ਸਿੱਧੋ ਕਾਰਜ ਹੋਇਆ ਸਿਧ, ਸਿਧਾ ਮਿਲਿਆ ਬੇਪਰਵਾਹੀਆ। ਨਾਨਕ ਜਣਾਈ ਸਾਚੀ ਬਿਧ, ਬਿਧਾਤਾ ਹੋਇਆ ਸਹਾਈਆ।
ਤੁਹਾਡੇ ਕੋਲ ਬੈਠਾ ਸੀ ਇਕ ਗਿਧ, ਜੋ ਸੁਣ ਸੁਣ ਖ਼ੁਸ਼ੀ ਮਨਾਈਆ। ਉਹ ਵੀ ਸਰਪ ਬਣਿਆ ਰਿੜਦਾ ਭਾਰ ਢਿੱਡ, ਆਪਣਾ ਜ਼ੋਰ ਲਗਾਈਆ। ਓਸ ਵੇਲੇ ਮਰਦਾਨੇ ਆਈ ਸੀ ਇਕ ਛਿੱਕ, ਛਿੱਕ ਦੇ ਪਿਛੋਂ ਸਤਿਨਾਮ ਢੋਲਾ ਗਾਈਆ। ਗਿਧ ਓਸੇ ਨੂੰ ਗਿਆ ਸਿਖ, ਇਸ ਦੇ ਵਿਚ ਕੋਈ ਵਡਿਆਈਆ। ਜੇ ਮੈਂ ਵੀ ਕਰਾਂ ਹਿਤ, ਮੇਰਾ ਲੇਖਾ ਲੇਖੇ ਪਾਈਆ। ਓਧਰੋਂ ਨਾਨਕ ਕਿਹਾ ਠੀਕ, ਮੇਰਾ ਠਾਕਰ ਬੇਪਰਵਾਹੀਆ। ਅਜੇ ਹੋਰ ਜਨਮ ਲੈਣੇ ਤੂੰ ਤੀਹ ਕੁ, ਅੰਡਜ ਰੂਪ ਵਟਾਈਆ। ਫੇਰ ਤੇਰੀ ਓਸ ਨਾਲ ਲੱਗੇ ਪ੍ਰੀਤ, ਜੋ ਸਭ ਦਾ ਸੱਜਣ ਸਾਈਂਆ। ਉਹਨੇ ਨਿਉਂ ਕੇ ਝੁਕਾਇਆ ਸੀਸ, ਵਿਸ਼ਟੇ ਵਾਲੀ ਚੁੰਝ ਧੂੜੀ ਨਾਲ ਘਸਾਈਆ। ਓਸੇ ਵੇਲੇ ਹੋਇਆ ਠੰਡਾ ਸੀਤ, ਅਗਨੀ ਅੱਗ ਰਹੀ ਨਾ ਰਾਈਆ। ਮੈਂ ਕਿੰਨਾਂ ਚਿਰ ਰੱਖਾਂ ਉਡੀਕ, ਸਤਿ ਸਚ ਦੇ ਸਮਝਾਈਆ। ਨਾਨਕ ਕਿਹਾ ਬੀਸ ਇਕੀਸ, ਲਹਿਣਾ ਦਏ ਚੁਕਾਈਆ। ਸਿੱਧਾਂ ਨਾਲ ਤੁਹਾਡੀ ਚਲੇ ਰੀਤ, ਬਿਧਾਂ ਨਾਲ ਜੋੜ ਜੁੜਾਈਆ। ਤਪੱਸਵੀਆਂ ਨੇ ਆਪਣੇ ਉਦਾਲੇ ਮਾਰੀ ਲੀਕ, ਵਲਗਣ ਲਿਆ ਬਣਾਈਆ। ਓਨਾਂ ਚਿਰ ਸਾਡੇ ਕੋਲ ਨਾ ਨੇੜੇ ਆਵੇ ਨਜ਼ਦੀਕ, ਸੁੱਤਿਆਂ ਲਏ ਉਠਾਈਆ। ਨਾਨਕ ਕਿਹਾ ਉਹ ਤੁਹਾਨੂੰ ਕਿਰਪਾ ਕਰ ਕੇ ਅਸਮਾਨਾਂ ਤੋਂ ਪਰੇ ਜ਼ਮੀਨ ਤੋਂ ਥੱਲੇ ਲੁਕਿਆਂ ਨੂੰ ਲਿਆਵੇ ਘਸੀਟ, ਸ਼ਬਦ ਇਸ਼ਾਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਨਕ ਵੇਖ ਕੇ ਆਹ ਸੋਹਣੀ ਧਰਤੀ, ਦਿਤੀ ਮਾਣ ਵਡਿਆਈਆ। ਜਿਸ ਵੇਲੇ ਕਿਰਪਾ ਕਰੇ ਮੇਰਾ ਪ੍ਰੀਤਮ ਅਰਸ਼ੀ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਓਸ ਦੀ ਸੁਹੰਜਣੀ ਆਵੇ ਬੀਸ ਇਕੀਸੀ ਬਰਸੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਆਪਣੀ ਧਾਰ ਚਲਾਈਆ। ਭਗਤ ਸੁਹੇਲਾ ਹੋ ਕੇ ਬਣੇ ਦਰਦੀ, ਗੁਰ ਚੇਲਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਿੱਧਾਂ ਕਿਹਾ ਕਵਣ ਸਰਨ, ਸਰਨਗਤ ਕਵਣ ਅਖਵਾਈਆ। ਜੀਵਣ ਪਹਿਲੋਂ ਮਿਲਣਾ ਮਰਨ, ਮਰਨ ਪਿਛੋਂ ਸਮਝ ਕੋਇ ਨਾ ਪਾਈਆ। ਲੱਖ ਚੁਰਾਸੀ ਕਿਹੜੀ ਜੂਨੇ ਭਵਣ, ਚਾਰੇ ਖਾਣੀ ਵੇਖ ਵਖਾਈਆ। ਸਮਝ ਨਹੀਂ ਵਸੇਰਾ ਹੋਵੇ ਅਵਣ ਗਵਣ, ਅਗਲਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਨਾਨਕ ਕਿਹਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਿੰਦਾ ਆਇਆ ਦਾਨ, ਦਾਤਾ ਦਾਨੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਪਛਾਣ, ਬੇਪਛਾਣ ਆਪਣਾ ਫੇਰਾ ਪਾਈਆ। ਜਿਨ੍ਹਾਂ ਨੇ ਮੰਨੀ ਮੇਰੀ ਆਣ, ਓਹਨਾਂ ਦਾ ਲੇਖੇ ਲੱਗਾ ਨਿਸ਼ਾਨ, ਨਿਸ਼ਾਨਾ ਸਤਿਗੁਰ ਆਪਣਾ ਦਏ ਸਮਝਾਈਆ। ਅੰਤਮ ਲੈ ਕੇ ਜਾਏ ਨਾਲ, ਬਿਨ ਤੱਤਾਂ ਤੋਂ ਹੋਣ ਨਾ ਦਏ ਬੇਹਾਲ, ਦੂਰ ਦੁਰਾਡਾ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਚੁਕਾਈਆ। ਸਿੱਧ ਉਠਣ ਕਰਨ ਤਿਆਰੀ, ਤ੍ਰੈਗੁਣ ਅਤੀਤਾ ਦਇਆ ਕਮਾਇੰਦਾ। ਚਲੋ ਵੇਖੀਏ ਜੋਤ ਨਿਰੰਕਾਰੀ, ਜੋ ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਅਖਵਾਇੰਦਾ। ਭਗਤ ਸੁਹੇਲਾ ਇਕ ਅਕੇਲਾ ਸਾਚੇ ਸੰਤ ਸੱਜਣ ਰਿਹਾ ਉਭਾਰੀ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਲਾ ਰਿਹਾ ਫੁਲਵਾੜੀ, ਗੁਰਮੁਖ ਬੂਟੇ ਮਾਤ ਪਰਗਟਾਇੰਦਾ। ਓਸ ਦਾ ਵੇਖੀਏ ਸਚ ਸਚਾ ਦਰਬਾਰੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਵਕ਼ਤ ਸੁਹਾਇੰਦਾ। ਓਸ ਦੀ ਚਰਨ ਸਰਨ ਸਰਨ ਚਰਨ ਕਰੀਏ ਨਿਮਸਕਾਰੀ, ਜੋ ਗ਼ਰੀਬ ਨਿਮਾਣਿਆਂ ਆਪਣੀ ਗੋਦ ਬਹਾਇੰਦਾ। ਜੋ ਦੋ ਜਹਾਨਾਂ ਵਣਜ ਕਰੇ ਬਣ ਵਪਾਰੀ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਆਤਮ ਖੋਜ ਖੁਜਾਇੰਦਾ। ਜਿਸ ਨੇ ਲੇਖਾ ਚੁਕੌਣਾ ਰਵਿਦਾਸ ਚੁਮਾਰੀ, ਚਮਰੇਟਾ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਸਿੱਧ ਕਹਿਣ ਅਸੀਂ ਬਣ ਗਏ ਰਾਹੀ, ਭੱਜੇ ਵਾਹੋ ਦਾਹੀਆ। ਢੋਲਾ ਗਾਈਏ ਚਾਈਂ ਚਾਈਂ, ਜੋ ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ। ਜਾ ਕੇ ਵੇਖੀਏ ਸੱਚਾ ਥਾਈਂ, ਜਿਸ ਥਾਨ ਭੂਮਿਕਾ ਮਾਟੀ, ਖ਼ਾਕ ਮਿਲੇ ਵਡਿਆਈਆ। ਦਰਸ਼ਨ ਪਾਈਏ ਬੇਪਰਵਾਹੀ, ਜਿਸ ਦਾ ਜਲਵਾ ਨੂਰ ਇਲਾਹੀ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਸਾਡੀ ਵਾਟ ਨੇੜੇ ਆਈ, ਅਗਲਾ ਪੰਧ ਰਹੇ ਨਾ ਰਾਈਆ। ਦੋ ਜਹਾਨਾਂ ਲੇਖਾ ਆਪ ਮੁਕਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਿੱਧ ਕਹਿਣ ਪਹਿਲੋਂ ਚਰਨ ਲਈਏ ਝੁਕ, ਇਕੱਠੇ ਹੋ ਕੇ ਸੀਸ ਨਿਵਾਈਆ। ਫੇਰ ਰਸਤਾ ਲਈਏ ਪੁਛ, ਸਾਨੂੰ ਮਾਰਗ ਦੇ ਸਮਝਾਈਆ। ਜੇ ਜਗ ਨੇਤਰ ਨਜ਼ਰ ਨਹੀਂ ਆਉਂਦਾ ਕਿਥੇ ਬੈਠੋਂ ਲੁਕ, ਨਿਜ ਨੇਤਰ ਦੇ ਖੁਲ੍ਹਾਈਆ। ਧੁਰ ਦੀ ਅਵਾਜ਼ ਆਈ ਸ੍ਰੀ ਭਗਵਾਨ ਕਹੇ ਜਿਸ ਰਾਹ ਉਤੇ ਭੱਜਦੇ ਸਾਚੇ ਸੁਤ, ਓਸੇ ਰਾਹ ਭੱਜੋ ਵਾਹੋ ਦਾਹੀਆ। ਆਵਣ ਜਾਵਣ ਪੈਂਡਾ ਜਾਏ ਮੁਕ, ਮੁਕੰਮਲ ਆਪਣੇ ਘਰ ਵਸਾਈਆ। ਵੇਖੋ ਜਗਤ ਵਾਸਨਾ ਵਿਚ ਨਾ ਜਾਣਾ ਘੁਸ, ਔਝੜ ਰਾਹ ਪਾਰ ਨਾ ਕੋਇ ਲੰਘਾਈਆ। ਤੁਹਾਡਾ ਲਹਿਣਾ ਦੇਣਾ ਤੁਹਾਡੀ ਝੋਲੀ ਪਾ ਕੇ ਉਜਲ ਕਰਾਂ ਮੁਖ, ਮੁਖੜਾ ਸਿਫ਼ਤ ਸਾਲਾਹੀਆ। ਅਗੇ ਲੇਖਾ ਬਹੁਤ ਕੁਛ, ਇਕੱਠਿਆਂ ਕਰਕੇ ਸਾਰਿਆਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਇਸ਼ਾਰੇ ਨਾਲ ਸਾਰੇ ਅਗੇ ਲਾਈਆ।