Granth 03 Likhat 003: 6 Jeth 2010 Bikarmi Pind Jethuwal Thakar Singh Chandoa de Bhet Karn Samen Vihar Hoyea

੬ ਜੇਠ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ ਠਾਕਰ ਸਿੰਘ ਚੰਦੋਆ ਦੇ ਭੇਟ ਕਰਨ ਸਮੇਂ ਵਿਹਾਰ ਹੋਇਆ
ਆਹਰ ਕੀਆ ਸਿੱਖ ਬਲਵਾਨ। ਧਰਿਆ ਸਿਰ ਹੱਥ ਆਪ ਭਗਵਾਨ। ਚੰਦ ਚੰਦੋਆ ਦਿਤਾ ਤਾਣ। ਰੋਸ਼ਨ ਹੋਏ ਵਿਚ ਜਹਾਨ। ਸਿੰਘ ਆਸਣ ਬੈਠਾ ਵਾਲੀ ਦੋ ਜਹਾਨ। ਗੁਰਸਿਖ ਸਾਚੇ ਸੰਤ ਜਨ ਪ੍ਰਭ ਸੀਸ ਚਵਰ ਝੁਲਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਦੇਵੇ ਦਾਨ। ਚੰਦ ਚੰਦੋਆ ਆਪ ਰਖਾਇਆ। ਗੁਰਮੁਖ ਸੋਇਆ ਆਪ ਜਗਾਇਆ। ਪਹਿਲੀ ਕੰਨੀ ਸਤਿਜੁਗ ਪ੍ਰਭ ਸਾਚੇ ਗੁਰਮੁਖ ਸਾਚਾ ਜੋਇਆ। ਸਤਿਜੁਗ ਨੀਂਹ ਸਾਚੀ ਬੰਨ੍ਹੀ, ਸੋਹੰ ਬੀਜ ਆਤਮ ਬੋਇਆ। ਗੁਰਮੁਖ ਸਾਚੇ ਆਤਮ ਧਨ ਧਨੀ, ਪ੍ਰਭ ਅਬਿਨਾਸ਼ੀ ਦਰ ਦਵਾਰੇ ਆਣ ਖਲ੍ਹੋਇਆ। ਸਾਧ ਸੰਗਤ ਪ੍ਰਭ ਸ਼ਬਦ ਸੁਣਾਏ ਕੰਨੀ, ਭਰਮ ਭੁਲੇਖਾ ਸਭ ਦਾ ਲਾਹਿਆ। ਸੋਹੰ ਲਾੜਾ ਸਾਚੀ ਵੰਨੀ, ਗੁਰਮੁਖ ਸਾਚੇ ਨਾਲ ਪਰਨਾਇਆ। ਮਹਾਰਾਜ  ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਪਰਦਾ ਪਾਇਆ। ਪਰਦਾ ਪਾਏ ਨੀਲੀ ਤਤ। ਆਪ ਰਖਾਏ ਧੀਰਜ ਯਤ। ਸਾਚਾ ਲਹਿਣਾ ਸੋਹੰ ਦੇਵੇ ਏਕਾ ਤਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਮਤ। ਦੇਵੇ ਮਤ ਮਤ ਨਾ ਭੂਲਣਾ। ਆਪ ਝੁਲਾਏ ਸੋਹੰ ਸਾਚਾ ਝੂਲਣਾ। ਬੇਮੁਖਾਂ ਕਲਜੁਗ ਅੰਤਮ ਪ੍ਰਭ ਸਾਚੇ ਜੂੜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਰ ਉਤਾਰੇ ਪੰਚਮ ਜੇਠ ਮਸਤਕ ਲਾਏ ਧੂੜਨਾ। ਮਸਤਕ ਧੂੜੀ ਆਪ ਲਗਾਈ। ਕਿਰਪਾ ਕਰੇ ਆਪ ਰਘੁਰਾਈ। ਸਾਧ ਸੰਗਤ ਸੱਚੇ ਮੇਲ ਮਿਲਾਈ। ਗ਼ਰੀਬ ਨਿਮਾਣਾ ਸੰਗ ਰਲਾਈ। ਭੁੱਖਾ ਨੰਗਾ ਆਪ ਉਠਾਈ। ਮਦਿਰਾ ਮਾਸ ਜੋ ਖਾਏ ਚੰਗਾ, ਪ੍ਰਭ ਸਾਚਾ ਦਰ ਦੇਵੇ ਦੁਰਕਾਈ। ਕਲਜੁਗ ਪਾਪੀ ਗੰਦਾ, ਧਰਮ ਰਾਏ ਦੇ ਸਜਾਈ। ਅੰਤਮ ਹੋਇਆ ਆਤਮ ਅੰਧਾ, ਨਾ ਆਇਆ ਚਲ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਆਪ ਵਡਿਆਈ। ਸਾਚਾ ਤਾਣਾ ਆਪ ਤਣਾਇਆ। ਆਣਾ ਜਾਣਾ ਆਪ ਚੁਕਾਇਆ। ਸੁਘੜ ਸਿਆਣਾ ਆਪ ਬਣਾਇਆ। ਆਪਣਾ ਭਾਣਾ ਆਪ ਵਖਾਇਆ। ਸੋਹੰ ਗਾਣਾ ਹੁਕਮ ਸੁਣਾਇਆ। ਗੁਰਮੁਖ ਸਾਚੇ ਭੁੱਲ ਨਾ ਜਾਣਾ, ਪ੍ਰਭ ਸਾਚਾ ਦੇ ਸਜਾਇਆ। ਜੋਤ ਸਰੂਪੀ ਹਰਿ ਪਹਰਿਆ ਬਾਣਾ, ਨਿਹਕਲੰਕੀ ਨਾਮ ਰਖਾਇਆ। ਪਕੜ ਪਛਾਣੇ ਰਾਜਾ ਰਾਣਾ, ਤਖ਼ਤ ਤਾਜ ਸਰਬ ਮਿਟਾਇਆ। ਕਿਸੇ ਘਰ ਨਾ ਲੱਭੇ ਦਾਣਾ, ਕਲੂ ਕਾਲ ਹਰਿ ਆਪ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚਾ ਬਾਣਾ ਤਨ ਲਗਾਇਆ। ਲੱਗਾ ਬਾਣਾ ਸਾਚੇ ਤਨ। ਕੱਚੇ ਭਾਂਡੇ ਜਾਏ ਭੰਨ। ਗੁਰਮੁਖ ਸਾਚੇ ਆਪ ਚੜ੍ਹਾਏ ਸਾਚੇ ਚੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ, ਨਾ ਲੱਗੇ ਕਦੇ ਸੰਨ੍ਹ। ਸਾਂਤਕ ਤੇਰੀ ਸਾਚੀ ਧਾਰ, ਸਾਂਤਕ ਵਰਤੇ ਵਿਚ ਸੰਸਾਰ। ਸਾਂਤਕ ਤੇਰੀ ਸਾਚੀ ਧਾਰ, ਸਤਿ ਸਤਿ ਹਰਿ ਸਤਿ ਵਰਤਾਏ ਜੋਤ ਜਗਾਏ ਅਗੰਮ ਅਪਾਰ। ਸਾਂਤਕ ਤੇਰੀ ਸਾਚੀ ਧਾਰ, ਸਤਿਜੁਗ ਲਗਾਣਾ ਪ੍ਰਭ ਕਰਮ ਵਿਚਾਰ। ਸਾਂਤਕ ਤੇਰੀ ਸਾਚੀ ਧਾਰ, ਸਚ ਸਚ ਸਚ ਪ੍ਰਭ ਦੇਵੇ ਸ਼ਬਦ ਅਧਾਰ। ਸਾਂਤਕ ਤੇਰਾ ਸਤਿ ਵਿਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਰੰਗਣ ਦੇ ਜਾਏ ਤਾਰ। ਸਾਂਤਕ ਤੇਰਾ ਸਤਿ ਸਰੂਪ। ਸਾਂਤਕ ਤੇਰਾ ਰੰਗ ਅਨੂਪ। ਸਾਂਤਕ ਸਤਿ ਸਤਿ ਹਰਿ ਸਾਚਾ ਵਰਤੇ, ਨਾ ਕੋਈ ਵਖਾਣੇ ਰੰਗ ਰੂਪ। ਸਾਂਤਕ ਤੇਰਾ ਸਾਚਾ ਰੂਪ। ਗੁਰਮੁਖ ਸਾਚੇ ਸੁਘੜ ਸਿਆਣੇ ਪ੍ਰਭ ਆਪ ਬਿਠਾਏ, ਪ੍ਰਭ ਆਪ ਬਿਠਾਏ ਚਾਰ ਕੁੰਟ ਜਿਉਂ ਵਡ ਵਡ ਭੂਪ। ਸਾਂਤਕ ਤੇਰੀ ਸਾਚੀ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਸਾਚੀ ਨਾਏ। ਸਾਂਤਕ ਤੇਰਾ ਸਾਚਾ ਵਾਸ, ਏਕਾ ਜੋਤ ਕਰੇ ਪ੍ਰਕਾਸ਼। ਸਾਂਤਕ ਤੇਰਾ ਸੱਚਾ ਵਾਸ, ਸ੍ਰਿਸ਼ਟ ਸਬਾਈ ਤਜਾਏ ਰਸਨਾ ਮਦਿਰਾ ਮਾਸ। ਸਾਂਤਕ ਤੇਰਾ ਸੱਚਾ ਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪ ਤਰਾਏ ਆਪੇ ਆਪ। ਸਾਂਤਕ ਤੇਰਾ ਸੱਚਾ ਮੇਘ, ਪ੍ਰਭ ਅਬਿਨਾਸ਼ੀ ਆਪ ਉਠਾਏ ਸੋਹੰ ਤੇਗ। ਗੁਰਮੁਖ ਸਾਚੇ ਕਲਜੁਗ ਲਏ ਵੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰੱਖ ਚਰਨ ਟੇਕ। ਸਾਂਤਕ ਤੇਰਾ ਉਜਲ ਮੁਖ। ਪ੍ਰਭ ਅਬਿਨਾਸ਼ੀ ਆਪ ਕਟਾਏ ਜਗਤ ਭੁੱਖ। ਕਿਸੇ ਨਾ ਦਿਸੇ ਆਤਮ ਦੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੁੱਕੇ ਹਰੇ ਕਰਾਏ ਕਲਜੁਗ ਜੀਵ ਰੁੱਖ। ਸਾਂਤਕ ਤੇਰਾ ਸਾਚਾ ਵਹਿਣ। ਗੁਰਮੁਖ ਸਾਚੇ ਪ੍ਰਭ ਚਰਨੀ ਬਹਿਣ। ਗੁਰਮੁਖ ਸਾਚੇ ਸੰਤ ਜਨ ਪ੍ਰਭ ਦਰ ਸਾਚੇ ਲਹਿਣਾ ਲੈਣ। ਸਾਂਤਕ ਤੇਰੀ ਸਾਚੀ ਰੈਣ, ਪੰਚਮ ਜੇਠ ਗੁਰ ਸੰਗਤ ਮਿਲ ਪ੍ਰਭ ਅਬਿਨਾਸ਼ੀ ਰਸਨਾ ਗਾਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਖੋਲ੍ਹੇ ਤੀਜਾ ਨੈਣ। ਸਾਂਤਕ ਤੇਰਾ ਸਾਚਾ ਰੰਗ, ਪ੍ਰਭ ਅਬਿਨਾਸ਼ੀ ਆਪ ਨਿਭਾਏ ਸਾਚਾ ਸੰਗ। ਸਾਂਤਕ ਤੇਰਾ ਸਾਚਾ ਗੁਰ ਸੰਗਤ ਪ੍ਰਭ ਅਬਿਨਾਸ਼ੀ ਕੱਟੇ ਤੇਰੀ ਭੁੱਖ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਲਾਏ, ਆਤਮ ਚੜ੍ਹਾਏ ਸਾਚੀ ਕੰਗ। ਸਾਂਤਕ ਤੇਰਾ ਸਾਚਾ ਨੀਰ, ਸੋਹੰ ਚਲੇ ਤੇਰਾ ਸਾਚਾ ਤੀਰ। ਮੇਟ ਮਿਟਾਏ ਖਵਾਜ਼ਾ ਖ਼ਿਜ਼ਰ ਪੀਰ। ਸਾਂਤਕ ਤੇਰਾ ਸਾਚਾ ਸੀਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਖਿਚਾਏ ਅਠਸਠ ਤੀਰਥ ਨੀਰ। ਸਾਂਤਕ ਸਾਚੇ ਰੰਗ ਰੰਗਾਉਣਾ। ਪ੍ਰਭ ਅਬਿਨਾਸ਼ੀ ਭੇਵ ਖੁਲ੍ਹਾਉਣਾ। ਘਨਕਪੁਰ ਵਾਸੀ ਪ੍ਰਗਟ ਜੋਤ ਵਿਚ ਮਾਤ ਸਤਿਜੁਗ ਸਾਚਾ ਲਾਵਣਾ। ਚਾਰ ਕੁੰਟ ਕਰਾਏ ਚਰਨ ਦਾਸੀ, ਸੋਹੰ ਸਾਚਾ ਜਾਪ ਜਪਾਵਣਾ। ਕੋਈ ਨਾ ਦਿਸੇ ਮਦਿਰਾ ਮਾਸੀ, ਸਚ ਮਾਰਗ ਪ੍ਰਭ ਸਾਚੇ ਲਾਵਣਾ। ਸ੍ਰਿਸ਼ਟ ਸਬਾਈ ਹੋਏ ਦਾਸੀ, ਗੁਰਸਿਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਵਣਾ। ਸਾਂਤਕ ਤੇਰਾ ਸਤਿ ਵਰਤਾਰਾ। ਸਤਿਜੁਗ ਲਾਏ ਸਾਚਾ ਗਿਰਧਾਰਾ। ਬੇਮੁਖ ਕੋਈ ਨਾ ਦਿਸੇ ਮੂਰਖ ਮੁਗਧ ਗਵਾਰਾ। ਪ੍ਰਭ ਅਬਿਨਾਸ਼ੀ ਸੋਹੰ ਸ਼ਬਦ ਸ੍ਰਿਸ਼ਟ ਸਬਾਈ ਸਿਰ ਰੱਖੇ ਆਰਾ। ਆਪੇ ਚੀਰ ਚਿਰਾਏ ਜਗਤ ਕਰੇ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਆਪ ਪਿੰਜਾਏ ਜਿਉਂ ਤੇਲੀ ਵਾੜਾ। ਸਾਂਤਕ ਤੇਰਾ ਰੰਗ ਮਜੀਠ। ਗੁਰ ਸੰਗਤ ਪ੍ਰਭ ਅਬਿਨਾਸ਼ੀ ਸਾਚਾ ਡੀਠ। ਸੋਹੰ ਸਾਚਾ ਰੰਗ ਚੜ੍ਹਾਏ ਆਤਮ ਇਕ ਮਜੀਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦੇਵੇ ਪੀਠ। ਸਾਂਤਕ ਤੇਰਾ ਰੰਗ ਚਲੂਲ। ਪ੍ਰਭ ਅਬਿਨਾਸ਼ੀ ਮਾਤ ਨਾ ਭੂਲ। ਏਕਾ ਜੋਤ ਪ੍ਰਕਾਸ਼ ਪ੍ਰਭ ਸਾਚਾ ਕੰਤ ਕੰਤੂਹਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੁਖ ਲਗਾਏ ਸੋਹੰ ਸਾਚਾ ਫੂਲ। ਸਾਂਤਕ ਤੇਰੀ ਸਤਿ ਫੁਲਵਾੜੀ। ਸਤਿਜੁਗ ਸਾਚੇ ਪ੍ਰਭ ਅਬਿਨਾਸ਼ੀ ਗੁਰਸਿਖ ਫਿਰੇ ਤੇਰੇ ਪਿਛੇ ਅਗਾੜੀ। ਗੁਰਮੁਖ ਸਾਚੇ ਸੰਤ ਜਨ ਪੰਚਮ ਜੇਠ ਚਰਨ ਛੁਹਾਏ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ ਵਿਚ ਜੰਗਲ ਜੂਹ ਪਹਾੜੀ। ਸਾਂਤਕ ਸਾਚਾ ਨੇਤਰ ਪੇਖ। ਗੁਰਮੁਖ ਸਾਚੇ ਕਲਜੁਗ ਛੱਡ ਝੂਠਾ ਭੇਖ। ਧੁਰਦਰਗਾਹੀ ਆਪ ਮਿਟਾਏ ਬਿਧਨਾ ਲਿਖੇ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਬੁੱਧ ਬਬੇਕ। ਸਾਂਤਕ ਵਰਤੇ ਸਾਚੀ ਧੁਨ। ਗੁਰਮੁਖ ਸਾਚੇ ਆਤਮ ਕੰਨ ਸੁਣ। ਪ੍ਰਭ ਅਬਿਨਾਸ਼ੀ ਸਾਚੋ ਸਾਚੇ ਚਰਨ ਲਗਾਏ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਜੋਤ ਸਰੂਪ ਪਹਰਿਆ ਬਾਣਾ। ਲੱਖ ਚੁਰਾਸੀ ਵਿਚ ਸਮਾਣਾ। ਏਕਾ ਜਗੇ ਜੋਤ ਭਗਵਾਨਾ। ਤੀਨ ਲੋਕ ਸਚ ਟਿਕਾਣਾ। ਲੋਕ ਪ੍ਰਲੋਕ ਪ੍ਰਭ ਸਾਚਾ ਰੱਖੇ ਏਕਾ ਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਦਾਨੀ ਦਾਨਾ। ਤੀਨ ਲੋਕ ਪ੍ਰਭ ਦੇਵੇ ਬੰਨ੍ਹ। ਸ੍ਰਿਸ਼ਟ ਸਬਾਈ ਹੋਏ ਅੰਧ। ਆਤਮ ਹੋਈ ਪਾਪਾਂ ਕੰਧ। ਪ੍ਰਭ ਅਬਿਨਾਸ਼ੀ ਨਾ ਰਸਨਾ ਗਾਇਆ ਵਿਚੋਂ ਬੱਤੀ ਦੰਦ। ਮਦਿਰਾ ਮਾਸ ਮੁਖ ਲਗਾਇਆ। ਕਲਜੁਗ ਜੀਵ ਝੂਠਾ ਗੰਦ। ਆਪਣਾ ਆਪ ਕਿਉਂ ਭੁਲਾਇਆ, ਗਵਾਇਆ ਆਤਮ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਵਡ ਬ੍ਰਹਿਮਾਦੀ ਗੁਰਸਿਖ ਗੁਰਮੁਖ ਚੜ੍ਹਾਏ ਸਾਚਾ ਚੰਦ। ਸਾਂਤਕ ਸਤਿਜੁਗ ਸਾਚਾ ਮੰਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਸੁਣੇ ਲੋਕਾਈ ਗੁਰਮੁਖ ਸਾਚਾ ਕਹੇ ਧੰਨ ਧੰਨ। ਭਰਮ ਭੁਲੇਖਾ ਦੇ ਮੁਕਾਈ ਬੇਮੁਖਾਂ ਲਾਏ ਡੰਨ। ਗੁਰਸਿਖਾਂ ਮਨ ਵੱਜੀ ਵਧਾਈ, ਸਤਿਜੁਗ ਬੇੜਾ ਉਠਾਏ ਆਪਣਾ ਕੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਵਾਰੇ ਬੇਮੁਖਾਂ ਜਨ। ਆਪ ਆਪਣੇ ਕੰਠ ਲਗਾਏ, ਸੰਤ ਜਨਾਂ ਬਖ਼ਸ਼ਿੰਦਾ। ਆਪ ਆਪਣੇ ਮਾਰਗ ਲਾਏ, ਵਡ ਦਾਤਾ ਗੁਣੀ ਗਹਿੰਦਾ। ਸਾਚੀ ਰੰਗਣ ਨਾਮ ਚੜ੍ਹਾਏ, ਆਪ ਮਿਟਾਏ ਆਤਮ ਚਿੰਦਾ। ਗੁਰਮੁਖ ਮੰਗਣ ਕਿਤੇ ਨਾ ਜਾਏ, ਦੇਵਣਹਾਰ ਇਕ ਗੁਣੀ ਗਹਿੰਦਾ। ਸਾਚੀ ਰੰਗਣ ਨਾਮ ਚੜ੍ਹਾਏ, ਆਪ ਤੁੜਾਏ ਆਤਮ ਜਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣੀ ਗਹਿੰਦਾ। ਆਪ ਮਿਟਾਏ ਚਿੰਤਾ ਰੋਗ। ਗੁਰਮੁਖ ਨਾ ਹੋਏ ਕਦੀ ਸੋਗ ਸਾਚਾ ਭੋਗ ਲੈਣਾ ਭੋਗ। ਸੋਹੰ ਸ਼ਬਦ ਸਾਚਾ ਜੋਗ। ਰਸਨਾ ਗਾਓ ਪ੍ਰਭ ਦੇਵੇ ਦਰਸ ਅਮੋਘ। ਪ੍ਰਭ ਸਾਚਾ ਸਰਨ ਲਗ ਜਾਓ। ਆਪ ਮਿਟਾਏ ਹਉਮੇ ਰੋਗ। ਸਾਚੀ ਭਿਛਿਆ ਨਾਮ ਪਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਿਖਿਆ ਧੁਰੋਂ ਸੰਜੋਗ। ਲਿਖਿਆ ਧੁਰ ਪ੍ਰਭ ਸਾਚੇ ਦੇਣਾ। ਝੂਠਾ ਜਗਤ ਮਾਰੇ ਮੇਹਣਾ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਪੇਖ ਤੀਜੇ ਨੈਣਾ। ਸਚ ਘਰ ਹਰਿ ਆਤਮ ਵੇਖ, ਅੱਠੇ ਪਹਿਰ ਜਿਥੇ ਰਹਿਣਾ। ਸੋਹੰ ਲੱਗੇ ਸਾਚੀ ਮੇਖ, ਧਰਮ ਰਾਏ ਨਾ ਲੇਵੇ ਲਹਿਣਾ। ਜੋਤ ਸਰੂਪੀ ਹਰਿ ਧਾਰਿਆ ਭੇਖ, ਗੁਰ ਸੰਗਤ ਪ੍ਰਭ ਚਰਨੀ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਕਹਿਣਾ। ਰਸਨਾ ਗਾਓ ਪ੍ਰਭ ਗੰਭੀਰ। ਕਾਇਆ ਸੀਤਲ ਸ਼ਾਂਤ ਸਰੀਰ। ਝੂਠਾ ਦਿਸੇ ਦੇਹੀ ਪੀਤਲ, ਨਾਲ ਨਾ ਜਾਣੇ ਅੰਗ ਅਖੀਰ। ਸੋਹੰ ਨਾਮ ਕਰੇ ਆਤਮ ਸੀਤਲ, ਪ੍ਰਭ ਸਾਚਾ ਦੇਵੇ ਧੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਗਹਿਰ ਗੰਭੀਰ। ਗਹਿਰ ਗੰਭੀਰ ਵਡ ਵਡ ਹੰਸ। ਦੇਵੇ ਵਡਿਆਈ, ਵਿਚ ਸਹੰਸ। ਬੇਮੁਖਾਂ ਦੇ ਖਪਾਈ, ਜਿਉਂ ਕਾਹਨਾ ਕੰਸ। ਗੁਰਮੁਖ ਸਾਚੇ ਤੇਰੇ ਮਨ ਵਧਾਈ, ਪ੍ਰਭ ਬਣਾਈ ਸਾਚੀ ਅੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਸਤਿਜੁਗ ਸਾਚੇ ਰਾਜ ਹੰਸ। ਰਾਜ ਹੰਸ ਰਾਜ ਪ੍ਰਮੁਖ। ਆਪ ਉਤਾਰੇ ਤ੍ਰਿਸ਼ਨਾ ਭੁੱਖ। ਕਲਜੁਗ ਮਾਇਆ ਨਾ ਲੱਗੇ ਦੁੱਖ। ਪ੍ਰਭ ਸਾਚਾ ਜੋਤ ਪ੍ਰਗਟਾਏ ਜਨ ਭਗਤ ਰਹੇ ਸੁਖਣਾ ਸੁੱਖ। ਪੰਚਮ ਜੇਠ ਹੋਏ ਵਧਾਈ ਉਜਲ ਹੋਏ ਮੁਖ। ਸਾਧ ਸੰਗਤ ਸਦ ਰਸਨਾ ਗਾਈ, ਮਾਤ ਗਰਭ ਨਾ ਹੋਵੇ ਉਲਟਾ ਰੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਤੇਰੀ ਤ੍ਰਿਸ਼ਨਾ ਭੁੱਖ। ਸਚ ਸ਼ਬਦ ਹਰਿ ਤੀਰ ਕਮਾਨਾ। ਸੋਹੰ ਚਲੇ ਲੱਗੇ ਸਚ ਨਿਸ਼ਾਨਾ। ਆਪ ਉਠਾਏ ਬਲੀ ਬਲਵਾਨਾ। ਸ੍ਰਿਸ਼ਟ ਸਬਾਈ ਭੇੜ ਭਿੜਾਨਾ। ਏਕਾ ਗੇੜ ਸਰਬ ਮੁਕਾਣਾ। ਬੇਮੁੱਖ ਕਲ ਹੋਏ ਢੇਰ, ਪ੍ਰਭ ਅਬਿਨਾਸ਼ੀ ਅੰਤ ਕਰਾਨਾ। ਗੁਰਮੁਖਾਂ ਲਹਿਣਾ ਦੇਣਾ ਦਏ ਨਬੇੜ, ਪ੍ਰਭ ਆਪਣੀ ਸਰਨ ਲਗਾਣਾ। ਸੋਹੰ ਮਿਟਾਏ ਆਤਮ ਝੇੜ, ਸਭ ਦੇ ਅੰਦਰ ਆਪ ਰਖਾਣਾ। ਗੁਰਮੁਖ ਚਰਨ ਲਿਆਏ ਘੇਰ, ਜੋਤੀ ਜੋਤ ਹਰਿ ਜੋਤੀ ਮੇਲ ਮਿਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਹੱਥੀਂ ਗਾਨਾ। ਹੱਥੀਂ ਗਾਨਾ ਦੇਵੇ ਬੰਨ੍ਹ। ਬੇਮੁਖ ਜੂਠਿਆਂ ਝੂਠਿਆਂ ਪ੍ਰਭ ਸਾਚਾ ਦੇਵੇ ਡੰਨ। ਕਲਜੁਗ ਅੰਧੇ ਮੂਠਿਆਂ, ਪ੍ਰਭ ਆਪ ਕਟਾਏ ਕੰਨ। ਬੇਮੁਖਾਂ ਹੱਥ ਫੜਾਏ ਠੂਠਿਆਂ, ਆਤਮ ਹੰਕਾਰ ਦੇਵੇ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਰਸਨ ਕਰਾਏ ਧੰਨ ਧੰਨ। ਨੈਣ ਮੁਧਾਰੀ ਮੂਧ ਮੁਧਾਰਿਆ। ਬਾਸ਼ਕ ਸੇਜਾ ਆਸਣ ਲਾ ਰਿਹਾ। ਬ੍ਰਹਮਾ ਵਿਸ਼ਨ ਮਹੇਸ਼ਾ ਸੇਵਾ ਲਾਇਆ। ਪ੍ਰਭ ਸਾਚਾ ਵੇਸਨ ਵੇਸਾ, ਭੇਵ ਕਿਸੇ ਨਾ ਪਾਇਆ। ਗੁਰਮੁਖ ਸਾਚੇ ਨੇਤਰ ਪੇਖਾ, ਪੰਚਮ ਜੇਠ ਦੇ ਵਡਿਆਇਆ। ਪੰਚਮ ਜੇਠ ਮਿਲੇ ਵਡਿਆਈ। ਪ੍ਰਭ ਸਾਚੇ ਰੁੱਤ ਸੁਹਾਈ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਸੰਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈ।

Leave a Reply

This site uses Akismet to reduce spam. Learn how your comment data is processed.