G17L2.੨੧ ਜੇਠ ੨੦੨੧ ਬਿਕ੍ਰਮੀ ਬੀਬੀ ਰਾਮ ਕੌਰ ਛੰਬ ਖ਼ੈਰੋਵਾਲੀ

ਨਿਰਗੁਣ ਰੂਪ ਲੱਭਦੇ ਰਾਮ, ਰਮਤਾ ਹੋਈ ਜਗਤ ਲੋਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਖੋਜਦੇ ਗਰਾਮ, ਗਾਂਵ ਗਾਂਵ ਦੇਣ ਦੁਹਾਈਆ। ਸਰ ਸਰੋਵਰ ਤੀਰਥ ਤਟ ਨਦੀਆਂ ਨਾਲੇ ਕਰਨ ਅਸ਼ਨਾਨ, ਦੂਰ ਦੁਰਾਡੇ ਚਲ ਚਲ ਪਾਂਧੀ ਰਾਹੀਆ। ਰਸਨਾ ਜਿਹਵਾ ਬੱਤੀ ਦੰਦ ਮੰਤਰ ਪੜ੍ਹਨ ਕਲਾਮ, ਦਿਵਸ ਰੈਣ ਧਿਆਨ ਲਗਾਈਆ। ਜੰਗਲ ਜੂਹ ਉਜਾੜ ਪਹਾੜਾਂ ਫਿਰਦੇ ਬੀਆ ਬਾਨ, ਡੂੰਘੀ ਕੰਦਰ ਆਸਣ ਲਾਈਆ। ਅਗਨੀ ਤਪ ਪੂਜਾ ਕਰਦੇ ਪਵਣ ਪਾਣੀ ਮਸਾਣ, ਤਨ ਖ਼ਾਕੀ ਖ਼ਾਕ ਰਮਾਈਆ। ਸਿਲ ਪਾਹਨ ਖੋਜਦੇ ਫਿਰਨ ਭਗਵਾਨ, ਇੱਟਾਂ ਪੱਥਰ ਧਿਆਨ ਲਗਾਈਆ। ਚਾਰੋਂ ਕੁੰਟ ਭੱਜਣ ਅੰਞਾਣ, ਵਿਦਵਾਨ ਨੱਠਣ ਵਾਹੋ ਦਾਹੀਆ। ਪੜ੍ਹ ਪੜ੍ਹ ਥੱਕੀ ਜਗਤ ਜ਼ਬਾਨ, ਜਿਹਵਾ ਆਪਣਾ ਬਲ ਲਗਾਈਆ। ਜਗਤ ਨਿਸ਼ਾਨੇ ਬਣੌਂਦੇ ਗਏ ਸ਼ਾਹ ਸੁਲਤਾਨ, ਮਾਇਆ ਮਮਤਾ ਸੰਗ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਿਨ ਭਗਤਾਂ ਕਿਸੇ ਹੱਥ ਨਾ ਆਇਆ ਰਾਮ, ਨੇਤਰ ਦਰਸ ਕੋਇ ਨਾ ਪਾਈਆ। ਰਾਮ ਲੱਭ ਲੱਭ ਸਾਰੇ ਥੱਕੇ, ਥਕਾਵਟ ਵਿਚ ਲੋਕਾਈਆ। ਪੁਸਤਕ ਪੜ੍ਹ ਪੜ੍ਹ ਸਾਰੇ ਅੱਕੇ, ਰਸਨਾ ਹੋਈ ਹਲਕਾਈਆ। ਪਾਂਧੀ ਬਣ ਬਣ ਫਿਰੇ ਮਦੀਨੇ ਮੱਕੇ, ਸੱਯਦਾ ਕਰ ਕਰ ਸੀਸ ਨਿਵਾਈਆ। ਮੰਦਰ ਮਸਜਿਦ ਸਾਰੇ ਕੀਤੇ ਰੱਟੇ, ਅੰਤਰ ਵੜ ਵੜ ਵੇਖ ਵਖਾਈਆ। ਗੁਰੂਦਵਾਰ ਕਿਸੇ ਨਾ ਲਭੇ, ਉਚੇ ਮੰਦਰ ਦੇਣ ਦੁਹਾਈਆ। ਸਾਰੇ ਵੇਖਣ ਸੱਜੇ ਖੱਬੇ, ਅੱਗੇ ਪਿਛੇ ਧਿਆਨ ਲਗਾਈਆ। ਜਗਤ ਰੀਤੀ ਨਾਲ ਬੱਧੇ, ਸਮਾਜ ਕਰੀ ਕੁੜਮਾਈਆ। ਦਿਵਸ ਰੈਣ ਫਿਰਨ ਭੱਜੇ, ਸੁਖ ਚੈਨ ਨਜ਼ਰ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਬਿਨ ਭਗਤਾਂ ਰਾਮ ਕਿਸੇ ਨਾ ਲੱਭੇ, ਸਨਮੁਖ ਹੋ ਕੇ ਦਰਸ ਕੋਏ ਨਾ ਪਾਈਆ। ਲੱਭਦੇ ਫਿਰਦੇ ਅਗੰਮੀ ਰਾਮ, ਅੰਦਰ ਵੜ ਵੜ ਧਿਆਨ ਲਗਾਈਆ। ਭੰਗ ਧਤੂਰਾ ਪੀ ਕੇ ਜਾਮ, ਮਦਿਰਾ ਪਾਨ ਕਰਾਈਆ। ਪੋਸਤ ਭੰਗੀ ਪੀਵਣ ਖਾਣ, ਸੁਰਤੀ ਸੁਰਤ ਭੁਲਾਈਆ। ਨੇਤਰ ਬੰਦ ਕਰ ਕਰਨ ਧਿਆਨ, ਰਸਨਾ ਜਿਹਵਾ ਨਾ ਕੋਏ ਹਿਲਾਈਆ। ਸੁੰਨ ਸਮਾਧੀ ਲਾ ਬਹਿਣ ਅੰਞਾਣ, ਜਗਤ ਪੜਦਾ ਰਹੇ ਪਾਈਆ। ਮਸਲਾ ਪੜ੍ਹ ਪੜ੍ਹ ਅੰਜੀਲ ਕੁਰਾਨ, ਅਸਲਾ ਸਚ ਨਾ ਕੋਇ ਸਮਝਾਈਆ। ਇਸ਼ਟ ਦੇਵ ਲੱਭਦੇ ਫਿਰਨ ਅਮਾਮ, ਈਮਾਨ ਆਪਣਾ ਇਕ ਬਣਾਈਆ। ਧੁਰ ਸੰਦੇਸੇ ਸੁਣਦੇ ਰਹੇ ਪੈਗਾਮ, ਅੰਦੇਸ਼ਾ ਸਕੇ ਨਾ ਕੋਇ ਚੁਕਾਈਆ। ਨਿਤ ਨਵਿਤ ਬਿਨ ਭਗਤਾਂ ਕਿਸੇ ਨਾ ਮਿਲਿਆ ਰਾਮ, ਘਰ ਸੱਜਣ ਮੇਲ ਨਾ ਕੋਇ ਮਿਲਾਈਆ। ਲੱਭਦੇ ਫਿਰਦੇ ਰਾਮ ਅਬਿਨਾਸ਼ੀ, ਚਾਰੋਂ ਕੁੰਟ ਧਿਆਨ ਲਗਾਈਆ। ਕੋਏ ਨਾ ਬਣੇ ਸੱਚੀ ਦਾਸੀ, ਸੇਵਾ ਹੱਕ ਨਾ ਕੋਇ ਕਮਾਈਆ। ਪੰਡਤ ਪੜ੍ਹ ਪੜ੍ਹ ਥੱਕੇ ਕਾਸ਼ੀ, ਵਿਦਿਆ ਨਾਲ ਵਡਿਆਈਆ। ਮੁੱਲਾ ਮਸਾਇਕ ਸ਼ੇਖ਼ ਕਹਿਣ ਅੰਜੀਲ ਕੁਰਾਸ਼ੀ, ਕੁਰਾਨ ਕੁਤਬ ਦਏ ਬਣਾਈਆ। ਗ੍ਰੰਥੀ ਕਹਿਣ ਰਸਨਾ ਜਿਹਵਾ ਪੜ੍ਹਿਆਂ ਬੰਦ ਖ਼ੁਲਾਸੀ, ਬੰਦੀ ਖ਼ਾਨਾ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਕੋਈ ਨਾ ਮੇਟੇ ਉਦਾਸੀ, ਸਾਂਤਕ ਸਤਿ ਨਾ ਕੋਏ ਵਖਾਈਆ। ਰਾਏ ਧਰਮ ਕੱਟੇ ਕੋਏ ਨਾ ਫਾਸੀ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਸਾਚੇ ਮੰਡਲ ਨਜ਼ਰ ਨਾ ਆਏ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਨਾ ਕੋਏ ਨਚਾਈਆ। ਮਾਇਆ ਮਮਤਾ ਹਉਮੇ ਹੰਗਤਾ ਸਾਧਾਂ ਸੰਤਾਂ ਨਾਤਾ ਬਣਿਆ ਮਾਮੀ ਫੁੱਫੀ ਮਾਸੀ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਪੜਦੇ ਓਹਲੇ ਲੱਭਦੇ ਫਿਰਦੇ ਉਪਰ ਆਕਾਸ਼ੀ, ਆਕਾਸ਼ਾਂ ਵਾਲਾ ਸਮਝ ਕਿਸੇ ਨਾ ਆਈਆ। ਸੰਝ ਸਵੇਰੇ ਦਿਵਸ ਰਾਤੀ ਠੱਗੀ ਚੋਰੀ ਜਗਤ ਕਰਨ ਬਦਮਾਸ਼ੀ, ਬਦੀ ਵਿਚੋਂ ਨੇਕੀ ਰੂਪ ਨਾ ਕੋਏ ਬਦਲਾਈਆ। ਬਿਨ ਹਰਿ ਭਗਤਾਂ ਧੁਰ ਦਾ ਰਾਮ ਕਿਸੇ ਨਾ ਬਣਿਆ ਸਾਥੀ, ਸਗਲਾ ਸੰਗ ਨਾ ਕੋਏ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰਾ ਸਾਚੀ ਰਾਖੀ, ਸਿਰ ਆਪਣਾ ਹੱਥ ਟਿਕਾਈਆ। ਸੱਚਾ ਰਾਮ ਲੱਭਦੇ ਜੰਗਲ ਜੂਹ, ਉਜਾੜ ਪਹਾੜਾਂ ਫੇਰਾ ਪਾਈਆ। ਪੁੱਠੇ ਲਟਕੇ ਵਿਚ ਵੈਰਾਨੀ ਖੂਹ, ਆਪਣਾ ਆਪ ਮਿਟਾਈਆ। ਪਾਕ ਕਰਦੇ ਬੁੱਤ ਰੂਹ, ਰਹਿਮਤ ਇਕ ਤਕਾਈਆ। ਨਾਅਰਾ ਸੁਣਦੇ ਹੱਕ ਹੂ, ਹਕੀਕਤ ਖੋਜ ਖੋਜਾਈਆ। ਨੇਤਰ ਰੋਂਦੇ ਬਾਲ ਧ੍ਰੂ, ਬੈਠੇ ਧਿਆਨ ਲਗਾਈਆ। ਨਾਦ ਵਜੌਂਦੇ ਤੂੰਹੀ ਤੂੰ, ਸੂਫ਼ੀ ਰਾਗ ਅਲਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਚੇ ਭਗਤਾਂ ਉਜਲ ਕਰਕੇ ਮੁਖ ਮੂੰਹ, ਮੁਹੱਬਤ ਆਪਣੇ ਨਾਲ ਰਖਾਈਆ। ਸੱਚਾ ਰਾਮ ਹਰਿਜਨ ਸਾਚੇ ਤੇਰੀ ਕੱਢੇ ਆਪੇ ਸੂਹ, ਖੋਜੀ ਹੋ ਕੇ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਸੱਚਾ ਰਾਮ ਕਹੇ ਮੈਂ ਲੱਭਿਆਂ ਕਿਸੇ ਨਾ ਲੱਭਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਲੇਖਾ ਜਾਣਾਂ ਲੱਖ ਚੁਰਾਸੀ ਜੀਵ ਜੰਤ ਸਭ ਦਾ, ਭੁੱਲਿਆ ਰਹਿਣ ਕੋਏ ਨਾ ਪਾਈਆ। ਜਿਸ ਵੇਲੇ ਮੇਰਾ ਨਾਮ ਜਗਤ ਜੀਵ ਜਹਾਨ ਭੁੱਲਦਾ, ਹਉਮੇ ਗੜ੍ਹ ਬਣਾਈਆ। ਓਸ ਵੇਲੇ ਮੈਨੂੰ ਚੇਤਾ ਆਵੇ ਆਪਣੀ ਕੁਲ ਦਾ, ਜਿਸ ਕੁਲ ਵਿਚੋਂ ਭਗਤ ਲਵਾਂ ਪਰਗਟਾਈਆ। ਓਥੇ ਲੇਖ ਨਹੀਂ ਕੋਈ ਕੀਮਤ ਮੁੱਲ ਦਾ, ਪੈਸਾ ਟਕਾ ਨਾ ਕੋਏ ਵਡਿਆਈਆ। ਆਪਣੇ ਤੋਲ ਤਰਾਜ਼ੂ ਸਾਚੇ ਤੁਲਦਾ, ਨਾਮ ਕੰਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਰਾਮ ਕਹੇ ਮੈਂ ਸੱਚਾ ਖੋਜੀ, ਜੁਗ ਜੁਗ ਵੇਖ ਵਖਾਇੰਦਾ। ਸਦਾ ਸਦਾ ਮੈਂ ਪ੍ਰੀਤਮ ਚੋਜੀ, ਸੋਹਣੇ ਚੋਜ ਕਰਾਇੰਦਾ। ਬਿਨ ਮੇਰੀ ਕਿਰਪਾ ਮੇਰੀ ਕਿਸੇ ਨਾ ਆਵੇ ਸੋਝੀ, ਸੋਚ ਸਮਝ ਸਭ ਦੀ ਆਪ ਭੁਲਾਇੰਦਾ। ਮੈਂਨੂੰ ਕੋਈ ਨਾ ਜਾਣੇ ਗਿਆਨੀ ਬੋਧੀ, ਗਿਆਨਵਾਨਾਂ ਮੁਖ ਭਵਾਇੰਦਾ। ਮੈਨੂੰ ਜਾਣੇ ਉਹ ਜੋ ਮੇਰੇ ਪ੍ਰੇਮ ਦਾ ਰੋਗੀ, ਜਿਸ ਦੇ ਅੰਦਰ ਬਿਰਹੋਂ ਦਰਦ ਵਖਾਇੰਦਾ। ਉਹ ਜਗਤ ਬਾਹਰ ਦਾ ਬਣ ਵਜੋਗੀ, ਭਗਤ ਪਿਆਰ ਵਧਾਇੰਦਾ। ਮੈਂ ਉਸ ਦਾ ਧੁਰ ਸੰਜੋਗੀ, ਜੁਗ ਵਿਛੜੇ ਮੇਲ ਮਿਲਾਇੰਦਾ। ਬੇਸ਼ਕ ਲੱਭਦੇ ਕੋਟਨ ਕੋਟੀ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਗੁਰਮੁਖੋ ਵੇਖੋ ਚੜ੍ਹਕੇ ਬੈਠਾ ਚੋਟੀ, ਦਿਵਸ ਰੈਣ ਸੋਭਾ ਪਾਇੰਦਾ। ਜਗਤ ਵਾਸਨਾ ਕੱਢ ਕੇ ਖੋਟੀ, ਅੰਤਰ ਆਤਮ ਸੋਹਲਾ ਸੋਹੰ ਸੋ ਸਮਝਾਇੰਦਾ। ਏਹੋ ਮੇਰੀ ਅਗੰਮੀ ਜੋਤੀ, ਜੋਤਾਂ ਵਿਚੋਂ ਜੋਤ ਗੁਰਮੁਖ ਡਗਮਗਾਇੰਦਾ। ਰਾਮ ਭੁੱਖਾ ਨਹੀਂ ਕਿਸੇ ਦਾਲ ਰੋਟੀ, ਦੇਵਣਹਾਰਾ ਸਰਬ ਅਖਵਾਇੰਦਾ। ਉਸ ਦੀ ਪ੍ਰੀਤ ਸਭ ਤੋਂ ਉੱਤਮ ਸਭ ਤੋਂ ਬਹੁਤੀ, ਸਭ ਤੋਂ ਚੰਗੀ ਆਪ ਸਮਝਾਇੰਦਾ। ਗੁਰਮੁਖ ਸੁਰਤੀ ਰਹੇ ਨਾ ਸੋਤੀ, ਜਿਸ ਸੋਈ ਕਰ ਕਿਰਪਾ ਆਪ ਉਠਾਇੰਦਾ। ਸੱਚਾ ਰਾਮ ਜਨ ਭਗਤ ਬਣਾਏ ਮਾਣਕ ਮੋਤੀ, ਲਾਲ ਜਵਾਹਰ ਇਕੋ ਰੰਗ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਿਨ੍ਹਾਂ ਅੰਦਰੋਂ ਮੈਲ ਧੋਤੀ, ਤਿਨ੍ਹਾਂ ਬਾਹਰੋਂ ਨਜ਼ਰੀ ਆਇੰਦਾ।