ਪੋਹ ਸਤਾਰਾਂ ਕਹੇ ਮੈਂ ਸੁੱਤਾ ਪਿਆ ਉਠ, ਮੈਨੂੰ ਅਗੰਮੀ ਆਵਾਜ਼ ਇਕ ਸੁਣਾਈਆ। ਮੈਂ ਚਾਰ ਕੁੰਟ ਵੇਖ ਕੇ ਹੋਇਆ ਚੁਪ,
ਕਵਣ ਹੁਕਮ ਰਿਹਾ ਵਰਤਾਈਆ। ਜਿਸ ਵੇਲੇ ਧਰਨੀ ਉਤੇ ਵੇਖਿਆ ਭਗਤ ਭਗਵਾਨ ਇਕ ਦੂਜੇ ਨੂੰ ਰਹੇ ਪੁਛ, ਅਗਲਾ ਪਿਛਲਾ ਲੇਖਾ ਲੇਖ ਸਮਝਾਈਆ। ਦਰਸ਼ਨ ਕਰ ਕਰ ਹੁੰਦੇ ਵੇਖੇ ਖ਼ੁਸ਼, ਖ਼ੁਸ਼ੀਆਂ ਵਿਚ ਸਮਾਈਆ। ਥੋੜੀ ਸਮਝ ਵਿਚੋਂ ਆਈ ਮੁਝ, ਆਪਣੀ ਲਈ ਅੰਗੜਾਈਆ। ਮੈਂ ਵੀ ਪੁਛਾਂ ਕੁਝ, ਆਸਾ ਨਾਲ ਮਿਲਾਈਆ। ਚਰਨਾਂ ਉਤੇ ਝੁਕ, ਬੇਨੰਤੀ ਇਕ ਸੁਣਾਈਆ। ਅਗੋਂ ਭਗਤਾਂ ਕਿਹਾ ਗਾ ਇਕ ਤੁਕ, ਜੋ ਨਰ ਹਰਿ ਸਾਨੂੰ ਰਿਹਾ ਪੜ੍ਹਾਈਆ। ਜਿਸ ਦੇ ਨਾਲ ਲੋਕਮਾਤ ਮਿਲਣਾ ਸੁਖ, ਸੰਸੇ ਰੋਗ ਚੁਕਾਈਆ। ਕੂੜੀ ਕਿਰਿਆ ਮਿਟਣਾ ਦੁਖ, ਦੁਖੜੇ ਰਿਹਾ ਗਵਾਈਆ। ਗ਼ਰੀਬ ਨਿਮਾਣਿਆਂ ਮਿਟਣੀ ਭੁਖ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਜਗਤ ਵਿਛੜਿਆਂ ਗੋਦੀ ਲਏ ਚੁਕ, ਬੋਦੀ ਉਚੀ ਦਏ ਕਰਾਈਆ। ਉਠ ਵੇਖ ਵੇਦੀ ਸੋਢੀ ਸਾਰੇ ਰਹੇ ਪੁਛ, ਆਪਣੀ ਝੋਲੀ ਅਗੇ ਡਾਹੀਆ। ਕੁਛ ਹੋਰ ਵੇਖ ਉਹ ਰਵਦਾਸ ਤੋਂ ਬਣਿਆ ਗੁਰਮੁਖ, ਹੁਣ ਸਨਮੁਖ ਹੋ ਕੇ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸਤਾਰਾਂ ਪੋਹ ਕਹੇ ਜਿਸ ਵੇਲੇ ਮੈਂ ਉਠਣ ਲਗਾ, ਸਾਢੇ ਤਿੰਨ ਲਈ ਅੰਗੜਾਈਆ। ਓਸ ਵੇਲੇ ਮੈਨੂੰ ਤੀਰ ਇਕ ਲੱਗਾ, ਘਾਓ ਡੂੰਘਾ ਦਿਤਾ ਕਰਾਈਆ। ਮੈਂ ਅੰਤਰ ਅੰਤਰ ਉਠ ਕੇ ਭੱਜਾ, ਚਾਰੋਂ ਕੁੰਟ ਵਾਹੋ ਦਾਹੀਆ। ਨੌ ਸੌ ਚੁਰਾਨਵੇ ਜੁਗ ਚੌਕੜੀ ਠਾਂਡਾ ਦਰ ਕੋਈ ਨਾ ਲੱਭਾ, ਧਾਮ ਸਤਿ ਨਾ ਕੋਇ ਸੁਹਾਈਆ। ਓਧਰੋਂ ਯਾਦ ਅੰਦਰ ਗੁਰਮੁਖ ਰੋ ਪਿਆ ਬੱਚਾ, ਬਿਰਹੋਂ ਵਿਚ ਮਾਰੇ ਧਾਈਆ। ਨਾਲੇ ਕਹੇ ਪਰਮ ਪੁਰਖ ਪਰਮਾਤਮ ਮਿਲ ਗਿਆ ਸੱਚਾ, ਸਹਿਬ ਸਤਿਗੁਰ ਬੇਪਰਵਾਹੀਆ। ਮੈਂ ਓਸੇ ਵੇਲੇ ਆਪਣਾ ਹਿਰਦਾ ਕੀਤਾ ਪੱਕਾ, ਵਿਸ਼ਵਾਸ ਲਿਆ ਬਣਾਈਆ। ਮੈਂ ਉਹਨੂੰ ਵੇਖਾਂ ਜਿਹੜਾ ਭਗਤਾਂ ਦਾ ਭਗਵੰਤ ਸਕਾ, ਨਾਤਾ ਧੁਰ ਦਾ ਰਿਹਾ ਬਣਾਈਆ। ਮੈਂ ਫਿਰ ਫਿਰ ਜੰਗਲ ਜੂਹ ਉਜਾੜ ਪਹਾੜਾਂ ਕਾਹੀਆਂ ਬੇਲਿਆਂ ਵਿਚ ਅੱਕਾਂ, ਥੋਹਰਾਂ ਕੰਡਿਆਂ ਪਾਰ ਕਰਾਈਆ। ਓਧਰੋਂ ਪਵਣ ਠੰਡੀ ਦਾ ਠੱਕਾ, ਆਪਣਾ ਜ਼ੋਰ ਵਖਾਈਆ। ਓਧਰੋਂ ਰਾਤ ਅੰਧੇਰੀ ਦਾ ਧੱਕਾ, ਮੂੰਹ ਦੇ ਭਾਰ ਸੁਟਾਈਆ। ਓਧਰੋਂ ਰਾਹ ਦਾ ਨਹੀਂ ਪਤਾ, ਡੰਡੀ ਪਗਡੰਡੀ ਨਜ਼ਰ ਕੋਇ ਨਾ ਪਾਈਆ। ਓਧਰੋਂ ਚਾਨਣ ਨਹੀਂ ਅੱਖਾਂ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਫੇਰ ਮੈਂ ਕਿਹਾ ਬੇਪਰਵਾਹ ਜੋ ਤੇਰੀ ਮਰਜ਼ੀ ਸੋ ਮੈਨੂੰ ਲਗੇ ਅੱਛਾ, ਪਾਗ਼ਲ ਹੋ ਕੇ ਦਿਆਂ ਦੁਹਾਈਆ। ਅਚਾਨਕ ਅਗੰਮੀ ਆਵਾਜ਼ ਨਾਲ ਆਇਆ ਸੱਦਾ, ਹੁਕਮ ਨਾਲ ਜਣਾਈਆ। ਉਠ ਵੇਖ ਭਗਵਾਨ ਭਗਤਾਂ ਦੇ ਪ੍ਰੇਮ ਅੰਦਰ ਬੱਧਾ, ਆਸਣ ਸਿੰਘਾਸਣ ਕੁਟੀਆ ਡੇਰਾ ਲਾਈਆ। ਨਾਲੇ ਢੋਲੇ ਗਾਵੇ ਨਾਲੇ ਛੰਦਾ, ਨਾਲ ਧੁਰ ਦੇ ਗੀਤ ਰਿਹਾ ਸੁਣਾਈਆ। ਪਰਮਾਤਮ ਆਤਮ ਆਤਮ ਪਰਮਾਤਮ ਤੱਤਾਂ ਵਾਲਾ ਬੰਦਾ, ਬਾਹਰੋਂ ਨਜ਼ਰੀ ਆਈਆ। ਨਾਲੇ ਭੇਖ ਨਾਲੇ ਪਖੰਡਾ, ਬ੍ਰਹਿਮੰਡਾਂ ਰਿਹਾ ਤਰਾਈਆ। ਨਾਲੇ ਸੰਤ ਸੁਹੇਲਾ ਪੈਰੋਂ ਦਿਸੇ ਨੰਗਾ, ਪਾਨਹੀ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਹ ਸਤਾਰਾਂ ਕਹੇ ਮੇਰੀ ਅਖ਼ੀਰੀ ਅਵਸਥਾ, ਮੈਂ ਆਖ਼ਿਰ ਦਿਆਂ ਜਣਾਈਆ। ਮੈਨੂੰ ਅੰਤਰ ਲਗੀ ਉਠ ਵੇਖ ਰਸਤਾ, ਰਾਵੀ ਦਾ ਆਰ ਪਾਰ ਕਿਨਾਰਾ ਦਿਤਾ ਸਮਝਾਈਆ। ਜਿਸ ਸੰਗ ਰਾਮ ਹਸਤੀ ਵਾਲਾ ਵਸਦਾ, ਓਸ ਬਸਤੀ ਵਜੀ ਵਧਾਈਆ। ਓਹ ਮਾਲਕ ਨਾਮ ਖ਼ੁਮਾਰੀ ਰਸ ਦਾ, ਰਸਵਾ ਇਕ ਅਖਵਾਈਆ। ਭਗਤਾਂ ਨਾਲ ਹਸਦਾ, ਗੁਰਮੁਖਾਂ ਨਾਲ ਮਿਲ ਮਿਲ ਆਪਣਾ ਝਟ ਲੰਘਾਈਆ। ਅਗਲਾ ਮਾਰਗ ਨਾਲੇ ਦੱਸਦਾ, ਦਹਿ ਦਿਸ਼ਾ ਰਿਹਾ ਸਮਝਾਈਆ। ਸੀਸ ਤਾਜ ਤਾਜ ਸੀਸ ਉਤੋਂ ਲਾਹ ਕੇ ਰਖਦਾ, ਫੱਕਰ ਦਰਵੇਸ਼ ਚਾਕਰ ਪਾਖ਼ਾਕ਼ ਗਦਾਗਰ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਸਤਾਰਾਂ ਪੋਹ ਕਹੇ ਮੈਨੂੰ ਮਿਲ ਗਿਆ ਰਸਤਾ, ਬਹੁਤੀ ਖ਼ੁਸ਼ੀ ਮਨਾਈਆ। ਮੈਂ ਲੇਖਾਂ ਵਾਲਾ ਬੰਨ੍ਹ ਕੇ ਬਸਤਾ, ਪੱਕੀ ਗੰਢ ਪਵਾਈਆ। ਜੇ ਸ੍ਰੀ ਭਗਵਾਨ ਮਿਲ ਜਾਏ ਹਸਦਾ ਹਸਦਾ, ਹਸਤੀ ਮੇਰੀ ਵਿਚ ਸਮਾਈਆ। ਮੈਂ ਢੋਲਾ ਗਾਵਾਂ ਓਸ ਦੇ ਜਸ ਦਾ, ਧੁਰ ਦਾ ਰਾਗ ਅਲਾਈਆ। ਪਰਸ਼ਾਦ ਖਾਵਾਂ ਓਸੇ ਦੇ ਹੱਥ ਦਾ, ਜੋ ਹਾਥੀਆਂ ਗਜ ਤੰਦ ਕਟਾਈਆ। ਦਰਸ਼ਨ ਕਰਾਂ ਓਸ ਅੱਖ ਦਾ, ਜਿਸ ਅੱਖ ਵਿਚੋਂ ਪ੍ਰਤੱਖ ਨੂਰ ਰੁਸ਼ਨਾਈਆ। ਜੋ ਭਗਤਾਂ ਪੈਜ ਰਖਦਾ, ਜੁਗ ਜੁਗ ਹੋਏ ਸਹਾਈਆ। ਜੋ ਮਾਲਕ ਧੁਰ ਦੇ ਹੱਟ ਦਾ, ਸਚ ਖ਼ਜ਼ਾਨਾ ਰਿਹਾ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਸਤਾਰਾਂ ਪੋਹ ਕਹੇ ਰਸਤੇ ਤੁਰਿਆ, ਹੌਲੀ ਹੌਲੀ ਪੰਧ ਮੁਕਾਈਆ। ਮੈਨੂੰ ਅੰਦਰੋਂ ਫੁਰਨਾ ਫੁਰਿਆ, ਜਿਸ ਸਚ ਦਿਤਾ ਸਮਝਾਈਆ। ਵੇਖੀਂ ਹੁਣ ਨਾ ਰਹੀਂ ਨਿਗੁਰਿਆ, ਗੁਰ ਬਿਨ ਪਾਰ ਨਾ ਕੋਇ ਲੰਘਾਈਆ। ਲੱਖ ਚੁਰਾਸੀ ਵਿਚ ਆ ਕੇ ਬਿਨ ਸਤਿਗੁਰ ਕਿਰਪਾ ਪਿਛੇ ਕੋਇ ਨਾ ਮੁੜਿਆ, ਜੋਤੀ ਜੋਤ ਨਾ ਕੋਇ ਮਿਲਾਈਆ। ਬੇੜਾ ਸਭ ਦਾ ਵੇਖ ਜਾਂਦਾ ਰੁੜ੍ਹਿਆ, ਅਗੇ ਹੋ ਨਾ ਕੋਇ ਤਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਾਰਾਂ ਪੋਹ ਕਹੇ ਮੈਂ ਸੁਣੀ ਇਹ ਆਵਾਜ਼, ਬਿਨ ਕੰਨਾਂ ਕਿਸੇ ਅੰਦਰ ਦਿਤੀ ਸੁਣਾਈਆ। ਭੋਲਿਆ, ਤੂੰ ਨਹੀਂ ਵੇਖਿਆ ਕਿਸ ਤਰਾ ਸਗਣਾਂ ਵਾਲੀ ਲੰਘੀ ਰਾਤ, ਭਗਤ ਭਗਵਾਨ ਮਿਲ ਮਿਲ ਖ਼ੁਸ਼ੀ ਮਨਾਈਆ। ਅਗਲਾ ਹੋਰ ਦੱਸਾਂ ਰਾਜ਼, ਰਮਜ਼ ਨਾਲ ਸਮਝਾਈਆ। ਸਤਾਰਾਂ ਪੋਹ ਦਾ ਖੇਲ ਤਮਾਸ਼, ਸਤਿ ਸਤਿਵਾਦੀ ਦਏ ਕਰਾਈਆ। ਤਿੰਨ ਵੇਰਾਂ ਸੀਸ ਤੋਂ ਲਾਹਵੇ ਤਾਜ, ਤਿੰਨ ਵੇਰਾਂ ਹੱਥਾਂ ਉਤੇ ਟਿਕਾਈਆ। ਜਨ ਭਗਤਾਂ ਦੇਵੇ ਦਾਤ, ਤ੍ਰੈਲੋਕੀ ਤੋਂ ਬਾਹਰ ਕਢਾਈਆ। ਭਗਤਾਂ ਆਪਣੀ ਦੱਸ ਕੇ ਗਾਥ, ਪਿਛਲੀ ਬੀਤੀ ਦਏ ਸੁਣਾਈਆ। ਸਤਾਰਾਂ ਪੋਹ ਕਹੇ ਰਵਿਦਾਸ ਨੂੰ ਦੇ ਆਖ, ਧੁਰ ਦਾ ਹੁਕਮ ਵਰਤਾਈਆ। ਸਤਾਰਾਂ ਪੋਹ ਕਹੇ ਪਤਣ ਚੜ੍ਹਾਵੇ ਘਾਟ, ਜਿਹੜਾ ਜਨਮ ਤੋਂ ਪਹਿਲਾਂ ਜਨਮ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਆਪਣੀ ਖੇਲ ਵਖਾਈਆ। ਸਤਾਰਾਂ ਪੋਹ ਕਹੇ ਇਹ ਹੋਣਾ ਕਿੱਥੇ ਵਿਹਾਰ, ਮੈਨੂੰ ਦੇ ਜਣਾਈਆ। ਇਸੇ ਸਤਾਰਾਂ ਪੋਹ ਤੇ ਮੈਂ ਢਾਈ ਪਲ ਰਵਿਦਾਸ ਦਾ ਕੀਤਾ ਸੀ ਦੀਦਾਰ, ਅੱਖਾਂ ਨਾਲ ਅੱਖਾਂ ਮਿਲਾਈਆ। ਓਸ ਨਾਲੋਂ ਹੁਣ ਕਲਜੁਗ ਹੋਰ ਹੋਇਆ ਹੁਸ਼ਿਆਰ, ਕਿਤੇ ਮੈਨੂੰ ਰਾਹ ਵਿਚ ਨਾ ਦਏ ਭੁਲਾਈਆ। ਅੰਦਰੋਂ ਹੋਰ ਆਈ ਅਵਾਜ਼ ਨਰ ਨਿਰੰਕਾਰ, ਹੁਕਮ ਨਾਲ ਸੁਣਾਈਆ। ਸਾਚਿਆਂ ਭਗਤਾਂ ਦੀ ਮਸਤਕ ਧੂੜੀ ਲਾ ਲੈ ਛਾਰ, ਤੈਨੂੰ ਅਧਵਿਚਕਾਰ ਨਾ ਕੋਈ ਅਟਕਾਈਆ। ਜਿਸ ਭਲਾਈਪੁਰ ਵਿਚ ਜਾਣਾ ਆਪ ਨਿਰੰਕਾਰ, ਸਭ ਦਾ ਭਲਾ ਲੋੜੇ ਭੁਲਿਆਂ ਭਟਕਿਆਂ ਲੇਖੇ ਲਾਈਆ। ਜਿਹਨਾਂ ਨੂੰ ਅੱਜ ਦਾ ਮਿਲ ਗਿਆ ਪਿਆਰ, ਉਹਨਾਂ ਦੇ ਮੁਖ ਚੁੰਮ ਚੁੰਮ ਪਰਮ ਪੁਰਖ ਆਪਣੀ ਛਾਤੀ ਉਤੇ ਟਿਕਾਈਆ। ਨਾਲੇ ਗੁਲਸ਼ਨ ਨਾਲੇ ਬਹਾਰ, ਨਾਲ ਬੁਲਬੁਲ ਚਹਿਚਾਈਆ। ਨਾਲੇ ਪ੍ਰੀਤਮ ਸਿੰਘ ਹੱਥ ਖਿੱਚੇ ਕਟਾਰ, ਪ੍ਰਭ ਦੇ ਸੀਸ ਦਏ ਟਿਕਾਈਆ। ਅਗਲਾ ਫੇਰ ਦੱਸੇ ਵਿਹਾਰ, ਏਥੇ ਲੇਖਾ ਬੰਦ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਦੇ ਕੀਤੇ ਵਾਅਦਿਆਂ ਦਾ ਕਰਦਾ ਰਿਹਾ ਇੰਤਜ਼ਾਰ, ਅੰਤਮ ਵੇਲਾ ਗਿਆ ਆਈਆ।