Granth 03 Likhat 002: 6 Jeth 2010 Bikarmi Pind Jethuwal

੬ ਜੇਠ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ
ਨਿਰਮਲ ਸਰੀਰ ਤੁਟੀ ਧੀਰ। ਤਨ ਕਾਇਆ ਵਿਚ ਰਹੇ ਪੀੜ। ਅੱਖੀਂ ਦਿਵਸ ਰੈਣ ਰਹੇ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਰ ਆਇਆਂ ਕੱਟੇ ਭੀੜ। ਸਿਰ ਪੈਰਾਂ ਤਨ ਲੱਗੇ ਅੱਗ। ਝੂਠਾ ਦਿਸੇ ਸਾਰਾ ਜਗ। ਪ੍ਰਭ ਸਾਚੇ ਦੇ ਪਕੜੇ ਪਗ। ਪ੍ਰਭ ਚਰਨ ਗਿਆ ਲੱਗ। ਆਪ ਬੰਧਾਏ ਸੋਹੰ ਤਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਓ, ਦੁੱਖ ਕਲੇਸ਼ ਜਾਇਣ ਦਗ। ਸੋਹੰ ਸ਼ਬਦ ਅੱਗ ਤਪ। ਕੋਟਨ ਕੋਟ ਹਰਿ ਉਤਾਰੇ ਪਪ। ਕਲਜੁਗ ਮਾਇਆ ਨਾ ਡੰਗੇ ਸੱਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਤਾਰੇ ਕਾਇਆ ਦੁੱਖ, ਆਪੇ ਬਣੇ ਮਾਈ ਬਪ। ਆਪੇ ਹੋਏ ਮਾਈ ਬਾਪ। ਆਪੇ ਮਾਰੇ ਤੀਨੋ ਤਾਪ। ਸਾਚਾ ਦੇਵੇ ਏਕਾ ਸੋਹੰ ਜਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਸਰਬ ਸੰਤਾਪ। ਆਤਮ ਦੁੱਖੜੇ ਦੇਵੇ ਕੱਢ। ਆਪ ਕਰਾਏ ਸੁਖਾਲੇ ਹੱਡ। ਜੋਤ ਜਗਾਏ ਕਾਇਆ ਅੰਧੇਰੀ ਖੱਡ। ਦੁੱਖ ਰੋਗ ਪ੍ਰਭ ਦੇਵੇ ਵੱਢ। ਸਾਚਾ ਦਾਨ ਜੋ ਦਰ ਮੰਗੇ ਖ਼ਾਲੀ ਝੋਲੀ ਅੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਡਾਏ ਆਪਣੇ ਲਡ। ਮੰਗੇ ਦਾਤ ਸਾਚੀ ਭਿਛਿਆ। ਪੂਰ ਕਰਾਏ ਪ੍ਰਭ ਸਾਚਾ ਇਛਿਆ। ਆਪੇ ਕਰੇ ਗੁਰਸਿਖ ਰਿਛਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚੀ ਸਿਖਿਆ। ਸਾਚੀ ਸਿਖਿਆ ਸਿੱਖ ਵਿਚਾਰ। ਦਿਵਸ ਰੈਣ ਹਰਿ ਰਸਨ ਉਚਾਰ। ਸੋਹੰ ਸਾਚੀ ਸ਼ਬਦ ਧਾਰ। ਭਰਮ ਭੁਲੇਖਾ ਦੇਵੇ ਨਿਵਾਰ। ਆਤਮ ਲੇਖਾ ਨਾ ਰਹੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਰਨ ਜਨਮ ਦੋਏ ਦਏ ਸਵਾਰ। ਜਨਮ ਮਰਨ ਨਾ ਲਾਗੇ ਦੁੱਖ। ਆਪ ਨਿਵਾਰੇ ਸਰਬ ਭੁੱਖ। ਸੁਫਲ ਕਰਾਏ ਮਾਤ ਕੁੱਖ। ਕਾਇਆ ਅਗਨ ਬੁਝੇ ਧੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਸਾਚਾ ਘਰ ਸਾਚਾ ਵਰ ਸਾਚਾ ਮੰਗੋ ਸਦਾ ਸਦਾ ਆਤਮ ਸੁੱਖ। ਆਤਮ ਸੁੱਖੀਆ ਸੱਜਣ ਸੁਹੇਲਾ। ਵਿਛੜਿਆਂ ਕਲ ਆਪ ਕਰਾਇਆ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਵਿਚ ਜੰਗਲ ਜੂਹ ਪਹਾੜ ਬੇਲਾ। ਸਾਚਾ ਰਾਮ ਨਾਮ ਰਸਨਾ ਲੈਣ। ਗੁਰਮੁਖ ਸਾਚੇ ਰਸਨਾ ਕਹਿਣ। ਸਾਚਾ ਲਹਿਣਾ ਪ੍ਰਭ ਦਰ ਲੈਣ। ਦਰਸ ਪੇਖਣ ਦਰ ਆਏ ਨੈਣ। ਸਾਧ ਸੰਗਤ ਵਿਚ ਰਲ ਕੇ ਬਹਿਣ। ਸਰਬ ਬਣਾਏ ਪ੍ਰਭ ਭਾਈ ਭੈਣ। ਕਲਜੁਗ ਮਾਇਆ ਨਾ ਖਾਏ ਡੈਣ। ਆਪੇ ਹੋਏ ਸਾਕ ਸੱਜਣ ਸੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਇਣ। ਰਸਨਾ ਗਾਓ ਸਰਬ ਸੁੱਖ ਪਾਓ। ਤਨ ਕਲੇਸ਼ ਦੁੱਖ ਮਿਟਾਓ। ਪ੍ਰਭ ਸਾਚੇ ਕੋ ਕਰੋ ਆਦੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਹਰਿ ਸਾਚਾ ਪਾਓ। ਦਿਵਸ ਹਰਿ ਸਾਚਾ ਗਾਵਣਾ। ਦਰ ਘਰ ਸਾਚੇ ਆਏ ਹਰਿ ਪੂਰ ਕਰਾਈ ਭਾਵਨਾ। ਗੁਰਸਿਖ ਸਾਚੇ ਹਿਰਦੇ ਵਾਚੇ ਕਾਇਆ ਤਨ ਤੰਦੂਰ ਬੁਝਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰ ਕਰਾਵਣਾ। ਆਸਾ ਮਨਸਾ ਹੋਈ ਪੂਰੀ। ਜੋ ਜਨ ਆਏ ਚਲ ਹਜੂਰੀ। ਆਤਮ ਦੇਵੇ ਸਤਿ ਸਰੂਰੀ। ਸਰਬ ਕਲਾ ਪ੍ਰਭ ਸਾਚਾ ਭਰਪੂਰੀ। ਪ੍ਰਭ ਸਾਚਾ ਸੀਰ ਪਿਲਾਏ, ਜੋ ਦਰ ਬਣੇ ਕਾਲੀ ਬੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਕ ਭਵਿਖਤ ਲਿਖਾਏ ਨਾ ਕੋਈ ਹੋਏ ਅਧੂਰੀ। ਰਾਗ ਰੰਗ ਧਨ ਝੂਠਾ ਮਾਲ। ਆਤਮ ਰਹੇ ਸਦਾ ਕੰਗਾਲ। ਸੋਹੰ ਦੇਵੇ ਪ੍ਰਭ ਸਾਚਾ ਲਾਲ। ਖਰਚ ਖਾਏ ਗੁਰਸਿਖ ਏਥੇ ਓਥੇ ਤੇਰੇ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪ ਸਮਝਾਏ ਜਿਉਂ ਬਾਲਕ ਮਾਤਾ ਬਾਲ। ਗੁਰਸਿਖ ਅੰਞਾਣੇ ਬਾਲੇ। ਪ੍ਰਭ ਅਬਿਨਾਸ਼ੀ ਸੁਰਤ ਸੰਭਾਲੇ। ਬਾਹੋਂ ਪਕੜ ਕਲ ਗਲੇ ਲਗਾਲੇ। ਆਪੇ ਕੱਟੇ ਜਗਤ ਜੰਜਾਲੇ। ਸੋਹੰ ਦੇਵੇ ਸਾਚਾ ਧੰਨ ਮਾਲੇ। ਕੋਈ ਨਾ ਜਾਏ ਹਰਿ ਦਰ ਤੋਂ ਖ਼ਾਲੇ। ਦੁੱਧ ਪੁੱਤ ਦੇ ਭਰੇ ਪਿਆਲੇ। ਆਤਮ ਦੁੱਖ ਸਰਬ ਮਿਟਾ ਲੇ। ਏਕਾ ਸੁੱਖ ਹਰਿ ਨਾਮ ਪਿਆਏ। ਉਜਲ ਮੁਖ ਜੋ ਜਨ ਰਸਨਾ ਗਾ ਲੇ। ਸੁਫਲ ਕਰਾਏ ਮਾਤ ਕੁੱਖ ਜੋ ਜਨ ਚਰਨੀ ਸੀਸ ਨਿਵਾ ਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਮਾਣ ਦਵਾ ਲੇ। ਦਰ ਘਰ ਆਇਆ ਮਿਲਿਆ ਮਾਣ। ਆਤਮ ਟੁੱਟੀ ਜਮ ਕੀ ਕਾਨ। ਪ੍ਰਭ ਅਬਿਨਾਸ਼ੀ ਲਏ ਪਛਾਣ। ਬੇਮੁਖ ਝੂਠੇ ਦਰ ਤੋਂ ਭੱਜ ਜਾਣ। ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨੀ ਡਿਗਣ ਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਵਣ ਪਾਣੀ ਆਪੇ ਵਸੇ ਜੋਤ ਸਰੂਪੀ ਇਕ ਮਸਾਣ। ਪਵਣ ਪਾਣੀ ਖਾਣੀ ਬਾਣੀ। ਪ੍ਰਭ ਸਾਚੇ ਏਕਾ ਜੋਤ ਜਗਾਣੀ। ਸੋਹੰ ਦੇਵੇ ਮਾਤ ਸਚ ਨਿਸ਼ਾਨੀ। ਗੁਰਸਿਖਾਂ ਹਰਿ ਬਣਿਆ ਬਾਨੀ। ਆਤਮ ਹੋਏ ਸਰਬ ਦੀ ਦਾਨੀ। ਚਰਨ ਧੂੜ ਕਰੇ ਇਸ਼ਨਾਨੀ। ਕਲਜੁਗ ਜੀਵ ਹੋਏ ਮੂੜ੍ਹ, ਭੁੱਲੇ ਫਿਰਨ ਜਗਤ ਗਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਹੰਕਾਰ ਨਿਵਾਰੇ ਜੋ ਦਰ ਆਏ ਬਣ ਵਡ ਵਡ ਵਿਦਵਾਨੀ। ਵਿਦਵਾਨ ਵਿਦਵਾਨ ਵਿਦਵਾਨ । ਕਿਆ ਕੋਈ ਕਰੇ ਪ੍ਰਭ ਪਛਾਣ। ਸੋ ਜਨ ਜਾਣੇ ਜਿਸ ਕਿਰਪਾ ਕਰੇ ਭਗਵਾਨ। ਕਰ ਕਿਰਪਾ ਸੋਹੰ ਦੇਵੇ ਸਾਚਾ ਦਾਨ। ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨ ਲਾਗ ਕਲ ਤਰ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਠਾਏ ਵਿਚ ਬਬਾਨ। ਸਚ ਬਬਾਨ ਜਾਣਾ ਚੜ੍ਹ। ਪ੍ਰਭ ਅਬਿਨਾਸ਼ੀ ਫੜਾਇਆ ਲੜ। ਸਾਚੇ ਅੰਦਰ ਜਾਣਾ ਵੜ। ਆਪ ਤੁੜਾਏ ਕਾਇਆ ਕੋਟ ਕਿਲ੍ਹਾ ਗੜ੍ਹ। ਗੁਰਮੁਖ ਸਾਚੇ ਪ੍ਰਭ ਸਾਚੇ ਧਾਮ ਬਹਾਏ ਲਗਾਏ ਤੇਰੀ ਜੜ੍ਹ। ਧਾਮ ਅਵੱਲੜਾ ਇਕ ਵਸੇ ਇਕੱਲੜਾ। ਗੁਰਮੁਖ ਸਾਚੇ ਗਲ ਪਾਓ ਪੱਲੜਾ। ਵੇਲਾ ਅੰਤਮ ਅੰਤ ਪ੍ਰਭ ਬੇਮੁਖਾਂ ਲਾਹੇ ਖੱਲੜਾ। ਏਕਾ ਏਕ ਦਿਸਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਭਾਰਾ ਕਰੇ ਪੱਲੜਾ। ਗੁਰਮੁਖ ਸਾਚੇ ਲੈਣਾ ਸ਼ਬਦ ਅਨਮੋਲ। ਪ੍ਰਭ ਅਬਿਨਾਸ਼ੀ ਵਸੇ ਤੇਰੇ ਆਤਮ ਦਰ ਦਰਵਾਜੇ ਕੋਲ। ਪ੍ਰਭ ਅਬਿਨਾਸ਼ੀ ਤੇਰੇ ਆਤਮ ਪਰਦੇ ਖੋਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਉਪਰ ਧਵਲ। ਧਰਤ ਧਵਲ, ਪ੍ਰਭ ਰਿਹਾ ਮਵਲ, ਕਾਹਨਾ ਸਵਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤਰਾਏ ਜਿਉਂ ਫੁੱਲ ਕਵਲ। ਗੁਰ ਸੂਰਾ, ਗੁਰ ਗਹਿਰ ਗੰਭੀਰਾ। ਸਰਬ ਕਲਾ ਭਰਪੂਰਾ। ਗੁਰਸਿਖਾਂ ਦੇਵੇ ਆਤਮ ਧੀਰ, ਸਾਚਾ ਸ਼ਬਦ ਉਪਜਾਏ ਸਾਚੀ ਤੂਰਾ। ਬਜ਼ਰ ਕਪਾਟੀ ਦੇਵੇ ਚੀਰ, ਆਤਮ ਜੋਤੀ ਨੂਰੋ ਨੂਰਾ। ਤੁੱਟੇ ਮੁਨ ਛੁੱਟੇ ਸੁੰਨ ਅੰਮ੍ਰਿਤ ਵਰਖੇ ਪ੍ਰਭ ਸਾਚਾ ਸੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚੁਣ ਆਪ ਬੰਨ੍ਹਾਏ ਆਤਮ ਧੀਰਾ। ਧੀਰਜ ਧੀਰ ਪ੍ਰਭ ਦੇਵੇ ਬੰਨ੍ਹ। ਸਾਚਾ ਸ਼ਬਦ ਪ੍ਰਭ ਸੁਣਾਏ ਕੰਨ। ਕੋਇ ਨਾ ਲਾਏ ਝੂਠਾ ਜਨ। ਧਰਮ ਰਾਏ ਨਾ ਲਾਏ ਡੰਨ। ਪ੍ਰਭ ਅਬਿਨਾਸ਼ੀ ਗੁਰਸਿਖ ਤੇਰਾ ਬੇੜਾ ਦੇਵੇ ਬੰਨ੍ਹ। ਭਰਮ ਭੁਲੇਖਾ ਝੂਠਾ ਲੇਖਾ, ਭਾਂਡਾ ਭਰਮ ਭਓ ਪ੍ਰਭ ਦੇਵੇ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਗੁਰਸਿਖ ਤੇਰੇ ਤਨ। ਸਾਚੇ ਤਨ ਜੋਤ ਜਗਾ ਲੀ। ਸਾਚਾ ਦੀਪਕ ਪ੍ਰਭ ਸਾਚੇ ਬਾਲੀ। ਏਕਾ ਦੇਵੇ ਰੰਗ ਗੁਲਾਲੀ। ਆਪੇ ਬਣੇ ਤੇਰੇ ਦਰ ਪ੍ਰਭ ਸਾਚਾ ਵਾਲੀ। ਦਿਵਸ ਰੈਣ ਰੈਣ ਦਿਵਸ ਗੁਰਮੁਖ ਤੇਰੇ ਆਪ ਕਰੇ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਆਪੇ ਮਾਲੀ। ਸਰਬ ਜੀਆਂ ਹਰਿ ਸਾਚਾ ਦਾਤਾ। ਸਾਚਾ ਦੇਵੇ ਸ਼ਬਦ ਸੋਹੰ ਗੁਰਮੁਖ ਹੋਏ ਜਗਤ ਗਿਆਤਾ। ਜੋਤੀ ਜੋਤ ਸਰੂਪ ਨਿਰੰਜਣ, ਜਨ ਭਗਤਾਂ ਬਣੇ ਆਪੇ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨ ਬੰਨਾਏ ਸਾਚਾ ਨਾਤਾ। ਚਰਨੀ ਨਾਤਾ ਪੁਰਖ ਬਿਧਾਤਾ। ਕਲਜੁਗ ਮਿਟਾਏ ਅੰਧੇਰੀ ਰਾਤਾ। ਸੋਹੰ ਦੇਵੇ ਸਾਚੀ ਦਾਤਾ। ਸਾਚਾ ਸ਼ਬਦ ਵਡ ਕਰਾਮਾਤਾ। ਚਾਰ ਵਰਨ ਪੜ੍ਹਾਏ ਇਕ ਜਮਾਤਾ। ਅਠਾਰਾਂ ਬਰਨ ਮੇਟ ਮਿਟਾਤਾ। ਊਚ ਨੀਚ ਪ੍ਰਭ ਇਕ ਕਰਾਤਾ। ਰਾਜਾ ਰਾਣਾ ਤਖ਼ਤੋਂ ਲਾਹਤਾ। ਸੁਘੜ ਸਿਆਣਿਆਂ ਮਾਣ ਦਵਾਤਾ। ਜੋ ਜਨ ਹੋਏ ਦਰ ਬਾਲ ਅੰਞਾਣੇ, ਪ੍ਰਭ ਆਪਣੀ ਗੋਦ ਉਠਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਆਪੇ ਗਿਆਤਾ। ਆਪੇ ਗਿਆਤਾ ਆਪੇ ਗਿਆਨੀ। ਆਪੇ ਦੇਵੇ ਸੋਹੰ ਸਚ ਨਿਸ਼ਾਨੀ। ਰਸਨਾ ਖਿਚ ਲਿਆਏ ਆਤਮ ਲਾਏ ਸਾਚੀ ਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਨੀ। ਜਾਣੀ ਜਾਣ ਆਪ ਭਗਵਾਨ। ਸੋਹੰ ਝੁਲੇ ਸਚ ਨਿਸ਼ਾਨ। ਚਾਰ ਵਰਨ ਪ੍ਰਭ ਰਸਨਾ ਗਾਨ। ਰਾਓ ਰੰਕ ਇਕ ਹੋ ਜਾਨ। ਸ਼ਾਹੋ ਮਿਟਾਏ ਸ਼ੰਕ, ਆਉਣ ਪ੍ਰਭ ਦਰਬਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਕਿਰਪਾ ਕਰੇ ਗੁਰਸਿਖਾਂ ਆਪ ਮਹਾਨ। ਪ੍ਰਭ ਅਬਿਨਾਸ਼ੀ ਜੋਤ ਧਰ। ਰਾਓ ਰੰਕ ਜਾਏ ਇਕ ਕਰ। ਚਾਰ ਵਰਨ ਖੁਲ੍ਹਾਏ ਇਕ ਦਰ। ਗੁਰਮੁਖ ਦਰ ਤੇ ਜਾਇਣ ਤਰ। ਨਿਹਕਲੰਕ ਤੇਰੀ ਸਰਨੀ ਜਾਇਣ ਪਰ। ਮਾਤ ਜੋਤ ਪ੍ਰਗਟਾਈ ਹਰਿ ਸਾਚੇ ਕਲਗੀ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭੇਵ ਖੁਲ੍ਹਾਈ ਸ੍ਰਿਸ਼ਟ ਸਬਾਈ ਮਾਨਸ ਜਨਮ ਕਲ ਗਈ ਹਰ। ਮਾਨਸ ਜਨਮ ਕਲ ਹਾਰਿਆ। ਬੇਮੁਖ ਨਾ ਆਏ ਚਲ ਦਵਾਰਿਆ। ਭਰਮ ਭੁਲੇਖਾ ਪ੍ਰਭ ਸਾਚਾ ਪਾ ਰਿਹਾ। ਅੰਤਮ ਲੇਖਾ ਕਲਜੁਗ ਮੁਕਾ ਲਿਆ। ਜੋ ਜਨ ਰਹੇ ਵੇਖੀ ਵੇਖਾ ਪ੍ਰਭ ਸਾਚਾ ਨਸ਼ਟ ਕਰਾ ਰਿਹਾ। ਗੁਰਮੁਖ ਸਾਚੇ ਪ੍ਰਭ ਨੇਤਰ ਪੇਖਾ। ਪ੍ਰਭ ਆਤਮ ਜੋਤੀ ਆਪ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਮਾਣਕ ਮੋਤੀ ਗਲ ਆਪਣੇ ਵਿਚ ਲਟਕਾ ਰਿਹਾ। ਗੁਰਸਿਖ ਦਰ ਸਾਚਾ ਮੋਤੀ। ਦੁਰਮਤ ਮੈਲ ਜਾਏ ਧੋਤੀ। ਆਪ ਉਠਾਏ ਆਤਮ ਸੋਤੀ। ਚਾਰ ਵਰਨ ਕਰਾਏ ਏਕਾ ਗੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣੇ ਹੱਥ ਫੜਾਏ ਸੋਹੰ ਏਕ ਸੋਟੀ। ਸੋਹੰ ਸਾਚਾ ਹੱਥ ਉਠਾਵਣਾ। ਸ੍ਰਿਸ਼ਟ ਸਬਾਈ ਲੇਖ ਲਿਖਾਵਣਾ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਵਣਾ। ਊਚ ਨੀਚ ਦਾ ਭੇਵ ਮਿਟਾਵਣਾ। ਗਊ ਗਰੀਬ ਨੂੰ ਮਾਣ ਦਵਾਵਣਾ। ਹੱਥ ਆਪਣੇ ਨਿਮਾਣਿਆਂ ਨਿਤਾਣਿਆਂ ਪ੍ਰਭ ਸਾਚੇ ਸੀਸ ਛਤਰ ਝੁਲਾਵਣਾ। ਵਡ ਵਡ ਸੇਠ ਸਿਠਾਣਿਆਂ ਪ੍ਰਭ ਵਿਚ ਖ਼ਾਕ ਰੁਲਾਵਣਾ। ਵਡ ਵਡ ਰਾਓ ਉਮਰਾਓ ਪ੍ਰਭ ਦਰ ਦਰ ਭੀਖ ਮੰਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਸਰੂਪੀ ਸ੍ਰਿਸ਼ਟ ਸਬਾਈ ਆਪਣਾ ਖੇਲ ਵਰਤਾਵਣਾ। ਸ੍ਰਿਸ਼ਟ ਸਬਾਈ ਵੱਜੇ ਡੰਕ। ਆਪ ਮਿਟਾਏ ਆਤਮ ਸ਼ੰਕ। ਏਕ ਲਗਾਏ ਆਤਮ ਤਨਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਫਿਰਾਏ ਮਨ ਕਾ ਮਣਕ। ਮਨ ਕਾ ਮਣਕਾ ਪ੍ਰਭ ਦੇਵੇ ਫੇਰ। ਗੁਰਸਿਖਾਂ ਮਿਟਾਏ ਮੇਰ ਤੇਰ। ਆਤਮ ਜੋਤ ਜਗਾਏ ਨਾ ਲਾਏ ਦੇਰ। ਆਤਮ ਅੰਧੇਰ ਮਿਟਾਏ, ਨਾ ਆਤਮ ਰਹੇ ਅੰਧੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਸੰਞ ਸਵੇਰ। ਆਤਮ ਅੰਧੇਰਾ ਅੰਧ ਅਗਿਆਨ। ਕਲਜੁਗ ਭੁੱਲੇ ਜੀਵ ਅੰਞਾਣ। ਮਾਇਆ ਝੂਠੀ ਵਿਚ ਰੁੱਲੇ, ਭੁੱਲਿਆ ਹਰਿ ਭਗਵਾਨ। ਮਾਨਸ ਜਨਮ ਗਵਾਇਆ ਅਨਮੁਲੇ, ਆਪਣਾ ਆਪ ਨਾ ਸਕੇ ਪਛਾਣ। ਝੂਠੇ ਕੰਡੇ ਕਲਜੁਗ ਤੁਲੇ, ਜੂਠੇ ਝੂਠੇ ਹੋਏ ਬੇਈਮਾਨ। ਗੁਰ ਗੋਬਿਦ ਤੇਰਾ ਬਚਨ ਸਾਰੇ ਭੁੱਲੇ, ਲਿਖਾਈ ਲਿਖਤ ਜੋ ਬੈਠ ਵਿਚ ਦੀਵਾਨ। ਸ੍ਰਿਸ਼ਟ ਸਬਾਈ ਅੱਗ ਨਾ ਮਿਲੇ ਕਿਸੇ ਚੁੱਲ੍ਹੇ, ਕਰੇ ਖੇਲ ਆਪ ਬਲੀ ਬਲਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਤੇਰੀ ਸਚ ਵਡਿਆਈ। ਪੁਰੀ ਅਨੰਦ ਜੋ ਲਿਖਤ ਲਿਖਾਈ। ਸਰਸਾ ਵਿਚ ਜੋ ਆਪ ਟਿਕਾਈ। ਏਕਾ ਓਟ ਨਿਹਕਲੰਕ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਵਾਕ ਭਵਿਖਤ ਦੇ ਲਿਖਾਈ। ਪਿਛਲਾ ਲੇਖਾ ਪ੍ਰਭ ਫੇਰ ਲਿਖਾਵਣਾ। ਗੁਰ ਗੋਬਿੰਦ ਪ੍ਰਗਟ ਜੋਤ ਫੇਰ ਵਿਚ ਮਾਤ ਦੇ ਆਵਣਾ। ਅੰਮ੍ਰਿਤ ਆਤਮ ਸਾਚਾ ਦਰ ਪ੍ਰਭ ਸਾਚੇ ਆਪ ਖੁਲ੍ਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਨਸ਼ਟ ਕਰਾਵਣਾ। ਰਾਮਦਾਸ ਸੱਚਾ ਦਰਬਾਰੀ। ਸਰ ਅੰਮ੍ਰਿਤ ਜਿਸ ਨੀਂਹ ਉਸਾਰੀ। ਓਥੇ ਧੀਆਂ ਭੈਣਾਂ ਕਰਨ ਖਵਾਰੀ। ਮਾਇਆਧਾਰੀ ਹੋਏ ਵਪਾਰੀ। ਜੂਏ ਬਾਜੀ ਆਪਣੀ ਹਾਰੀ। ਝੂਠੀ ਖੇਡ ਖਿਡਾਏ ਬੇਮੁਖ ਜੀਵ ਸੰਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਲਜੁਗ ਕਰੇ ਖਵਾਰੀ। ਬੇਮੁਖਾਂ ਪ੍ਰਭ ਮੇਟ ਮਿਟਾਵਣਾ। ਸਾਚੇ ਦਰ ਕੋਈ ਰਹਿਣ ਨਾ ਪਾਵਣਾ। ਅੰਤਮ ਲੇਖਾ ਆਪ ਚੁਕਾਵਣਾ। ਝੂਠਾ ਭੇਖ ਪ੍ਰਭ ਸਰਬ ਮਿਟਾਵਣਾ। ਸਰ ਅੰਮ੍ਰਿਤ ਪ੍ਰਭ ਥੇਹ ਕਰਾਵਣਾ। ਦੂਜੀ ਵੇਰ ਫੇਰ ਵਸਾਵਣਾ। ਸਚ ਧਰਮ ਹਰਿ ਸਚ ਸਚ ਮਾਰਗ ਲਾਵਣਾ। ਕਲਗੀ ਧਰ ਫੇਰ ਅਖਵਾਵਣਾ। ਜਮਨ ਕਿਨਾਰੇ ਡੇਰਾ ਲਾਵਣਾ। ਦਿੱਲੀ ਤਖ਼ਤ ਹਰਿ ਚਰਨ ਟਿਕਾਵਣਾ। ਆਪਣੇ ਸੀਸ ਛਤਰ ਝੁਲਾਵਣਾ। ਰਾਣਿਆਂ ਮਹਾਂਰਾਣਿਆਂ ਪ੍ਰਭ ਸਰਨ ਲਗਾਵਣਾ। ਗੁਰਮੁਖ ਸਾਚੇ ਕਰ ਕਿਰਪਾ ਪਾਰ ਲਗਾਵਣਾ। ਸ੍ਰਿਸ਼ਟ ਸਬਾਈ ਆਤਮ ਸੋਧ, ਸ਼ਬਦ ਸਰੂਪੀ ਗਿਆਨ ਦਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਏਕਾ ਡੰਕ ਵਜਾਵਣਾ। ਨੌਂ ਖੰਡ ਕਲਜੁਗ ਅੰਤਮ ਹੋਈ ਰੰਡ। ਚਾਰ ਚੁਫੇਰ ਪਏ ਡੰਡ। ਵਡ ਵਡ ਪੀਰਾਂ ਟੁੱਟੇ ਘੁਮੰਡ। ਕਿਸੇ ਨਾ ਪੱਲੇ ਬੱਧੀ ਰਹੀ ਗੰਢ। ਬੇਮੁਖਾਂ ਕਲਜੁਗ ਆਈ ਕੰਡ। ਨਾ ਸੁਹਾਗਣ ਨਾ ਰੰਡ। ਜੂਠੇ ਝੂਠੇ ਪਾਇਣ ਡੰਡ। ਮਾਇਆਧਾਰੀ ਆਪਣੀਆਂ ਵੰਡਾਂ ਲੈਣ ਵੰਡ। ਗਰੀਬ ਨਿਮਾਣਿਆਂ ਬੇਮੁਖਾਂ ਕੀਆ ਖੰਡ ਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਤੋੜੇ ਸਰਬ ਘੁਮੰਡ। ਰਾਜਿਆਂ ਰਾਣਿਆਂ ਮਾਣ ਗਵਾਣਾ। ਗਰੀਬਾਂ ਬਾਲ ਅੰਞਾਣਿਆਂ ਮਾਣ ਦਵਾਣਾ। ਵਡ ਵਡ ਸ਼ਾਹ ਸੁਲਤਾਨਿਆਂ, ਪ੍ਰਭ ਖ਼ਾਕ ਰੁਲਾਣਾ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਪਹਰਿਆ ਬਾਣਾ। ਸੋਹੰ ਦੇਵੇ ਸਚ ਨਿਸ਼ਾਨਿਆਂ। ਸਤਿਜੁਗ ਸਾਚਾ ਮਾਰਗ ਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਥਾਂ ਬਹਾਣਿਆਂ। ਚਾਰ ਵਰਨ ਇਕ ਘਰ ਬਾਹਰ। ਚਾਰ ਵਰਨ ਇਕ ਸਰਕਾਰ। ਚਾਰ ਵਰਨ ਇਕ ਜੋਤ ਅਕਾਰ। ਚਾਰ ਵਰਨ ਏਕਾ ਏਕ ਕਰਾਏ ਪ੍ਰਭ ਸਾਚਾ ਸਚ ਵਿਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਕਲੰਕਨਿਹ ਅੰਤਮ ਦੇਵੇ ਹਾਰ। ਚਾਰ ਵਰਨ ਹਰਿ ਸਚ ਮਾਰਗ ਲਾਏ। ਏਕਾ ਆਪਣਾ ਨਾਮ ਜਪਾਏ। ਦੂਸਰ ਕੋਈ ਰਹਿਣ ਨਾ ਪਾਏ। ਏਕਾ ਦੂਆ ਭੇਵ ਚੁਕਾਏ। ਓਅੰ ਸੋਹੰ ਇਕ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਸਾਚੇ ਲੱਗੇ ਪਹਿਲੀ ਮਾਘ। ਪ੍ਰਭ ਸਾਚਾ ਹੱਥ ਆਪਣੇ ਪਕੜੇ ਵਾਗ। ਗੁਰਮੁਖਾਂ ਆਤਮ ਧੋਏ ਦਾਗ। ਸਾਚਾ ਸ਼ਬਦ ਸੁਣਾਵੇ ਅਨਹਦ ਰਾਗ। ਕਲਜੁਗ ਸੋਏ ਗੁਰਸਿਖ ਗਏ ਜਾਗ। ਪੰਚਮ ਜੇਠ ਪ੍ਰਭ ਦਰ ਆਏ ਪੂਰਨ ਹੋਏ ਭਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹੰਸ ਬਣਾਏ ਕਾਗ। ਕਾਗ ਹੰਸ ਗੁਰਸਿਖ ਵਡਿਆਈ ਵਿਚ ਸਹੰਸ। ਸਤਿਜੁਗ ਬਣਾਏ ਸਾਚਾ ਬੰਸ। ਆਪ ਉਪਜਾਏ ਆਪਣੀ ਅੰਸ। ਬੇਮੁਖ ਖਪਾਏ ਜਿਉਂ ਕਾਹਨਾ ਕੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚ ਰਹੰਸ। ਜਗਤ ਰਹੰਤਾ ਖੇਲ ਕਰੰਤਾ। ਪ੍ਰਭ ਭਗਵੰਤਾ ਜੋਤ ਜਗੰਤਾ ਭੇਖ ਮਿਟੰਤਾ। ਲੇਖ ਲਿਖੰਤਾ ਵੇਖ ਵਖੰਤਾ। ਗੁਰਮੁਖ ਸਾਚੇ ਸੰਤ ਜਨ ਆਪ ਬਣਾਏ ਸਾਚੀ ਬਣਤਾ। ਗੁਰਮੁਖਾਂ ਹਰਿ ਬਣਤ ਬਣਾਏ। ਆਪ ਆਪਣੀ ਸਰਨ ਲਗਾਏ। ਸਾਰੰਗ ਧਰ ਭਗਵਾਨ ਬੀਠਲਾ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਜਪਾਏ। ਅਚਰਜ ਖੇਲ ਹਰਿ ਪ੍ਰਭ ਕੀਆ। ਨਾ ਕੋਈ ਜਾਣੇ ਪ੍ਰਭ ਕਾ ਹੀਆ। ਸੋਹੰ ਬੀਜ ਸਾਚਾ ਬੀਆ। ਸਤਿਜੁਗ ਲਗਾਏ ਸਚ ਫੁਲਵਾੜੀ ਆਪਣਾ ਹੀਆ ਆਪੇ ਕੀਆ। ਗੁਰਸਿਖ ਬਣਾਏ ਸਾਚਾ ਵਾੜਾ, ਪ੍ਰਭ ਅਬਿਨਾਸ਼ੀ ਜੋ ਚਰਨ ਛੁਹਾਏ ਦਾਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਘੋੜੀ ਆਪ ਚੜ੍ਹਾਏ ਗੁਰਸਿਖ ਸਾਚਾ ਲਾੜਾ। ਸ਼ਬਦ ਘੋੜੀ ਹਰਿ ਆਪ ਚੜ੍ਹਾਇਆ। ਸੋਹੰ ਸਿਹਰਾ ਸਿਰ ਬੰਧਾਇਆ। ਜੋਤ ਲਾੜੀ ਨਾਲ ਵਿਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੱਤਰ ਨਾੜੀ ਜੋਤ ਜਗਾਇਆ। ਲਾੜੀ ਜੋਤ ਗੁਰਸਿਖ ਪਰਨਾਈ। ਪੰਚਮ ਜੇਠ ਮਿਲੇ ਵਡਿਆਈ। ਗੁਰਸਿਖ ਤੇਰੇ ਆਤਮ ਸਚ ਹੋਏ ਰੁਸ਼ਨਾਈ। ਦਿਵਸ ਰੈਣ ਪ੍ਰਭ ਸਾਚਾ ਏਕਾ ਰੰਗ ਰੰਗਾਈ। ਸਾਚਾ ਬਣੇ ਸੱਜਣ ਸੈਣ ਅੰਗ ਸੰਗ ਹੋਏ ਸਹਾਈ। ਸੋਹੰ ਦੇਵੇ ਪ੍ਰਭ ਸਚਾ ਲਹਿਣ, ਰਸਨ ਸਦ ਸਦ ਗਾਈ। ਆਪ ਖੁਲ੍ਹਾਵੇ ਤੀਜਾ ਨੈਣ , ਦਸਮ ਦਵਾਰ ਬੂਝ ਬੁਝਾਈ। ਗੁਰਮੁਖ ਵੇਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਜਗਾਈ। ਨੈਣ ਤੀਜਾ ਆਪ ਖੁਲ੍ਹਾਇਆ। ਕਵਲ ਨਾਭ ਹਰਿ ਆਪ ਉਲਟਾਇਆ। ਅੰਮ੍ਰਿਤ ਝਿਰਨਾ ਹਰਿ ਆਪ ਝਿਰਾਇਆ। ਫੁਰੇ ਫੁਰਨਾ ਹਰਿ ਧਰਨੀ ਧਰਨਾ ਵਿਚ ਸਮਾਇਆ। ਕਰਨੀ ਕਰਨਾ ਚੁਕਾਏ ਡਰਨਾ ਦੀਪਕ ਜੋਤੀ ਆਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਆਤਮ, ਸਿੰਘ ਸਿੰਘਾਸਣ ਡੇਰਾ ਲਾਇਆ। ਆਤਮ ਤੇਰਾ ਸਚ ਸਿੰਘਾਸਣ। ਪ੍ਰਭ ਸਾਚੇ ਦਾ ਸਾਚਾ ਆਸਣ। ਕਲ ਸ੍ਰਿਸ਼ਟ ਸਬਾਈ ਸਾਰੀ ਨਾਸਣ। ਏਕਾ ਜੋਤ ਸਦ ਪ੍ਰਕਾਸ਼ਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖ ਹੋਇਆ ਦਾਸ ਦਾਸਣ। ਦਾਸਣ ਦਾਸ ਹੋਇਆ ਗੁਰਸਿਖ। ਪ੍ਰਭ ਦਰ ਮੰਗੇ ਸਾਚੀ ਭਿਖ। ਸਚ ਲੇਖ ਪ੍ਰਭ ਦੇਵੇ ਲਿਖ। ਆਤਮ ਨਿਵਾਰੇ ਤ੍ਰਿਸ਼ਨਾ ਤ੍ਰਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਬਿਧਨਾ ਲੇਖ ਦਿਤੇ ਲਿਖ। ਲਿਖਿਆ ਲੇਖ ਆਪ ਮਿਟਾਵਣਾ। ਸਾਚਾ ਲੇਖ ਫੇਰ ਲਿਖਾਵਣਾ। ਸਚ ਧਾਮ ਦੇ ਵਿਚ ਬਹਾਵਣਾ। ਰਮਈਆ ਰਾਮ ਜੋਤ ਜਗਾਵਣਾ। ਦੂਜਾ ਕੋਈ ਰਹਿਣ ਨਾ ਪਾਵਣਾ। ਗੁਰ ਚਰਨ ਤੀਰਥ ਗੁਰਸਿਖ ਸਾਚੇ ਨ੍ਹਾਵਨਾ। ਆਤਮ ਸਤਿ ਪ੍ਰਭ ਸੋਹੰ ਸਚ ਲਿਖਾਵਣਾ। ਜੋਤ ਖਿਚਾਏ ਪ੍ਰਭ ਅਠਸਠ ਤੀਰਥ ਨੀਰ, ਪੰਚਮ ਜੇਠ ਪ੍ਰਭ ਸ਼ਬਦ ਲਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵਿਚ ਜਾਮਾ ਪਾਵਣਾ। ਪੁਰੀ ਘਨਕ ਹਰਿ ਜਾਮਾ ਪਾਇਆ। ਪੁਰੀ ਘਨਕ ਹਰਿ ਆਪਣੀ ਜੋਤ ਜਗਾਇਆ। ਤੀਨ ਲੋਕ ਹੋਏ ਰੁਸ਼ਨਾਇਆ। ਗੁਰਮੁਖ ਸਾਚੇ ਹਰਿ ਸਾਚੇ ਤੇਰੇ ਦਰਸ ਤਿਹਾਇਆ। ਪ੍ਰਗਟ ਜੋਤ ਪੰਜ ਜੇਠ ਪ੍ਰਭ ਸਾਚਾ ਤ੍ਰਿਖਾ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭੁੱਖਾਂ ਸਭ ਗਵਾਇਆ। ਆਤਮ ਉਤਰੇ ਸਗਲ ਵਸੂਰੇ। ਜੋ ਜਨ ਆਏ ਚਲ ਹਜ਼ੂਰੇ। ਆਪ ਉਪਜਾਏ ਅਨਹਦ ਸਾਚੀ ਤੂਰੇ। ਪ੍ਰਭ ਅਬਿਨਾਸ਼ੀ ਹਿਰਦੇ ਵਸੇ, ਬੇਮੁਖ ਜਾਨਣ ਦੂਰੇ। ਜੋਤ ਸਰੂਪੀ ਰਾਹ ਸਾਚਾ ਦੱਸੇ, ਸ੍ਰਿਸ਼ਟ ਸਬਾਈ ਕੂੜੋ ਕੂੜੇ। ਕਰੇ ਪ੍ਰਕਾਸ਼ ਕੋਟ ਰਵ ਸਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਆਸਾ ਪੂਰੇ। ਆਸਾ ਮਨਸਾ ਪੂਰ ਕਰਾਈ। ਗੁਰਮੁਖ ਸਾਚੇ ਸ਼ਬਦ ਛਤਰ ਸੀਸ ਟਿਕਾਈ। ਬੀਸ ਇਕੀਸ ਭੇਵ ਚੁਕਾਈ। ਸੰਗ ਰਾਗਣੀ ਤੀਸ ਰਲਾਈ। ਛਤੀਸ ਰਾਗ ਰਹੇ ਰਸਨਾ ਪ੍ਰਭ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਕੋਈ ਨਾ ਪਾਈ। ਰਾਗ ਰਾਗਣੀ ਸਾਚਾ ਪਾਇਆ। ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਚਾਰ ਵੇਦ ਚਾਰ ਮੁਖ ਬ੍ਰਹਮਾ ਰਹੇ ਅਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਸਰੂਪ ਆਦਿ ਅੰਤ ਕਿਸੇ ਨਾ ਪਾਇਆ। ਰਸਨ ਉਚਾਰੇ ਚਾਰੇ ਵੇਦ। ਫਿਰ ਭੀ ਪਾਇਆ ਨਾ ਪ੍ਰਭ ਦਾ ਭੇਦ। ਪ੍ਰਭ ਅਬਿਨਾਸ਼ੀ ਅਛਲ ਅਛੇਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣਾ ਭੇਦ। ਵੇਦ ਪੁਰਾਨਾਂ ਨਾ ਪਛਾਣਿਆਂ। ਕੁਰਾਨ ਅੰਜੀਲਾਂ ਲੇਖ ਲਿਖਾਣਿਆਂ। ਆਪ ਉਠਾਏ ਸੱਤਰ ਲੱਖ ਪਠਾਣਿਆਂ। ਏਕਾ ਬੰਨ੍ਹੇ ਹੱਥੀਂ ਗਾਨਿਆਂ। ਕਲਜੁਗ ਤੇਰੇ ਕੰਢੇ ਖੜ, ਪ੍ਰਭ ਵੇਖੇ ਰੰਗ ਮਹਾਨਿਆਂ। ਆਪ ਉਖਾੜੇ ਬੇਮੁਖਾਂ ਜੜ੍ਹ, ਸ਼ੌਹ ਦਰਿਆ ਵਿਚ ਰੁੜ੍ਹਾਏ, ਗੁਰਮੁਖ ਸਾਚੇ ਪਕੜੇ ਲੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆਂ। ਗੁਰਮੁਖ ਸਾਚਾ ਪਕੜੇ ਲੜ। ਹਰਿ ਕੀ ਪੌੜੀ ਗਿਆ ਚੜ੍ਹ, ਕਲਜੁਗ ਜੀਵ ਭੁੱਲੇ ਨਿਧਾਨਾ। ਪ੍ਰਭ ਅਬਿਨਾਸ਼ੀ ਅੰਦਰ ਬੈਠਾ ਵੜ, ਕਿਉਂ ਭੁਲਿਆ ਮੂਰਖ ਮੁਗਧ ਅੰਞਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰੈਲੋਕੀ ਨਾਥ ਸਰਬ ਜੀਆਂ ਦਾ ਜਾਣੀ ਜਾਣਾ। ਤ੍ਰੈਲੋਕੀ ਨਾਥਾ ਸਗਲਾ ਸਾਥਾ। ਆਪ ਚੜ੍ਹਾਏ ਸੋਹੰ ਸਾਚਾ ਰਾਥਾ। ਸਤਿਜੁਗ ਚਲਾਏ ਸਾਚੀ ਗਾਥਾ। ਗੁਰਸਿਖਾਂ ਲੇਖ ਲਿਖਾਏ ਮਾਥਾ। ਆਤਮ ਦੁੱਖੜਾ ਸਾਰਾ ਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਸਗਲਾ ਸਾਥਾ। ਸਗਲਾ ਸਾਥ ਨਿਭੇ ਤੋੜ। ਚਰਨ ਪ੍ਰੀਤੀ ਲੈਣੀ ਜੋੜ। ਪ੍ਰਭ ਸਾਚੇ ਦੀ ਸਾਚੀ ਲੋੜ। ਏਕਾ ਮਨ ਨਾਮ ਹਰਿ ਸਾਚਾ ਕਾਇਆ ਝੂਠੀ ਦਿਸੇ ਕੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਗੁਰਸਿਖ ਉਪਜਾਏ ਜਿਉਂ ਪਰਭਾਸ ਵਿਚ ਲੱਗਾ ਬੋਹੜ। ਮਾਂਗੋ ਦਰਸ ਗੁਰ ਦਰ ਗੁਰਦੇਵ। ਪੂਰਨ ਹੋਏ ਗੁਰਸਿਖ ਤੇਰੀ ਸੇਵ। ਜੋਤ ਸਰੂਪੀ ਸਾਚਾ ਹਰਿ ਅਲਖ ਅਭੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਆਤਮ ਸਾਚਾ ਮੇਵ। ਆਤਮ ਮੇਵਾ ਸਾਚਾ ਖਾਣਾ। ਸਾਚਾ ਵਾਸ ਕਰੇ ਆਪ ਭਗਵਾਨਾ। ਮਾਨਸ ਜਨਮ ਹੋਏ ਰਾਸ, ਲੱਖ ਚੁਰਾਸੀ ਹਰਿ ਗੇੜ ਕਟਾਨਾ। ਸੋਹੰ ਜਪਾਏ ਸਵਾਸ ਸਵਾਸ, ਪੁਰੀ ਸੱਚੀ ਵਿਚ ਆਪ ਬਠਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕਰ ਚਰਨ ਧਿਆਨਾ। ਗੁਰ ਚਰਨ ਸਤਿ ਦਵਾਰਾ। ਗੁਰਮੁਖਾਂ ਮਿਲੇ ਨਾਮ ਅਧਾਰਾ। ਗੁਰ ਚਰਨ ਖੁੱਲ੍ਹੇ ਹਰਨ ਫਰਨ ਮਿਲੇ ਸਚ ਘਰ ਬਾਹਰਾ। ਗੁਰ ਚਰਨ ਚੁੱਕੇ ਡਰਨ, ਗੁਰਮੁਖ ਸਾਚੇ ਤਰਨ, ਸੋਹੰ ਦੇਵੇ ਹਰਿ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਹੋਏ ਵਰਤਾਰਾ। ਸਾਚਾ ਹਰਿ ਸਚ ਭੰਡਾਰੀ। ਜੋਤ ਸਰੂਪੀ ਨਰ ਅਵਤਾਰੀ। ਸ੍ਰਿਸ਼ਟ ਸਬਾਈ ਹੋਏ ਭਿਖਾਰੀ। ਗੁਰਮੁਖ ਸੋਹਣ ਹਰਿ ਤੇਰੇ ਚਰਨ ਦਵਾਰੀ। ਏਕਾ ਏਕ ਬਿਠਾਏ ਸੋਹੰ ਸਾਚੇ ਸ਼ਬਦ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਜੇਠ ਹਰਿ ਨਿਰੰਕਾਰੀ। ਹਰਿ ਨਿਰੰਕਾਰਾ ਖੇਲ ਅਪਾਰਾ। ਜੋਤ ਸਰੂਪੀ ਕੀਆ ਪਸਾਰਾ। ਆਦਿ ਅੰਤ ਨਾ ਕਿਸੇ ਵਿਚਾਰਾ। ਗੁਰਮੁਖ ਸਾਚਾ ਕੋਈ ਪਾਵੇ ਸਾਰਾ। ਜਿਸ ਜਨ ਖੋਲ੍ਹੇ ਆਤਮ ਦਰ ਦਵਾਰਾ। ਜੋਤੀ ਜੋਤ ਸਰੂਪ ਨਿਰੰਜਣ ਬੈਠਾ ਕਰੇ ਆਪ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰੀ ਜੋਤ ਧਰੀ ਕਿਰਪਾ ਕਰੀ, ਤੀਰਥ ਅੰਮ੍ਰਿਤ ਨਹਾਵਣਾ। ਅੰਮ੍ਰਿਤ ਆਤਮ ਸਾਚਾ ਸਰੀ, ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਨਿਮਸਕਾਰ ਜਿਸ ਜਨ ਕਰੀ, ਪ੍ਰਭ ਅਬਿਨਾਸ਼ੀ ਪੂਰਾ ਪਾਵਣਾ। ਪ੍ਰਭ ਅਬਿਨਾਸ਼ੀ ਪੂਰਾ ਪਾਓ। ਆਤਮ ਸਾਚੀ ਜੋਤ ਜਗਾਓ। ਭਰਮ ਭੁਲੇਖੇ ਵਿਚ ਭੁੱਲ ਨਾ ਜਾਓ। ਕਲਜੁਗ ਮਾਇਆ ਵਿਚ ਰੁਲ ਨਾ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੇ ਕੰਡੇ ਗੁਰਸਿਖ ਆਪਣਾ ਆਪ ਤੁਲਾਓ। ਸੋਹੰ ਕੰਡੇ ਜਾਣਾ ਤੁਲ। ਮਦਿਰਾ ਮਾਸ ਰਸਨਾ ਨਾ ਲਾਣਾ ਭੁੱਲ। ਕਲੰਕ ਨਾ ਲਵਾਣਾ ਬੇਮੁਖ ਆਪਣੀ ਕੁਲ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਈ ਸ਼ਬਦ ਪੰਘੂੜਾ ਸਾਚਾ ਝੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਅਨਮੁਲ। ਅਨਮੁਲ ਲਾਲ ਦੇਵੇ ਗੋਪਾਲ ਹੋਏ ਦਿਆਲ। ਗੁਰਸਿਖ ਸਾਚੇ ਵਸਤ ਸੰਭਾਲ। ਆਦਿ ਅੰਤ ਤੇਰੇ ਨਿਭੇ ਨਾਲ। ਕਦੇ ਨਾ ਹੋਏ ਜਗਤ ਕੰਗਾਲ। ਸਾਚਾ ਵੇਖ ਨਾਮ ਸੱਚਾ ਧੰਨ ਮਾਲ। ਆਤਮ ਦੀਪਕ ਜੋਤੀ ਪ੍ਰਭ ਸਾਚਾ ਦੇਵੇ ਬਾਲ। ਆਪ ਉਠਾਏ ਆਤਮ ਸੋਤੀ, ਸੁਰਤ ਸ਼ਬਦ ਪ੍ਰਭ ਦੇਵੇ ਉਠਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਉਪਜਾਵੇ ਸਾਚੇ ਲਾਲ। ਸ਼ਬਦ ਪਵਣ ਵੱਜੇ ਮਰਦੰਗ। ਮਾਈ ਗੌਰਜਾਂ ਤੇਰੇ ਭੰਨੇ ਅੰਗ। ਕਿੰਗਰੇ ਕਿੰਗਰੇ ਨਾ ਵੱਜੇ ਤੇਰਾ ਮਰਦੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰੇ ਤੈਨੂੰ ਨੰਗ। ਭੂਤ ਪ੍ਰੇਤ ਬੀਰ ਬੈਤਾਲੇ। ਦਿਵਸ ਰੈਣ ਸਦ ਰਹਿਣ ਨਾਲੇ। ਅੱਠੇ ਪਹਿਰ ਨਾ ਦੇਣ ਸੁਰਤ ਸੰਭਾਲੇ। ਦਰ ਘਰ ਹੋਇਆ ਵਾਂਗ ਕੁਠਾਲੇ। ਜੀਵ ਜੰਤ ਹੋਏ ਬੇਹਾਲੇ। ਦੁੱਖ ਰੋਗ ਲੱਗਾ ਤਨ ਨਾਲੇ। ਮਾਤਲੋਕ ਪਏ ਵੱਡੇ ਜੰਜਾਲੇ। ਬਿਨ ਪ੍ਰਭ ਪੂਰੇ ਕੋਇ ਨਾ ਕਿਸੇ ਸੰਭਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਮੂੰਹ ਕਾਲੇ। ਸਿੱਧ ਬੀਰ ਭੂਤ ਪ੍ਰੇਤ। ਵਡ ਵਡ ਦੇਵ ਦੰਤ ਰਹੰਤ। ਲਗਾਏ ਸੋਹੰ ਸ਼ਬਦ ਬੈਂਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਤੇਰੇ ਨੇੜ ਨਾ ਆਏ ਕੋਈ ਜਿੰਨ ਜਨੇਤ। ਹਾਕਨ ਡਾਕਨ ਨੇੜ ਨਾ ਆਏ। ਪ੍ਰਭ ਅਬਿਨਾਸ਼ੀ ਮੂੰਡ ਮੁੰਡਾਏ। ਸਰਬ ਘਟ ਵਾਸੀ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਦਰਦ ਦਏ ਗਵਾਏ। ਦ੍ਰਿਸ਼ਟ ਮੁਸ਼ਟ ਸਭ ਦੇਵੇ ਬੰਨ੍ਹ। ਛਲ ਛਿਦਰਾਂ ਵਿਚ ਮਾਰੇ ਕੰਧ। ਟੂਣਾ ਜਾਦੂ ਬੰਨੇ ਸੋਹੰ ਕੱਚੇ ਤੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਪਵਣ ਸਰੂਪੀ ਫਰਨ ਮਸਾਣ। ਮਸਾਣ ਪੌਣ ਫੜ ਲੈਂਦੇ ਧੌਣ। ਬਿਨ ਪ੍ਰਭ ਪੂਰੇ ਛੁਡਾਵੇ ਕੌਣ। ਦਿਵਸ ਰੈਣ ਨਾ ਦੇਂਦੇ ਸੌਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸ਼ਾਂਤ ਕਰਾਏ ਜਿਉਂ ਅੰਮ੍ਰਿਤ ਬਰਖ਼ੇ ਸਾਉਣ। ਸਾਚਾ ਤੇਜ ਆਪ ਰਖਾਏ। ਚੋਰ ਖੋਰ ਕੋਈ ਨੇੜ ਨਾ ਆਏ। ਕਾਇਆ ਡੋਰ ਆਪਣੇ ਹੱਥ ਰਖਾਏ। ਮਾਨਸ ਜਨਮ ਕਲ ਜਾਏ ਸੌਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ। ਤਪ ਸਭ ਪ੍ਰਭ ਆਪ ਮਿਟਾਏ। ਦੂਤੀ ਦੁਸ਼ਟ ਦਏ ਖਪਾਏ। ਅਮਕਾ ਕਾਜ਼ੀ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵ ਪਰੀ ਮਵਕਲ ਆਪੇ ਦੇ ਸਜਾਏ। ਦਰੋਹੀ ਪਾਵਣ ਸਚ ਖ਼ੁਦਾਏ। ਪ੍ਰਭ ਅਬਿਨਾਸ਼ੀ ਨਬੀ ਰਸੂਲ ਨਾ ਕੋਇ ਛੁਡਾਏ। ਦਸਤਗੀਰ ਨਾ ਕੋਈ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਆਪ ਕਰਾਏ। ਸਾਚੀ ਕਿਰਪਾ ਆਪ ਕਰਾਏ। ਛੇਆ ਦੇਵੀ ਹੋਏ ਸਹਾਏ। ਕਾਲ ਬਾਲ ਕੋਈ ਨੇੜ ਨਾ ਆਏ। ਉਲਟ ਵਾਹੂ ਪ੍ਰਭ ਦੇ ਸਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਆਪ ਕਰਾਏ। ਅਹਿਮਦ ਮੁਹੰਮਦ ਭੌਂਦਾ ਬੀਰ। ਖਿਲੰਤਾ ਸਲਸਲਾ ਤੁਟੇ ਧੀਰ। ਨਿਰੰਦੀ ਨੇਸਰੀ ਕੇਸਰੀ ਪ੍ਰਭ ਸਾਚਾ ਲਾਏ ਤੀਰ। ਅੰਚਨੀ ਕੰਚਨੀ ਨਿਰੰਚਨੀ ਕਲਾ ਸੋਦਰੀ ਸ਼ਕਤੀ ਭਵਤੀ ਪ੍ਰਭ ਸ਼ਬਦ ਬੰਧਾਏ ਜ਼ੰਜੀਰ। ਲੋਹੇ ਕਾ ਸੰਗਲ ਪਾਏ ਗਲੇ, ਸਾਰ ਕੀ ਮੁੰਗਲੀ ਮਾਰੇ ਸਿਰੇ, ਕੋਈ ਨਾ ਦੇਵੇ ਅੰਤਮ ਧੀਰ। ਸਾਚਾ ਆਪ ਕਰੇ ਆਕਾਰ। ਹੁਕਮ ਤੇ ਬਾਹਰ ਸਿਰ ਮਾਰ। ਸੰਤ ਕਾ ਦੋਖੀ ਹੋਏ ਖ਼ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਦਰਦ ਦੇਵੇ ਨਿਵਾਰ। ਸ਼ਬਦ ਬਾਣ ਆਪ ਲਗਾਏ। ਸਰਬ ਮੁਸ਼ਕਲ ਪ੍ਰਭ ਅਸਾਨ ਬਣਾਏ। ਮਸਾਣ ਪੌਣ ਕੋਈ ਨੇੜ ਨਾ ਆਏ। ਜਮ ਕਾ ਬੇਟਾ ਪਰੇ ਹਟਾਏ। ਕਾਲ ਕਾ ਬੇਟ ਨੇੜ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਆਪੇ ਹੋਏ ਸਹਾਏ। ਚਿੱਟਾ ਮਿੱਠਾ ਦੁੱਧ ਪੀ ਆਤਮ ਕਰੇ ਸੁੱਧ। ਪ੍ਰਭ ਸਾਚਾ ਦੇਵੇ ਬੁੱਧ। ਨਿਰਮਲ ਪੀਣਾ ਦੁੱਧ। ਆਪ ਰਹਾਏ ਜਲ ਥਲ, ਗੁਰਸਿਖਾਂ ਘਰ ਉਪਜਾਏ ਨੌਂ ਨਿਧ। ਜੋ ਜਨ ਦਰ ਆਏ ਸਾਚੇ ਭੁੱਲ, ਪ੍ਰਭ ਸਾਚਾ ਚਰਨ ਲਗਾਏ ਪੰਚਮ ਜੇਠ ਕੀਨੀ ਬਿਧ। ਜੋ ਜਨ ਆਏ ਪ੍ਰਭ ਦਰਸ ਧਿਆਏ, ਪ੍ਰਭ ਵਸ ਕਰਾਏ ਰਿੱਧ ਸਿੱਧ। ਜੋ ਜਨ ਆਏ ਭੇਖ ਵਟਾਏ, ਪ੍ਰਭ ਭਜਾਏ ਜਿਉਂ ਕੇਹਰ ਗਿਦ। ਜੋ ਜਨ ਆਏ ਵੇਖ ਵਖਾਏ, ਪ੍ਰਭ ਆਤਮ ਕੀਨੀ ਸੁੱਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਕਾਰਜ ਕੀਨੇ ਸੁਧ। ਮਿੱਠਾ ਜਲ ਸਚ ਮਿਠਾਸ। ਪੂਰਨ ਕਰਾਏ ਪ੍ਰਭ ਸਾਚਾ ਆਸ। ਆਤਮ ਸਾਚੀ ਜੋਤ ਧਰ ਏਕਾ ਜੋਤ ਕਰੇ ਪ੍ਰਕਾਸ਼। ਆਵੇ ਜਾਵੇ ਨਰ ਹਰੇ, ਏਕਾ ਪੁਰਖ ਸਦਾ ਅਬਿਨਾਸ਼। ਗੁਰਮੁਖ ਸਾਚੇ ਦਰ ਤਰੇ, ਸੋਹੰ ਗਾਇਆ ਮੁਖ ਸਵਾਸ। ਖ਼ਾਲੀ ਭੰਡਾਰੇ ਆਪੇ ਭਰੇ, ਕੋਈ ਨਾ ਜਾਏ ਦਰ ਤੋਂ ਨਿਰਾਸ। ਘਰ ਸਾਚੇ ਆਏ ਕਾਜ ਸਰੇ, ਤ੍ਰਿਖਾ ਅਗਨ ਬੁਝਾਏ ਪਿਆਸ। ਨਾ ਉਹ ਜਨਮੇ ਨਾ ਉਹ ਮਰੇ, ਗੁਰਮੁਖ ਪ੍ਰਭ ਮਿਲਣ ਦੀ ਰੱਖ ਆਸ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਵਰੇ, ਮਾਤਲੋਕ ਨਾ ਹੋਏ ਉਦਾਸ। ਪ੍ਰਗਟਾਈ ਜੋਤ ਪ੍ਰਭ ਸਚੇ ਘਰੇ, ਪ੍ਰਭ ਸਾਚੇ ਕੋ ਸ਼ਾਬਾਸ਼। ਗੁਰ ਸੰਗਤ ਆਏ ਦਰ ਤਰੇ, ਮਾਨਸ ਜਨਮ ਕਰਾਇਆ ਰਾਸ। ਜਲ ਮਿਠਾ ਸਾਚੀ ਧਾਰਾ। ਪ੍ਰਭ ਡਿਠਾ ਟੁੱਟਾ ਹੰਕਾਰਾ। ਕਲਜੁਗ ਜੀਵ ਕੌੜਾ ਰੀਠਾ, ਪ੍ਰਭ ਭੰਨੇ ਕਰ ਖਵਾਰਾ। ਮੂਰਖ ਮੁਗਧ ਮਾਇਆ ਲੂਠਾ, ਅਬਿਨਾਸ਼ੀ ਹਰਿ ਨਾ ਪਾਏ ਸਾਰਾ। ਸਾਚਾ ਪੀਸਣ ਪ੍ਰਭ ਸਾਚੇ ਪੀਸਾ, ਦੋ ਪੁੜ ਰਸਨਾ ਭਾਰਾ। ਗੁਰਮੁਖ ਸਾਚੇ ਕਿਆ ਕੋਈ ਕਰੇ ਰੀਸਾ, ਦੇਵੇ ਦਰਸ ਅਗੰਮ ਅਪਾਰਾ। ਆਪ ਝੁਲਾਏ ਸਿਰ ਛਤਰ ਸੀਸਾ, ਮੋਰ ਮੁਕਟ ਲਗਾਏ ਸਿਰ ਗਿਰਧਾਰਾ। ਨਾ ਕੋਈ ਦਿਸੇ ਮੁਹੰਮਦੀ ਈਸਾ, ਪ੍ਰਭ ਫੜਿਆ ਸ਼ਬਦ ਕਟਾਰਾ। ਆਪ ਪੜ੍ਹਾਏ ਸ਼ਬਦ ਹਦੀਸਾ, ਵਕਤ ਚੁਕਾਏ ਚਾਰ ਯਾਰਾਂ। ਭੇਵ ਮਿਟਾਏ ਬੀਸ ਇਕੀਸਾ, ਪੰਚਮ ਦੇਵੇ ਸ਼ਬਦ ਅਪਾਰਾ। ਏਕਾ ਜੋਤ ਜਗੇ ਜਗਦੀਸ਼ਾ, ਨਿਹਕਲੰਕ ਨਰਾਇਣ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸੋਹੰ ਸਚ ਭੰਡਾਰਾ। ਸੋਹੰ ਨਾਮ ਪ੍ਰਭ ਦੇਵੇ ਵੰਡ। ਗੁਰ ਸੰਗਤ ਆਤਮ ਪਾਏ ਠੰਡ। ਆਪੇ ਪੀਚੇ ਆਤਮ ਗੰਢ। ਦਸਵਾਂ ਦਵਾਰ ਪ੍ਰਭ ਆਪਣੇ ਵਿਚ ਲਿਆ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਸਦ ਸਹਾਈ ਕਦੀ ਨਾ ਹੋਵੇ ਰੰਡ। ਗੁਰਸਿਖ ਸਾਚਾ ਸ਼ਬਦ ਸੁਹਾਗਣ। ਪ੍ਰਭ ਅਬਿਨਾਸ਼ੀ ਚਰਨੀ ਲਾਗਣ। ਆਪ ਉਪਜਾਏ ਸਾਚਾ ਰਾਗਣ। ਕਲਜੁਗ ਸੋਏ ਗੁਰਸਿਖ ਜਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਮਾਇਆ ਨਾਗਣ। ਮਾਇਆ ਨਾਗਣ ਨਾ ਜਾਏ ਡੱਸ। ਸ਼ਬਦ ਤੀਰ ਪ੍ਰਭ ਆਪ ਚਲਾਇਆ ਕਸ। ਅੰਮ੍ਰਿਤ ਸਾਚਾ ਸੀਰ ਪਿਲਾਇਆ, ਹਰਿ ਹਿਰਦੇ ਹੋਇਆ ਵਸ, ਗੁਰਮੁਖ ਸਾਚੀ ਧੀਰ ਧਰਾਇਆ, ਰਾਹ ਸਾਚਾ ਜਾਏ ਦੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਇਆ ਵਸ। ਕਿਆ ਮਿੱਠਾ ਕਿਆ ਫਿੱਕਾ। ਆਦਿ ਜੁਗਾਦਿ ਏਕਾ ਇਕਾ। ਸੋਹੰ ਸ਼ਬਦ ਪੰਚਮ ਜੇਠ ਗੁਰਸਿਖਾਂ ਲਗਾਏ ਪ੍ਰਭ ਸਾਚਾ ਟਿੱਕਾ। ਵਾਲੀ ਦੋ ਜਹਾਨ ਵਿਚ ਵਰਭੰਡ ਆਪ ਚਲਾਏ ਆਪਣਾ ਸਿੱਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਇਹ ਮਿੱਠਾ ਨਾ ਇਹ ਫਿੱਕਾ। ਮਿੱਠਾ ਫਿੱਕਾ ਏਕਾ ਰੰਗ। ਗੁਰਮੁਖ ਸਾਚੇ ਵੇਖ ਨਿਸੰਗ। ਸੋਹੰ ਸ਼ਬਦ ਪ੍ਰਭ ਆਤਮ ਕਸੇ ਤੰਗ। ਸ੍ਰਿਸ਼ਟ ਸਬਾਈ ਭੇੜ ਭਿੜਾਏ, ਆਪ ਕਰਾਏ ਨਵ ਖੰਡ ਜੰਗ। ਲੱਖ ਚੁਰਾਸੀ ਆਪ ਖਪਾਏ, ਧਰਤ ਮਾਤ ਹੋਏ ਰੰਡ। ਗੁਰਮੁਖ ਸਾਚੇ ਆਪ ਉਠਾਏ, ਕਲਜੁਗ ਨਾ ਆਈ ਕੰਡ। ਸਾਚੇ ਧਾਮ ਆਪ ਬਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ। ਮਿੱਠਾ ਮਿੱਠਾ ਸਾਚੀ ਮੀਠ। ਗੁਰਸਿਖ ਵੇਖ ਰੰਗ ਮਜੀਠ। ਸਾਚਾ ਰੰਗ ਪ੍ਰਭ ਰਿਹਾ ਪੀਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਖਪਾਏ ਕੌੜੇ ਰੀਠ।

Leave a Reply

This site uses Akismet to reduce spam. Learn how your comment data is processed.