G18L060 ੪ ਮਾਘ ੨੦੨੧ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਜੇਠੂਵਾਲ

    ਸਾਹਿਬ ਸਤਿਗੁਰ ਸਦਾ ਕਿਰਪਾਲ, ਦੀਨ ਦਿਆਲ ਦਇਆਨਿਧ ਅਖਵਾਇੰਦਾ। ਸ੍ਰਿਸ਼ਟ

ਸਬਾਈ ਵੇਖਣਹਾਰ ਜਹਾਨ, ਲੋਕ ਪਰਲੋਕ ਖੋਜ ਖੁਜਾਇੰਦਾ। ਦਾਤਾ ਦਾਨੀ ਦੇਵਣਹਾਰਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਗੁਰਮੁਖ ਸੁਹੇਲੇ ਵੇਖੇ ਆਣ, ਨਿਤ ਨਵਿਤ ਵੇਸ ਵਟਾਇੰਦਾ । ਪੂਰਬ ਲਹਿਣਾ ਚੁਕਾਏ ਬਖ਼ਸ਼ੇ ਮਾਣ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਸਾਹਿਬ ਸਤਿਗੁਰ ਸਰਬ ਜਗ ਮੀਤ, ਮਿਤਰ ਪਿਆਰਾ ਇਕ ਅਖਵਾਇੰਦਾ। ਜਨ ਭਗਤਾਂ ਦੱਸ ਕੇ ਸਾਚੀ ਰੀਤ, ਰਹਿਬਰ ਰਾਹ ਇਕ ਦ੍ਰਿੜਾਇੰਦਾ। ਲੇਖਾ ਚੁਕਾ ਕੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਇੰਦਾ। ਪੁਰਖ ਅਕਾਲ ਸਚ ਪ੍ਰੀਤ, ਚਰਨ ਸਰਨ ਸਰਨਾਈ ਇਕ ਸਮਝਾਇੰਦਾ। ਸੰਤ ਸਾਜਨ ਢੋਲਾ ਗੀਤ, ਧੁਰ ਦਵਾਰ ਰਾਗ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਇੰਦਾ । ਸਤਿਗੁਰ ਸਮਰਥ ਸਰਬ ਗੁਣਵੰਤਾ, ਗਹਿਰ ਗੰਭੀਰ ਵੱਡੀ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਚੌਕੜੀ ਆਪਣਾ ਹੁਕਮ ਮਨਾਈਆ। ਲੱਖ ਚੁਰਾਸੀ ਬਣਾ ਬਣਤਾ, ਘੜਨ ਭੰਨਣ ਸਮਰਥ ਸੁਵਾਮੀ ਹਰ ਘਟ ਖੋਜ ਖੁਜਾਈਆ । ਸੁਰਤ ਸ਼ਬਦ ਨਾਰ ਕੰਤਾ, ਸੋਭਾਵੰਤ ਸੁਹਾਗਣ ਦਏ ਵਡਿਆਈਆ। ਨਾਮ ਨਿਧਾਨ ਧੁਰ ਦਾ ਮੰਤਾ, ਮੰਤਰ ਆਪਣਾ ਇਕ ਪੜ੍ਹਾਈਆ। ਪਤਿਪਰਮੇਸ਼ਵਰ ਸਰਬ ਪਤਵੰਤਾ, ਸਿਰ ਆਪਣਾ ਹੱਥ ਟਿਕਾਈਆ। ਦੇ ਵਡਿਆਈ ਜੀਵ ਜੰਤਾ, ਜ਼ਾਤ ਆਪਣੀ ਵਿਚ ਮਿਲਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਪੂਰਾ ਏਕਾ ਏਕ, ਅਕਲ ਕਲ ਅਖਵਾਇੰਦਾ। ਲੋਕਮਾਤ ਬਖ਼ਸ਼ੇ ਚਰਨ ਟੇਕ, ਸਚਖੰਡ ਦਵਾਰੇ ਜੋਤੀ ਜੋਤ ਮਿਲਾਇੰਦਾ। ਧਾਮ ਵਖਾ ਕੇ ਅਗੰਮੜਾ ਦੇਸ, ਮਹਲ ਅਟਲ ਇਕ ਵਖਾਇੰਦਾ। ਜਿਥੇ ਵਸੇ ਨਰ ਨਰੇਸ਼, ਨਰ ਨਿਰੰਕਾਰਾ ਸੋਭਾ ਪਾਇੰਦਾ। ਜਨ ਭਗਤਾਂ ਖੋਲ੍ਹ ਕੇ ਆਪਣਾ ਭੇਤ, ਅਭੇਵ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਤਿਗੁਰ ਪੂਰਾ ਸਰਬ ਦਾ ਸੰਗ, ਸੰਗੀ ਧੁਰ ਦਾ ਨਜ਼ਰੀ ਆਈਆ। ਧੁਨ ਨਾਦ ਵਜਾਏ ਮਰਦੰਗ, ਸ਼ਬਦ ਰਾਗ ਸੁਣਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਦੁਰਮਤ ਮੈਲ ਧਵਾਈਆ। ਆਤਮ ਵਿਛੋੜਾ ਕੱਟੇ ਰੰਡ, ਪਰਮਾਤਮ ਮੇਲਾ ਸਹਿਜ ਸੁਭਾਈਆ। ਨਿਜ ਆਤਮ ਨਿਜ ਘਰ ਨਿਜ ਗ੍ਰਹਿ ਬਖ਼ਸ਼ੇ ਨਿਜਾਨੰਦ, ਅਨੰਦ ਵਿਚੋਂ ਪਰਮਾਨੰਦ ਪਰਗਟਾਈਆ। ਜਿਨ੍ਹਾਂ ਬਖ਼ਸ਼ਿਆ ਸਾਚਾ ਛੰਦ, ਸੋਹੰ ਰਾਗ ਦਿਤਾ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰੀ ਬੰਨ੍ਹ ਕੇ ਤੰਦ, ਗੰਢ ਆਪਣੇ ਨਾਲ ਪੁਆਈਆ।