G18L006 ੧੬ ਪੋਹ ੨੦੨੧ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ

        ਸੱਤ ਰੰਗ ਕਹਿਣ ਜਿਸ ਵੇਲੇ ਪ੍ਰਹਿਲਾਦ ਨੂੰ ਸਾੜਨ ਲਗੀ ਸੀ ਹੋਲੀ, ਹਰਨਾਕਸ਼ ਦਿਤੀ ਵਡਿਆਈਆ। ਓਸ ਵੇਲੇ

ਸੱਤਾਂ ਰੰਗਾਂ ਦੀ ਗਲ ਵਿਚ ਪਾਈ ਸੀ ਚੋਲੀ, ਬਹੁਰੂਪੀਆ ਵੇਸ ਵਟਾਈਆ। ਪ੍ਰਹਿਲਾਦ ਨੂੰ ਚੁਕ ਕੇ ਆਪਣੀ ਡੌਲੀਂ, ਆਪਣੀ ਗੋਦੀ ਵਿਚ ਟਿਕਾਈਆ। ਭਗਤ ਨੇ ਭਗਵਾਨ ਨੂੰ ਮਾਰੀ ਬੋਲੀ, ਅੰਦਰੇ ਅੰਦਰ ਆਵਾਜ਼ ਸੁਣਾਈਆ । ਹੁਣ ਆਪਣੇ ਕੰਡੇ ਤੋਲੀਂ, ਸਚ ਤਰਾਜ਼ੂ ਹੱਥ ਉਠਾਈਆ। ਵੇਖੀਂ ਖ਼ਾਕ ਵਿਚ ਨਾ ਵਿਰੋਲੀਂ, ਤਨ ਮਾਟੀ ਭਸਮ ਕਰਾਈਆ। ਤੇਰੇ ਉਤੋਂ ਆਪਾ ਵਾਰ ਘੋਲ ਘੋਲੀ, ਘਾਲਨਾ ਤੇਰੀ ਝੋਲੀ ਪਾਈਆ। ਸ੍ਰੀ ਭਗਵਾਨ ਕਿਹਾ ਬੱਚਾ ਨਾ ਪਾ ਰੌਲੀ, ਮਿਹਰ ਨਜ਼ਰ ਦਿਆਂ ਰਖਾਈਆ। ਇਹ ਸੱਤ ਰੰਗ ਪੌਣ ਵਾਲੀ ਸੜ ਜਾਏ ਹੋਲੀ, ਸੱਤਾਂ ਦਾ ਮਾਲਕ ਸਿਰ ਤੇਰੇ ਹੱਥ ਰਖਾਈਆ । ਜਿਨ੍ਹਾਂ ਰੰਗਾਂ ਪਿੱਛੇ ਰੱਖਿਆ ਕਰਾਂ ਤੇਰੀ ਉਪਰ ਧੌਲੀ, ਧਰਤੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੱਤਾਂ ਰੰਗਾਂ ਅੰਦਰ ਭਗਤ ਕੀਤੀ ਰਛਿਆ, ਮਿਹਰਵਾਨ ਦਇਆ ਕਮਾਈਆ। ਨਾਲੇ ਅਗਲੀ ਪਾ ਕੇ ਭਿਛਿਆ, ਸਚ ਦਿਤਾ ਸਮਝਾਈਆ। ਨਾਲੇ ਵਖਰਾ ਲੇਖ ਲਿਖਿਆ, ਧੁਰ ਦੀ ਧਾਰ ਸਮਝਾਈਆ। ਜਿਸ ਵੇਲੇ ਕਲਜੁਗ ਅੰਧ ਅੰਧੇਰਾ ਹੋਵੇ ਰੈਣ ਮਸਿਆ, ਮੁਸ਼ਕਲ ਹਲ ਨਾ ਕੋਇ ਕਰਾਈਆ। ਓਸ ਵੇਲੇ ਸ੍ਰੀ ਭਗਵਾਨ ਨਿਰਗੁਣ ਸਰੂਪ ਆਵੇ ਨੱਸਿਆ, ਨਰ ਨਿਰੰਕਾਰ ਫੇਰਾ ਪਾਈਆ। ਸੱਤਾਂ ਰੰਗਾਂ ਦਾ ਨਿਸ਼ਾਨ ਬਣਾ ਕੇ ਸਾਢੇ ਤਿੰਨ ਹੱਥਿਆ, ਦੇਵੇ ਲੋਕਮਾਤ ਵਡਿਆਈਆ। ਜਿਸ ਦੇ ਪਿੱਛੇ ਪ੍ਰਹਿਲਾਦ ਤੈਨੂੰ ਰਖਿਆ, ਇਸੇ ਦੇ ਪਿੱਛੇ ਚਾਰ ਜੁਗ ਦੇ ਵਿਛੜੇ ਭਗਤ ਤਰਾਈਆ। ਮਾਣ ਵਡਿਆਈ ਦੇ ਕੇ ਹੱਕਿਆ, ਹਾਕਮ ਧੁਰ ਦੇ ਦਿਆਂ ਬਣਾਈਆ। ਸੱਤਾਂ ਰਖ ਕੇ ਲੱਜਿਆ, ਘਰ ਘਰ ਦਿਆਂ ਝੁਲਾਈਆ । ਕੋਝਿਆਂ ਕਮਲਿਆਂ ਬਣਾ ਕੇ ਚੰਗਿਆ, ਚੰਗੀ ਤਰਾ ਆਪਣਾ ਵਜੂਦ ਦਿਆਂ ਵਖਾਈਆ। ਜਿਸ ਤਰਾ ਤੇਰਾ ਰੰਗ ਰੰਗਿਆ, ਇਸੇ ਤਰਾ ਸੱਤਾਂ ਰੰਗਾਂ ਦੀ ਧਾਰ ਤੇਰੇ ਅੰਦਰੋਂ ਵਖਾਈਆ। ਨਾਲੇ ਮੌਜ ਦੇਵਾਂ ਨਾਲ ਪਲੰਘਿਆ, ਨਾਲੇ ਬਿਨ ਦੀਵੇ ਬਾਤੀ ਜੋਤ ਕਰਾਂ ਰੁਸ਼ਨਾਈਆ। ਨਾਲੇ ਪਾਰ ਕਰਾਂ ਡੂੰਘੇ ਵਹਿਣ ਵਹੰਦਿਆ, ਅਣਤਾਰੂ ਪਾਰ ਲੰਘਾਈਆ। ਨਾਲੇ ਪੂਰਬ ਕਰਮ ਦਾ ਲੇਖ ਅਗਾੜੀ ਜੋ ਦਬਿਆ, ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਨਿਸ਼ਾਨਾ ਲਹਿਣਾ ਜਗਤ ਜਹਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਬ ਦੇਵਣਹਾਰਾ ਦਾਨਾ, ਦਾਤਾ ਹੋ ਕੇ ਸਾਚੀ ਭਿੱਛਿਆ ਝੋਲੀ ਰਿਹਾ ਪਾਈਆ। ਸਪਤ ਰਿਖੀਆਂ ਆਈ ਦਲੀਲ, ਇਕ ਦੂਜੇ ਨੂੰ ਸਾਰੇ ਰਹੇ ਜਣਾਈਆ। ਦਰਗਾਹੋਂ ਹੁਕਮ ਆਇਆ ਸਾਰੇ ਬਣੋ ਸ਼ੌਕੀਨ, ਆਪੋ ਆਪਣਾ ਵੇਸ ਵਟਾਈਆ। ਨਾਲ ਇਕ ਤੇ ਕਰੋ ਯਕੀਨ, ਯਕਤਰਫ਼ਾ ਧਿਆਨ ਲਗਾਈਆ। ਓਧਰੋਂ ਫਿਰਦਾ ਤੁਰਦਾ ਨਾਰਦ ਆਇਆ ਵਕੀਲ, ਜੋ ਝਗੜਿਆਂ ਦਾ ਝਗੜਾ ਬਿਨ ਝਗੜਿਉਂ ਦਏ ਬਣਾਈਆ। ਉਸ ਦੇ ਕੋਲ ਸਾਰਿਆਂ ਕੀਤੀ ਅਪੀਲ, ਕੁਝ ਸਾਨੂੰ ਦੇ ਸਮਝਾਈਆ। ਕਿਹੜਾ ਬਸਤਰ ਲਈਏ ਪਹਿਨ, ਸੋਹਣਾ ਚੰਗਾ ਨਜ਼ਰੀ ਆਈਆ। ਉਸ ਨੇ ਕਿਹਾ ਮੈਂ ਗੱਲ ਨਹੀਂ ਕਰਨੀ ਕੋਈ ਲੋਕ ਤੀਨ, ਤਿੰਨਾਂ ਲੋਕਾਂ ਵਿਚ ਨਾ ਕੋਇ ਵਡਿਆਈਆ। ਜਿਸ ਸਾਹਿਬ ਸਤਿ ਦੇ ਸਾਰੇ ਅਧੀਨ, ਬੈਠੇ ਸੀਸ ਨਿਵਾਈਆ। ਓਸ ਦੇ ਹੋ ਕੇ ਦੀਨ, ਦੁਨੀਆ ਵਾਲੀ ਮੰਗ ਓਸੇ ਦੇ ਅਗੇ ਝੋਲੀ ਡਾਹੀਆ। ਹਿਰਦੇ ਅੰਦਰ ਲਓ ਚੀਨ, ਨਿਜ ਆਤਮ ਰਾਹ ਤਕਾਈਆ। ਉਹ ਤੁਹਾਨੂੰ ਆਪਣਾ ਆਪੇ ਦੱਸ ਦਏ ਸੀਨ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਬਣਾਈਆ। ਸਪਤ ਰਿਖੀ ਆਈ ਉਮੰਗ, ਅੰਦਰ ਅੰਦਰ ਧਿਆਨ ਲਗਾਈਆ। ਸੱਤਾਂ ਸੱਤੇ ਨਜ਼ਰੀ ਆਏ ਰੰਗ, ਪੁਰਖ ਅਕਾਲ ਦਏ ਸਮਝਾਈਆ। ਇਹ ਸਾਰੇ ਪਹਿਨੋਂ ਨਿਸ਼ੰਗ, ਨਿਸ਼ਾਨਾ ਆਪਣਾ ਦਿਤਾ ਵਖਾਈਆ। ਲਾਲ ਕੰਚਨ ਸੂਹਾ ਚਿੱਟਾ ਪੀਲਾ ਨੀਲਾ ਕਾਲਾ ਸੋਹਣਾ ਲਗੇ ਚੰਦ, ਚਮਕ ਚਮਕ ਨਾਲ ਚਮਕਾਈਆ। ਵਖਰੋ ਵਖਰੀ ਦਾਤ ਤੁਹਾਨੂੰ ਦਿਤਾ ਧਨ, ਲੋਕਮਾਤ ਦੇਵੇ ਵਡਿਆਈਆ। ਕਲਜੁਗ ਅੰਤਮ ਸੱਤਾਂ ਨੂੰ ਇਕੱਠਾ ਕਰ ਕੇ ਦਏ ਬੰਨ੍ਹ, ਮਾਨਸਾਂ ਵਾਲੀ ਦਏ ਵਡਿਆਈਆ। ਸੱਤਾਂ ਸਚ ਕਰ ਕੇ ਲੈਣਾ ਮੰਨ, ਮਨਸਾ ਸਭ ਦੀ ਪੂਰ ਕਰਾਈਆ। ਓਸ ਨੂੰ ਚਾੜ੍ਹੇ ਇਕੋ ਪੁਰਖ ਅਕਾਲ ਦਾ ਸਚਾ ਚੰਨ, ਸ਼ਬਦ ਦੁਲਾਰਾ ਰੂਪ ਵਟਾਈਆ। ਜਿਸ ਜਗਤ ਵਿਕਾਰ ਨੂੰ ਦੇਣਾ ਡੰਨ, ਹੰਕਾਰ ਦੇਣਾ ਗਵਾਈਆ। ਗ਼ਰੀਬ ਨਿਮਾਣਿਆਂ ਦਾ ਬੇੜਾ ਬੰਨ੍ਹ, ਜਨ ਭਗਤਾਂ ਹੋਏ ਸਹਾਈਆ। ਓਸ ਵੇਲੇ ਸਾਰਿਆਂ ਮਿਲ ਕੇ ਕਹਿਣਾ ਧੰਨ ਧੰਨ, ਧੰਨ ਪ੍ਰਭੂ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਤੇਰਾ ਲਹਿਣਾ ਵੇਲੇ ਵਕ਼ਤ ਨਾਲ ਮੁਕਾਈਆ। ਬ੍ਰਾਹਮਣ ਦੀਆਂ ਇੱਕੀਆਂ ਪੱਗਾਂ ਵਿਚੋਂ ਰੰਗ ਸੱਤ, ਆਪਣਾ ਰੂਪ ਵਖਾਈਆ। ਜਿਸ ਵੇਲੇ ਓਸ ਗਠੜੀ ਨੂੰ ਰਵਿਦਾਸ ਦਾ ਲੱਗਾ ਹੱਥ, ਉਹ ਅੰਦਰੇ ਅੰਦਰ ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਕਰਨ ਪੁਕਾਰ ਰਵੀ ਸਾਨੂੰ ਕੁਝ ਦੱਸ, ਅਗਲਾ ਹਾਲ ਸਮਝਾਈਆ। ਜੋ ਤੇਰੇ ਅੰਦਰ ਰਿਹਾ ਵਸ, ਉਹ ਸਾਨੂੰ ਦੇਣਾ ਮਿਲਾਈਆ। ਜਿਸ ਦੀ ਯਾਦ ਅੰਦਰ ਟੁੱਟਿਆਂ ਜੋੜਿਆਂ ਡੋਰੀ ਲਾਵੇਂ ਕਸ ਕਸ, ਕੱਚਾ ਤੰਦ ਦੰਦਾਂ ਨਾਲ ਖਿਚਾਈਆ। ਤੇਰਾ ਸਬਰ ਸੰਤੋਖ ਵਾਲਾ ਵੇਖ ਕੇ ਹਠ, ਸਾਡੀ ਧੀਰਜ ਰਹੀ ਨਾ ਰਾਈਆ। ਕਿਹੜਾ ਰਾਮ ਕਿਹੜਾ ਨਾਮ ਰਿਹਾ ਰਟ, ਜਿਸ ਨੇ ਝੂਠੇ ਰੱਟੇ ਦਿਤੇ ਮੁਕਾਈਆ। ਰਵਿਦਾਸ ਨੇ ਓਸੇ ਵੇਲੇ ਤਿੱਖੀ ਆਰ ਉਤੇ ਦਿਤੀ ਰਖ, ਥੋੜੀ ਜਿਹੀ ਦਬਾਈਆ। ਇਸੇ ਤਰਾ ਪ੍ਰਭ ਮੇਰਾ ਅੰਦਰੋਂ ਖੋਲ੍ਹ ਦੇਵੇ ਅੱਖ, ਪ੍ਰਤੱਖ ਨਜ਼ਰੀ ਆਈਆ। ਉਹ ਸੱਤੇ ਪਏ ਹਸ, ਖ਼ੁਸ਼ੀਆਂ ਵਿਚ ਸੁਣਾਈਆ। ਅਸੀਂ ਕਿਵੇਂ ਕਰੀਏ ਉਹਦਾ ਜਸ, ਸਾਨੂੰ ਦੇ ਸਮਝਾਈਆ। ਰਵਿਦਾਸ ਕਿਹਾ ਉਹ ਮੇਰਾ ਪੁਰਖ ਸਮਰਥ, ਸਭ ਦੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ । ਸੱਤ ਰੰਗ ਕਿਹਾ ਸਾਨੂੰ ਬੱਧਾ ਬ੍ਰਾਹਮਣ ਨੇ ਗਠੜੀ, ਆਪਣੀ ਵੰਡ ਵੰਡਾਈਆ। ਉਤੇ ਗੰਢ ਦੇ ਦਿਤੀ ਤਕੜੀ, ਜਿਹੜੀ ਛੇਤੀ ਖੁਲ੍ਹ ਕਦੇ ਨਾ ਜਾਈਆ। ਸਾਡੇ ਉਤੇ ਚਾਰ ਵੇਰਾਂ ਲਪੇਟੀ ਅਖ਼ੀਰੀ ਪਗੜੀ, ਇਕ ਦੂਜੇ ਉਤੇ ਦਿਤਾ ਬੰਧਾਈਆ। ਸਾਡੇ ਉਤੇ ਆਪਣੇ ਹੱਥ ਵਿਚ ਫੜਨ ਵਾਲੀ ਅੜਾ ਦਿਤੀ ਲਕੜੀ, ਗੰਢ ਵਿਚੋਂ ਆਰ ਪਾਰ ਲੰਘਾਈਆ। ਤਿੰਨ ਰੰਗ ਕਹਿਣ ਸਾਨੂੰ ਲਈ ਜਾਂਦਾ ਸੀ ਖਤਰੀ, ਆਪਣਿਆਂ ਬੱਚਿਆਂ ਵਾਸਤੇ ਜਿਨ੍ਹਾਂ ਦੀ ਸਗਨਾਂ ਜੰਞ ਚੜ੍ਹਾਈਆ। ਇਸ ਬ੍ਰਾਹਮਣ ਨੇ ਰਾਹ ਵਿਚ ਖੋਲ੍ਹ ਕੇ ਪਤਰੀ, ਐਵੇਂ ਝੂਠਾ ਪਤਾ ਦਿਤਾ ਬਣਾਈਆ । ਬੁਢਿਆ ਤੇਰੀ ਉਮਰ ਸੱਤਰ ਬਹੱਤਰੀ, ਜੇ ਦਾਨ ਨਾ ਦੇਵੇਂ ਤੇਰੀ ਖ਼ਾਲੀ ਰਹੇ ਕੁੜਮਾਈਆ। ਆਹ ਵੇਖ ਇਹ ਕੁੰਡਲਾਂ ਵਾਲੀ ਮੇਰੀ ਅੱਖਰੀ, ਜਿਹੜੀ ਬਾਰਾਂ ਰਾਸ਼ੀ ਵਿਚੋਂ ਨਜ਼ਰੀ ਆਈਆ ਉਨੇਂ ਚਿਰ ਨੂੰ ਇਕ ਜੱਟ ਹੱਥ ਫੜੀ ਆਉਂਦਾ ਸੀ ਬਕਰੀ, ਰੱਸੀ ਹੱਥ ਵਿਚ ਲਟਕਾਈਆ। ਬ੍ਰਾਹਮਣ ਕਿਹਾ ਇਹ ਨਹੀਂ ਅੰਦਰੋਂ ਤਗੜੀ, ਕੋਈ ਰੋਗ ਅੰਦਰੋਂ ਰਿਹਾ ਸਤਾਈਆ। ਜੇ ਤੇਰੇ ਘਰ ਜਾ ਕੇ ਮਰ ਗਈ, ਤੇਰਾ ਟੱਬਰ ਇਹ ਖਪਾਈਆ। ਜੇ ਤੂੰ ਦੱਛਣਾ ਕਰਕੇ ਮੇਰੇ ਕੋਲ ਛਡ ਜਾਏਂ, ਬੇੜਾ ਤੇਰਾ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਦੋ ਰੰਗ ਕਹਿਣ ਸਾਨੂੰ ਲਿਆਈ ਸੀ ਇਕ ਮਾਈ, ਇਕਵੰਜਾ ਸਾਲ ਦੀ ਉਮਰ ਜਣਾਈਆ। ਉਹਦੇ ਘਰ ਔਂਣੇ ਸੀ ਪਹਿਲੀ ਵਾਰ ਦੋ ਜੁਆਈ, ਜਿਨ੍ਹਾਂ ਦੇ ਸਿਰ ਤੇ ਚੀਰੇ ਦਏ ਬੰਨ੍ਹਾਈਆ। ਅਧ ਵਿਚ ਪੰਡਤ ਮਿਲਿਆ ਓਹਨੇ ਕਿਹਾ ਉਹ ਤੇ ਪਿਛਲੇ ਸੁਦਾਈ, ਜੇ ਤੇਰੇ ਘਰ ਗਏ ਤੇਰਾ ਕੋੜਮਾ ਦੇਣ ਖਪਾਈਆ । ਤੇਰੀਆਂ ਧੀਆਂ ਨੂੰ ਮਿਲੇ ਨਾ ਕੋਇ ਥਾਈਂ, ਜਗਤ ਜੁਗ ਨਾ ਕੋਇ ਜਣਾਈਆ। ਜੇ ਤੂੰ ਇਹ ਦੋਵੇਂ ਚੀਰੇ ਮੈਨੂੰ ਭੇਟ ਦਏਂ ਚੜ੍ਹਾਈ, ਫੇਰ ਤੈਨੂੰ ਤੱਤੀ ਵਾਅ ਨਾ ਲਗੇ ਰਾਈਆ। ਓਸ ਨੇ ਕਿਹਾ ਮਿਸ਼ਰ ਜੀ ਮੈਨੂੰ ਉਹਨਾਂ ਕੋਲੋਂ ਬਚਾਈਂ, ਜੋ ਕੁਛ ਮੇਰਾ ਮੈਂ ਤੇਰੇ ਅਗੇ ਰਖਾਈਆ। ਦਾਨ ਲੈ ਕੇ ਪੰਡਤ ਨੇ ਕਿਹਾ ਹੁਣ ਜਾ ਮਾਈ ਚਾਈਂ ਚਾਈਂ, ਆਪਣੇ ਘਰ ਦਾ ਪੰਧ ਮੁਕਾਈਆ। ਪਿਛੋਂ ਖ਼ੁਸ਼ੀ ਨਾਲ ਕਿਹਾ ਵਾਹ ਕਿਰਪਾ ਕਰੀ ਗੁਸਾਈਂ, ਮਿਹਰ ਨਜ਼ਰ ਇਕ ਉਠਾਈਆ। ਏਨੇਂ ਚਿਰ ਨੂੰ ਉਧਰੋਂ ਇਕ ਝੀਵਰ ਤੇ ਇਕ ਆ ਗਿਆ ਨਾਈ, ਜਜਮਾਨਾਂ ਘਰੋਂ ਫੇਰਾ ਪਾਈਆ। ਇਕ ਇਕ ਪਗੜੀ ਸੀ ਉਹਨਾਂ ਭੇਟ ਚੜ੍ਹਾਈ, ਸੋਹਣੇ ਰੰਗ ਰੰਗਾਈਆ। ਅਗੋਂ ਬ੍ਰਾਹਮਣ ਮਿਲ ਪਿਆ ਆਸਣ ਲਾਈ, ਇਸ਼ਾਰੇ ਨਾਲ ਰਿਹਾ ਜਣਾਈਆ। ਨੇੜੇ ਆਓ ਮੇਰੇ ਭਾਈ, ਮੇਰੀ ਪਤਰੀ ਤੁਹਾਨੂੰ ਰਹੀ ਬੁਲਾਈਆ। ਤੁਹਾਡੀ ਜ਼ਿੰਦਗੀ ਦੇ ਦਿਨ ਰਹਿ ਗਏ ਢਾਈ, ਕਿਉਂ ਸਿਰ ਤੇ ਬੈਠੇ ਭਾਰ ਉਠਾਈਆ । ਇਹ ਬ੍ਰਾਹਮਣ ਪ੍ਰੋਹਤ ਤੁਹਾਡੀ ਕਲਿਆਣ ਦਏ ਕਰਾਈ, ਜੇ ਆਪੋ ਆਪਣੇ ਦਸਤਾਰ ਮੇਰੀ ਭੇਟ ਦਿਉ ਕਰਾਈਆ। ਉਸੇ ਵੇਲੇ ਰੋ ਕੇ ਕਰਨ ਲਗੇ ਦੁਹਾਈ, ਬਹੁੜੀ ਸਾਡਾ ਕਾਲ ਕਿਧਰੋਂ ਆਈਆ। ਬ੍ਰਾਹਮਣ ਕਿਹਾ ਛੇਤੀ ਛੇਤੀ ਕਰ ਮੇਰੇ ਹੱਥ ਦਿਉ ਫੜਾਈ, ਵੇਲਾ ਗਿਆ ਹੱਥ ਕਿਸੇ ਨਾ ਆਈਆ। ਉਹਨਾਂ ਰੋ ਕੇ ਕਿਹਾ ਅਸੀਂ ਤੇਰੀ ਭੇਟ ਚੜ੍ਹਾਈ, ਸਾਨੂੰ ਜਮਾਂ ਤੋਂ ਦੇਣਾ ਛੁਡਾਈਆ। ਪੰਡਤ ਕਿਹਾ ਹੁਣ ਭੱਜੋ ਵਾਹੋ ਦਾਹੀ, ਪਿਛਾ ਨਾ ਵੇਖਿਓ ਇਸੇ ਨਾਲ ਹੋਵੇ ਵਡਿਆਈਆ। ਸੱਤਾਂ ਦੀ ਬੰਨ੍ਹ ਕੇ ਗਠੜੀ ਆਪ ਚਲਿਆ ਬਣਕੇ ਰਾਹੀ, ਸੋਹਣੀ ਪੰਡ ਬੰਨ੍ਹਾਈਆ। ਚੌਦਾਂ ਦੇ ਵਿਚ ਲਿਆ ਟਿਕਾਈ, ਇੱਕੀਆਂ ਜੋੜ ਜੁੜਾਈਆ। ਉਹਨਾਂ ਸੱਤਾਂ ਰੰਗਾਂ ਨੂੰ ਰਵਿਦਾਸ ਦਿਤੀ ਵਡਿਆਈ, ਧੁਰ ਦਾ ਹੁਕਮ ਇਕ ਸੁਣਾਈਆ । ਕਲਜੁਗ ਅੰਤ ਮੇਰਾ ਨਿਰੰਕਾਰ ਤੁਹਾਡਾ ਲੇਖਾ ਦਏ ਚੁਕਾਈ, ਸਤਿ ਸਤਿਵਾਦੀ ਸੱਤਾਂ ਨੂੰ ਸੱਤਾਂ ਦੀਪਾਂ ਵਿਚ ਦਏ ਝੁਲਾਈ, ਉਪਰ ਆਪਣਾ ਨਾਮ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਰੰਗਾਂ ਬਖ਼ਸ਼ਣਹਾਰ ਸਰਨਾਈਆ।

Leave a Reply

This site uses Akismet to reduce spam. Learn how your comment data is processed.