Granth 03 Likhat 012: 14 Jeth 2010 Bikarmi Bibi Swarn Kaur de aant samen waste Bachan Hoye Pind Jalalabad Zila Amritsar

੧੪ ਜੇਠ ੨੦੧੦ ਬਿਕ੍ਰਮੀ ਬੀਬੀ ਸਵਰਨ ਕੌਰ ਦੇ ਅੰਤ ਸਮੇਂ ਵਾਸਤੇ ਬਚਨ ਹੋਏ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਦਰਸ਼ਨ ਦੇਖ ਆਤਮ ਤ੍ਰਿਪਤਾਵੇ। ਆਤਮ ਤੀਰਥ ਸਾਚੇ ਨਹਾਵੇ। ਪ੍ਰਭ ਅਬਿਨਾਸ਼ੀ ਦਇਆ ਕਮਾਵੇ। ਸਾਚਾ ਲੇਖਾ ਆਪੇ ਲਾਵੇ। ਜੋਤ ਸਰੂਪੀ ਜੋਤ ਹਰਿ, ਜੋਤੀ ਜੋਤ ਜਗਾਏ। ਆਤਮ ਜੋਤ ਹੋਏ ਉਜਿਆਰੀ। ਰੋਗਾਂ ਸੋਗਾਂ ਹੋਏ ਛੁਡਾਰੀ। ਸਾਚਾ ਸ਼ਬਦ ਇਕ ਉਡਾਰੀ। ਆਤਮ ਦੇਵੇ ਸਚ ਖੁਮਾਰੀ। ਰਸਨਾ ਗਾਏ ਪਾਰ ਉਤਾਰੀ। ਪੂਰੀ ਕਿਰਪਾ ਪ੍ਰਭ ਸਾਚੇ ਧਾਰੀ। ਆਵਣ ਜਾਵਣ ਗੇੜ ਨਿਵਾਰੀ। ਪਤਿਤ ਪਾਵਨ ਹਰਿ ਬਨਵਾਰੀ। ਅੰਮ੍ਰਿਤ ਮੇਘ ਬਰਸੇ ਸਵਣ, ਆਤਮ ਸ਼ਾਂਤ ਹਰਿ ਦਵਾਰੀ। ਜਿਸ ਜਨ ਹੋਏ ਆਪੇ ਆਪ ਬਹਾਏ ਚਰਨ ਦਵਾਰੀ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਕਲ ਵਰਤਾਰੀ। ਸਾਚਾ ਨਾਮ ਹਰਿ ਜਸ ਗਾਇਆ। ਪ੍ਰਭ ਅਬਿਨਾਸ਼ੀ ਸਾਚਾ ਪਾਇਆ। ਸਚ ਵਸਤ ਹਰਿ ਥਾਰ, ਪ੍ਰਭ ਸਾਚੀ ਦੇ ਟਿਕਾਇਆ। ਸਚ ਜੋਤ ਨਿਰੰਕਾਰ, ਸਾਚਾ ਮੇਲ ਮਿਲਾਇਆ। ਆਪ ਬਹਾਏ ਸਚ ਦਰਬਾਰ, ਸਾਚਾ ਲੇਖ ਚੁਕਾਇਆ। ਚਰਨ ਪ੍ਰੀਤੀ ਸਚ ਪਿਆਰ, ਪ੍ਰਭ ਸਾਚੀ ਸੇਵਾ ਲਾਇਆ। ਮਾਨਸ ਜਨਮ ਨਾ ਆਈ ਹਾਰ, ਹਰਿ ਸਾਚੇ ਮਾਣ ਦਵਾਇਆ। ਬਾਹੋਂ ਪਕੜ ਕਲ ਜਾਏ ਤਾਰ, ਬੇੜਾ ਬੰਨ੍ਹੇ ਲਾਇਆ। ਹੋਇਆ ਸਾਚਾ ਹਰਿ ਭਤਾਰ, ਆਪਣੇ ਕੰਠ ਲਗਾਇਆ । ਜੋਤ ਸਰੂਪੀ ਜੋਤ ਹਰਿ ਸਾਚਾ ਮੇਲ ਮਿਲਾਇਆ। ਮਿਲਿਆ ਮੇਲ ਸਚ ਗਿਰਧਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਸਚ ਸ਼ਬਦ ਸਚ ਉਡਾਰੀ। ਜੀਵ ਆਤਮ ਸਦਾ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰੀ। ਕਿਰਪਾ ਕਰੇ ਹਰਿ ਕਿਰਪਾਲ। ਆਪਣਾ ਬਿਰਧ ਲਏ ਸੰਭਾਲ। ਚਰਨ ਪ੍ਰੀਤੀ ਨਿਭੇ ਨਾਲ। ਆਤਮ ਪੁਨੀਤੀ ਸੁਰਤ ਸੰਭਾਲ। ਸਾਚੀ ਨੀਤੀ ਸਚ ਨਾਮ ਧਨ ਹਰਿ ਦੇਵੇ ਮਾਲ। ਮਾਨਸ ਜਨਮ ਜਾਏ ਕਲ ਜੀਤੀ ਜਿਸ ਜਨ ਹੋਏ ਆਪ ਕਿਰਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ। ਮਾਨਸ ਜਨਮ ਹਰਿ ਸਵਾਰਨਾ। ਕਰ ਕਿਰਪਾ ਪਾਰ ਉਤਾਰਨਾ। ਸੋਹੰ ਸਾਚਾ ਦਾਨ ਪ੍ਰਭ ਸਾਚੇ ਝੋਲੀ ਪਾਵਨਾ। ਚਰਨ ਧੂੜ ਇਸ਼ਨਾਨ, ਸਾਚਾ ਕਰਮ ਕਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਬੰਨ੍ਹ ਵਖਾਵਣਾ। ਬੇੜਾ ਬੰਨ੍ਹੇ ਬੰਦੀ ਤੋੜ। ਅੱਧਵਿਚਕਾਰ ਨਾ ਦੇਵੇ ਛੋੜ। ਆਪ ਨਿਭਾਏ ਚਰਨ ਪ੍ਰੀਤੀ ਤੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲੈ ਜਾਏ ਚੜ੍ਹਾਏ ਸ਼ਬਦ ਸਰੂਪੀ ਘੋੜ। ਸ਼ਬਦ ਸਰੂਪੀ ਸ਼ਬਦ ਅਧਾਰੀ। ਸਚ ਸ਼ਬਦ ਹਰਿ ਲੇਖ ਲਿਖਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਸੋ ਜਨ ਨੇਤਰ ਪੇਖੇ, ਜਿਸ ਜਨ ਕਿਰਪਾ ਧਾਰੀ। ਆਤਮ ਕੱਢੇ ਭਰਮ ਭੁਲੇਖੇ, ਭੁੱਲੇ ਜੀਵ ਸੰਸਾਰੀ। ਆਪ ਲਗਾਏ ਆਪਣੇ ਲੇਖੇ, ਨਿਹਕਲੰਕ ਨਰਾਇਣ ਨਰ ਅਵਤਾਰੀ। ਆਪਣਾ ਲੇਖਾ ਆਪ ਚੁਕਾਉਣਾ। ਲਿਖਿਆ ਲੇਖ ਨਾ ਕਿਸੇ ਮਿਟਾਉਣਾ। ਨੇਤਰ ਪੇਖ ਤ੍ਰਿਖ ਬੁਝਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੁੱਖੜਾ ਸਾਰਾ ਲਾਹੁਣਾ। ਆਤਮ ਲੱਥੇ ਸਗਲ ਵਸੂਰਾ। ਸਾਚਾ ਪ੍ਰਭ ਦਿਸੇ ਹਜ਼ੂਰਾ। ਆਸਾ ਮਨਸਾ ਹਰਿ ਸਾਚਾ ਪੂਰਾ। ਆਤਮ ਸਹਿੰਸਾ ਜੋ ਜਨ ਕਰੇ ਦੂਰਾ। ਆਤਮ ਹਿੱਸਾ ਦੁੱਖ ਵਸੂਰਾ। ਜੋਤੀ ਜੋਤ ਸਰੂਪ ਹਰਿ, ਸਰਬ ਕਲਾ ਆਪੇ ਭਰਪੂਰਾ। ਪ੍ਰਭ ਅਬਿਨਾਸ਼ੀ ਵਡ ਵਡਿਆਈ। ਜੁਗੋ ਜੁਗ ਜਨ ਭਗਤਾਂ ਪੈਜ ਰਖਾਈ। ਦਿਵਸ ਰੈਣ ਜੋ ਰਹੇ ਗਾਈ। ਦਰ ਘਰ ਆਏ ਪ੍ਰਭ ਸਾਚਾ ਸਾਚਾ ਦਰਸ ਦਿਖਾਈ। ਝੂਠੀ ਦੇਹ ਭਾਂਡਾ ਕਾਚਾ, ਵੇਲੇ ਅੰਤ ਭੰਨ ਵਖਾਈ। ਆਤਮ ਹਰਿ ਹਰਿ ਰਸਨਾ ਸਾਚਾ ਵਾਚਾ, ਦੇਵੇ ਦਰਸ ਆਪ ਰਘੁਰਾਈ। ਆਪੇ ਢਾਲੇ ਸਾਚਾ ਢਾਂਚਾ, ਸੋਹੰ ਭੱਠੀ ਦਿਆਂ ਚੜ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵ ਕੰਨਿਆ ਦੇ ਵਡਿਆਈ। ਘਰ ਜਾਏ ਚਰਨ ਛੁਹਾਇਆ। ਵੇਲਾ ਅੰਤਮ ਆਣ ਸਹਾਇਆ। ਕਿਸੇ ਸਾਧ ਸੰਤ ਹੱਥ ਨਾ ਆਇਆ। ਪੂਰਨ ਭਗਵੰਤ ਵੇਲੇ ਅੰਤ ਘਰ ਆਏ, ਆਪਣੀ ਹੱਥੀਂ ਮੁਖ ਸਾਚੀ ਚੋਗ ਚੁਗਾਇਆ। ਆਪ ਬਣਾਏ ਸਾਚੀ ਬਣਤ, ਵਿਚ ਜੀਵ ਜੰਤ ਸਾਚੇ ਧਾਮ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਸਵਰਨ ਚਰਨ ਤੇਰੀ ਤੋੜ ਨਿਭਾਇਆ। ਘਰ ਸਾਚੇ ਆ ਹਰਿ ਗੋਬਿੰਦ, ਪੂਰਨ ਦਰਸ ਦਿਖਾਇਆ। ਆਪ ਮਿਟਾਈ ਆਤਮ ਚਿੰਦਾ, ਨੇਤਰ ਪਰਸ ਕਰ ਦਰਸ ਅੰਤਮ ਮਿਟੀ ਹਰਸ, ਦਰ ਘਰ ਵਰ ਹਰਿ ਸਾਚਾ ਪਾਇਆ। ਅੰਮ੍ਰਿਤ ਮੇਘ ਪ੍ਰਭ ਸਾਚਾ ਘਰ ਜਾਏ ਆਇਆ ਬਰਸ, ਕਾਇਆ ਅਗਨ ਦੇ ਬੁਝਾਇਆ। ਸਵਰਨ ਨਿਮਾਣੀ ਚਰਨ ਪਰਾਨੀ ਆਪਣੇ ਭਾਣੇ ਵਿਚ ਆਪ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਦਾਂ ਜੇਠ ਵੀਹ ਸੌ ਦਸ ਬਿਕ੍ਰਮੀ ਸਾਚਾ ਹੰਸ ਵਿਚੋਂ ਆਪ ਉਡਾਇਆ। ਉਡਿਆ ਹੰਸ ਸ਼ਬਦ ਉਡਾਰੀ। ਪਾਰਬ੍ਰਹਮ ਗਿਆ ਤੇਰੇ ਚਰਨ ਦਵਾਰੀ। ਚਰਨ ਸਰਨ ਪੜੀ ਆਏ ਸਵਰਨ ਕਵਾਰੀ। ਮਾਤ ਪਿਤ ਭੈਣ ਭਰਾ ਵਿਚ ਮਾਤ ਜੋ ਰੱਖੇ ਪਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ ਸੋਹੰ ਦੇਵੇ ਧੀਰਜ ਧਾਰੀ। ਸਵਰਨ ਸਵਰਗ ਮਾਣ ਸਾਚਾ ਸੁਖ। ਮਾਤਲੋਕ ਵਿਚ ਉਜਲ ਹੋਏ ਮੁਖ। ਪ੍ਰਭ ਅਬਿਨਾਸ਼ੀ ਨੇਤਰ ਪੇਖ ਤੇਰੀ ਉਤਰੀ ਭੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੁਫਲ ਕਰਾਈ ਮਾਤ ਕੁੱਖ। ਪ੍ਰਭ ਦਰ ਮੰਗੀ ਸਾਚੀ ਮੰਗ। ਸ਼ਬਦ ਰੰਗ ਪ੍ਰਭ ਦੇਵੇ ਸਾਚਾ ਰੰਗ। ਹੋਏ ਸਹਾਈ ਸਦਾ ਅੰਗ ਸੰਗ। ਮਾਨਸ ਜਨਮ ਨਾ ਹੋਇਆ ਭੰਗ। ਸਾਕ ਸਨਬੰਧੀਆਂ ਆਤਮ ਹੋਏ ਤੰਗ। ਪ੍ਰਭ ਸਾਚੇ ਕੱਟੀਆਂ ਫੰਦੀਆਂ, ਹੋਇਆ ਸੁਖਾਲਾ ਬੰਦ ਬੰਦ। ਸੋਹੰ ਸ਼ਬਦ ਦਿਵਸ ਰੈਣ ਰੈਣ ਦਿਵਸ ਗਾਇਆ ਬੱਤੀ ਦੰਦੀਆਂ, ਪ੍ਰਭ ਆਪ ਚੜ੍ਹਾਇਆ ਸਾਚਾ ਚੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਖ਼ਸ਼ੰਦ। ਸਵਰਨ ਸਰਨ ਹਰਿ ਸਾਚੇ ਲਾਈ। ਤਾਰਨ ਤਾਰਨ ਆਪ ਦਇਆ ਕਮਾਈ। ਦਰ ਘਰ ਸਾਚੇ ਜਾਏ ਦਰਸ ਦਿਖਾਈ। ਵੇਲਾ ਅੰਤਮ ਅੰਤ ਸੁਹਾ ਲਿਆ, ਸਾਚੇ ਲੇਖ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾਈ। ਪੂਰੀ ਆਸਾ ਹੋਈ ਸਵਰਨ। ਆਪ ਚੁਕਾਇਆ ਮਰਨ ਡਰਨ। ਸਚ ਪੁਰੀ ਵਿਚ ਸਦਾ ਤਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਲਗਾਈ ਰਖਾਈ ਸਾਚੀ ਸਰਨ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਮਾਤ ਪਿਤ ਦੇ ਮੱਤ ਸਮਝਾਏ। ਰੋਣਾ ਕੁਰਲਾਣਾ ਵਿਰਲਾਣਾ ਨਾ ਕੋਈ ਕਰਾਏ, ਸਾਚਾ ਭਾਣਾ ਹਰਿ ਵਰਤਾਏ। ਸਾਚਾ ਬਾਣਾ ਹਰਿ ਤਨ ਪਹਿਨਾਏ। ਸਾਚਾ ਘਰ ਦਰ ਹਰਿ ਸਚ ਵਖਾਨਾ, ਸਾਚੀ ਦਰਗਹਿ ਜਾਏ ਵਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਗਿਆ ਮਿਲਾਏ।

Leave a Reply

This site uses Akismet to reduce spam. Learn how your comment data is processed.