G18L009 ੧੬ ਪੋਹ ੨੦੨੧ ਬਿਕ੍ਰਮੀ ਬੀਬੀ ਬੰਤੀ ਅਤੇ ਦਲੀਪ ਸਿੰਘ, ਪਿੰਡ ਬਾਬੂਪੁਰਾ ਜ਼ਿਲਾ ਗੁਰਦਾਸਪੁਰ

     ਸਾਚਾ ਨਿਸ਼ਾਨਾ ਕਹੇ ਵਾਰੀ ਆਈ ਸਵਰਨ, ਸਚਖੰਡ ਦਵਾਰੇ ਸਾਚੇ ਲਏ ਅੰਗੜਾਈਆ। ਜਿਸ ਨੂੰ ਜੀਵਣ ਤੋਂ ਪਹਿਲੋਂ

ਮਰਨ ਤੋਂ ਪਿਛੋਂ ਮਿਲੀ ਸਰਨ, ਚਰਨ ਕਵਲ ਪ੍ਰਭ ਵਡਿਆਈਆ। ਉਹ ਸਾਚੀ ਸੇਵਾ ਆਇਆ ਕਰਨ, ਨਿਰਗੁਣ ਧਾਰ ਹੁਕਮੇ ਅੰਦਰ ਫੇਰਾ ਪਾਈਆ। ਸੱਤ ਰੰਗ ਨਿਸ਼ਾਨ ਆਇਆ ਫੜਨ, ਆਕਾਸ਼ ਪਾਤਾਲਾਂ ਪੰਧ ਮੁਕਾਈਆ। ਸਾਚਾ ਢੋਲਾ ਗੀਤ ਗੋਬਿੰਦ ਆਇਆ ਪੜ੍ਹਨ, ਧੁਰ ਦਾ ਰਾਗ ਜਣਾਈਆ। ਸਾਚੇ ਮੰਦਰ ਆਇਆ ਚੜ੍ਹਨ, ਮਹਲ ਅਟਲ ਵੇਖ ਵਖਾਈਆ। ਮੇਟਣ ਆਇਆ ਵਰਨ ਬਰਨ, ਜ਼ਾਤ ਪਾਤ ਊਚ ਨੀਚ ਝਗੜੇ ਦਏ ਚੁਕਾਈਆ। ਏਕਾ ਰੰਗ ਆਇਆ ਰੰਗਣ, ਨਾਮ ਲਲਾਰੀ ਰੂਪ ਵਟਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੈ ਕੇ ਆਇਆ ਸੰਗਣ, ਧੁਰ ਦਾ ਸੰਗ ਬਣਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਤੋੜ ਕੇ ਆਇਆ ਫੰਦਨ, ਕਿਰਿਆ ਕੂੜੀ ਸੰਗ ਨਾ ਕੋਇ ਰਲਾਈਆ। ਜਨਮ ਕਰਮ ਦਿਆਂ ਵਿਛੜਿਆਂ ਆਤਮ ਪਰਮਾਤਮ ਆਇਆ ਗੰਢਣ, ਧੁਰ ਦਾ ਮੇਲਾ ਮੇਲ ਮਿਲਾਈਆ। ਬੇੜਾ ਪਾਰ ਕਰਨ ਆਇਆ ਬਿਨਾ ਮੁਹਾਣੇ ਵੰਞਣ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਨਾਉਂ ਨਿਰੰਕਾਰ ਵਜਾਵਣ ਆਇਆ ਮਰਦੰਗਣ, ਬ੍ਰਹਿਮੰਡ ਖੰਡ ਪੁਰੀ ਲੋਅ ਦਏ ਸੁਣਾਈਆ। ਸ਼ਾਹ ਸਵਾਰਾ ਸਾਚੇ ਅਸਵ ਕਸਣ ਆਇਆ ਤੰਗਣ, ਪਾਖਰ ਜ਼ੀਨ ਇਕੋ ਨਜ਼ਰੀ ਆਈਆ। ਜਨ ਭਗਤਾਂ ਮਸਤਕ ਟਿੱਕਾ ਧੂੜੀ ਲਾਵਣ ਆਇਆ ਚੰਦਨ, ਜਨਮ ਜਨਮ ਦੀ ਦੁਰਮਤ ਮੈਲ ਧੁਆਈਆ। ਸਚ ਭੰਡਾਰਾ ਏਕਾ ਨਾਮ ਖ਼ਜ਼ਾਨਾ ਆਇਆ ਵੰਡਣ, ਹੁਕਮ ਮੰਨ ਕੇ ਬੇਪਰਵਾਹੀਆ। ਕੂੜ ਕੁੜਿਆਰਾਂ ਠੱਗਾਂ ਚੋਰਾਂ ਯਾਰਾਂ ਆਇਆ ਡੰਡਣ, ਖੜਗ ਖੰਡਾ ਇਕੋ ਹੱਥ ਉਠਾਈਆ । ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਪਾਰ ਆਇਆ ਲੰਘਣ, ਬਲਧਾਰੀ ਵੇਸ ਵਟਾਈਆ। ਚੌਦਾਂ ਤਬਕ ਮੁਕਾ ਕੇ ਆਇਆ ਪੰਧਨ, ਪਾਂਧੀ ਹੋ ਕੇ ਫੇਰਾ ਪਾਈਆ। ਈਸਾ ਮੂਸਾ ਬਣ ਦਰਵੇਸ਼ ਸੰਗ ਮੁਹੰਮਦ ਜਿਸ ਦਵਾਰੇ ਕਰਦੇ ਬੰਦਨ, ਸਜਦਿਆਂ ਵਿਚ ਸੀਸ ਝੁਕਾਈਆ। ਜੋ ਪਰਵਰਦਿਗਾਰ ਸਾਂਝਾ ਯਾਰ ਖੇਲੇ ਖੇਲ ਵਿਚ ਬ੍ਰਹਿਮੰਡਣ, ਵਰਭੰਡਣ ਵੇਖ ਵਖਾਈਆ। ਜੋ ਸੂਫ਼ੀਆਂ ਸੰਤਾਂ ਚਰਨ ਧੂੜੀ ਦੇਵੇ ਮਜਨ, ਸਰ ਸਰੋਵਰ ਇਕੋ ਇਕ ਨੁਹਾਈਆ। ਜੋ ਆਦਿ ਜੁਗਾਦਿ ਨਿਤ ਨਵਿਤ ਦੋ ਜਹਾਨਾਂ ਕਰੇ ਅਦਲ, ਅਦਾਲਤ ਆਪਣੀ ਇਕ ਸਮਝਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਾਰ ਦੇਵੇ ਬਦਲ, ਲੋਕਮਾਤ ਸਕੇ ਨਾ ਕੋਇ ਅਟਕਾਈਆ। ਜੋ ਸਹਿਜ ਸੁਭਾਏ ਭਗਤਾਂ ਮੁਖ ਲਗਾਏ ਸਗਨ, ਨਾਮ ਰਸ ਇਕ ਚਖਾਈਆ। ਜਿਸ ਦੇ ਲੱਖ ਚੁਰਾਸੀ ਜੀਵ ਜੰਤ ਦੀਪਕ ਜਗਣ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਰੰਗ ਕਹੇ ਵੇਖਿਆ ਸ਼ਹਿਨਸ਼ਾਹ, ਸਚਖੰਡ ਨਿਵਾਸੀ ਬੇਪਰਵਾਹੀਆ। ਜਿਸ ਦੀ ਮਦਦ ਮੰਗ ਕੇ ਅਲੀ ਕਿਹਾ ਖ਼ੁਦਾ, ਪੈਗ਼ੰਬਰ ਨਿਉਂ ਨਿਉਂ ਲਾਗੇ ਪਾਈਆ। ਜਿਸ ਦਾ ਵਾਹਦ ਰੂਪ ਜੁਦਾ, ਜੁਜ਼ ਵਿਚ ਜਗਤ ਲੋਕਾਈਆ। ਜੋ ਨਾਮ ਅਹਿਬਾਬ ਰਬਾਬ ਰਿਹਾ ਵਜਾ, ਨਗ਼ਮਾ ਹਕ ਹਕ ਸੁਣਾਈਆ। ਮੁਕਾਮੇ ਹਕ ਮਹਿਫ਼ਲ ਰਿਹਾ ਲਗਾ, ਤੁਆਰਫ਼ ਆਪਣੇ ਨਾਲ ਜਣਾਈਆ। ਸਚ ਸੰਦੇਸ਼ਾ ਰਿਹਾ ਘਲਾ, ਹੁਕਮ ਇਕੋ ਬੇਪਰਵਾਹੀਆ। ਚੌਦਾਂ ਤਬਕ ਰਿਹਾ ਉਠਾ, ਜ਼ਿਮੀਂ ਅਸਮਾਨਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਪਰਵਰਦਿਗਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਆਦਿ ਜੁਗਾਦੀ ਸਾਂਝਾ ਯਾਰ, ਆਤਮ ਪਰਮਾਤਮ ਸਗਲਾ ਸੰਗ ਨਿਭਾਈਆ। ਵਸਣਹਾਰਾ ਮਹਲ ਅਟਲ ਉਚ ਮਿਨਾਰ, ਦਰਗਾਹ ਸਾਚੀ ਸੋਭਾ ਪਾਈਆ। ਤਖ਼ਤ ਨਿਵਾਸੀ ਏਕੰਕਾਰ, ਸੋ ਪੁਰਖ ਨਿਰੰਜਣ ਆਪਣੇ ਹੱਥ ਰੱਖੇ ਵਡਿਆਈਆ । ਭਗਤ ਵਛਲ ਗਿਰਵਰ ਗਿਰਧਾਰ, ਮੁਰੀਦ ਮੁਰਸ਼ਦ ਰਿਹਾ ਤਰਾਈਆ। ਨਗ਼ਮਿਆਂ ਦਾ ਸਰਦਾਰ, ਸਦਮਿਆਂ ਦਾ ਖ਼ੁਮਾਰ, ਨਾਮ ਖ਼ੁਮਾਰੀ ਇਕ ਰਖਾਈਆ। ਕ਼ਦਮਾਂ ਦਾ ਉਧਾਰ ਪਦਮਾਂ ਦਾ ਸ਼ਿੰਗਾਰ, ਸੋਹਣਾ ਰੂਪ ਵਟਾਈਆ। ਗ਼ਰੀਬਾਂ ਦਾ ਮਦਦਗਾਰ, ਹੰਕਾਰੀਆਂ ਕਰਨਹਾਰਾ ਖ਼ਾਕ ਛਾਰ, ਖ਼ਾਕੀ ਖ਼ਾਕ ਰੂਪ ਸਮਾਈਆ। ਸਿਫ਼ਤਾਂ ਦਾ ਇਜ਼ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਇਕ ਹਮੇਸ਼, ਆਦਿ ਪੁਰਖ ਵਡੀ ਵਡਿਆਈਆ। ਜਿਸ ਨੂੰ ਸਜਦੇ ਕਰਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕੋਟਨ ਕੋਟ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਡਿੱਗੇ ਚਰਨਾਂ ਹੇਠ, ਸੀਸ ਸਕੇ ਨਾ ਕੋਇ ਉਠਾਈਆ। ਜੋ ਵਸੇ ਸਚ ਭੂਮਿਕਾ ਸਚਖੰਡ ਅਗੰਮੇ ਦੇਸ, ਸਚ ਦਵਾਰਾ ਇਕ ਸੁਹਾਈਆ। ਭੂਪਤ ਭੂਪ ਬਣਕੇ ਵਡ ਨਰੇਸ਼, ਨਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦਾ ਦਿੰਦੀ ਗਈ ਸੰਦੇਸ਼, ਲੱਖ ਚੁਰਾਸੀ ਹੁਕਮ ਜਣਾਈਆ। ਸੋ ਸਾਹਿਬ ਸਵਾਮੀ ਧਰ ਕੇ ਭੇਖ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣਾ ਫੇਰਾ ਪਾਈਆ। ਆ ਕੇ ਵਸਿਆ ਸੰਬਲ ਦੇਸ, ਜਿਸ ਦਾ ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਜਨ ਭਗਤਾਂ ਲਿਖੇ ਧੁਰ ਦੇ ਲੇਖ, ਪੂਰਬ ਲਹਿਣੇ ਰਿਹਾ ਚੁਕਾਈਆ। ਸ਼ਹਿਨਸ਼ਾਹ ਬਣ ਕੇ ਆਪ ਦਰਵੇਸ਼, ਗੁਰਮੁਖ ਦਵਾਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਧੁਰ ਦਾ ਫੱਕਰ, ਜੋ ਪੀਰਾਂ ਫ਼ਕੀਰਾਂ ਰਿਹਾ ਤਰਾਈਆ। ਨਿਰਗੁਣ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਸਮਝ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਬਣਾਏ ਪੁੱਤਰ, ਪਿਤਾ ਆਪਣੀ ਗੋਦ ਉਠਾਈਆ । ਚੌਦਾਂ ਲੋਕ ਕਰਨ ਸ਼ੁਕਰ, ਚੌਦਾਂ ਤਬਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਸਚਖੰਡ ਨਿਵਾਸੀ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦਾ ਖੇਲ ਅਗੰਮ ਤਮਾਸ਼ੀ, ਮੰਡਲ ਰਾਸੀ ਸਾਰ ਨਾ ਪਾਈਆ। ਸੋ ਸਾਹਿਬ ਭਗਤਾਂ ਬਣਿਆ ਸਾਥੀ, ਸਗਲਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲਿਖ ਲਿਖ ਦੇ ਕੇ ਗਏ ਪਾਤੀ, ਪਤਣ ਇੱਕੋ ਇਕ ਜਣਾਈਆ। ਸੋ ਸਭ ਦਾ ਲੇਖਾ ਦੇਵੇ ਬਾਕੀ, ਪੂਰਬ ਪੂਰਬ ਝੋਲੀ ਪਾਈਆ। ਕਲਜੁਗ ਵੇਖ ਅੰਧੇਰੀ ਰਾਤੀ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਮੰਜ਼ਲ ਚੜ੍ਹਕੇ ਆਪਣੀ ਘਾਟੀ, ਪੰਧ ਅਗਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਵੇਖੀਏ ਮੁਰਸ਼ਦ, ਜੋ ਮੁਰੀਦਾਂ ਦਏ ਵਡਿਆਈਆ।