Granth 17Likhat 005 ੨੧ ਜੇਠ ੨੦੨੧ ਬਿਕ੍ਰਮੀ ਬੀਬੀ ਸ਼ਾਹਣੀ ਦੇ ਗ੍ਰਹਿ ਮਲਕ ਕੈਂਪ harbani

ਨਾਮ ਕਹੇ ਮੇਰਾ ਲੱਭਦੇ ਸਰੂਪ, ਡੂੰਘੀ ਭਵਰ ਧਿਆਨ ਲਗਾਈਆ। ਨਾਮ ਕਹੇ ਮੈਨੂੰ ਲੱਭਦੇ ਕੂਟ, ਉੱਤਰ ਪੂਰਬ ਪੱਛਮ ਦੱਖਣ ਖੋਜ ਖੋਜਾਈਆ। ਨਾਮ ਕਹੇ ਮੇਰੀ ਪ੍ਰੀਤੀ ਅੰਦਰ ਰਹੇ ਝੂਜ, ਆਪਣਾ ਆਪ ਮਿਟਾਈਆ। ਨਾਮ ਕਹੇ ਮੇਰੀ ਬੁੱਧੀ ਨਾਲ ਪਾਉਂਦੇ ਸੂਝ, ਪੜ੍ਹ ਪੜ੍ਹ ਖੋਜ ਖੋਜਾਈਆ। ਨਾਮ ਕਹੇ ਮੇਰੇ ਪਿਛੇ ਮਿਟੌਂਦੇ ਏਕਾ ਦੂਜ, ਦੋਆ ਭੌ ਨਾ ਕੋਏ ਰਖਾਈਆ। ਕਿਸੇ ਹੱਥ ਨਾ ਆਏ ਮੇਰਾ ਸਤਿ ਸਰੂਪ, ਅਨੂਪ ਸਕੇ ਨਾ ਕੋਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਬਣਾਈਆ। ਨਾਮ ਕਹੇ ਮੈਨੂੰ ਕੋਈ ਨਾ ਸਕੇ ਜਾਣ, ਬੁੱਧੀ ਸਮਝ ਕੋਏ ਨਾ ਆਈਆ। ਨਾ ਬੁੱਢਾ ਨਾ ਬਾਲ ਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਮੰਦਰ ਵਸਾਂ ਨਾ ਕਿਸੇ ਮਕਾਨ, ਛੱਪਰ ਛੰਨ ਨਾ ਡੇਰਾ ਲਾਈਆ। ਨਾ ਤੀਰਥ ਤਟ ਨਾ ਵਿਕਾਂ ਦੁਕਾਨ, ਕੀਮਤ ਹੱਟ ਨਾ ਕੋਏ ਚੁਕਾਈਆ। ਰੂਪ ਰੰਗ ਨਾ ਕੋਇ ਨਿਸ਼ਾਨ, ਇਸ਼ਾਰੇ ਨਾਲ ਨਾ ਕੋਇ ਵਖਾਈਆ। ਮੈਨੂੰ ਲੱਭਣ ਵਾਲੇ ਸਾਰੇ ਹੋਏ ਅਣਜਾਣ, ਬਾਲੀ ਬੁੱਧ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ। ਨਾਮ ਕਹੇ ਮੈਨੂੰ ਸਾਰੇ ਜਪਦੇ, ਰਸਨਾ ਜਿਹਵਾ ਅੱਖਰਾਂ ਜੋੜ ਜੁੜਾਈਆ। ਬਿਰਹੋਂ ਵਿਛੋੜੇ ਅੰਦਰ ਮਰਦੇ, ਵੈਰਾਗੀ ਰੂਪ ਵਟਾਈਆ। ਅਗਨੀ ਹਵਨ ਤਪ ਤਪ ਸੜਦੇ, ਚੰਮ ਮਾਟੀ ਰਹੇ ਜਲਾਈਆ। ਅੰਦਰ ਬਾਹਰ ਫਿਰਦੇ ਡਰਦੇ, ਭੌ ਭੈ ਸਿਰ ਟਿਕਾਈਆ। ਮਨ ਵਾਸਨਾ ਨਾਲ ਲੜਦੇ, ਆਪਣਾ ਬਲ ਪਰਗਟਾਈਆ। ਡੂੰਘੀ ਕੰਦਰ ਨੀਵੇਂ ਹੋ ਕੇ ਵੜਦੇ, ਟਿੱਲੇ ਪਰਬਤ ਬਹਿ ਬਹਿ ਬੈਠੇ ਧਿਆਨ ਲਗਾਈਆ। ਜਲ ਧਾਰਾ ਠੰਡੇ ਪਾਣੀ ਅੰਦਰ ਠਰਦੇ, ਓਢਣ ਨਜ਼ਰ ਕੋਏ ਨਾ ਆਈਆ। ਸਚ ਪੁੱਛੋ ਏਹ ਸਾਰੇ ਖਪ ਖਪ ਮਰਦੇ, ਮੇਰੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਨਾਮ ਕਹੇ ਮੇਰਾ ਰੂਪ ਸਤਿਗੁਰ, ਸਤਿ ਪੁਰਖ ਨਿਰੰਜਣ ਬਣਤ ਬਣਾਈਆ। ਜਿਨ੍ਹਾਂ ਮੇਲ ਮਿਲਾਏ ਆ ਕੇ ਧੁਰ, ਧਰਨੀ ਧਰਤ ਧਵਲ ਦਏ ਵਡਿਆਈਆ । ਉਹ ਬਿਨ ਖੋਜਿਆਂ ਬਿਨ ਲੱਭਿਆਂ ਮੇਰੇ ਨਾਲ ਗਏ ਜੁੜ, ਪ੍ਰੀਤੀ ਸਚ ਸਚ ਰਖਾਈਆ। ਸਤਿਗੁਰ ਫ਼ਰਮਾਨ ਮੇਰੀ ਸੁਰ, ਸਤਿਗੁਰ ਆਸਾ ਧੁਰ ਦਾ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਚ ਰੂਪ ਸਮਝਾਈਆ। ਮੇਰਾ ਰੂਪ ਸਤਿਗੁਰ ਪ੍ਰੀਤ, ਧੁਰ ਦਾ ਨਾਮ ਰਿਹਾ ਜਣਾਈਆ। ਆਦਿ ਜੁਗਾਦੀ ਏਹੋ ਰੀਤ, ਜਨ ਭਗਤਾਂ ਦਿਤੀ ਸਮਝਾਈਆ। ਓਨ੍ਹਾਂ ਨਾਤਾ ਤੁੱਟੇ ਮੰਦਰ ਮਸੀਤ, ਆਵਣ ਜਾਵਣ ਚੁੱਕੇ ਲੋਕਾਈਆ। ਉਹ ਇਕੋ ਢੋਲਾ ਗੌਂਦੇ ਗੀਤ, ਪਾਰਬ੍ਰਹਮ ਬੇਪਰਵਾਹੀਆ। ਮੈਂ ਓਨ੍ਹਾਂ ਸਦਾ ਮੀਤ, ਜੋ ਸਾਹਿਬ ਮੇਰੇ ਭਾਈਆ। ਜੋਤੀ  ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੋਹਣਾ ਰੂਪ ਬਣਾਈਆ। ਮੇਰਾ ਰੂਪ ਸਤਿਗੁਰ ਪ੍ਰੇਮ, ਪ੍ਰੇਮੀਆਂ ਨਜ਼ਰੀ ਆਇੰਦਾ। ਗੋਬਿੰਦ ਦੱਸ ਕੇ ਗਿਆ ਉਤੇ ਹੇਮ, ਕੁੰਟ ਵੰਡ ਨਾ ਕੋਏ ਵੰਡਾਇੰਦਾ। ਜਿਸ ਦਾ ਇਕੋ ਸੱਚਾ ਨੇਮ, ਸਿਰਫ਼ ਪੁਰਖ ਅਕਾਲ ਧਿਆਇੰਦਾ। ਉਸ ਦਾ ਓਹੋ ਆਖ਼ਰ ਨੈਣ, ਜਿਸ ਨੈਣ ਵਿਚੋਂ ਮੇਲ ਮਿਲਾਇੰਦਾ। ਕਬੀਰ ਜੁਲਾਹੇ ਵਰਗੇ ਉਚੇ ਟਿੱਲੇ ਚੜ੍ਹ ਕੇ ਕਹਿਣ, ਧੁਰ ਦਾ ਰਾਗ ਅਲਾਇੰਦਾ । ਜਿਨ੍ਹਾਂ ਮਿਲਿਆ ਪਾਰਬ੍ਰਹਮ ਪ੍ਰਭ ਸਾਕ ਸੱਜਣ ਸੈਣ, ਓਨ੍ਹਾਂ ਅੰਤਰ ਆਪਣਾ ਪ੍ਰੇਮ ਨਾਮ ਰੂਪ ਪਰਗਟਾਇੰਦਾ। ਏਹੋ ਨਾਮ ਸੱਚਾ ਸਾਕ ਸੱਜਨ ਸੈਣ, ਜੋ ਸਤਿਗੁਰ ਬਖ਼ਸ਼ਿਸ਼ ਕਰ ਕੇ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਨਾਮ ਕਹੇ ਮੈਂ ਪ੍ਰੇਮੀ ਜੋਤ, ਹਰਿ ਸਤਿਗੁਰ ਨੂਰ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਰੂਪ ਰੰਗ ਰੇਖ ਨਾ ਕੋਏ ਵਖਾਈਆ। ਨਾ ਕੋਈ ਨਗਾਰਾ ਨਾ ਕੋਈ ਚੋਟ, ਤਾਲ ਤਲਵਾੜਾ ਨਾ ਕੋਏ ਜਣਾਈਆ। ਨਾ ਕੋਈ ਸਮਝ ਨਾ ਕੋਈ ਸੋਚ, ਇਸ਼ਾਰਾ ਦੇ ਨਾ ਕੋਈ ਉਠਾਈਆ। ਨਾ ਕੋਈ ਪਿੰਡ ਗ੍ਰਹਿ ਨਾ ਵਸਾਂ ਕਿਸੇ ਲੋਕ, ਦੋ ਜਹਾਨ ਸਮਝ ਕੋਇ ਨਾ ਪਾਈਆ। ਜਿਸ ਸਾਹਿਬ ਸਤਿਗੁਰ ਜੁਗ ਜੁਗ ਆਪਣਾ ਦੱਸੇ ਸਚ ਸਲੋਕ, ਸੋ ਮੇਰਾ ਰੂਪ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਨਾਮ ਕਹੇ ਮੈਂ ਸਤਿਗੁਰ ਆਸਾ, ਆਸ਼ਾ ਵਿਚੋਂ ਤ੍ਰਿਸਨਾ ਇਕ ਵਧਾਈਆ। ਜਿਨ੍ਹਾਂ ਪ੍ਰਭੂ ਚਰਨ ਕਵਲ ਦੇਵੇ ਭਰਵਾਸਾ, ਧੁਰ ਦੀ ਪ੍ਰੀਤ ਰਖਾਈਆ। ਮੈਂ ਓਨ੍ਹਾਂ ਦਾਸੀ ਦਾਸਾ, ਬਿਨ ਸੱਦਿਆ ਘਰ ਘਰ ਜਾ ਜਾ ਸੇਵ ਕਮਾਈਆ। ਸਚਖੰਡ ਦਾ ਵਖਾਵਾਂ ਸਚ ਤਮਾਸ਼ਾ, ਮੰਡਲ ਰਾਸੀ ਰਾਸ ਰਚਾਈਆ। ਸਚ ਨਾਮ ਜਨ ਭਗਤ ਸਦਾ ਪਛਾਤਾ, ਜਿਨ੍ਹ ਹਰਿ ਜੂ ਬੂਝ ਬੁਝਾਈਆ। ਬਾਕੀ ਸ੍ਰਿਸ਼ਟੀ ਰਸਨਾ ਗੀਤ ਕਰ ਕੇ ਗੌਂਦੀ ਗਾਥਾ, ਰਾਗਾਂ ਨਾਦਾਂ ਵਿਚ ਆਪਣੇ ਮਨ ਦੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਇਕੋ ਜਾਤਾ, ਜਿਸ ਜ਼ਾਤ ਵਿਚੋਂ ਆਪਣੀ ਜ਼ਾਤ ਗੁਰਮੁਖ ਲਏ ਬਣਾਈਆ।