G18L008 ਦਲੀਪ ਸਿੰਘ ਦੇ ਬੂਹੇ ਨਾਲ ਦਰਵਾਜ਼ੇ ਅਗੇ

        ਅਗੇ ਲਿਖਾਰੀ ਪਿਛੇ ਦਰਬਾਰੀ, ਅਚਰਜ ਖੇਲ ਰਚਾਇੰਦਾ। ਭਗਤਾਂ ਦੇਣ ਚਲਿਆ ਸਰਦਾਰੀ, ਮਾਣ ਤਾਣ ਦੋ ਜਹਾਨ ਵਧਾਇੰਦਾ।

ਜਨਮ ਜਨਮ ਦੀ ਕੱਟਣ ਚਲਿਆ ਬੀਮਾਰੀ, ਰੋਗ ਸੋਗ ਗਵਾਇੰਦਾ। ਦੇਵਣ ਚਲਿਆ ਨਾਮ ਖ਼ੁਮਾਰੀ, ਅੰਮ੍ਰਿਤ ਰਸ ਜਾਮ ਪਿਆਇੰਦਾ। ਗੰਢਣ ਚਲਿਆ ਧੁਰ ਦੀ ਯਾਰੀ, ਨਾਤੇ ਕੂੜੇ ਤੋੜ ਤੁੜਾਇੰਦਾ। ਕ਼ਰਜ਼ਾ ਲੌਹਣ ਚਲਿਆ ਉਧਾਰੀ, ਪਿਛਲਾ ਲੇਖਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਜਨ ਭਗਤਾਂ ਦੇਣ ਚਲਿਆ ਇਨਾਮ, ਵਸਤ ਅਮੋਲਕ ਇਕ ਵਰਤਾਈਆ। ਸੁਣੌਣ ਚਲਿਆ ਪੈਗ਼ਾਮ, ਧੁਰ ਦਾ ਰਾਗ ਅਲਾਈਆ। ਮਿਲੌਣ ਚਲਿਆ ਰਾਮ, ਰਾਮ ਆਪੇ ਨਜ਼ਰੀ ਆਈਆ। ਮਿਟੌਣ ਚਲਿਆ ਸ਼ਾਮ, ਸਾਚਾ ਚੰਦ ਚਮਕਾਈਆ। ਦਵੌਣ ਚਲਿਆ ਆਰਾਮ, ਸਾਚੀ ਸੇਜ ਸੁਹਾਈਆ। ਕਰੌਣ ਚਲਿਆ ਅਸ਼ਨਾਨ, ਦੁਰਮਤ ਮੈਲ ਧੁਆਈਆ। ਉਠੌਣ ਚਲਿਆ ਨਿਧਾਨ, ਸੋਈ ਸੁਰਤ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੇਵਣ ਚਲਿਆ ਧੂੜ, ਟਿੱਕਾ ਨਾਮ ਲਗਾਈਆ । ਬਖ਼ਸ਼ਣ ਚਲਿਆ ਨੂਰ, ਜੋਤ ਕਰੇ ਰੁਸ਼ਨਾਈਆ। ਵਜਾਵਣ ਚਲਿਆ ਤੂਰ, ਨਾਦ ਧੁਨ ਸ਼ਨਵਾਈਆ। ਭੰਡਾਰੇ ਕਰਨ ਚਲਿਆ ਭਰਪੂਰ, ਖ਼ਾਲੀ ਆਪ ਭਰਾਈਆ। ਚਤੁਰ ਸੁਘੜ ਬਣਾਉਣ ਚਲਿਆ ਮੂੜ੍ਹ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਈਆ। ਖੁਲ੍ਹੌਣ ਚਲਿਆ ਦਰਵਾਜ਼ਾ, ਦਰਦੀ ਹੋ ਕੇ ਦਰਦ ਵੰਡਾਈਆ। ਲੌਣ ਚਲਿਆ ਮਸਤਕ ਖ਼ਾਕਾ, ਧੂੜੀ ਇਕ ਵਖਾਈਆ। ਬਣਾਉਣ ਚਲਿਆ ਸੱਜਣ ਸਾਕਾ, ਬੇਪਰਵਾਹ ਬੇਪਰਵਾਹੀਆ। ਵਸੌਣ ਚਲਿਆ ਉਜੜਿਆ ਮਾਝਾ, ਗੁਲਸ਼ਨ ਨਾਮ ਮਹਿਕਾਈਆ। ਬਣੌਣ ਚਲਿਆ ਧੁਰ ਦੇ ਸਾਕਾ, ਸੱਜਣ ਇਕ ਅਖਵਾਈਆ। ਟਿਕੌਣ ਚਲਿਆ ਸਾਚਾ ਮਾਥਾ, ਮਸਤਕ ਜੋਤ ਕਰੇ ਰੁਸ਼ਨਾਈਆ। ਜਪੌਣ ਚਲਿਆ ਸੱਚੀ ਗਾਥਾ, ਸਾਚਾ ਨਾਮ ਅਲਾਈਆ। ਪਿਔਣ ਚਲਿਆ ਸਾਚਾ ਬਾਟਾ, ਅੰਮ੍ਰਿਤ ਜਾਮ ਮੁਖ ਲਗਾਈਆ। ਪੂਰਨ ਕਰਨ ਚਲਿਆ ਘਾਟਾ, ਨਾਮ ਭੰਡਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੇਵਣ ਚਲਿਆ ਦਾਨ, ਆਪਣੀ ਦਇਆ ਕਮਾਈਆ। ਬਖ਼ਸ਼ਣ ਆਇਆ ਗਿਆਨ, ਕਲਮਾ ਇਕ ਪੜ੍ਹਾਈਆ। ਬਣਾਵਣ ਆਇਆ ਨਿਜ਼ਾਮ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਵਰਤਾਈਆ। ਦੇਵਣ ਆਇਆ ਜੋਗ, ਜੁਗੀਸ਼ਰ ਦਇਆ ਕਮਾਇੰਦਾ। ਮਿਲਾਵਣ ਆਇਆ ਸੰਜੋਗ, ਵਿਛੜੇ ਜੋੜ ਜੁੜਾਇੰਦਾ। ਕੱਟਣ ਆਇਆ ਰੋਗ, ਹਉਮੇ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਦੇਵਣ ਆਇਆ ਸਹਾਰਾ, ਸਾਹਿਬ ਸਚਾ ਗੁਸਾਈਂਆ। ਜਿਸ ਕਰਨਾ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਅਟਕਾਈਆ । ਸਾਚਾ ਬਖ਼ਸ਼ਣਾ ਇਕ ਦਵਾਰਾ, ਦਰਗਾਹ ਸਾਚੀ ਮਿਲੇ ਵਡਿਆਈਆ। ਗੀਤ ਸੁਣੌਣਾ ਇਕ ਜੈਕਾਰਾ, ਸੋਹੰ ਢੋਲਾ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਸਿਰ ਆਪਣਾ ਹੱਥ ਟਿਕਾਈਆ। ਭਗਤ ਕਹਿਣ ਸਾਡੇ ਜਾਗੇ ਭਾਗ, ਮਿਲੀ ਮਾਣ ਵਡਿਆਈਆ। ਜਨਮ ਜਨਮ ਦੀ ਤ੍ਰਿਖਾ ਬੁਝੀ ਆਗ, ਸਾਂਤਕ ਸਤਿ ਵਰਤਾਈਆ। ਨਿਰਮਲ ਜੋਤ ਹੋਵੇ ਪਰਕਾਸ਼, ਨੂਰ ਨੂਰ ਰੁਸ਼ਨਾਈਆ। ਹੰਸ ਬਣੇ ਕਾਗ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਸਮਝਾਈਆ। ਮਸਤਕ ਕਹਿਣ ਸਾਡੀ ਆਸਾ ਪੁੰਨੀ, ਮਿਲੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਪੁਕਾਰ ਸੁਣੀ, ਚਲ ਕੇ ਆਇਆ ਧੁਰਦਰਗਾਹੀਆ। ਨਾਦ ਵਜਾਵੇ ਆਪਣੀ ਧੁਨੀ, ਧੁਰ ਦੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਚੁਕਾਈਆ। ਮਸਤਕ ਕਹਿਣ ਅਸੀਂ ਵੇਖ ਵੇਖ ਹੱਸੇ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਅੰਦਰ ਵਸੇ, ਬੈਠਾ ਡੇਰਾ ਲਾਈਆ। ਸਾਚੀ ਦੇ ਕੇ ਇਕੋ ਮੱਤੇ, ਸਾਚਾ ਰਾਹ ਰਿਹਾ ਵਖਾਈਆ। ਭਗਤ ਭਗਵਾਨ ਸਰਨਾਈ ਢੱਠੇ, ਦੂਜੇ ਸੀਸ ਨਾ ਕੋਇ ਨਿਵਾਈਆ। ਅੰਮ੍ਰਿਤ ਰਸ ਇਕੋ ਚੱਟੇ, ਸਤਿਗੁਰ ਪੂਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਮਸਤਕ ਕਹਿਣ ਅਸੀਂ ਪਾਇਆ ਦਰਸ, ਨੂਰ ਨੁਰਾਨਾ ਨਜ਼ਰੀ ਆਈਆ। ਜਨਮ ਕਰਮ ਦੀ ਮਿਟ ਗਈ ਹਰਸ, ਹਵਸ ਨਾ ਕੋਈ ਵਧਾਈਆ। ਅਬਿਨਾਸ਼ੀ ਕਰਤੇ ਕੀਤਾ ਤਰਸ, ਮਿਹਰ ਨਜ਼ਰ ਉਠਾਈਆ। ਬੇੜਾ ਹੋਣ ਨਹੀਂ ਦਿਤਾ ਗ਼ਰਕ਼, ਪਾਰ ਕਿਨਾਰਾ ਆਪ ਵਖਾਈਆ। ਸਾਕ ਸੱਜਣ ਕੀਤੇ ਤਰਕ, ਨਾਤਾ ਤੁਟਿਆ ਜਗਤ ਲੋਕਾਈਆ। ਜਿਹੜੀ ਗੋਬਿੰਦ ਨਾਲ ਸ਼ਰਤ, ਸੋ ਪੂਰੀ ਰਿਹਾ ਕਰਾਈਆ। ਜੋਧਾ ਸੂਰਬੀਰ ਬਣਕੇ ਮਰਦ, ਮਦਦ ਕਰਨ ਆਇਆ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਸੁਣ ਕੇ ਅਰਜ਼, ਲੇਖਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪੂਰਾ ਕਰੇ ਫ਼ਰਜ਼, ਫ਼ਰਜ਼ੀ ਰੂਪ ਨਾ ਕੋਇ ਵਖਾਈਆ।