ਸੱਤ ਰੰਗ ਕਹੇ ਮੇਰੀ ਜੁਗ ਜੁਗ ਮੰਗ, ਬੈਠੇ ਸਾਰੇ ਧਿਆਨ ਲਗਾਈਆ। ਕੌਣ ਵੇਲਾ
ਪ੍ਰਭ ਚਾੜ੍ਹੇ ਰੰਗ, ਰੰਗਤ ਆਪਣੀ ਦਏ ਵਖਾਈਆ। ਵਜੇ ਵਧਾਈ ਵਿਚ ਵਰਭੰਡ, ਬ੍ਰਹਿਮੰਡ ਖ਼ੁਸ਼ੀ ਮਨਾਈਆ। ਸੀਸ ਨਿਵਾਵਣ ਸੂਰਜ ਚੰਦ, ਮੰਡਲ ਮੰਡਪ ਆਪਣੀ ਸੇਵ ਕਮਾਈਆ। ਕਰੇ ਖੇਲ ਆਪ ਬਖ਼ਸ਼ੰਦ, ਬਖ਼ਸ਼ਿਸ਼ ਮਿਹਰ ਇਕ ਵਰਤਾਈਆ। ਕਲਜੁਗ ਕੂੜੀ ਕਿਰਿਆ ਮੁਕ ਜਾਏ ਪੰਧ, ਸਤਿਜੁਗ ਸਾਚੀ ਧਾਰ ਬੰਧਾਈਆ। ਜਨ ਭਗਤਾਂ ਭੇਵ ਖੁਲ੍ਹਾਵੇ ਹੰ ਬ੍ਰਹਮ, ਪਾਰਬ੍ਰਹਮ ਦਏ ਜਣਾਈਆ। ਚਾਰ ਵਰਨ ਬਣਾਏ ਇਕ ਧਰਮ, ਸਾਚਾ ਵਰਨ ਸਤਿ ਸਰਨਾਈਆ। ਸੰਤ ਸੁਹੇਲੇ ਆਵੇ ਫੜਨ, ਨਿਰਗੁਣ ਹੋ ਕੇ ਵੇਸ ਵਟਾਈਆ। ਗੁਰਮੁਖਾਂ ਅੰਦਰ ਆਵੇ ਵੜਨ, ਪੜਦਾ ਓਹਲਾ ਆਪ ਚੁਕਾਈਆ । ਸਾਚੀ ਸੇਜਾ ਆਵੇ ਚੜ੍ਹਨ, ਸਚ ਸਿੰਘਾਸਣ ਖ਼ੁਸ਼ੀ ਮਨਾਈਆ। ਸਾਚਾ ਢੋਲਾ ਆਵੇ ਪੜ੍ਹਨ, ਧੁਰ ਦਾ ਰਾਗ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੱਤ ਰੰਗ ਕਹੇ ਮੇਰੀ ਜੁਗ ਜੁਗ ਦੀ ਉਡੀਕ, ਘੜੀਆਂ ਪਲ ਧਿਆਨ ਲਗਾਈਆ। ਕਈਆਂ ਸਦੀਆਂ ਦੀ ਸਦੀਆਂ ਵਿਚੋਂ ਬਦਲਕੇ ਰੀਤ, ਤਾਰੀਖ਼ ਤਵਾਰੀਖ਼ ਲਿਖ ਲਿਖ ਲੇਖਾ ਕ਼ਲਮ ਸ਼ਾਹੀਆ। ਧੰਨ ਸੋ ਵੇਲਾ ਮੇਰਾ ਜਾਗੇ ਭਾਗ ਨਸੀਬ, ਹਰਿ ਸਤਿਗੁਰ ਵੇਖ ਵਖਾਈਆ। ਸਾਨੂੰ ਜੜਕੇ ਨਾਲ ਤਰਤੀਬ, ਸਚ ਦਾ ਮੇਲਾ ਦਿਤਾ ਮਿਲਾਈਆ। ਇਕ ਪਾਤਸ਼ਾਹ ਇਕ ਵਜ਼ੀਰ, ਚਾਰ ਜੁਗ ਦੇਣ ਗਵਾਹੀਆ। ਸੱਤਵਾਂ ਸਭ ਦਾ ਮਾਲਕ ਅਖ਼ੀਰ, ਜੋ ਹੁਕਮ ਵਿਚ ਰਖਾਈਆ। ਸੱਤਾਂ ਦੀ ਸਾਢੇ ਤਿੰਨ ਹੱਥ ਦੀ ਸੋਹਣੀ ਬਣੀ ਤਸਵੀਰ, ਜੋ ਅਗੰਮੜਾ ਰੰਗ ਰਹੀ ਚਮਕਾਈਆ। ਨਾ ਕੋਈ ਸ਼ਰਅ ਰਹੀ ਜ਼ੰਜੀਰ, ਬੰਧਨ ਬੰਧਪ ਨਾ ਕੋਇ ਰਖਾਈਆ। ਸਜਦੇ ਕਰਨ ਪੀਰ ਫ਼ਕੀਰ, ਫ਼ਿਕਰਿਆਂ ਵਿਚ ਸੁਣਾਈਆ । ਸਾਹਿਬ ਦੇ ਹੱਥ ਨੰਗੀ ਸ਼ਮਸ਼ੀਰ, ਕੂੜ ਫ਼ਰੰਗੀ ਰਿਹਾ ਧਮਕਾਈਆ। ਲਹਿਣਾ ਮੁਕਣਾ ਸ਼ਾਹ ਹਕੀਰ, ਸ਼ਹਿਨਸ਼ਾਹ ਦੇਵੇ ਵਡਿਆਈਆ । ਸੰਤ ਸੁਹੇਲਾ ਹੋਏ ਨਾ ਕੋਇ ਦਿਲਗੀਰ, ਦਿਲ ਦਾ ਦਲਿਦਰ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਬੇਨਜ਼ੀਰ, ਨਿਰਗੁਣ ਆਪਣਾ ਖੇਲ ਖਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਘਤ ਵਹੀਰ, ਸੋਹਣਾ ਮਾਰਗ ਰਿਹਾ ਵਖਾਈਆ।