G18L014 ੧੭ ਪੋਹ ੨੦੨੧ ਬਿਕ੍ਰਮੀ ਮਹਿੰਗਾ ਸਿੰਘ ਦੇ ਗ੍ਰਹਿ

   ਸਧਨਾ ਕਹੇ ਮੈਂ ਤਰਦਾ ਵੇਖਿਆ ਬੱਕਰਾ, ਜਿਸ ਦਾ ਦਿਤਾ ਅੰਗ ਕਟਾਈਆ।

ਓਸ ਦੇ ਪਿਛੇ ਮੇਰੀ ਪੂਰੀ ਹੋਈ ਸਧਰਾ, ਸਦਕੇ ਘੋਲ ਘੁਮਾਈਆ। ਪਿਛਲਾ ਲਹਿਣਾ ਮੁਕਿਆ ਵਕ਼ਤ ਸੁਹੇਲਾ ਆਇਆ ਅਗਲਾ, ਅਗੇ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਰਿਹਾ ਚੁਕਾਈਆ। ਲਹਿਣੇਦਾਰ ਹਰਿ ਨਿਰੰਕਾਰ, ਨਿਰਗੁਣ ਦਇਆ ਕਮਾਇੰਦਾ। ਜੁਗ ਚੌਕੜੀ ਜਿਸ ਨਾਲ ਕੀਤਾ ਇਕ਼ਰਾਰ, ਕਲਜੁਗ ਅੰਤਮ ਓਸੇ ਦਾ ਮੂਲ ਮੁਕਾਇੰਦਾ। ਜੇਠ ਮਹੀਨਾ ਕੁਛ ਕਰ ਕੇ ਗਿਆ ਇਜ਼ਹਾਰ, ਥੋੜਾ ਲੇਖ ਦ੍ਰਿੜਾਇੰਦਾ। ਪੋਹ ਸਤਾਰਾਂ ਲੇਖੇ ਲਾ ਕੇ ਸਰਬ ਪਰਵਾਰ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਇੰਦਾ। ਨੇਤਰ ਰੋ ਕੇ ਕਹੇ ਓਹ ਛੁਰੀ ਕਟਾਰ, ਤਿੱਖੀ ਧਾਰ ਜੋ ਬਣਾਇੰਦਾ । ਮੈਂ ਕੋਟਨ ਕੋਟ ਬੱਕਰੇ ਸ਼ਾਹਰਗੋਂ ਮਾਰ ਕੇ ਕੀਤੇ ਪਾਰ, ਜੀਉਂਦਾ ਨਜ਼ਰ ਕੋਇ ਨਾ ਆਇੰਦਾ। ਇਕ ਬੱਕਰੇ ਕਿਹਾ, ਜੇ ਮੇਰੀ ਸ਼ਾਹਰਗ ਤੋਂ ਉਤੇ ਮੈਨੂੰ ਦੇਵੇਂ ਦਰਸ ਦੀਦਾਰ, ਫੇਰ ਬਿਨ ਛੁਰੀ ਹਲਾਲ ਜ਼ਿਬਹ ਆਪਣਾ ਆਪ ਕਰਾਇੰਦਾ। ਓਧਰੋਂ ਆਈ ਧੁਰ ਦੀ ਆਵਾਜ਼, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਜਿਸ ਵੇਲੇ ਕਲਜੁਗ ਅੰਤਮ ਆਵਾਂ ਖ਼ਾਸ, ਲੇਖੇ ਸਭ ਦੇ ਲੇਖੇ ਲਾਇੰਦਾ। ਪ੍ਰੇਮ ਪ੍ਰੀਤੀ ਬਖ਼ਸ਼ ਕੇ ਦੇਵਾਂ ਸਚ ਨਿਵਾਸ, ਨਿਜ ਸਿੰਘਾਸਣ ਇਕ ਦਰਸਾਇੰਦਾ। ਨਾਮ ਜਪਾ ਕੇ ਸਵਾਸ ਸਵਾਸ, ਆਤਮ ਪਰਮਾਤਮ ਢੋਲਾ ਰਾਗ ਅਲਾਇੰਦਾ। ਭਗਤਾਂ ਨਾਲ ਬਣਾ ਕੇ ਧੁਰ ਦਾ ਸਾਥ, ਸਾਚਾ ਮੇਲ ਮਿਲਾਇੰਦਾ। ਪਿਛਲੀ ਭੁਲ ਨਾ ਜਾਏ ਯਾਦ, ਯਦੀ ਆਪਣਾ ਹੁਕਮ ਮਨਾਇੰਦਾ। ਕਰੇ ਖੇਲ ਪਰਵਰਦਿਗਾਰ ਵਾਹਿਦ, ਵਾਹਿਗੁਰੂ ਆਪਣੀ ਕਾਰ ਕਮਾਇੰਦਾ। ਨਿਤ ਨਵਿਤ ਰਖਣਹਾਰਾ ਲਾਜ, ਮਿਹਰ ਨਜ਼ਰ ਨਾਲ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਧਨਾ ਕਹੇ ਮੇਰਾ ਇਕ ਹੋਰ ਸੁਹੇਲਾ, ਸਈਆ ਨਜ਼ਰੀ ਆਈਆ। ਓਸ ਨਾਲ ਕਰਾਉਣਾ ਮੇਲਾ, ਮਿਲ ਕੇ ਖ਼ੁਸ਼ੀ ਮਨਾਈਆ। ਉਹ ਭਗਤਾਂ ਵਿਚ ਭਗਤ ਚੇਲਿਆਂ ਵਿਚ ਚੇਲਾ, ਸੰਤਾਂ ਵਿਚ ਸੰਤ ਸਤਿ ਸਰੂਪ ਸਮਾਈਆ। ਮੇਰਾ ਪਿਛਲਾ ਲੇਖਾ ਮੁਕੇ ਵਕ਼ਤ ਦੁਹੇਲਾ, ਦੂਜਾ ਭਉ ਨਾ ਕੋਇ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਕਿਹਾ ਸਤਾਰਾਂ ਪੋਹ ਤੋਂ ਬਾਰਾਂ ਦਿਨ ਪਿਛੋਂ ਫੇਰ ਇਕ ਅਵੱਲੜਾ ਆਏ ਵੇਲਾ, ਵਕ਼ਤ ਆਪਣਾ ਦਏ ਦ੍ਰਿੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਸ਼ਕ ਤਾਰਨ ਆਇਆ ਇਕ ਅਕੇਲਾ, ਇਕ ਇਕ ਕਰਕੇ ਬਹੁਤਿਆਂ ਭਗਤਾਂ ਜੋੜ ਜੁੜਾਈਆ।