G18L064 ੧੨ ਮਾਘ ੨੦੨੧ ਬਿਕ੍ਰਮੀ ਸਮਪੂਰਨ ਸਿੰਘ, ਸੁੰਦਰ ਸਿੰਘ ਦੇ ਗ੍ਰਹਿ ਫੇਰੂ ਸ਼ਹਿਰ

   ਆਤਮ ਕਹੇ ਮੇਰਾ ਅੰਤਰ ਰੂਪ, ਸਤਿ ਸਤਿਵਾਦੀ ਨਜ਼ਰੀ ਆਇੰਦਾ। ਵਿਸਮਾਦੀ ਹੋਵਾਂ ਸਤਿ ਸਰੂਪ, ਅਬਿਨਾਸ਼ੀ ਕਰਤੇ ਵਿਚ ਸਮਾਇੰਦਾ। ਵੇਖ ਵਖਾਣਾਂ ਚਾਰੇ ਕੂਟ, ਦਹਿ

ਦਿਸ਼ਾ ਖੋਜ ਖੁਜਾਇੰਦਾ। ਮੇਰਾ ਨਾਤਾ ਕਦੇ ਨਾ ਜੁੜਿਆ ਜੂਠ ਝੂਠ, ਮਾਇਆ ਮਮਤਾ ਮੋਹ ਨਾ ਕੋਇ ਰਖਾਇੰਦਾ । ਸਦ ਮੇਲ ਮਿਲਾਵਾਂ ਕਾਇਆ ਬੁਤ, ਅਬਿਨਾਸ਼ੀ ਅਚੁਤ ਜੋੜ ਜੁੜਾਇੰਦਾ। ਸਾਚੀ ਧਾਰੋਂ ਪਰਗਟ ਹੋ ਕੇ ਪਵਾਂ ਉਠ, ਜਨਨੀ ਜਨ ਨਾ ਕੋਇ ਵਖਾਇੰਦਾ । ਜਨ ਭਗਤਾਂ ਅੰਦਰ ਮੌਲੇ ਰੁੱਤ, ਫੁਲ ਫੁਲਵਾੜੀ ਸਚ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇੰਦਾ। ਆਤਮ ਕਹੇ ਮੇਰਾ ਸਚ ਅਸਥਾਨ, ਭੂਮਿਕਾ ਇਕ ਜਣਾਈਆ। ਜਿਥੇ ਝੁਲਦਾ ਧਰਮ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ । ਨਾ ਜ਼ਿਮੀਂ ਨਾ ਅਸਮਾਨ, ਬ੍ਰਹਿਮੰਡ ਖੰਡ ਵੰਡ ਨਾ ਕੋਇ ਵੰਡਾਈਆ। ਨਾ ਸ਼ਾਸਤਰ ਸਿਮਰਤ ਵੇਦ ਪੁਰਾਨ, ਕਥਨੀ ਕਥ ਨਾ ਕੋਇ ਵਡਿਆਈਆ। ਸੂਰਜ ਚੰਦ ਨਾ ਕੋਇ ਭਾਨ, ਦਿਵਸ ਰੈਣ ਨਾ ਕੋਇ ਵਖਾਈਆ। ਨਾ ਗੋਪੀ ਨਾ ਦਿਸੇ ਕਾਹਨ, ਨਟੂਆ ਵੇਸ ਨਾ ਕੋਇ ਧਰਾਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਤਿਸ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅਨਾਦੀ ਮੇਲਾ ਆਪ ਕਰਾਈਆ । ਆਤਮ ਕਹੇ ਮੇਰਾ ਧਾਮ ਅਵੱਲਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਘਰ ਵਿਚ ਘਰ ਵਸਾਂ ਇਕ ਇਕੱਲਾ, ਸਚ ਸਿੰਘਾਸਣ ਸੋਭਾ ਪਾਇੰਦਾ । ਸਚ ਪ੍ਰੀਤੀ ਅੰਦਰ ਰਲਾ, ਪਰਮਾਤਮ ਇਕੋ ਇਕ ਵੇਖ ਵਖਾਇੰਦਾ। ਜਿਸ ਦੀ ਧਾਰ ਵਿਚੋਂ ਪਲਾ, ਆਪ ਆਪਣਾ ਬੰਸ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਦਇਆ ਕਮਾਇੰਦਾ। ਆਤਮ ਕਹੇ ਮੇਰਾ ਸੋਹਣਾ ਮਕਾਨ, ਜਨ ਭਗਤ ਬਣਤ ਬਣਾਈਆ। ਜਿਥੇ ਇਕੋ ਸ਼ਰਅ ਇਕੋ ਈਮਾਨ, ਸਤਿ ਧਰਮ ਇਕ ਰਖਾਈਆ। ਇਕੋ ਕਲਮਾ ਇਕ ਕਲਾਮ, ਇਕੋ ਕਾਅਬਾ ਰਿਹਾ ਦ੍ਰਿੜਾਈਆ । ਇਕੋ ਨਾਮ ਗੁਣ ਨਿਧਾਨ, ਸਾਹਿਬ ਸਤਿਗੁਰ ਆਪ ਸਮਝਾਈਆ। ਇਕ ਸਰੋਵਰ ਇਕ ਇਸ਼ਨਾਨ, ਪਤਿਤ ਪੁਨੀਤ ਆਪ ਬਣਾਈਆ। ਇਕੋ ਗੀਤ ਇਕੋ ਗਾਨ, ਇਕੋ ਢੋਲਾ ਰਿਹਾ ਜਣਾਈਆ। ਸੋ ਘਰ ਦਵਾਰ ਦਿਸੇ ਮਹਾਨ, ਮਹਿੰਮਾ ਕਥ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇੜਾ ਰਿਹਾ ਵਸਾਈਆ। ਆਤਮ ਕਹੇ ਮੇਰਾ ਸੁਹੰਜਣਾ ਖੇੜਾ, ਦਿਵਸ ਰੈਣ ਰਹੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਚੋਰਾਂ ਯਾਰਾਂ ਠੱਗਾਂ ਨਾ ਕੋਈ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਨਾ ਕੋਇ ਲੜਾਈਆ । ਸ਼ੌਹ ਦਰਿਆ ਨਾ ਡੁੱਬੇ ਬੇੜਾ, ਵੈਂਹਦੀ ਧਾਰ ਨਾ ਕੋਇ ਵਹਾਈਆ। ਕੂੜੀ ਕਿਰਿਆ ਨਾ ਕੋਈ ਡੇਰਾ, ਹਉਮੇ ਹੰਗਤਾ ਗੜ੍ਹ ਨਾ ਕੋਈ ਬਣਾਈਆ । ਪ੍ਰਭ ਸਰਨਾਈ ਸਚ ਵਸੇਰਾ, ਚਰਨ ਕਵਲ ਇਕ ਸਮਝਾਈਆ। ਦਿਵਸ ਰੈਣ ਕਦੇ ਨਾ ਹੋਏ ਅੰਧੇਰਾ, ਇਕੋ ਜੋਤੀ ਨੂਰ ਡਗਮਗਾਈਆ। ਬਿਨ ਸਾਹਿਬ ਸਤਿਗੁਰ ਪੁੱਛੇ ਕਿਹੜਾ, ਜੀਵਾਂ ਜੰਤਾਂ ਸਮਝ ਜਗਤ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਆਤਮ ਕਹੇ ਮੇਰਾ ਨਿਵਾਸ ਚੰਗਾ, ਅਬਿਨਾਸ਼ੀ ਦਿਤੀ ਵਡਿਆਈਆ। ਲੋੜ ਰਹੀ ਨਾ ਕਿਸੇ ਗੰਗਾ, ਅਠਸਠ ਨਾ ਕੋਇ ਸਰਨਾਈਆ। ਲੇਖਾ ਚੁਕਣਾ ਨਾਦ ਮਰਦੰਗਾ, ਜਗਤ ਤੰਬੂਰ ਨਾ ਕੋਇ ਵਜਾਈਆ। ਰਸਨਾ ਜਿਹਵਾ ਛੁਟਿਆ ਅਨੰਦਾ, ਅਨੰਦ ਇਕੋ ਇਕ ਸਮਝਾਈਆ। ਠਾਕਰ ਸਵਾਮੀ ਮਿਲਿਆ ਬਖ਼ਸ਼ੰਦਾ, ਮਿਹਰਵਾਨ ਹੋਇਆ ਸਹਾਈਆ। ਸੋ ਗੁਰਮੁਖ ਸੁਹੇਲਾ ਸਾਜਣ ਖ਼ਾਕੀ ਬੰਦਾ, ਜਿਸ ਬੰਧਨ ਦਿਤਾ ਤੁੜਾਈਆ। ਘਰ ਪਰਕਾਸ਼ ਕਰ ਕੇ ਚੰਦਾ, ਨੂਰੋ ਨੂਰ ਦਿਤਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਆਤਮ ਕਹੇ ਮੈਂ ਨੂਰ ਨੂਰਾਨਾ, ਬੇਨਜ਼ੀਰ ਦਿਤੀ ਵਡਿਆਈਆ। ਦੀਆ ਬਾਤੀ ਇਕ ਮਹਾਨਾ, ਕਮਲਾਪਾਤੀ ਦਿਤਾ ਜਗਾਈਆ । ਸਾਢੇ ਤਿੰਨ ਹੱਥ ਸੁਹਾ ਕੇ ਸਚ ਮਕਾਨਾ, ਜਨ ਭਗਤਾਂ ਭੇਵ ਖੁਲ੍ਹਾਈਆ। ਬੋਧ ਅਗਾਧਾ ਦੇ ਗਿਆਨਾ, ਹੁਕਮੀ ਹੁਕਮ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਆਤਮ ਕਹੇ ਮੇਰਾ ਘਰ ਥਿਰ, ਪੁਰਖ ਅਬਿਨਾਸ਼ੀ ਦਿਤਾ ਬਣਾਈਆ । ਜਿਥੋਂ ਕਦੀ ਨਾ ਜਾਵਾਂ ਗਿਰ, ਅਸਥਲ ਹੋ ਕੇ ਡੇਰਾ ਲਾਈਆ। ਮੇਰਾ ਮੇਲਾ ਨਾਲ ਨਿਰਵੈਰ ਨਿਰ, ਨਰ ਨਿਰੰਕਾਰ ਜੋੜ ਜੁੜਾਈਆ। ਭਗਤਾਂ ਅੰਦਰ ਵੜ ਕੇ ਨਾ ਆਵਾਂ ਫਿਰ, ਦੂਜਾ ਵੇਸ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਮੈਂ ਸਦਾ ਅਨਮੋਲ, ਸਤਿ ਸਰੂਪੀ ਰੂਪ ਵਟਾਇੰਦਾ। ਮੇਰਾ ਕੋਈ ਨਾ ਤੋਲੇ ਤੋਲ, ਮਾਸ਼ਾ ਰਤੀ ਟੰਕ ਵਜ਼ਨ ਨਾ ਕੋਇ ਰਖਾਇੰਦਾ। ਮੇਰਾ ਪਰਦਾ ਸਕੇ ਨਾ ਕੋਇ ਫੋਲ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਇੰਦਾ। ਹਰ ਘਟ ਅੰਦਰ ਬੈਠਾ ਰਹਾਂ ਅਡੋਲ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਆਤਮ ਕਹੇ ਮੇਰਾ ਮੇਲਾ ਬਿਛਰਤ, ਜੁਗ ਜਨਮ ਵਿਛੜੇ ਮੇਲ ਮਿਲਾਈਆ। ਮੇਰਾ ਲਹਿਣਾ ਚੁਕਿਆ ਕੂੜ ਕੁੜਿਆਰੀ ਐਸ਼ੋਂ ਇਸ਼ਰਤ, ਸਚ ਪ੍ਰੇਮੀ ਰੂਪ ਵਟਾਈਆ। ਮੈਂ ਵੇਖ ਵਖਾਵਾਂ ਸਭ ਦੀ ਫ਼ਿਤਰਤ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਸਤਿ ਸਚ ਸਰਨਾਈਆ। ਆਤਮ ਕਹੇ ਮੇਰਾ ਅਨੰਦ ਮਲੂਕ, ਕੋਮਲ ਨਾਜ਼ਕ ਨਜ਼ਰੀ ਆਈਆ। ਮੇਰਾ ਸੰਤਾਂ ਭਗਤਾਂ ਕੋਲ ਸਬੂਤ, ਦੂਜਾ ਸਕੇ ਨਾ ਕੋਇ ਸਮਝਾਈਆ। ਮੇਰਾ ਵਸੇਰਾ ਕਾਇਆ ਕਲਬੂਤ, ਤੱਤਾਂ ਅੰਦਰ ਡੇਰਾ ਲਾਈਆ। ਮੇਰਾ ਕਿਲ੍ਹਾ ਕੋਟ ਮਜ਼ਬੂਤ, ਬਜਰ ਕਪਾਟੀ ਗੜ੍ਹ ਨਾ ਕੋਇ ਤੁੜਾਈਆ। ਮੈਂ ਘਰ ਵਿਚ ਘਰ ਬੈਠਾ ਹੋ ਮਹਿਫ਼ੂਜ਼, ਬਾਹਰ ਸਕੇ ਨਾ ਕੋਇ ਕਢਾਈਆ। ਮੇਰਾ ਅਰਸ਼ ਕੁਰਸ਼ ਤੋਂ ਉਚਾ ਅਰੂਜ, ਮਹਲ ਅਟਲ ਸੋਭਾ ਪਾਈਆ। ਮੇਰਾ ਇਕੋ ਇਕ ਮਹਿਬੂਬ, ਮੁਹੱਬਤ ਜਿਸ ਦੇ ਨਾਲ ਰਖਾਈਆ । ਜਿਧਰ ਵੇਖਾਂ ਓਧਰ ਮੌਜੂਦ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਆਤਮ ਕਹੇ ਮੇਰਾ ਅੰਤਰਜਾਮੀ, ਆਦਿ ਪੁਰਖ ਇਕ ਅਖਵਾਇੰਦਾ। ਜਿਸ ਦਾ ਹੁਕਮ ਸ਼ਬਦ ਅਗੰਮੀ ਬਾਣੀ, ਦੋ ਜਹਾਨਾਂ ਆਪ ਸੁਣਾਇੰਦਾ। ਜਿਸ ਦਾ ਖੇਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ । ਜਿਸ ਦੀ ਸੰਤ ਸੁਹੇਲੇ ਲੋਕਮਾਤ ਸੱਚੀ ਨਿਸ਼ਾਨੀ, ਭਗਤ ਭਗਵੰਤ ਆਪ ਪਰਗਟਾਇੰਦਾ। ਸੋ ਵੇਖਣਹਾਰਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਗੁਰਸਿਖ ਸਚ ਦਵਾਰ ਬਖ਼ਸ਼ ਕੇ ਚਰਨ ਕਵਲ ਧਿਆਨੀ, ਇਸ਼ਟ ਇਕੋ ਇਕ ਸਮਝਾਇੰਦਾ। ਅੰਮ੍ਰਿਤ ਆਤਮ ਨਿਝਰ ਰਸ ਦੇ ਕੇ ਠੰਡਾ ਪਾਣੀ, ਤ੍ਰਿਸ਼ਨਾ ਭੁਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਹੇ ਮੇਰਾ ਪਰਮਾਤਮ ਬਾਨੀ, ਜੋ ਨਿਤ ਨਵਿਤ ਜੁਗੋ ਜੁਗ ਬਾਣਾ ਜਗਤ ਬਦਲਾਇੰਦਾ।