ਸ੍ਰੀ ਭਗਵਾਨ ਕਹੇ ਭਗਤਾਂ ਦਾ ਸੋਹਣਾ ਖੇੜਾ, ਸਚਖੰਡ ਦਵਾਰਾ ਨਜ਼ਰੀ ਆਈਆ। ਜਿਥੇ ਜੁਗ ਚੌਕੜੀ ਥੋੜ੍ਹਿਆਂ
ਦਾ ਵਸੇਰਾ, ਸਨਮੁਖ ਬੈਠੇ ਸੋਭਾ ਪਾਈਆ। ਢੋਲਾ ਗਾਵਣ ਤੂੰ ਮੇਰਾ ਮੈਂ ਤੇਰਾ, ਪਾਰਬ੍ਰਹਮ ਬ੍ਰਹਮ ਵਿਛੜ ਕਦੇ ਨਾ ਜਾਈਆ। ਦਿਵਸ ਰੈਣ ਨਾ ਕੋਈ ਚੰਦ ਨਾ ਅੰਧੇਰਾ, ਇਕੋ ਜੋਤ ਕਰੇ ਰੁਸ਼ਨਾਈਆ। ਮਨ ਮਤਿ ਬੁਧਿ ਜਗਤ ਵਿਦਿਆ ਨਾ ਦਿਸੇ ਕੋਈ ਝੇੜਾ, ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਲੜਾਈਆ। ਸਤਿ ਸਰੂਪ ਸ਼ਾਹੋ ਭੂਪ ਨਿਰਗੁਣ ਨਿਰਵੈਰ ਜਨ ਭਗਤਾਂ ਸਦ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਦੇਵਣਹਾਰਾ ਗੇੜਾ, ਲੱਖ ਚੁਰਾਸੀ ਹੁਕਮੇ ਅੰਦਰ ਭਵਾਈਆ। ਜਿਸ ਵੇਲੇ ਜਨ ਭਗਤਾਂ ਉਤੇ ਕਰੇ ਮਿਹਰਾ, ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਗੜ੍ਹ ਹੰਕਾਰੀ ਤੋੜ ਕੇ ਜੰਦਰ, ਬੇਘਰੇ ਘਰ ਦੇ ਮਾਲਕ ਦਏ ਬਣਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਕਰ ਕੇ ਡੂੰਘੀ ਕੰਦਰ, ਸਤਿ ਸਰੂਪ ਦਏ ਵਖਾਈਆ। ਮਨ ਵਾਸਨਾ ਬੰਨ੍ਹ ਕੇ ਬੰਦਰ, ਚੇਤਨ ਸੁਰਤੀ ਸੋਈ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਭਗਤਾਂ ਹੋਏ ਸਹਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਸੁਹੇਲਾ, ਦੋ ਜਹਾਨਾਂ ਵਿਚੋਂ ਨਜ਼ਰੀ ਆਈਆ। ਜਿਸ ਨੂੰ ਮਿਲਾਂ ਇਕ ਅਕੇਲਾ, ਨਿਰਗੁਣ ਸਰਗੁਣ ਹੋ ਕੇ ਫੇਰਾ ਪਾਈਆ। ਕੋਟਨ ਕੋਟ ਵਿਚੋਂ ਥੋੜਿਆਂ ਹੋਵੇ ਮੇਲਾ, ਬੇਪਰਵਾਹ ਜਿਨ੍ਹਾਂ ਉਪਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹੇ ਮੇਰਾ ਭਗਵਨ ਗੁਸਾਈਂ, ਗਹਿਰ ਗੰਭੀਰ ਨਜ਼ਰੀ ਆਇੰਦਾ। ਜੋ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਕੜੇ ਬਾਹੀਂ, ਨਿਰਗੁਣ ਸਰਗੁਣ ਆਪਣਾ ਜੋੜ ਜੁੜਾਇੰਦਾ। ਕਮਲਾਪਾਤੀ ਦੀਆ ਬਾਤੀ ਨਿਰਗੁਣ ਜੋਤ ਕਰੇ ਰੁਸ਼ਨਾਈ, ਮਹਲ ਅਟਲ ਇਕੋ ਸੋਭਾ ਪਾਇੰਦਾ। ਸ਼ਬਦ ਅਨਾਦ ਧੁਨ ਬੋਧ ਅਗਾਧ ਅਗੰਮ ਸੁਣਾਈ, ਨਿਸ਼ਅੱਖਰ ਆਪਣੀ ਧਾਰ ਸਮਝਾਇੰਦਾ। ਅੰਤਰ ਆਤਮ ਅੰਮ੍ਰਿਤ ਜਾਮ ਪਿਆਈ, ਅਨੋਖਾ ਰਸ ਦੇਵੇ ਹਸ ਨਿਝਰ ਝਿਰਨਾ ਆਪ ਝਿਰਾਇੰਦਾ। ਨੇਤਰ ਲੋਚਣ ਨੈਣ ਅੱਖ ਖੁਲ੍ਹਾਈ, ਕੂੜੀ ਕਿਰਿਆ ਮੇਟੇ ਬੀਨਾਈ, ਏਕ ਨੂਰ ਜ਼ਹੂਰ ਜ਼ਾਹਰ ਆਪ ਅਖਵਾਇੰਦਾ। ਆਤਮ ਪਰਮਾਤਮ ਮੇਲਾ ਕਰੇ ਸਹਿਜ ਸੁਭਾਈ, ਪੜਦਾ ਉਹਲਾ ਇਕ ਉਠਾਈ, ਘਰ ਵਿਚ ਘਰ ਮਿਲ ਮਿਲ ਖ਼ੁਸ਼ੀ ਮਨਾਇੰਦਾ। ਆਤਮ ਸੇਜਾ ਡੇਰਾ ਲਾਈ, ਸ਼ਬਦ ਅਨਾਦ ਧੁਨ ਸ਼ਨਵਾਈ, ਜੋਤੀ ਨੂਰ ਡਗਮਗਾਈ, ਸਤਿ ਸਤਿਵਾਦੀ ਆਪਣੀ ਖ਼ੁਸ਼ੀ ਵਖਾਇੰਦਾ। ਭਗਤਾਂ ਸੰਗ ਭਗਵਾਨ ਕਰੇ ਕੁੜਮਾਈ, ਦੋ ਜਹਾਨਾਂ ਵਜਦੀ ਰਹੇ ਵਧਾਈ, ਏਥੇ ਓਥੇ ਹੋਏ ਸਹਾਈ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਰਵਿਦਾਸ ਚਮਿਆਰਾ ਦਏ ਗਵਾਹੀ, ਗੁਰਮੁਖੋ ਵੇਖੋ ਨੈਣ ਉਠਾਈ, ਨਿਜ ਨੇਤਰ ਹਰਿਜੂ ਆਪਣਾ ਰੰਗ ਰੰਗਾਇੰਦਾ। ਸੰਤਾਂ ਦਾ ਮੀਤ ਭਗਤਾਂ ਦਾ ਗੁਸਾਈਂ, ਗੁਰਮੁਖਾਂ ਦੇਵਣਹਾਰਾ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਤਾਰਨਹਾਰਾ ਜਾਂਦਿਆਂ ਰਾਹੀ, ਪੂਰਬ ਜਨਮ ਲੇਖੇ ਰਿਹਾ ਮੁਕਾਈ, ਨਿਤ ਨਵਿਤ ਦਾ ਲਹਿਣਾ ਦੇਣਾ ਝੋਲੀ ਆਪੇ ਪਾਇੰਦਾ। ਸੱਚੀ ਸਿਖਿਆ ਇਕ ਦ੍ਰਿੜਾਈ, ਆਪਣੀ ਵਿਦਿਆ ਆਪ ਪੜ੍ਹਾਈ, ਅਲਿਫ਼ ਯੇ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਇਕੋ ਰੰਗ ਵਖਾਇੰਦਾ। ਭਗਵਾਨ ਕਹੇ ਮੇਰਾ ਭਗਤ ਸਭ ਤੋਂ ਚੰਗਾ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਸ ਦੇ ਚਰਨ ਚੁੰਮੇ ਗੰਗਾ, ਕਬੀਰ ਮਿਲੀ ਵਡਿਆਈਆ। ਰਵਿਦਾਸ ਕਸੀਰੇ ਪਿਛੇ ਕੰਗਣ ਇਕ ਵੰਡਾ, ਸੋਹਣੀ ਜੜਤ ਜੜਾਈਆ। ਸਚ ਦਵਾਰੇ ਧੁਰ ਦਰਬਾਰੇ ਮਿਲੇ ਇਕ ਅਨੰਦਾ, ਅਨੰਦ ਆਤਮ ਵਿਚੋਂ ਪਰਗਟਾਈਆ। ਬਾਹਰੋਂ ਪੰਜਾਂ ਤੱਤਾਂ ਵਾਲਾ ਬੰਦਾ, ਅੰਤਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਗਨੀ ਅੱਗ ਨਾ ਕੋਇ ਤਪਾਏ ਸਦਾ ਠੰਡਾ, ਸੀਤਲ ਧਾਰਾ ਵਿਚ ਸਮਾਈਆ। ਪਰਮ ਪੁਰਖ ਅਬਿਨਾਸ਼ੀ ਕਰਤਾ ਲਾਏ ਆਪਣੇ ਅੰਗਾ, ਅੰਗੀਕਾਰ ਇਕ ਹੋ ਜਾਈਆ। ਕਾਇਆ ਚੋਲੀ ਚਾੜ੍ਹੇ ਸਾਚਾ ਰੰਗਾ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਖਵਾਈਆ। ਜਨ ਭਗਤ ਕਹੇ ਮੇਰਾ ਊਚੋ ਊਚ ਭਗਵੰਤ, ਅਗੰਮ ਅਥਾਹ ਬੇਪਰਵਾਹ ਅਖਵਾਈਆ। ਜਿਸ ਦਾ ਲੇਖਾ ਆਦਿ ਅੰਤ, ਜੁਗਾ ਜੁਗੰਤ ਵੇਖ ਵਖਾਈਆ। ਜੋ ਲੱਖ ਚੁਰਾਸੀ ਦਾ ਸਾਚਾ ਕੰਤ, ਪਤਿਪਰਮੇਸ਼ਵਰ ਵੱਡੀ ਵਡਿਆਈਆ। ਸੋ ਪਰਗਟ ਹੋ ਕੇ ਕਲਜੁਗ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਗੁਰਮੁਖਾਂ ਜਪਾਵੇ ਇਕੋ ਨਾਮ ਮੰਤ, ਢੋਲਾ ਧੁਰ ਦਾ ਦਏ ਸੁਣਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਮਨਮਤ ਰਹਿਣ ਕੋਇ ਨਾ ਪਾਈਆ। ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਤਾ ਤੋੜ ਕੇ ਜੇਰਜ ਅੰਡਜ, ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਮੇਲ ਮਿਲਾ ਕੇ ਭਗਤਾਂ ਸੰਗਤ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤ ਕਹੇ ਮੇਰਾ ਠਾਕਰ ਸਵਾਮੀ, ਹਰਿ ਕਰਤਾ ਇਕ ਅਖਵਾਇੰਦਾ। ਜੋ ਹਰ ਘਟ ਵਸਿਆ ਹਰ ਘਟ ਅੰਤਰਜਾਮੀ, ਗ੍ਰਹਿ ਗ੍ਰਹਿ ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਅਗੰਮੀ ਬਾਣੀ, ਸ਼ਬਦ ਵਸਤ ਅਮੋਲਕ ਝੋਲੀ ਪਾਇੰਦਾ। ਅੰਮ੍ਰਿਤ ਰਸ ਧੁਰ ਦਾ ਜਾਮ ਆਬੇ ਹਯਾਤ ਪਿਆਵਣਹਾਰਾ ਪਾਣੀ, ਬੂੰਦ ਸਵਾਂਤੀ ਇਕੋ ਇਕ ਟਪਕਾਇੰਦਾ। ਲੇਖਾ ਚੁਕਾਵਣਹਾਰਾ ਚਾਰੇ ਖਾਣੀ, ਚਾਰੋਂ ਕੁੰਟ ਖੋਜ ਖੁਜਾਇੰਦਾ। ਸੁਰਤੀ ਸ਼ਬਦ ਮਿਲਾਵਣਹਾਰਾ ਹਾਣੀ, ਜੁਗ ਵਿਛੜੇ ਧੁਰ ਸੰਜੋਗੀ ਮੇਲ ਮਿਲਾਇੰਦਾ। ਰਾਗਾਂ ਨਾਦਾਂ ਤੋਂ ਬਾਹਰ ਦੱਸੇ ਆਪਣੀ ਕਹਾਣੀ, ਜਲਵਾ ਜੋਤ ਨੂਰ ਨੁਰਾਨੀ, ਸਿਫ਼ਤਾਂ ਵਿਚ ਨਾ ਕੋਇ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਨ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਨਿਰਗੁਣ ਸਰਗੁਣ ਆਪਣੀ ਧਾਰ ਚਲਾਇੰਦਾ। ਜਨ ਭਗਤ ਕਹੇ ਮੇਰਾ ਪਾਰਬ੍ਰਹਮ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਸਭ ਤੋਂ ਵਖਰਾ ਨਿਰਾਲਾ ਧਰਮ, ਦੀਨਾਂ ਵਿਚੋਂ ਦੀਨ ਇਕੋ ਦਏ ਸਮਝਾਈਆ। ਜਿਸ ਦਾ ਸਮਝ ਨਾ ਸਕੇ ਕੋਈ ਕਰਮ, ਨਿਹਕਰਮੀ ਆਪਣੀ ਕਾਰ ਕਮਾਈਆ। ਜਿਸ ਦਾ ਝਗੜਾ ਨਹੀਂ ਕੋਈ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨੂਰ ਰਿਹਾ ਦਰਸਾਈਆ। ਜਨ ਭਗਤਾਂ ਦੇਵੇ ਸਾਚੀ ਸਰਨ, ਚਰਨ ਪ੍ਰੀਤੀ ਇਕ ਸਮਝਾਈਆ। ਨੇਤਰ ਖੋਲ੍ਹੇ ਹਰਨ ਫਰਨ, ਜਗਤ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਵਨ ਕਹੇ ਮੇਰਾ ਭਗਤ ਮੀਤ, ਧੁਰ ਦਾ ਮਿਤਰ ਨਜ਼ਰੀ ਆਈਆ। ਜਿਸ ਨਾਲ ਜਗਤ ਜਹਾਨ ਚਲੇ ਧੁਰ ਦੀ ਰੀਤ, ਸਾਚਾ ਮਾਰਗ ਇਕ ਲਗਾਈਆ। ਤਨ ਮਾਟੀ ਖ਼ਾਕੀ ਕਰ ਕੇ ਠਾਂਡੀ ਸੀਤ, ਅਗਨੀ ਤੱਤ ਦਏ ਬੁਝਾਈਆ। ਭੇਵ ਚੁਕਾ ਕੇ ਊਚ ਨੀਚ, ਹਸਤ ਕੀਟ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕ ਅਖਵਾਈਆ । ਭਗਤ ਭਗਵਾਨ ਇਕ ਸਰੂਪ, ਜੋਤ ਜੋਤੀ ਵਿਚ ਸਮਾਈਆ। ਇਕੋ ਦਿਸ਼ਾ ਇਕੋ ਕੂਟ, ਇਕੋ ਘਰ ਵਜੇ ਵਧਾਈਆ। ਇਕੋ ਹੁਲਾਰਾ ਰਹੇ ਝੂਟ, ਦੋ ਜਹਾਨਾਂ ਪਾਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭਗਤੀ ਵਿਚ ਰਖਾਈਆ। ਭਗਤ ਭਗਵਾਨ ਇਕੋ ਸੰਗ, ਜੁਗ ਚੌਕੜੀ ਨਜ਼ਰੀ ਆਈਆ। ਇਕੋ ਨਾਮ ਇਕੋ ਮਰਦੰਗ, ਇਕੋ ਢੋਲਾ ਰਾਗ ਗਾਈਆ। ਇਕੋ ਸੇਜ ਇਕੋ ਪਲੰਘ, ਇਕੋ ਬੈਠਾ ਆਸਣ ਲਾਈਆ। ਇਕੋ ਪ੍ਰੇਮ ਇਕੋ ਅਨੰਦ, ਰਸ ਇਕੋ ਇਕ ਚਖਾਈਆ। ਇਕੋ ਮੰਦਰ ਇਕੋ ਅੰਦਰ ਜਾਣ ਲੰਘ, ਇਕ ਦੂਜੇ ਨੂੰ ਮਿਲ ਮਿਲ ਖ਼ੁਸ਼ੀ ਮਨਾਈਆ । ਭਗਵਾਨ ਭਗਤਾਂ ਬਖ਼ਸ਼ੰਦ, ਭਗਤ ਭਗਵਾਨ ਗਾਵਣ ਛੰਦ, ਦੋਹਾਂ ਮਿਲ ਕੇ ਪਏ ਠੰਡ, ਠਾਕਰ ਕ਼ਾਦਰ ਕਰਤਾ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦਾ ਲੇਖਾ ਪੂਰਬ ਵੇਖ ਵਖਾਈਆ।