਾਂ ਸਵਾਲ, ਪੀਰ ਪੈਗੰਬਰਾਂ ਪੈਜ ਰਖਾਈਆ। ਨਿਤ ਨਵਿਤ ਚੱਲਾਂ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਾਕਾਰ ਨਿਰਵੈਰ ਆਪਣੀ ਸੇਵ ਲਗਾਈਆ। ਸ਼ਬਦ ਗਿਆਨ ਕਹੇ ਮੈਂ ਦੱਸਾਂ ਸਚ, ਸਤਿ ਸਤਿ ਦ੍ਰਿੜਾਇੰਦਾ। ਜੁਗ ਚੌਕੜੀ ਖੇਲ ਖੇਲਾਂ ਹੱਸ ਹੱਸ, ਸੋਹੰ ਹੰਸਾ ਰੂਪ ਵਟਾਇੰਦਾ। ਪੰਧ ਮੁਕਾਵਾਂ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਹਰਿਜਨ ਹਿਰਦੇ ਵਸ ਵਸ, ਸਾਚਾ ਮੰਤਰ ਇਕ ਸਮਝਾਇੰਦਾ। ਪ੍ਰੇਮ ਪਿਆਰ ਦਾ ਦੇ ਕੇ ਰਸ, ਨਿਝਰ ਝਿਰਨਾ ਇਕ ਝਿਰਾਇੰਦਾ । ਸੁਰਤੀ ਸ਼ਬਦੀ ਕਰ ਇਕੱਠ, ਸੋਹਣਾ ਮੇਲ ਮਿਲਾਇੰਦਾ। ਨਾਮ ਨਿਧਾਨ ਅਗੰਮੀ ਵੱਜੇ ਨਦ, ਧੁਰ ਦਾ ਰਾਗ ਅਲਾਇੰਦਾ। ਸਾਚੀ ਸੇਜਾ ਚੜ੍ਹਾਂ ਭੱਜ, ਅੰਤਰ ਆਤਮ ਵੇਖ ਵਖਾਇੰਦਾ। ਸਤਿ ਜੈਕਾਰਾ ਬੋਲਾਂ ਗੱਜ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸ਼ਬਦ ਗੁਰੂ ਕਹੇ ਮੇਰੀ ਸਾਚੀ ਸਿਖਿਆ, ਗੁਰਮੁਖ ਵਿਰਲੇ ਪਾਈਆ। ਜਨ ਭਗਤਾਂ ਦੇਵਾਂ ਧੁਰ ਦੀ ਭਿਛਿਆ, ਸਤਿ ਨਾਮ ਵਰਤਾਈਆ। ਸੰਤਾਂ ਕਰ ਕੇ ਪੂਰਨ ਇਛਿਆ, ਤ੍ਰਿਸਨਾ ਜਗਤ ਬੁਝਾਈਆ। ਲੇਖ (ਚੁਕਾਵਾਂ) ਬਿਧਨਾ ਲਿਖਿਆ, ਅੱਗੇ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਰਿਹਾ ਜਣਾਈਆ। ਸ਼ਬਦ ਗਿਆਨ ਕਹੇ ਮੈਂ ਆਵਾਂ ਜਗ, ਨਿਰਗੁਣ ਨਿਰਵੈਰ ਵੇਸ ਵਟਾਈਆ। ਸੰਤ ਸੁਹੇਲੇ ਸੱਜਣ ਲੱਭ, ਆਪਣਾ ਸੰਗ ਨਿਭਾਈਆ। ਕਰਾਂ ਵਸੇਰਾ ਉਪਰ ਸ਼ਾਹਰਗ, ਨੌਂ ਦਵਾਰੇ ਡੇਰਾ ਢਾਹੀਆ। ਜਨਮ ਕਰਮ ਦੀ ਬੁਝਾਵਾਂ ਅੱਗ, ਹਉਮੇ ਰੋਗ ਜਲਾਈਆ। ਹੰਸ ਬਣਾਵਾਂ ਫੜ ਫੜ ਕੱਗ, ਕਾਗੋਂ ਹੰਸ ਉਡਾਈਆ। ਘਰ ਸੱਜਣ ਸਾਚੇ ਸੱਦ, ਹੋਕਾ ਦੇ ਕੇ ਦਿਆਂ ਸਮਝਾਈਆ। ਬਿਨ ਮੱਕੇ ਕਾਅਬਿਉਂ ਕਰਾ ਕੇ ਹੱਜ, ਹੁਜਰਾ ਹੱਕ ਦਿਆਂ ਵਖਾਈਆ। ਬਿਨ ਮੰਦਰ ਮਸੀਤੋਂ ਜਾਵਾਂ ਲੱਭ, ਕਾਇਆ ਮੰਦਰ ਅੰਦਰ ਪੜਦਾ ਲਾਹੀਆ। ਸਤਿ ਪਰਕਾਸ਼ ਹੋ ਕੇ ਜਾਵਾਂ ਜਗ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਰਿਹਾ ਵਖਾਈਆ। ਸ਼ਬਦ ਗਿਆਨ ਕਹੇ ਮੈਂ ਵੇਖਾਂ ਜੁਗ, ਜੁਗ ਚੌਕੜੀ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਲੁਕ, ਕਲਜੁਗ ਅੰਤਮ ਬੈਠਾ ਨੈਣ ਉਠਾਈਆ। ਅੱਠੇ ਪਹਿਰ ਦਿਵਸ ਰੈਣ ਕੂੜੀ ਕਿਰਿਆ ਸੁੱਖਨਾ ਰਿਹਾ ਸੁੱਖ, ਸਾਚੀ ਕਰੇ ਨਾ ਕੋਇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਲੱਗਾ ਦੁੱਖ, ਹਉਮੇ ਰੋਗ ਨਾ ਕੋਇ ਚੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਰਿਹਾ ਬੁੱਕ, ਉਚੀ ਕੂਕ ਕੂਕ ਸੁਣਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਗ੍ਰਹਿ ਗ੍ਰਹਿ ਪਈ ਉਠ, ਪੱਤ ਟਾਹਣੀ ਰਹੀ ਸੁਕਾਈਆ। ਠੱਗਾਂ ਚੋਰਾਂ ਯਾਰਾਂ ਪਾਈ ਲੁੱਟ, ਸਤਿ ਸਰੂਪ ਵਿਚ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਪਿਤਾ ਪੁੱਤ, ਨਾਰ ਕੰਤ ਨਾ ਕੋਇ ਵਡਿਆਈਆ। ਸਾਧ ਸੰਤ ਮੰਦਰ ਮਸਜਿਦ ਸ਼ਿਵਦਵਾਲੇ ਰਹੇ ਲੁੱਟ, ਗੁਰ ਦਰ ਬੈਠੇ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸ਼ਬਦ ਗਿਆਨ ਕਹੇ ਕਲਜੁਗ ਪਿਆ ਰੌਲਾ, ਕੂਕੇ ਜਗਤ ਲੋਕਾਈਆ। ਕਿਸੇ ਨਜ਼ਰ ਨਾ ਆਵੇ ਮੌਲਾ, ਬਿਸਮਿਲ ਰੂਪ ਨਾ ਕੋਇ ਵਟਾਈਆ। ਪਾਪਾਂ ਭਾਰ ਕਰੇ ਨਾ ਕੋਈ ਹੌਲਾ, ਸੀਸ ਹੱਥ ਨਾ ਕੋਇ ਟਿਕਾਈਆ। ਨੇਤਰ ਰੋਵੇ ਕੁਰਲਾਵੇ ਧਰਨੀ ਧਰਤ ਧੌਲਾ, ਖੁਲ੍ਹੜੇ ਕੇਸ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਸ਼ਬਦ ਗਿਆਨ ਕਹੇ ਕਲਜੁਗ ਮੰਗੀ ਅਸੀਸ, ਪ੍ਰਭ ਅੱਗੇ ਇਕ ਅਰਜ਼ੋਈਆ। ਕਿਰਪਾ ਕਰ ਸਾਹਿਬ ਜਗਦੀਸ, ਜਗਦੀਸਰ ਦੇਣੀ ਸੱਚੀ ਢੋਈਆ। ਕਿਸੇ ਛਤਰ ਨਾ ਝੁੱਲੇ ਸੀਸ, ਸ਼ਾਹ ਸੁਲਤਾਨ ਰਹੇ ਰੋਈਆ। ਕਰੀਂ ਖੇਲ ਬੀਸ ਬੀਸ ਇਕ ਇਕੀਸ, ਲੇਖਾ ਚੁੱਕੇ ਤ੍ਰੈ ਤ੍ਰੈ ਲੋਈਆ। ਠੀਕ ਰਹੇ ਨਾ ਕਿਸੇ ਨੀਤ, ਨੀਤੀਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰੇ ਆਸ ਰਖਾਈਆ। ਸ਼ਬਦ ਗਿਆਨ ਕਹੇ ਮੈਂ ਊਚਾ, ਅਗੰਮ ਅਥਾਹ ਅਖਵਾਇੰਦਾ। ਕਲਜੁਗ ਗਿਆਨ ਕਹੇ ਮੈਂ ਫਿਰਾ ਚਾਰੇ ਕੂਟਾ, ਦਹਿ ਦਿਸ਼ਾ ਵੇਖ ਵਖਾਇੰਦਾ। ਮੇਰਾ ਨਿਸ਼ਾਨ ਦੋ ਜਹਾਨ ਝੂਟਾ, ਪੁਰੀ ਲੋਅ ਨਾ ਕੋਇ ਹਿਲਾਇੰਦਾ। ਮੈਂ ਘਰ ਘਰ ਕੂੜੀ ਕਿਰਿਆ ਬੀਜਿਆ ਬੂਟਾ, ਜੂਠ ਝੂਠ ਫਲ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਕਲਜੁਗ ਗਿਆਨ ਕਹੇ ਮੈਂ ਬੜਾ ਚੰਗਾ, ਚੰਗੀ ਤਰਾ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਕੀਤਾ ਮੰਦਾ, ਅੰਤਰ ਆਤਮ ਸਮਝ ਕੋਇ ਨਾ ਪਾਈਆ। ਘਰ ਘਰ ਕੂੜਾ ਦਿਸੇ ਪਖੰਡਾ, ਸਚ ਸੁਚ ਨਾ ਕੋਇ ਸਮਝਾਈਆ। ਸਾਧ ਸੰਤ ਆਤਮ ਰੰਡਾ, ਹਰਿ ਹਰਿ ਕੰਤ ਨਾ ਕੋਇ ਹੰਢਾਈਆ। ਤਟ ਸਰੋਵਰ ਜਲ ਦਿਸੇ ਨਾ ਠੰਡਾ, ਜਗਤ ਅਗਨੀ ਰਹੀ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਰਿਹਾ ਵਰਤਾਈਆ। ਕਲਜੁਗ ਗਿਆਨ ਕਹੇ ਮੈਂ ਵੱਡਾ ਬਲਵਾਨ, ਬਲਧਾਰੀ ਅਖਵਾਇੰਦਾ। ਘਰ ਘਰ ਖੇਲ ਖਿਲਾਵਾਂ ਜਗਤ ਸ਼ੈਤਾਨ, ਸ਼ਰਅ ਵਿਚ ਲੜਾਇੰਦਾ। ਸ਼ਾਹ ਸੁਲਤਾਨ ਕੀਤੇ ਬੇਈਮਾਨ, ਸਾਚਾ ਅਦਲ ਨਾ ਕੋਇ ਕਮਾਇੰਦਾ। ਮਾਇਆ ਰਾਣੀ ਹੋਈ ਪਰਧਾਨ, ਗਰੀਬ ਨਿਮਾਣਿਆਂ ਗਲੇ ਨਾ ਕੋਇ ਲਗਾਇੰਦਾ। ਚਾਰੋਂ ਕੁੰਟ ਦਿਸੇ ਵੈਰਾਨ, ਬੂਟਾ ਸਤਿ ਨਾ ਕੋਇ ਲਹਿਰਾਇੰਦਾ। ਸਾਢੇ ਤਿੰਨ ਹੱਥ ਕਾਇਆ ਬੰਕ ਖ਼ਾਲੀ ਦਿਸੇ ਮਕਾਨ, ਵਸਤ ਅਮੋਲਕ ਵਿਚ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਬੱਤੀ ਦੰਦ ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਦੇਣ ਗਿਆਨ, ਅੰਤਰ ਆਤਮ ਪ੍ਰਭੂ ਮੇਲ ਨਾ ਕੋਇ ਮਿਲਾਇੰਦਾ। ਜਗਤ ਵਿਦਿਆ ਖੁਲ੍ਹੀ ਦਿਸੇ ਦੁਕਾਨ, ਚੌਦਾਂ ਹੱਟ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਕਲਜੁਗ ਗਿਆਨ ਕਹੇ ਮੈਂਨੂੰ ਮਿਲਿਆ ਮੌਕਾ, ਚੌਥੇ ਜੁਗ ਮਿਲੀ ਵਡਿਆਈਆ। ਮੈਂ ਸਭ ਨੂੰ ਦੇਵਾਂ ਧੋਖਾ, ਕੂੜੀ ਕਿਰਿਆ ਵਿਚ ਫਸਾਈਆ। ਕਿਸੇ ਘਰ ਜਗਣ ਨਾ ਦੇਵਾਂ ਦੀਪਕ ਜੋਤਾ, ਅਨਹਦ ਨਾਦ ਨਾ ਕੋਇ ਸ਼ਨਵਾਈਆ। ਸਾਧਾਂ ਸੰਤਾਂ ਡੂੰਘੀ ਭਵਰ ਲਵਾਇਆ ਗੋਤਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਰਿਹਾ ਬਣਾਈਆ। ਕਲਜੁਗ ਗਿਆਨ ਕਹੇ ਮੈਂ ਅਕਲ ਕਲਧਾਰੀ, ਕੁਲਵੰਤਾ ਦਏ ਵਡਿਆਈਆ। ਮੈਂ ਵੇਖਾਂ ਸ੍ਰਿਸ਼ਟੀ ਸਾਰੀ, ਨੌਂ ਖੰਡ ਸੱਤ ਦੀਪ ਫੋਲ ਫੋਲਾਈਆ। ਬਣ ਕੇ ਫਿਰਾਂ ਵਿਚ ਜਵਾਰੀ, ਭੱਜਾਂ ਵਾਹੋ ਦਾਹੀਆ। ਲੱਜਿਆ ਰਹੇ ਨਾ ਕਿਸੇ ਕਵਾਰੀ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਮਾਤ ਪਿਤ ਨਾ ਕੋਇ ਪਿਆਰੀ, ਭੈਣ ਭਾਈ ਸਾਕ ਸੱਜਣ ਨਾਰ ਕੰਤ ਨਾ ਕੋਇ ਵਡਿਆਈਆ। ਵੇਸਵਾ ਰੂਪ ਸ੍ਰਿਸ਼ਟੀ ਸਾਰੀ, ਚਾਰੋਂ ਕੁੰਟ ਹੋਏ ਖੁਆਰੀ, ਸਾਚੀ ਸੇਜ ਨਾ ਕੋਇ ਸੁਹਾਈਆ। ਮੁਖ ਮੋੜਨ ਗੁਰ ਅਵਤਾਰੀ, ਪੀਰ ਪੈਗੰਬਰ ਪੱਲੂ ਨਾ ਕੋਇ ਫੜਾਈਆ। ਸ਼ਾਸਤਰ ਸਿਮਰਤ ਨਾ ਕਰਨ ਵਿਚਾਰੀ, ਵੇਦ ਪੁਰਾਨ ਨਾ ਕੋਇ ਦ੍ਰਿੜਾਈਆ। ਅੰਜੀਲ ਕੁਰਾਨ ਨਾ ਕੋਇ ਆਧਾਰੀ, ਮਸਲਾ ਹੱਕ ਨਾ ਕੋਇ ਸੁਣਾਈਆ। ਪੀਰ ਫ਼ਕੀਰਾਂ ਹੋਏ ਖੁਆਰੀ, ਕੁਤਬ ਗੌਸ ਰਹੇ ਕੁਰਲਾਈਆ। ਸਭ ਦੀ ਬਾਜ਼ੀ ਜਾਏ ਹਾਰੀ, ਜਿੱਤ ਰੂਪ ਨਾ ਕੋਇ ਵਟਾਈਆ। ਪ੍ਰਭ ਨਾਲ ਮਿਲਣ ਦੀ ਜੋ ਕਰੇ ਤਿਆਰੀ, ਤਿਸ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਦਿਆਂ ਚਲਾਈਆ। ਸਚ ਨਾਮ ਦੀ ਫੇਰ ਬਹਾਰੀ, ਧੁਰ ਦੀ ਵਸਤ ਅੰਦਰ ਰਹਿਣ ਨਾ ਪਾਈਆ। ਜਿਧਰ ਵੇਖੇ ਕੂੜੀ ਯਾਰੀ, ਕੂੜ ਕੂੜਿਆਂ ਨਾਲ ਪਰਨਾਈਆ। ਹੋਏ ਪਰਕਾਸ਼ ਨਾ ਬਹੱਤਰ ਨਾੜੀ, ਤਿੰਨ ਸੌ ਸੱਠ ਹਾਡੀ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਸਚ ਸਮਝਾਈਆ। ਕਲਜੁਗ ਗਿਆਨ ਕਹੇ ਮੈਂ ਦੱਸਾਂ ਰਾਹ, ਰਹਿਬਰ ਹੋ ਸਮਝਾਈਆ। ਵੇਖਿਓ ਪ੍ਰਭ ਨੂੰ ਕੋਈ ਮਿਲਿਓ ਨਾ, ਨਾਉਂ ਨਿਰੰਕਾਰਾ ਲੈਣ ਕੋਇ ਨਾ ਪਾਈਆ। ਸਦੀ ਚੌਧਵੀਂ ਮੇਰਾ ਮੁਹੰਮਦ ਬਣੇ ਗਵਾਹ, ਚੌਦਾਂ ਤਬਕ ਸ਼ਹਾਦਤ ਦੇਣ ਭੁਗਤਾਈਆ। ਕੂੜੀ ਕਿਰਿਆ ਨਾਲ ਹੋਵੇ ਨਕਾਹ, ਸ਼ਰੀਅਤ ਹੱਕ ਹੱਕ ਸਮਝਾਈਆ। ਮਰਦ ਮਰਦਾਨੇ ਕਰਾਂ ਬੇਵਫ਼ਾ, ਮੁਖ ਸਾਰੇ ਜਾਣ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਕਲਜੁਗ ਗਿਆਨ ਕਹੇ ਮੇਰਾ ਸਾਚਾ ਪਰਚਾ, ਸਾਧਾਂ ਸੰਤਾਂ ਅੱਗੇ ਦਏ ਟਿਕਾਈਆ। ਪੀਰ ਪੈਗੰਬਰ ਕਰਨ ਚਰਚਾ, ਮੁਖ਼ਾਤਬ ਹੋ ਕੇ ਰਹੇ ਸੁਣਾਈਆ। ਅੱਗੇ ਜਾਣ ਦਾ ਕਿਸੇ ਕੋਲ ਨਾ ਰਿਹਾ ਖ਼ਰਚਾ, ਖ਼ਾਲੀ ਹੱਥ ਦਿਸੇ ਲੋਕਾਈਆ। ਜੀਵਦਿਆਂ ਜਗ ਕੋਇ ਨਾ ਮਰਦਾ, ਮਰਿਆਂ ਜੀਵਣ ਕੋਇ ਨਾ ਪਾਈਆ। ਸਾਚੇ ਪੌੜੇ ਕੋਇ ਨਾ ਚੜ੍ਹਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਤ੍ਰਿਸਨਾ ਜੀਵ ਜੰਤ ਸੜਦਾ, ਮਾਇਆ ਮਮਤਾ ਕਰੇ ਲੜਾਈਆ। ਤ੍ਰੈਗੁਣ ਅਗਨੀ ਵਿਚ ਸੜਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੀ ਮੇਰੀ ਵੱਡਾ ਛੋਟਾ ਕਰਦਾ, ਤੇਰੀ ਤੂੰ ਗਏ ਸਰਬ ਭੁਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵੇਖ ਲੈ ਤੇਰੇ ਕੋਲੋਂ ਕੋਈ ਨਾ ਡਰਦਾ, ਗੁਰ ਅਵਤਾਰਾਂ ਪੀਰ ਪੈਗੰਬਰਾਂ ਭੈ ਨਾ ਕੋਇ ਰਖਾਈਆ। ਸਚ ਪ੍ਰੇਮ ਕੋਈ ਨਾ ਕਰਦਾ, ਜਗਤ ਖ਼ਾਹਿਸ਼ ਨਾਲ ਬੈਠੇ ਆਸ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦਿਤਾ ਇਕ ਵਰ, ਜਗ ਲੇਖਾ ਵੇਖ ਵਖਾਈਆ। ਕਲਜੁਗ ਗਿਆਨ ਦੀ ਸੁਣ ਕੇ ਬਾਤ, ਸ਼ਬਦ ਗਿਆਨ ਲਏ ਅੰਗੜਾਈਆ। ਨੇਤਰ ਖੋਲ੍ਹ ਮਾਰੇ ਝਾਤ, ਨੈਣ ਇਕ ਉਠਾਈਆ। ਤੇਰੀ ਕਿਰਪਾ ਤੇਰੇ ਸਾਥ, ਤੇਰੀ ਝੋਲੀ ਪਾਈਆ। ਤੂੰ ਕੂੜ ਕੁੜਿਆਰਾਂ ਦੇਣੀ ਦਾਤ, ਆਪਣੇ ਘਰ ਵਰਤਾਈਆ। ਸਚ ਸੰਦੇਸਾ ਤੁਧ ਨੂੰ ਦੇਵਾਂ ਆਖ, ਇਕੋ ਵਾਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ। ਸ਼ਬਦ ਗਿਆਨ ਕਹੇ ਉਠ ਮਾਰ ਝਾਕੀ, ਕਲਜੁਗ ਗਿਆਨ ਤੈਨੂੰ ਦਿਆਂ ਸਮਝਾਈਆ। ਲੱਖ ਚੁਰਾਸੀ ਵਿਚੋਂ ਥੋੜਿਆਂ ਨਿਕਲੀ ਬਾਕੀ, ਜਿਨ੍ਹਾਂ ਪਾਰਬ੍ਰਹਮ ਪ੍ਰਭ ਲੇਖਾ ਝੋਲੀ ਪਾਈਆ। ਮੈਂ ਅੰਦਰ ਵੜ ਕੇ ਖੋਲ੍ਹੀ ਓਨ੍ਹਾਂ ਤਾਕੀ, ਬਜਰ ਕਪਾਟੀ ਪੜਦਾ ਦਿਤਾ ਹਟਾਈਆ। ਜਾਮ ਪਿਆਇਆ ਬਣ ਕੇ ਸਾਕੀ, ਅੰਮ੍ਰਿਤ ਪਿਆਲਾ ਹੱਥ ਉਠਾਈਆ। ਓਨ੍ਹਾਂ ਆਤਮ ਸਚ ਸਰੋਵਰ ਨਹਾਤੀ, ਦੁਰਮਤ ਮੈਲ ਧੁਆਈਆ। ਕਰ ਪਰਕਾਸ਼ ਦੀਵਾ ਬਾਤੀ, ਇਕੋ ਜੋਤ ਨੂਰ ਰੁਸ਼ਨਾਈਆ। ਸੇਜ ਸੁਹੰਜਣੀ ਸੁਹਾਏ ਪੁਰਖ ਸਮਰਾਥੀ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਚਾਈਂ ਚਾਈਂਆ। ਸ਼ਬਦ ਗਿਆਨ ਕਹੇ ਉਠ ਵੇਖ ਭਗਤ, ਕਲਜੁਗ ਤੈਨੂੰ ਦਿਆਂ ਵਖਾਈਆ। ਜਿਨ੍ਹਾਂ ਦੀ ਲੇਖੇ ਲੱਗੀ ਬੂੰਦ ਰਕਤ, ਪੰਜ ਤਤ ਮਿਲੀ ਵਡਿਆਈਆ। ਪ੍ਰਭ ਅੰਤਰ ਦਿਤੀ ਆਤਮ ਸ਼ਕਤ, ਬਾਹਰੋਂ ਸ਼ਖ਼ਸੀਅਤ ਦਿਤੀ ਬਣਾਈਆ। ਆਪਣੇ ਵਿਚ ਨਾ ਰੱਖਿਆ ਫ਼ਰਕ, ਆਤਮ ਪਰਮਾਤਮ ਜੋੜ ਜੁੜਾਈਆ। ਜਨਮ ਕਰਮ ਦਾ ਮਿਟਿਆ ਹਰਖ਼, ਚਿੰਤਾ ਸੋਗ ਨਾ ਕੋਇ ਵਖਾਈਆ। ਆਵਣ ਜਾਵਣ ਹੋਇਆ ਤਰਕ, ਲੱਖ ਚੁਰਾਸੀ ਨਾ ਕੋਇ ਭਵਾਈਆ। ਗੁਰਮੁਖ ਮੁੜ ਕੇ ਆਪਣੇ ਘਰ ਜਾਣ ਪਰਤ, ਜਿਸ ਘਰ ਵਿਚੋਂ ਆਪਣਾ ਆਪ ਲੈ ਕੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ਼ਬਦ ਗੁਰੂ ਕਹੇ ਵੇਖ ਗੁਰਮੁਖ ਤੁਰਦੇ, ਹੌਲੀ ਹੌਲੀ ਆਪਣਾ ਪੰਧ ਮੁਕਾਈਆ। ਕਲਜੁਗ ਤੇਰੇ ਗਿਆਨ ਕੋਲੋਂ ਕਦੇ ਨਾ ਮੁੜਦੇ, ਅੱਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਪ੍ਰੀਤੀ ਸਾਚੀ ਜੁੜਦੇ, ਨਾਤਾ ਜੁੜਿਆ ਬੇਪਰਵਾਹੀਆ। ਇਹੋ ਖੇਲ ਅਗੰਮੇ ਧੁਰ ਦੇ, ਧੁਰ ਮਸਤਕ ਵੇਖ ਵਖਾਈਆ। ਤੇਰੇ ਸੰਗੀ ਸਾਥੀ ਵੇਖ ਵੇਖ ਝੁਰਦੇ, ਹੌਕੇ ਲੈ ਲੈ ਆਪਣਾ ਆਪ ਗਵਾਈਆ। ਜਿਨ੍ਹਾਂ ਗੁਰਮੁਖਾਂ ਅੰਦਰੋਂ ਫ਼ੁਰਨੇ ਉਹ ਫੁਰਦੇ, ਜੋ ਫ਼ੁਰਨੇ ਸਭ ਦੇ ਬੰਦ ਕਰਾਈਆ। ਉਹ ਜਾਗਤ ਰੂਪ ਕਰੇ ਮੁਰਦੇ, ਮੁਰਦਿਆਂ ਵਿਚੋਂ ਮੁਰੀਦ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਰਿਹਾ ਵਖਾਈਆ। ਸ਼ਬਦ ਗਿਆਨ ਕਹੇ ਉਠ ਵੇਖ ਸੰਤ, ਤੇਰੇ ਨੇਤਰ ਦਿਆਂ ਵਖਾਈਆ। ਜਿਨ੍ਹਾਂ ਮਿਲਿਆ ਹਰਿ ਜੂ ਸਵਾਮੀ ਕੰਤ, ਪਤਿਪਰਮੇਸ਼ਵਰ ਬੇਪਰਵਾਹੀਆ। ਓਨ੍ਹਾਂ ਦੀ ਆਪ ਬਣਾਏ ਬਣਤ, ਘੜਨ ਭੰਨਣਹਾਰ ਵੇਖ ਵਖਾਈਆ। ਜਗਤ ਨੇਤਰ ਵੇਂਹਦੀ ਰਹਿ ਜਾਏ ਜੰਤ, ਜੀਵ ਸਮਝ ਕੋਇ ਨਾ ਪਾਈਆ। ਖੋਜ ਸਕੇ ਨਾ ਕੋਈ ਪੰਡਤ, ਚੌਦਾਂ ਵਿਦਿਆ ਦਏ ਦੁਹਾਈਆ। ਜਿਨ੍ਹਾਂ ਕਿਰਪਾ ਕਰੇ ਆਪ ਅੰਤ, ਅੰਤਸ਼ਕਰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਸ਼ਬਦ ਗਿਆਨ ਕਹੇ ਵੇਖ ਗੁਰਮੁਖ ਰੰਗ, ਕਲ ਅੰਤਮ ਅੰਤ ਚੜ੍ਹਾਈਆ। ਸਿਫ਼ਤ ਕਰੇ ਨਾ ਕੋਈ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਸਮਝਾਈਆ। ਸਾਚੇ ਸੰਤਾਂ ਕੋਲੋਂ ਪੁੱਛ ਅਨੰਦ, ਕੀ ਸਾਹਿਬ ਦਿਤਾ ਵਖਾਈਆ। ਜਿਨ੍ਹਾਂ ਦੀ ਆਤਮ ਲਈ ਗੰਢ, ਪਰਮਾਤਮ ਜੋੜ ਜੁੜਾਈਆ। ਉਹ ਸੁਹਾਗਣ ਹੋਈ ਰੰਡ, ਦੁਹਾਗਣ ਰੂਪ ਨਾ ਕੋਇ ਵਖਾਈਆ। ਆਸਾ ਮਨਸਾ ਪੂਰੀ ਹੋਈ ਮੰਗ, ਤ੍ਰਿਸਨਾ ਤ੍ਰਿਖਾ ਬੁਝਾਈਆ । ਘਰ ਪਰਕਾਸ਼ ਵੇਖਿਆ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਗਿਆਨ ਕਹੇ ਮੇਰਾ ਗਿਆਨ ਗੁੱਝਾ, ਗਿਆਨ ਵਿਚੋਂ ਗਿਆਨ ਪਰਗਟਾਈਆ। ਭੌ ਚੁਕਾਵਾਂ ਏਕਾ ਦੂਜਾ, ਦੂਈ ਦਵੈਤੀ ਡੇਰਾ ਢਾਹੀਆ। ਕਵਲ ਨਾਭ ਕਰਾਂ ਮੂਧਾ, ਊਂਧਾ ਕਰ ਕੇ ਝਿਰਨਾ ਦਿਆਂ ਝਿਰਾਈਆ। ਸਚ ਦੁਆਰ ਗੁਰਮੁਖ ਸੂਝਾ, ਜਿਨ੍ਹਾਂ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗਿਆਨ ਕਹੇ ਆਇਆ ਗਿਆਨ ਗਿਆਨ ਚੰਦ, ਚੰਦ ਚਾਂਦਨੀ ਨੈਣ ਸ਼ਰਮਾਈਆ। ਖ਼ੁਸ਼ੀ ਹੋਇਆ ਬੰਦ ਬੰਦ, ਬੰਦੀਖ਼ਾਨਾ ਦਿਤਾ ਤੁੜਾਈਆ। ਅੱਗੇ ਪਿਛੇ ਨੰਗੀ ਨਾ ਹੋਵੇ ਕੰਡ, ਏਥੇ ਓਥੇ ਦੋ ਜਹਾਨ ਸਹਾਈਆ । ਪ੍ਰੇਮ ਪਿਆਰ ਦਾ ਬਖ਼ਸ਼ ਅਨੰਦ, ਪ੍ਰੀਤੀ ਇਕੋ ਇਕ ਵਖਾਈਆ। ਜੁਗ ਜਨਮ ਦੀ ਵਿਛੜੀ ਆਤਮ ਪਰਮਾਤਮ ਲਈ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੇ ਤੰਦ ਬੰਧਾਈਆ। ਜਗਤ ਤ੍ਰਿਸਨਾ ਹਉਮੇ ਹੰਗਤਾ ਮਾਇਆ ਮਮਤਾ ਮੇਟ ਪਾਈ ਠੰਡ, ਬੂੰਦ ਸਵਾਂਤੀ ਮੁਖ ਚੁਆਈਆ। ਸਚ ਸਰੋਵਰ ਨੁਹਾਇਆ ਧੁਰ ਦੀ ਗੰਗ, ਜਮਨਾ ਸੁਰਸਤੀ ਗੋਦਾਵਰੀ ਬੈਠੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣਾ ਗਿਆਨ ਦਿਤਾ ਸਮਝਾਈਆ। ਜਿਸ ਪ੍ਰਭ ਦੇਵੇ ਆਪਣਾ ਗਿਆਨ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਸੋ ਅੰਤਰ ਆਤਮ ਪਰਮਾਤਮ ਕਰੇ ਪਰਵਾਨ, ਦੂਜਾ ਇਸ਼ ਨਾ ਕੋਇ ਮਨਾਇੰਦਾ। ਅੰਮ੍ਰਿਤ ਆਤਮ ਮੰਗੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸ਼ਬਦ ਗਿਆਨ ਜਗਤ ਉਹ, ਜੋ ਜੁਗ ਜੁਗ ਪੜ੍ਹਾਇੰਦਾ । ਕਲਜੁਗ ਅੰਤਮ ਸੋਹੰ ਸੋ, ਸਤਿਜੁਗ ਸੱਚਾ ਰਾਹ ਵਖਾਇੰਦਾ। ਕੂੜੀ ਕਿਰਿਆ ਨਾਲੋਂ ਕਰੇ ਨਿਰਮੋਹ, ਮੁਹਬੱਤ ਇਕੋ ਘਰ ਬੰਧਾਇੰਦਾ। ਸਚ ਪ੍ਰੀਤਮ ਨਾਲ ਜਾਏ ਛੋਹ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਭਗਤ ਭਗਵਾਨ ਇਕੋ ਰੂਪ ਜਾਵਣ ਹੋ, ਦੂਜਾ ਵੇਸ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮੰਤਰ ਇਕ ਸਮਝਾਇੰਦਾ। ਸਾਚਾ ਮੰਤਰ ਧੁਰ ਦਾ ਨੇਮ, ਹਰਿ ਕਰਤਾ ਆਪ ਜਣਾਈਆ। ਜਨ ਭਗਤਾਂ ਦੇਵੇ ਲਹਿਣਾ ਦੇਣ, ਵਸਤ ਅਮੋਲਕ ਝੋਲੀ ਪਾਈਆ। ਠਾਕਰ ਹੋ ਕੇ ਬਣੇ ਸਾਕ ਸੈਣ, ਅਬਿਨਾਸ਼ੀ ਹੋ ਕੇ ਧੁਰ ਦੀ ਸੇਵ ਕਮਾਈਆ। ਨਾਤਾ ਤੋੜ ਭਾਈ ਭੈਣ, ਲਿਵ ਅੰਤਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਸ਼ਬਦ ਗਿਆਨ, ਲੇਖ ਚੁਕਾਏ ਦੋ ਜਹਾਨ, ਪੈਂਡਾ ਮੁੱਕੇ ਜ਼ਿਮੀਂ ਅਸਮਾਨ, ਗਗਨ ਗਗਨੰਤਰ ਚਰਨਾਂ ਹੇਠ ਰਖਾਈਆ। ਗੁਰ ਕਾ ਗਿਆਨ ਜੋ ਗੁਰਮੁਖ ਪੜ੍ਹਦਾ, ਭਗਤੀ ਸਚ ਕਮਾਈਆ। ਪੌੜੇ ਪੌੜੇ ਆਪਣੇ ਚੜ੍ਹਦਾ, ਪਿਛਲਾ ਪੰਧ ਚੁਕਾਈਆ। ਸੁਖਮਣ ਟੇਢੀ ਬੰਕ ਕਦੇ ਨਾ ਅੜਦਾ, ਈੜਾ ਪਿੰਗਲ ਨੈਣ ਸ਼ਰਮਾਈਆ। ਸਚ ਸਰੋਵਰ ਸਾਚੇ ਤਰਦਾ, ਧੁਰ ਦੀ ਤਾਰੀ ਲਾਈਆ। ਬਜਰ ਕਪਾਟੀ ਪੜਦਾ ਸੜਦਾ, ਦੁਈ ਦਵੈਤੀ ਪਰੇ ਹਟਾਈਆ। ਆਪਣੇ ਘਰ ਵਿਚ ਆਪੇ ਵੜਦਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਦੀਪਕ ਜੋਤੀ ਇਕੋ ਜਗਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਪਲੰਘ ਰੰਗੀਲਾ ਸਾਚਾ ਸਚ ਦਾ, ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਸਾਹਿਬ ਸਤਿਗੁਰ ਬਾਹੋਂ ਫੜਦਾ, ਬਿਨ ਹੱਥਾਂ ਲਏ ਉਠਾਈਆ। ਹਰਿਜਨ ਆਪਣੀ ਗੋਦੀ ਧਰਦਾ, ਫੜ ਬਾਹੋਂ ਗਲੇ ਲਗਾਈਆ। ਲੇਖਾ ਦੱਸੇ ਫੇਰ ਅਗਲੇ ਘਰ ਦਾ, ਦਸਮ ਦਵਾਰੀ ਪਾਰ ਕਰਾਈਆ। ਸੁੰਨ ਅਗੰਮ ਚਰਨਾਂ ਹੇਠ ਰੱਖਦਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਕੁੰਡਾ ਲਾਹ ਕੇ ਥਿਰ ਘਰ ਦਾ, ਸਾਚਾ ਮੰਦਰ ਦਏ ਸੁਹਾਈਆ। ਮੇਲ ਮਿਲਾਏ ਆਪਣੇ ਪਿਰ ਦਾ, ਪ੍ਰੀਤਮ ਵਖਾਏ ਚਾਈਂ ਚਾਈਂਆ। ਜਿਸ ਨਾਲੋਂ ਵਿਛੜਿਆ ਚਿਰ ਦਾ, ਜੁਗ ਚੌਕੜੀ ਕਾਲ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗਿਆਨ ਨਾਲ ਮਿਲਾਈਆ। ਸ਼ਬਦ ਗਿਆਨ ਕਰੇ ਮਿਲਾਵਾ, ਮਿਲਣੀ ਹਰਿ ਜਗਦੀਸ ਕਰਾਇੰਦਾ । ਸ਼ਬਦ ਗੁਰੂ ਦਾ ਸ਼ਬਦੀ ਦਾਅਵਾ, ਝੂਠਾ ਖੇਲ ਨਾ ਕੋਇ ਵਖਾਇੰਦਾ। ਜਨ ਭਗਤਾਂ ਦਰਗਾਹ ਸਾਚੀ ਲਗਾ ਨਾਵਾਂ, ਘਰ ਸਾਚੇ ਆਪ ਬਹਾਇੰਦਾ । ਤਿਨ੍ਹਾਂ ਗੁਰਮੁਖਾਂ ਸਦਾ ਸਦਾ ਸਦ ਬਲ ਬਲ ਜਾਵਾਂ, ਜੋ ਆਪਣਾ ਘਰ ਵੇਖਣ ਆਇੰਦਾ। ਦੋਹਾਂ ਮਿਲਦੀਆਂ ਠੰਡੀਆਂ ਛਾਂਵਾਂ, ਸਾਹਿਬ ਸਵਾਮੀ ਸਿਰ ਆਪਣਾ ਹੱਥ ਟਿਕਾਇੰਦਾ। ਧੰਨ ਜਣੇਦੀਆਂ ਜਗਤ ਮਾਂਵਾਂ, ਜਿਨ ਕੁੱਖੀਂ ਭਗਤਾਂ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗਿਆਨ ਪਾਰ ਲੰਘਾਇੰਦਾ। ਸ਼ਬਦ ਗਿਆਨ ਉਤਰੇ ਪਾਰ, ਜਨ ਭਗਤ ਰਹੇ ਸੁਣਾਈਆ। ਕਬੀਰ ਜੁਲਾਹਾ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਰਵਦਾਸਾ ਵਾਜਾਂ ਰਿਹਾ ਮਾਰ, ਕੁਲਹੀਣ ਮਿਲੀ ਵਡਿਆਈਆ। ਭਗਤ ਵਛਲ ਗਿਰਵਰ ਗਿਰਧਾਰ, ਬਿਦਰ ਸੁਦਾਮੇ ਪਾਰ ਲੰਘਾਈਆ। ਧ੍ਰੂ ਪ੍ਰਹਿਲਾਦ ਉਤਰਿਆ ਪਾਰ, ਹਰਿ ਜੂ ਪੈਜ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰ, ਕਰਤਾ ਹੋ ਕੇ ਫੇਰਾ ਪਾਈਆ। ਚਾਰੋਂ ਕੁੰਟ ਨੌਂ ਖੰਡ ਸੱਤ ਦੀਪ ਵੇਖੇ ਵਿਗਸੇ ਵੇਖਣਹਾਰ, ਬਿਨ ਅੱਖਾਂ ਵੇਖ ਵਖਾਈਆ। ਕਾਗਦ ਕਲਮ ਨਾ ਲਿਖਣਹਾਰ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਸੰਤ ਸੁਹੇਲੇ ਆਪ ਉਭਾਰ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਦੂਰ ਦੁਰਾਡਾ ਨੇਰਨ ਨੇਰਾ ਕਰੇ ਖੇਲ ਅਪਾਰ, ਅਪਰੰਪਰ ਸਵਾਮੀ ਅੰਤਰ ਜਾਮੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗਿਆਨ ਗੁਰੂ ਗੁਰਦੇਵ ਆਦਿ ਜੁਗਾਦੀ ਅਲਖ ਅਭੇਵ ਆਪਣੇ ਚਰਨਾਂ ਨਾਲ ਰਖਾਈਆ। ਸ਼ਬਦ ਗੁਰੂ ਗੁਰਦੇਵ ਸਾਰੇ ਲੱਭਦੇ, ਲੱਭਿਆਂ ਹੱਥ ਕਿਸੇ ਨਾ ਆਈਆ। ਮੱਕੇ ਕਾਅਬੇ ਕਰਦੇ ਸੱਯਦੇ, ਦੋਏ ਜੋੜ ਵਾਸਤਾ ਪਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੂੰਹ ਦੇ ਭਾਰ ਢੱਠਦੇ, ਮਸਤਕ ਟਿੱਕਾ ਧੂੜੀ ਰਹੇ ਰਮਾਈਆ। ਤਟ ਤੀਰਥ ਸਰੋਵਰ ਪਾਣੀ ਠਰਦੇ, ਜੰਗਲ ਜੂਹ ਉਜਾੜ ਪਹਾੜ ਆਪਣਾ ਆਪ ਅਗਨੀ ਭੇਟ ਚੜ੍ਹਾਈਆ। ਬਿਨ ਸ਼ਬਦ ਗਿਆਨ ਕੋਈ ਨਾ ਵੇਖੇ ਤਰਦੇ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਵਿਦਿਆਵਾਨ ਵਿਦਿਆ ਵਿਚ ਵੇਖੇ ਰੁੜ੍ਹਦੇ, ਸਾਚੀ ਮੰਜ਼ਲ ਨਾ ਕੋਏ ਚੜ੍ਹਾਈਆ। ਏਹ ਖੇਲ ਅਗੰਮੀ ਗੁਰ ਦੇ, ਜੋ ਧੁਰ ਦੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਗਿਆਨ ਕਹੇ ਮੈਂ ਜੁਗ ਜੁਗ ਤਾਰਾਂ, ਜਨ ਭਗਤਾਂ ਦਿਆਂ ਵਡਿਆਈਆ। ਸ਼ਾਹ ਸੁਲਤਾਨਾਂ ਕੋਲੋਂ ਕਦੀ ਨਾ ਹਾਰਾਂ, ਖੰਡਾ ਖੜਗ ਭੈ ਨਾ ਕੋਇ ਵਖਾਈਆ। ਕਰ ਕਿਰਪਾ ਵਖਾਵਾਂ ਸੱਚਾ ਘਰਬਾਰਾ, ਜਿਸ ਦਰਬਾਰੇ ਬੈਠਾ ਬੇਪਰਵਾਹੀਆ। ਦੀਪਕ ਜੋਤੀ ਇਕ ਉਜਿਆਰਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਕਰ ਸਦਾ ਪਿਆਰਾ, ਪ੍ਰੇਮ ਪ੍ਰੀਤੀ ਵਿਚ ਬੰਧਾਈਆ, ਗਿਆਨਾਂ ਵਿਚੋਂ ਗਿਆਨ ਬਾਹਰਾ, ਧਿਆਨਾਂ ਵਿਚੋਂ ਧਿਆਨ ਜ਼ਾਹਰਾ, ਹਾਜ਼ਰ ਹਜ਼ੂਰ ਹੋ ਕੇ ਦਿਆਂ ਵਡਿਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਕਾ ਸੁਤ ਦੁਲਾਰਾ, ਦੂਲ੍ਹੋ ਦੂਲ੍ਹਾ ਵੇਖ ਵਖਾਈਆ। ਕਲਜੁਗ ਗਿਆਨ ਕੀ ਕਰੇ ਵਿਚਾਰਾ, ਦੂਰ ਦੁਰਾਡਾ ਬੈਠਾ ਗੁਰਮੁਖਾਂ ਕੋਲੋਂ ਆਪਣਾ ਨੈਣ ਰਿਹਾ ਸ਼ਰਮਾਈਆ। ਜਿਸ ਵੇਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਣੇ ਜੈਕਾਰਾ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਆਪੇ ਆਪਣੀ ਖੇਲ ਵਖਾਈਆ।
G17L001 ੨੦ ਜੇਠ ੨੦੨੧ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਖ਼ੈਰੋਵਾਲੀ harbani
- Post category:Written Harbani Granth 17