੧੫ ਜੇਠ ੨੦੧੦ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਚਰਨ ਕਵਲ ਪ੍ਰਭ ਲਈਂ ਰੱਖ। ਵੇਲੇ ਅੰਤ ਨਾ ਹੋਏਂ ਵੱਖ। ਉਤਮ ਪਾਈ ਮਾਨਸ ਦੇਹੀ ਵਿਚੋਂ ਚੁਰਾਸੀ ਲੱਖ। ਸ੍ਰਿਸ਼ਟ ਸਬਾਈ ਵੇਲੇ ਅੰਤਮ ਕਲਜੁਗ ਹੋਈ ਭੱਖ। ਬੇਮੁਖ ਹੰਕਾਰੀ ਵਿਕਾਰੀ ਦੁਸ਼ਟ ਦੁਰਾਚਾਰੀ ਦਰ ਦਰ ਮਾਰਨ ਝੱਖ। ਸੁੰਞੇ ਦਿਸਣ ਮਹੱਲ ਅਟਾਰੀ ਬਿਨ ਹਰਿ ਨਾਮੇ ਹੋਏ ਸੱਖ। ਮੰਦਰ ਦਵਾਰੇ ਗੁਰਦਵਾਰੇ ਸ਼ਿਵਦਵਾਲੇ ਗਊ ਗਵਾਲੇ ਧੀਆਂ ਭੈਣਾਂ ਪੱਤ ਗਵਾਇਣ ਕਲਜੁਗ ਹੋਇਆ ਅੰਤ ਹਰ ਮਨੁਖ। ਆਤਮ ਕੰਗਾਲੇ ਬੀਰ ਬੇਤਾਲੇ ਭਰ ਭਰ ਪੀਂਦੇ ਮਧਰ ਪਿਆਲੇ, ਵੇਲੇ ਅੰਤ ਕੌਣ ਲਏ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਗੁਰਮੁਖਾਂ ਸਰਨ ਲਗਾਈ, ਤਤੀ ਵਾ ਨਾ ਲੱਗੇ ਰਾਈ, ਅੰਗ ਸੰਗ ਆਪ ਹੌ ਜਾਈ, ਬਾਹੋਂ ਪਕੜ ਕਲਜੁਗ ਕੀਨੇ ਵੱਖ। ਸਰਨ ਗੁਰ ਸੱਚੀ ਸਰਨਾਈ, ਵੇਲੇ ਅੰਤ ਲਏ ਛੁਡਾਈ, ਜਿਥੇ ਕੋਇ ਨਾ ਹੋਏ ਸਹਾਈ, ਪ੍ਰਭ ਅਬਿਨਾਸ਼ੀ ਪਾਰ ਕਰਾਏ ਫੜ ਦੋਵੇਂ ਬਾਹੀਂ। ਵਿਛੜਿਆਂ ਕਲ ਮੇਲ ਮਿਲਾਇਆ, ਆਪੇ ਫੜ ਫੜ ਪਾਏ ਰਾਹੀਂ। ਆਪ ਆਪਣਾ ਖੇਲ ਰਚਾਇਆ, ਬੇਮੁਖਾਂ ਦੂਰ ਰਖਾਈ। ਗੁਰਮੁਖ ਸਾਚਾ ਸੱਜਣ ਸੁਹੇਲ ਅਖਵਾਇਆ, ਦਿਵਸ ਰੈਣ ਰੈਣ ਦਿਵਸ ਆਪਣੇ ਰੰਗ ਰਿਹਾ ਰੰਗਾਈ। ਧੰਨ ਧੰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰਿਹਾ ਬਣਤ ਬਣਾਈ। ਗੁਰ ਚਰਨ ਨਾਤਾ। ਮੇਲ ਪੁਰਖ ਬਿਧਾਤਾ। ਆਪੇ ਪੁਛੇ ਵਾਤਾਂ। ਬਣੇ ਪਿਤ ਮਾਤਾ। ਜਿਸ ਜਨ ਸਚ ਪਛਾਤਾ। ਸਚ ਦੇਵੇ ਦਾਤਾਂ। ਨਾਮ ਨਿਧਾਨ ਚਤੁਰ ਸੁਜਾਨ ਬ੍ਰਹਮ ਗਿਆਨ ਹਿਰਦੇ ਧਿਆਨ ਪ੍ਰਭ ਰਖਾਤਾ। ਮੂਰਖ ਮੁਗਧ ਅੰਞਾਣ ਚਤੁਰ ਸੁਜਾਨ ਹੋ ਮਿਹਰਬਾਨ ਪ੍ਰਭ ਸਾਚਾ ਆਪ ਬਣਾਤਾ। ਚਰਨ ਧੂੜ ਇਸ਼ਨਾਨ ਦਰਸ ਮਹਾਨ ਆਤਮ ਦੇਵੇ ਜੋਤ ਮਹਾਨ ਕਰੇ ਪ੍ਰਕਾਸ਼ ਕੋਟਨ ਭਾਨ ਜਿਸ ਜਨ ਦਇਆ ਕਮਾਤ਼ਾ। ਸ਼ਬਦ ਸੁਣਾਏ ਕਾਨ ਆਤਮ ਦੀਪ ਲਗਾਏ ਬਾਣ, ਆਪ ਬਹਾਏ ਚਰਨ ਸਾਚੇ ਅਸਥਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਗਲਾ ਸਾਥ ਨਿਭਾਤਾ। ਗੁਰ ਚਰਨ ਸਰਨ ਸੱਚੀ ਦਰਗਹਿ। ਗੁਰਮੁਖ ਸਾਚੇ ਦਰ ਘਰ ਸਾਚੇ ਵੇਖ ਬੈਠਾ ਪ੍ਰਭ ਬੇਪ੍ਰਵਾਹ। ਏਥੇ ਓਥੇ ਰੰਗ ਸਾਚਾ ਸੰਗ ਦੂਸਰ ਕੋਈ ਨਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਲਏ ਬਚਾਈ, ਜਿਸ ਜਨ ਸਾਚੀ ਸਰਨ ਤਕਾਈ , ਏਕਾ ਰੱਖੀ ਓਟ ਰਖਾਈ, ਸਿਰ ਆਪਣਾ ਹੱਥ ਟਿਕਾਈ, ਪ੍ਰਭ ਸਾਚਾ ਸਭਨੀ ਥਾਂ। ਗੁਰ ਚਰਨ ਸਚ ਦਵਾਰਿਆ। ਗੁਰ ਚਰਨ ਭੁੱਖ ਨਿਵਾਰਿਆ। ਗੁਰ ਚਰਨ ਸੁਖ ਉਪਜਾ ਰਿਹਾ। ਗੁਰ ਚਰਨ ਮੁਖ ਉਜਲ ਕਰਾ ਰਿਹਾ। ਗੁਰ ਚਰਨ ਮਰਨ ਗੇੜ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੇ ਲੜ ਲਾ ਰਿਹਾ। ਗੁਰ ਚਰਨ ਰਾਜ ਜੋਗ ਸਾਚਾ ਭੋਗ। ਗੁਰ ਚਰਨ ਕਰ ਦਰਸ ਹਰਿ ਅਮੋਘ। ਗੁਰ ਚਰਨ ਨਾ ਰਹੇ ਚਿੰਤਾ ਸੋਗ। ਗੁਰ ਚਰਨ ਪ੍ਰਭ ਸਾਚੇ ਦੀ ਸਾਚੀ ਸਰਨ ਉਤਰੇ ਸਰਬ ਵਿਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਕੱਟੇ ਹਉਮੇ ਰੋਗ। ਗੁਰ ਚਰਨ ਗੁਰ ਦਵਾਰ। ਗੁਰ ਚਰਨ ਸੱਚਾ ਘਰ ਬਾਹਰ। ਗੁਰ ਚਰਨ ਪਰਸ ਪ੍ਰਭ ਦੇਵੇ ਦਰਸ ਖੋਲ੍ਹ ਦਸਮ ਦਵਾਰ। ਗੁਰ ਚਰਨ ਹਰਿ ਸਾਚੀ ਸਰਨਾ। ਗੁਰਮੁਖ ਵਿਰਲੇ ਲਾਗ ਤਰਨਾ। ਜਾਗਣ ਭਾਗ ਨਾ ਕਲਜੁਗ ਡਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਹਿੰਸਾ ਰੋਗ ਨਿਵਾਰਨਾ। ਆਪ ਮਿਟਾਏ ਆਪ ਬੁਝਾਏ ਤ੍ਰਿਸ਼ਨਾ ਲੱਗੀ ਆਗ। ਸਚ ਤਖ਼ਤ ਸਚ ਸਰਕਾਰਿਆ। ਸਚ ਸਿੰਘਾਸਣ ਹਰਿ ਡੇਰਾ ਲਾ ਰਿਹਾ। ਸ੍ਰਿਸ਼ਟ ਸਬਾਈ ਕਰੇ ਦਾਸਨ ਦਾਸ, ਹਰਿ ਅਚਰਜ ਖੇਲ ਵਰਤਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪੂਰਨ ਕਰਮ ਆਪ ਕਮਾ ਰਿਹਾ। ਸਿੰਘਆਸਣ ਹਰਿ ਆਪ ਸੁਹਾਇਆ। ਪਾਰਬ੍ਰਹਮ ਹਰਿ ਸ਼ਬਦ ਜੋਤ ਜੋਤ ਸਰੂਪੀ ਜੋਤ ਜਗਾਇਆ। ਦੁਸ਼ਟ ਦੁਰਾਚਾਰ ਵਡ ਵਡ ਹੰਕਾਰ, ਪ੍ਰਭ ਸਾਚਾ ਆਦਿ ਜੁਗਾਦਿ ਨਸ਼ਟ ਕਰਦਾ ਆਇਆ। ਸਤਿਜੁਗ ਸਾਚੇ ਕੈਂਟਬ ਦੈਤ ਸੁਧਾਰ ਵਿਚੋਂ ਪਾਤਾਲ ਪ੍ਰਭ ਧਰਤੀ ਉਪਰ ਫੇਰ ਲਿਆਇਆ। ਅਚਰਜ ਖੇਲ ਹਰਿ ਬਨਵਾਰੀ। ਦੂਤਾਂ ਦੁਸ਼ਟਾਂ ਕਰੇ ਸੰਘਾਰੀ। ਜਿਉਂ ਸੁੰਭ ਨਿਸ਼ੁੰਭ ਹੋਏ ਹੰਕਾਰੀ। ਅਸ਼ਟਭੁਜ ਹਰਿ ਜੋਤ ਧਰ, ਆਏ ਸਿੰਘ ਅਸਵਾਰੀ। ਰਣ ਭੂਮੀ ਹਰਿ ਆਪ ਬਣਾਏ, ਚਰਨ ਗੱਦਾ ਖੰਡਾ ਚੱਕਰ ਸੁਦਰਸ਼ਨ ਹੱਥ ਘੁੰਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗ ਦੂਤਾਂ ਦੁਸ਼ਟਾਂ ਕਰੇ ਖਵਾਰੀ। ਸਚ ਸਿੰਘਾਸਣ ਹਰਿ ਆਪ ਸੁਹਾਏ। ਸਾਚੀ ਜੋਤੀ ਪ੍ਰਕਾਸ਼ਨਾ ਸਾਚਾ ਰੰਗ ਵਿਚ ਮਾਤ ਦੇ ਲਾਏ। ਸਾਚਾ ਸ਼ਬਦ ਸਰਬ ਥਾਈਂ ਹਰਿ ਰੱਖੇ ਵਾਸਨਾ ਮਾਰ ਜਗਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਦੁਸ਼ਟਾਂ ਜਾਏ ਸੰਘਾਰ ਜਿਉਂ ਰਾਮਾ ਰਾਵਣ ਘਾਏ। ਵੇਲਾ ਅੰਤ ਹਰਿ ਆਪ ਵਿਚਾਰਦਾ। ਮਾਤ ਲੋਕ ਵਿਚ ਜਾਮਾ ਧਾਰਦਾ। ਜਿਉਂ ਰਾਮਾ ਸਪੁੱਤਰ ਦਸਰਥ ਸੱਚੀ ਸਰਕਾਰ ਦਾ। ਜੋਤੀ ਜੋਤ ਸਰੂਪ ਹਰਿ, ਦੂਤਾਂ ਦੁਸ਼ਟਾਂ ਆਣ ਸੰਘਾਰਦਾ। ਜਾਮਾ ਧਾਰ ਰਾਮ ਅਵਤਾਰ। ਅਚਰਜ ਖੇਲ ਕਰੇ ਕਰਤਾਰ। ਵਿਚ ਸੰਸਾਰ ਅੰਤਮ ਅੰਤ ਕਰੇ ਰਾਵਣ ਦੁਸ਼ਟ ਸੰਘਾਰ। ਜੋਤੀ ਜੋਤ ਸਰੂਪ ਹਰਿ, ਵਿਚ ਮਾਤ ਜੋਤ ਧਰ, ਤਰੇਤਾ ਜੁਗ ਕਰਾਏ ਪਾਰ। ਤਰੇਤਾ ਜੁਗ ਤ੍ਰਿਆ ਕਰਾਏ । ਸਾਚਾ ਪੀਆ ਇਹ ਬਣਤ ਬਣਾਏ। ਆਪਣਾ ਹੀਆ ਆਪ ਕਰਾਏ। ਬੇਮੁਖ ਰਾਵਣ ਬੀਜ ਜੋ ਬੀਆ, ਆਪਣੀ ਹੱਥੀਂ ਹਰਿ ਦੇ ਸਜਾਏ। ਫੜ ਫੜ ਜਾਏ ਨੱਥੀ ਖੰਡ ਖੰਡ ਹਰਿ ਆਪ ਕਰਾਏ। ਜੋਤੀ ਜੋਤ ਸਰੂਪ ਹਰਿ, ਰਾਮ ਅਵਤਾਰ ਸਚ ਤਖ਼ਤ ਤਾਜ ਤਾਜ ਭਬੀਖਣ ਆਪ ਦਵਾਏ। ਤਰੇਤਾ ਅੰਤ ਨਿਖੁੱਟੇ ਭਾਗ। ਦਵਾਪਰ ਵਿਚ ਮਾਤ ਉਠਿਆ ਜਾਗ। ਅੰਤਮ ਜੁਗ ਜੀਆਂ ਜੰਤਾਂ ਤਨ ਲੱਗੀ ਆਗ। ਕਿਸੇ ਨਾ ਧੋਏ ਪਾਪਾਂ ਦਾਗ। ਰਿੱਖ ਮੁਨ ਜਪੀ ਤਪੀ ਹਠੀ ਸਤੀ ਸਾਰੇ ਗਏ ਭਾਗ। ਜੋਤੀ ਜੋਤ ਸਰੂਪ ਹਰਿ, ਕਾਹਨਾ ਕ੍ਰਿਸ਼ਨਾ ਮਾਧਵ ਮਾਧ ਵਿਚ ਮਾਤਲੋਕ ਲਗਾਏ ਭਾਗ। ਜਾਮਾ ਧਾਰੇ ਮਾਤ ਘਨਈਆ। ਦਵਾਪਰ ਆਪ ਡੁਬਾਏ ਅੰਤਮ ਨਈਆ। ਕਰੇ ਖੇਲ ਬਣ ਸੱਜਣ ਸੁਹੇਲ, ਆਪ ਬਣਾਏ ਸਰਬ ਸਈਆਂ। ਜੋਤੀ ਜੋਤ ਸਰੂਪ ਹਰਿ, ਪੰਜੇ ਪਾਂਡੋਂ ਭੇਵ ਖੁਲ੍ਹਾਈਆ। ਪ੍ਰਭ ਅਬਿਨਾਸ਼ੀ ਤੇਰੀ ਮਾਇਆ। ਤੇਰਾ ਭੇਵ ਆਦਿ ਜੁਗਾਦਿ ਕਿਸੇ ਨਾ ਪਾਇਆ। ਭਾਈਆਂ ਸੰਗ ਭਾਈ ਹੱਥੀਂ ਆਪਣੀ ਆਣ ਲੜਾਇਆ। ਇਕਨਾ ਮੱਤ ਪਾਏ ਉਪੱਠੀ, ਇਕਨਾ ਆਪਣੇ ਲੜ ਲਾਇਆ। ਧਰਮ ਪੁੱਤ ਕਿਸੇ ਬਣਾਇਆ। ਆਤਮ ਹੰਕਾਰ ਕਿਸੇ ਰਖਾਇਆ। ਸਾਚਾ ਸ਼ਬਦ ਨਿਸ਼ਾਨ ਖੰਡਾ ਦੋ ਧਾਰ ਆਪ ਚਲਾਇਆ। ਪਾਂਚੋ ਪਾਂਡੋ ਦੇ ਗਿਆਨ, ਦਰਯੋਧਨ ਬੇਮੁਖ ਆਪ ਕਰਾਇਆ। ਪ੍ਰਭ ਅਬਿਨਾਸ਼ੀ ਤੇਰੀ ਮਹਿੰਮਾ ਮਹਾਨ, ਦਵਾਪਰ ਅੰਤਮ ਅੰਤ ਕਰਨ ਦਾ, ਆਪਣੀ ਹੱਥੀਂ ਖੇਲ ਰਚਾਈਆ। ਵਾਹ ਵਾਹ ਵਾਹ ਤੇਰਾ ਰੰਗ ਕ੍ਰਿਸ਼ਨ ਭਗਵਾਨ, ਆਪ ਅਰਜਨ ਰਥ ਚਲਾਇਆ। ਮਹਾਂਸਾਰਥੀ ਆਪ ਅਖਵਾਇਆ। ਮਹਾਂਸਾਰਥੀ ਹੋ ਰਥ ਚਲਾਏ। ਆਪਣੇ ਹੱਥ ਨਾ ਕਟਾਰ ਉਠਾਏ। ਏਕਾ ਸਾਚਾ ਹੱਥ ਭਗਤਾਂ ਸਿਰ ਰਖਾਏ। ਭੀਖਮ ਦਰੋਨਾ ਕਰਨ ਸੈਨਾਪਤ ਦਰਯੋਧਨ ਵਡ ਵਡ ਹੰਕਾਰ ਰਖਾਏ। ਆਪੇ ਜਾਏ ਮਥ, ਮਾਰੇ ਪਾ ਪਾ ਨੱਥ ਨਾ ਕਿਸੇ ਬੂਝ ਬੁਝਾਏ। ਅਛਲ ਛਲ ਆਪ ਕਰਾਏ। ਖਾਲੀ ਹੱਥ ਚਲਾਏ ਰਥ, ਭਰਮ ਭੁਲੇਖੇ ਬਚਨ ਸੁਣਾਏ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਅੰਤਮ ਅੰਤ ਜੁਗ ਆਪਣੇ ਹੱਥ ਰੱਖੇ ਵਡਿਆਏ। ਦਸ ਅਠਾਰਾਂ ਇਹ ਖੇਲ ਰਚਾ ਕੇ। ਸੱਤ ਗਿਆਰਾਂ ਆਪ ਪੜ੍ਹਾ ਕੇ। ਸਰਬ ਹੰਕਾਰਾ ਜਗਤ ਗਵਾ ਕੇ। ਦੁਸ਼ਟ ਦੁਰਾਚਾਰਾਂ ਨਸ਼ਟ ਕਰਾ ਕੇ। ਜਨ ਭਗਤ ਅਧਾਰਾ ਪੰਚਮ ਵਿਚ ਮਾਤ ਜੈ ਜੈ ਜੈਕਾਰ ਕਰਾ ਕੇ। ਸਾਚੇ ਦਰ ਦਾ ਸਾਚਾ ਰਾਜ, ਹੱਥ ਯੁਧਿਸ਼ਟਰ ਦੇਵੇ ਸਾਚਾ ਤਿਲਕ ਲਗਾਏ। ਤ੍ਰੈਲੋਕੀ ਨਾਥ ਸਗਲਾ ਸਾਥ, ਆਪਣਾ ਆਪ ਨਿਭਾਏ। ਜੋਤ ਸਰੂਪੀ ਜੋਤ ਹਰਿ, ਵਿਚ ਵਿਚੋਲਾ ਬਣ ਆਪ ਮਰਵਾਏ। ਦੋਵੇਂ ਧੜ ਹੇਰਾ ਫੇਰਾ ਬਣਾ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਰੂਪ, ਕਿਆ ਕੋਈ ਜਾਣੇ ਕਿਆ ਕੋਈ ਪਛਾਣੇ, ਕਲਜੁਗ ਜੀਵ ਅੰਧ ਅੰਧਿਆਣੇ, ਆਪਣੀ ਖੇਲ ਜਾਏ ਵਰਤਾ ਕੇ। ਦਵਾਪਰ ਅੰਤ ਕਰਾਇਆ। ਜਾਦਵ ਬੰਸ ਭੇੜ ਭਿੜਾਇਆ। ਅੰਤਮ ਅੰਤ ਉਹ ਵੀ ਨਸ਼ਟ ਕਰਾਇਆ। ਏਕਾ ਇਸ਼ਟ ਆਪਣਾ ਨਾਉਂ ਰਖਾਇਆ। ਸ੍ਰਿਸ਼ਟ ਸਬਾਈ ਅਠਾਰਾਂ ਧਿਆਏ ਗੀਤਾ ਰਸਨ ਅਲਾਇਆ। ਮੋਹਣ ਮੁਰਾਰੀ ਕ੍ਰਿਸ਼ਨ ਗਿਰਧਾਰੀ ਆਪਣਾ ਕਰਮ ਕਮਾਇਆ। ਜੁਗੋ ਜੁਗ ਹਰਿ ਸਾਚਾ ਵਿਚ ਮਾਤ ਜਾਮਾ ਧਾਰ ਪ੍ਰਗਟ ਹੋਏ ਆਇਆ। ਦੁਆਪਰ ਅੰਤਮ ਅੰਤ ਵਿਚ ਮਾਤ ਕਰਾਇਆ। ਕਲਜੁਗ ਜੂਠੇ ਝੂਠੇ ਜਾਮਾ ਵਿਚ ਮਾਤ ਦੇ ਧਰਿਆ। ਜੂਠਾ ਝੂਠਾ ਸਾਚਾ ਵਰ ਵਰਿਆ। ਅੰਤਮ ਅੰਤ ਪ੍ਰਭ ਸਾਚਾ ਕੁਠ ਬੇੜਾ ਡੋਬੇ ਭਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤਲੋਕ ਦੇ ਧਰਿਆ। ਜਾਮਾ ਵਿਚ ਮਾਤਲੋਕ ਹਰਿ ਧਾਰ। ਅਚਰਜ ਵਰਤੇ ਵਰਤਾਵੇ ਖੇਲ ਕਰਤਾਰ। ਗੁਰਸਿਖ ਦੇ ਮੱਤ ਸਮਝਾਵੇ, ਆਤਮ ਸਾਾਚੀ ਬੂਝ ਬੁਝਾਵੇ ਗੁਰ ਦਰ ਲਿਆਵੇ ਚੜ੍ਹਾਏ ਭੇਟ ਇਕ ਕਟਾਰ। ਸਾਚਾ ਦਿਵਸ ਆਣ ਸੁਹਾਏ, ਸਿੰਘ ਆਸਣ ਪ੍ਰਭ ਸਾਚਾ ਡੇਰਾ ਲਾਏ। ਸ੍ਰਿਸ਼ਟ ਸਬਾਈ ਗੁਰ ਪ੍ਰਸ਼ਾਦੀ ਗੁਰ ਪ੍ਰਸਾਦ ਕਰ ਕੱਚੀ ਕੱਕੜੀ ਭੇਟ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਸਾਚੇ ਲੇਖੇ ਲਾਏ। ਚਾਰ ਕੱਕੜੀ ਭੇਟ ਚੜ੍ਹਾਈ। ਜਿਉਂ ਦਲ ਮੱਕੜੀ, ਪ੍ਰਭ ਸਾਚਾ ਚਾਰ ਕੁੰਟ ਦੇ ਉਠਾਈ। ਆਪਣੇ ਹੱਥ ਫੜੇ ਸੋਹੰ ਸਾਚੀ ਤੱਕੜੀ, ਸਿੰਘ ਆਸਣ ਬੈਠਾ ਦੇਵੇ ਤੁਲਾਈ। ਕਿਸੇ ਹੱਥ ਨਾ ਆਵੇ ਮੁੱਠ ਮੁੱਠ ਲਕੜੀ, ਖਾਲੀ ਤਨ ਇਹ ਦੇਵੇ ਜਲਾਈ। ਸ਼ਬਦ ਅੰਧੇਰੀ ਝੱਖ ਝੱਖੜੀ, ਅੰਧ ਅੰਧੇਰ ਹੋ ਜਾਈ। ਕੋਈ ਨਾ ਦੀਸੇ ਕਿਸੇ ਬਾਂਹ ਪਕੜੀ, ਸ੍ਰਿਸ਼ਟ ਸਬਾਈ ਏਕਾ ਭੇੜ ਭਿੜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਆਸਣ ਬੈਠ ਸ੍ਰਿਸ਼ਟ ਸਬਾਈ ਆਪ ਹਿਲਾਈ। ਉਤਰ ਦਿਸ਼ਾ ਹਰਿ ਵੇਖ ਵਿਚਾਰੇ। ਆਪ ਉਠਾਏ ਏਕਾ ਧਾੜੇ। ਚੜ੍ਹੇ ਧਾੜ ਜਿਉਂ ਦਰਿਆਏ ਹਾੜੇ। ਨਾ ਕੋਈ ਵੇਖੇ ਚੰਗੇ ਮਾੜੇ। ਕੱਟੇ ਵੱਢ ਫਟੇ ਆਪੇ ਪਾੜੇ। ਕਲਜੁਗ ਜੀਆਂ ਦਿਨ ਆਏ ਮਾੜੇ। ਨਾ ਕੋਈ ਸਕੇ ਸੰਭਾਲ, ਲਾੜੀਆਂ ਛੱਡਣ ਲਾੜੇ। ਘਰ ਘਰ ਫਿਰਨ ਕੰਗਾਲ, ਨਾ ਪੱਲੇ ਕਿਸੇ ਭਾੜੇ। ਕਿਸੇ ਫੱਲ ਨਾ ਲੱਭੇ ਡਾਰ, ਪ੍ਰਭ ਸ਼ਬਦ ਅੰਧੇਰੀ ਸਾਰੇ ਝਾੜੇ। ਪ੍ਰਭ ਅਬਿਨਾਸ਼ੀ ਤੇਰੀ ਕੋਈ ਨਾ ਝੱਲੇ ਝਾਲ, ਸਿੰਘ ਆਸਣ ਬੈਠਾ ਆਪ ਚਬਾਏ ਆਪਣੀ ਦਾੜ੍ਹੇ। ਸ੍ਰਿਸ਼ਟ ਸਬਾਈ ਆਰ ਪਾਰ। ਚੌਥੀ ਕੂਟ ਹੋਈ ਖਵਾਰ। ਮੂੰਡ ਮੁੰਡਾਏ ਨਾ ਕੋਈ ਦੀਸੇ ਸਿੱਖ ਸਰਦਾਰ। ਸ੍ਰਿਸ਼ਟ ਸਬਾਈ ਆਈ ਹਾਰ। ਗਲ ਗਲ ਲਟਕਣ ਘਰ ਘਰ ਟੰਗਣ ਲੱਥੇ ਸੀਸ ਕੋਈ ਨਾ ਸਕੇ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਤੇਰੀ ਵਰਤੇ ਕੀ ਵਰਤਾਰ। ਬੇਮੁਖਾਂ ਸੀਸ ਆਪ ਕਟਾਇਆ। ਧਰਤ ਮਾਤ ਤੇਰੀ ਗੋਦ ਵਿਚ ਆਪ ਸਵਾਇਆ। ਕਲਜੁਗ ਮਿਟਾਏ ਅੰਧੇਰੀ ਰਾਤ, ਬੇਮੁਖ ਕੋਈ ਰਹਿਣ ਨਾ ਪਾਇਆ। ਗੁਰਮੁਖ ਸਾਚੇ ਵੇਖ ਮਾਰ ਝਾਤ, ਸੋਹੰ ਤੇਰੇ ਵਿਚ ਟਿਕਾਇਆ। ਆਪ ਰਖਾਏ ਆਪਣਾ ਬਿਰਦ ਦਿਵਸ ਰੈਣ ਪਹਿਰੇਦਾਰ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸੱਚੀ ਸਰਨਾਇਆ। ਉਤਰ ਦਿਸ਼ਾ ਉਠੇ ਦਲ। ਵਹਿੰਦੇ ਵਹਿਣ ਵਾਂਗੂ ਆਏ ਚਲ। ਕੋਈ ਨਾ ਰੋਕੇ ਨਾ ਕੋਈ ਸਕੇ ਠਲ। ਨਾ ਕੋਈ ਮਾਰ ਸਕੇ ਝੱਲ। ਏਕਾ ਸ਼ਬਦ ਹੋਏ ਖੰਡਾ ਦੋ ਧਾਰੀ ਆਪ ਕਟਾਏ ਕੱਟੇ ਕੱਟ ਕੱਟ ਫੱਟ ਫੰਟ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਸਕੇ ਵਕਤ ਸੰਭਾਲ। ਕਿਸ ਵਕਤ ਸੰਭਾਲਣਾ ਕਿਸ ਗੋਦ ਉਠਾਲਣਾ। ਸ੍ਰਿਸ਼ਟ ਸਬਾਈ ਆਪਣਾ ਮੂਲ ਗਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਆਪ ਸੱਚੀ ਪਾਲਣਾ। ਪੱਛਮ ਦਿਸ਼ਾ ਵੇਖ ਵਿਚਾਰ। ਆਪਣੇ ਹੱਥ ਫੜੇ ਕਟਾਰ। ਈਸਾ ਮੂਸਾ ਮੁਹੰਮਦੀ ਪ੍ਰਭ ਕਰੇ ਖਵਾਰ। ਏਕਾ ਸ਼ਬਦ ਕਟਾਏ ਜਿਉਂ ਸਾਬਣ ਤਾਰ। ਆਪਣਾ ਭਾਣਾ ਹਰਿ ਵਰਤਾਏ ਨਾ ਕੋਈ ਸਕੇ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲੰਘਾਏ ਏਕਾ ਧਾਰ। ਆਪਣੀ ਕਾਰ ਆਪ ਕਰਾਏ। ਪੱਛਮ ਦਿਸ਼ਾ ਮਾਰ ਕਰਾਏ। ਚਿਟ ਰੰਗੀਆਂ ਫਰੰਗੀਆਂ ਪ੍ਰਭ ਸਾਚੇ ਦੇ ਸਜਾਏ। ਫਿਰਨ ਪੈਰੀਂ ਨੰਗੀਆਂ ਕੁਰਲਾਇਣ ਨਾ ਹੋਏ ਕੋਈ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਭਾਣਾ ਆਪ ਵਰਤਾਏ। ਭਾਣਾ ਹਰਿ ਵਰਤਾਵਣਾ। ਤਖਤ ਤਾਜ ਰਾਜ ਸਭ ਨਸ਼ਟ ਕਰਾਵਣਾ। ਸਾਜ ਬਾਜ ਕਿਸੇ ਰਹਿਣ ਨਾ ਪਾਵਣਾ। ਝੂਠ ਕਾਜ ਨਸ਼ਟ ਹੋ ਜਾਵਣਾ। ਸਾਚਾ ਰਾਜ ਪ੍ਰਭ ਸਾਚੇ ਆਪਣੇ ਚਰਨ ਦਵਾਵਣਾ। ਧੰਨ ਧੰਨ ਧੰਨ ਦੇਸ ਮਾਝਾ ਪ੍ਰਭ ਅਬਿਨਾਸ਼ੀ ਜੋਤ ਤੇਰੇ ਵਿਚ ਜਗਾਵਣਾ। ਗੁਰਮੁਖ ਸਾਚੇ ਸੰਤ ਜਨਾਂ ਸਿਰ ਉਪਰ ਹੱਥ ਟਿਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸ਼ਬਦ ਸਰੂਪੀ ਅਵਾਜ਼ ਆਪ ਲਗਾਵਣਾ। ਪੂਰਬ ਤੇਰਾ ਪੂਰਾ ਹੋਇਆ ਲਹਿਣਾ। ਔਖਾ ਹੋਇਆ ਅੱਗੇ ਦੇਣਾ। ਕਲਜੁਗ ਅੰਤਮ ਅੰਤ ਵਿਚ ਮਾਤ ਨਾ ਰਹਿਣਾ। ਵੇਖ ਵੇਖ ਵੇਖ ਪ੍ਰਭ ਬਣਾਏ ਸਾਚੀ ਬਣਤ ਸਿਰ ਧੜ ਧੜ ਸੀਸ ਇਕੱਠਾ ਨਾ ਰਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤ ਝੜ ਝੜ ਪਤ ਆਪ ਕਰਾਵਣਾ। ਧੜਾਂ ਉਪਰ ਲੱਥੇ ਸੀਸ। ਕਰੇ ਕਰਾਏ ਆਪ ਜਗਦੀਸ਼। ਸ੍ਰਿਸ਼ਟ ਸਬਾਈ ਜਾਏ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਕਰੇ ਤੇਰੀ ਰੀਸ। ਤੀਜੀ ਕੂਟ ਵੇਖ ਵਿਚਾਰੀ। ਅੰਤਮ ਕਰੇ ਪ੍ਰਭ ਖਵਾਰੀ। ਚੀਨਾ ਤੇਰੀ ਸਚ ਸਿਕਦਾਰੀ। ਪ੍ਰਭ ਅਬਿਨਾਸ਼ੀ ਰਸਨਾ ਚੀਨਾ ਘਰ ਸਾਚਾ ਮਾਣ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਖ ਕਰੇ ਕਰਤਾਰੀ। ਦੱਖਣਾ ਦਿਸ਼ਾ ਦੁੱਖ ਨਾ ਲਾਗੇ। ਪ੍ਰਭ ਪੂਰੀ ਕਰੇ ਇਛਿਆ ਪੂਰਨ ਭਾਗੇ। ਹਰਿ ਸਾਚੀ ਪਾਏ ਭਿਛਿਆ ਜੋ ਜਨ ਸੋਏ ਜਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਕਰਾਏ ਦਿਵਸ ਰੈਣ ਸਦ ਜਾਗੇ। ਚਾਰ ਕੁੰਟ ਚੋਰ ਯਾਰੀ। ਪ੍ਰਭ ਅਬਿਨਾਸ਼ੀ ਵੇਖ ਵਿਚਾਰੀ। ਆਪੇ ਕਰੇ ਸਰਬ ਖਵਾਰੀ। ਨੌਂ ਖੰਡ ਪ੍ਰਿਥਮੀ ਪ੍ਰਭ ਸਾਚਾ ਖੇਲ ਖਲਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਏ ਬਾਜੀ ਹਾਰੀ। ਅਛਲ ਛਲ ਹਰਿ ਆਪ ਕਰਾਵਣਾ। ਆਪਣਾ ਭੇਵ ਹਰਿ ਛੁਪਾਵਣਾ। ਗੁਰਮੁਖ ਸਾਚੇ ਕਲਜੁਗ ਵਿਰਲੇ ਸੇਵ ਲਗਾਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜਿਨ ਜਨ ਸਾਚੇ ਸਤਿਜੁਗ ਮਾਣ ਦਵਾਵਣਾ। ਖਿਚ ਕਟਾਰ ਕੀਆ ਵਿਹਾਰਾ। ਜੋ ਕੁਛ ਵਰਤੇ ਵਿਚ ਸੰਸਾਰਾ। ਲਿਖਾਏ ਲੇਖ ਆਪ ਗਿਰਧਾਰਾ। ਸਿੰਘ ਆਸਣ ਬੈਠਾ ਰਿਹਾ ਵੇਖ, ਤੀਨ ਲੋਕ ਹਰਿ ਕਰੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਾਚਾ ਸ਼ਬਦ ਆਪ ਚਲਾਏ ਨੌਂ ਖੰਡ ਪ੍ਰਿਥਮੀ ਖੰਡਾ ਦੋ ਧਾਰਾ। ਖੰਡਾ ਦੋ ਧਾਰ ਧਰਮ ਦੀ ਧੁਜ। ਪ੍ਰਭ ਅਬਿਨਾਸ਼ੀ ਰਾਹ ਸਾਚਾ ਗਿਆ ਸੁਝ। ਕਲਜੁਗ ਗਿਆ ਬੀਤ ਅੱਗੇ ਰਿਹਾ ਨਾ ਕੁਝ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ ਚਰਨ ਕਵਲ ਹਰਿ ਗਿਆ ਲੁਝ। ਚੰਡੀ ਚਮਕੇ ਚਮਕ ਡਰਾਵਣੀ। ਕਲਜੁਗ ਤੇਰੀ ਪੂਰ ਕਰਾਏ ਪ੍ਰਭ ਸਾਚਾ ਭਾਵਨੀ। ਵੇਲੇ ਅੰਤਮ ਅੰਤਕਾਲ ਨਾ ਕੋਈ ਛੁਡਾਵੇ ਨਾ ਕੋਈ ਦੇਵੇ ਜਾਮਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਰਨ ਚਰਨ ਲਾਗ ਤੇਰੀ ਪੂਰ ਕਰਾਏ ਭਾਵਨੀ। ਲੱਗੋ ਚਰਨ ਕੱਟੇ ਫੰਦ। ਵੇਲਾ ਅੰਤਕਾਲ ਹੋਏ ਅੰਧ। ਕਲਜੁਗ ਤੁਟਾ ਰਸਨਾ ਕੱਚਾ ਤੰਦ। ਸਤਿਜੁਗ ਚੜ੍ਹਾਏ ਸਤਿਗੁਰ ਸਾਚਾ ਵਿਚ ਮਾਤ ਸਾਚਾ ਚੰਦ। ਗੁਰਮੁਖਾਂ ਖ਼ੁਸ਼ੀ ਵਖਾਏ ਸਾਚਾ ਨਾਮ ਜਪਾਏ, ਦਿਵਸ ਰੈਣ ਹਰਿ ਦਰਸ ਦਿਖਾਏ, ਆਪ ਰਖਾਏ ਵਿਚ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਜਨ ਭਗਤਾਂ ਸਦਾ ਬਖ਼ਸ਼ਿੰਦ। ਬਖ਼ਸ਼ੇ ਹਰਿ ਹਰਿ ਭਗਵੰਤਾ। ਸਦਾ ਸਹਾਈ ਸਾਧਾਂ ਸੰਤਾਂ। ਮਾਤ ਜੋਤ ਪ੍ਰਗਟਾਈ, ਗੁਰਮੁਖਾਂ ਮਨ ਵਧਾਈ, ਪ੍ਰਭ ਸਾਚਾ ਲਏ ਛੁਡਾਈ ਆਦਿਨ ਅੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਆਪ ਬਣਾਏ ਸਾਚੀ ਬਣਤਾ। ਸਚ ਬਣਤ ਹਰਿ ਦਏ ਬਣਾਈ। ਪ੍ਰਭ ਅਬਿਨਾਸ਼ੀ ਸਾਚਾ ਕੰਤ ਗੁਰਮੁਖਾਂ ਹੋਏ ਸਹਾਈ। ਆਪ ਪਛਾੜੇ ਚਬਾਏ ਆਪਣੀ ਦਾੜ੍ਹੇ ਵਡ ਵਡ ਦੇਵ ਦੰਤ, ਕੋਈ ਵਿਚ ਮਾਤ ਰਹਿਣ ਨਾ ਪਾਈ। ਭੁੱਲੇ ਸਰਬ ਜੀਵ ਜੰਤ, ਨਾ ਕੋਈ ਅੰਤ ਛੁਡਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਤ ਲਏ ਬਚਾਈ। ਸ਼ਬਦ ਅੰਧੇਰ ਕੂੜ ਤੁਫਾਨ। ਏਕਾ ਆਪ ਕਰਾਏ ਬਲੀ ਬਲਵਾਨ। ਅੰਧ ਅੰਧੇਰ ਸ੍ਰਿਸ਼ਟ ਹੋ ਜਾਏ ਨੇਤਰ ਨਾ ਕੋਈ ਵੇਖੇ ਨਾ ਕੋਈ ਸੁਣੇ ਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਰੇ ਵਾਲੀ ਦੋ ਜਹਾਨ। ਆਪੇ ਬਣੇ ਅਮਾਮ ਮਹਿੰਦੀ ਵਡ ਮੁਲਾਨਾ। ਗਲ ਪਾਈ ਮਣਕਾ ਤਸਬੀ, ਬਗਲ ਪਕੜੇ ਆਪ ਕੁਰਾਨਾ। ਆਪੇ ਬਣੇ ਸ਼ੇਖ਼ ਮੁਸਾਇਕ, ਆਪੇ ਪਹਿਨੇ ਮੁਹੰਮਦੀ ਬਾਣਾ। ਸ੍ਰਿਸ਼ਟ ਸਬਾਈ ਏਕਾ ਸਾਚਾ ਨਾਇਕ, ਅਚਰਜ ਰੰਗ ਹਰਿ ਵਰਤਾਣਾ। ਭੇਵ ਨਾ ਪਾਏ ਕੋਈ ਸ਼ੇਖ਼ ਮੁਸਾਇਕ, ਪੀਰ ਫ਼ਕੀਰਾਂ ਦਸਤਗੀਰਾਂ ਨਾ ਕੋਈ ਕਰੇ ਪਛਾਣਾ। ਚਾਰ ਯਾਰ ਸੰਗ ਮੁਹੰਮਦ ਚੁਕਿਆ ਪੀਣਾ ਖਾਣਾ। ਵੇਲਾ ਅੰਤਮ ਆਣ ਢੁਕਿਆ, ਮਾਤ ਜੋਤ ਪ੍ਰਗਟਾਏ ਹਰਿ ਦਾਨਾ ਬੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਂਤਕ ਸਾਂਤ ਕਰੇ ਸੀਨਾ। ਹੱਥ ਮੁਸੱਲਾ ਬਗਲ ਕੁਰਾਨ। ਭੇਖ ਧਾਰੇ ਸ੍ਰੀ ਭਗਵਾਨ। ਏਕਾ ਸਜਦਾ ਚਾਰ ਕੁੰਟ ਕਰਾਏ ਲਗਾਏ ਆਪਣੀ ਸਰਨ ਚਰਨ ਧਿਆਨ। ਰੋਜ਼ਾ ਨਿਮਾਜ਼ ਬਾਂਗ ਝੂਠਾ ਸਾਂਗ ਪ੍ਰਭ ਸਾਚਾ ਦਏ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸਵਾਂਗੀ ਸਵਾਂਗ ਆਪਣਾ ਸਵਾਂਗ ਰਿਹਾ ਰਚਾਏ। ਸਵਾਂਗੀ ਸਵਾਂਗ ਵਡ ਸ਼ੈਤਾਨੀਆਂ। ਗਲ ਫੂਲਣ ਮਾਲਾ ਪਾਏ ਜਿਉਂ ਮੁਲਾਂ ਮਣਕੇ ਗਾਨੀਆਂ। ਬੇਮੁੱਖਾਂ ਆਪ ਖਪਾਏ ਕਲਜੁਗ ਕਰਦੇ ਰਹੇ ਬਦ ਦਿਆਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਕਲਜੁਗ ਤੇਰੀਆਂ ਆਈਆਂ ਅੰਤ ਨਿਸ਼ਾਨੀਆਂ। ਪੀਰ ਦਸਤਗੀਰਾਂ ਹੋਣ ਵਹੀਰਾਂ। ਅਹਿਮਦ ਮੁਹੰਮਦ ਨਾ ਕੋਈ ਦੇਵੇ ਧੀਰਾ। ਕੁਤਬ ਗੌਂਸ ਨਾ ਕੋਈ ਮਾਰੇ ਧੌਂਸ ਸਭ ਫਿਰਨ ਵਾਂਗ ਹਕੀਰਾਂ। ਅਯਾਸ ਅਬਲੀਸ ਐਲੀਸ਼ਾਹ ਸਭ ਦੇ ਲੱਥੇ ਚੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਆਸਣ ਬੈਠ ਖਿੱਚ ਚਲਾਇਆ ਤੀਰਾ। ਰਸਨਾ ਤੀਰ ਚਲਾਇਆ ਖਿੱਚ। ਲੱਗਾ ਮੱਕੇ ਮਦੀਨੇ ਵਿੱਚ। ਬੇਮੁਖ ਪਕੜੇ ਪਕੜ ਪਛਾੜੇ ਦਰ ਦਰ ਫਿਰਾਏ ਜਿਉਂ ਕਲੰਦਰ ਹੱਥ ਰਿਛ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਦਰ ਦੁਰਕਾਰੇ ਖਾਣ ਪੀਣ ਨਾ ਦੇਵੇ ਕਿਛ। ਸਾਚੀ ਬਿਧ ਕਰੇ ਬਿਧਨਾਨਾ। ਉਮਤ ਨਬੀ ਰਸੂਲ ਦੀ ਹੱਥ ਬੱਧਾ ਗਾਨਾ। ਅੰਤਮ ਅੰਤ ਅੰਤਕਾਲ ਆ ਗਿਆ, ਬਾਂਹੋ ਪਕੜ ਆਪ ਕਰਾਏ ਇਸ਼ਨਾਨਾ। ਗੋਦ ਮੌਤ ਸਵਾਲ ਕੇ, ਪ੍ਰਭ ਸਾਚਾ ਕਰਮ ਕਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਫੇਰ ਅਖਵਾਣਾ। ਚਾਰ ਯਾਰੀ ਜਾਏ ਮੁੱਕ। ਜਗਤ ਖਵਾਰੀ ਜਾਏ ਰੁਕ। ਸਚ ਸਚਿਆਰੀ ਨੇੜੇ ਆਵੇ ਢੁਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮੁਖ ਪਾਏ ਥੁਕ। ਬੇਮੁਖਾਂ ਸਿਰ ਪਾਈ ਸ਼ਾਰ। ਝੂਠਾ ਕੀਆ ਜਗਤ ਵਿਹਾਰ। ਸਚ ਕਰ ਮੰਨਿਆਂ ਜੋ ਘਰ ਬਾਹਰ। ਵੇਲੇ ਅੰਤ ਪ੍ਰਭ ਸਾਚੇ ਭਾਂਡਾ ਭੰਨਿਆ, ਜਿਸ ਸੰਗ ਕਰੇ ਪਿਆਰ। ਧਰਮ ਰਾਏ ਦਰ ਜਾਏ ਬੰਧਿਆ, ਨਾ ਕੋਈ ਸਕੇ ਖੁਲ੍ਹਾਰ। ਬੇਮੁਖ ਚਰਾਗ ਅੰਧਿਆ ਕਿਉਂ ਰਿਹਾ ਹਰਿ ਵਿਸਾਰ। ਤੇਰੇ ਘਰ ਰਹਿਣਾ ਨਾ ਥਾਲੀ ਛੰਨਿਆਂ, ਕਿਉਂ ਰਿਹਾ ਵਸਤ ਸੰਭਾਲ। ਭਾਰ ਚੁਕਣਾ ਨਾ ਮਿਲੇ ਬੰਨ੍ਹਿਆਂ, ਪ੍ਰਭ ਮਾਰੇ ਸ਼ਬਦ ਹੁਲਾਰ। ਉਖੜੇ ਜੜ੍ਹ ਜਿਉਂ ਗੰਨਾ ਭੰਨਿਆ, ਪ੍ਰਭ ਏਕਾ ਦਏ ਹੁਲਾਰ। ਬੇਮੁਖ ਜੀਵ ਪ੍ਰਭ ਸਾਚੇ ਡੰਨਿਆ, ਨਾ ਕੀਆ ਕਿਸੇ ਉਧਾਰ। ਗੁਰਮੁਖ ਤੇਰੀ ਵਡਿਆਈ ਧੰਨ ਧੰਨ ਧੰਨਯਾ, ਗੁਰ ਚਰਨ ਕੀਆ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਕਾਲ ਕਲਜੁਗ ਤੇਰੀ ਆਪੇ ਪਾਏ ਸਾਰ। ਬੇਮੁਖ ਜੀਵ ਬੇਮੁਹਾਣਿਉਂ। ਕਿਉਂ ਭੁੱਲੇ ਜੀਵ ਨਿਧਾਨਿਉਂ। ਕਲ ਬਣ ਗਏ ਬਾਲ ਅੰਞਾਣਿਉਂ। ਵੇਲਾ ਨਾ ਜਾਏ ਟਲ, ਹਰਿ ਭੁੰਨੇ ਜਿਉਂ ਭਠਿਆਲੇ ਦਾਣਿਉਂ। ਆਪ ਭੁਲਾਏ ਕਰ ਵਲ ਛਲ ਵਡ ਵਡ ਸੁਘੜ ਸਿਆਣਿਓ। ਨੀਂਵਦਿਆਂ ਹਰਿ ਦੇਵੇ ਨਾਮ ਸਾਚਾ ਫਲ, ਤੋੜੇ ਆਪ ਸਰਬ ਅਭਿਮਾਨਿਆ। ਪ੍ਰਭ ਅਬਿਨਾਸ਼ੀ ਸਦ ਜਾਓ ਬਲ ਬਲ, ਜਿਸ ਦਾ ਦਿਤਾ ਪੀਣਾ ਖਾਣਿਆ। ਜੋਤੀ ਜੋਤ ਸਰੂਪ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਵਿਸ਼ਨੂੰ ਭਗਵਾਨ ਭਗਤ ਉਧਾਰਨਾ। ਦੇਵੇ ਨਾਮ ਨਿਧਾਨ, ਜਨਮ ਸਵਾਰਨਾ। ਆਤਮ ਬਖ਼ਸ਼ੇ ਸਚ ਧਿਆਨ, ਜੋ ਜਨ ਪ੍ਰਭ ਚਰਨ ਨਿਮਸਕਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਬੇੜ੍ਹਾ ਬੰਨ੍ਹ ਕਰ ਕਿਰਪਾ ਪਾਰ ਉਤਾਰਨਾ। ਪ੍ਰਭ ਅਬਿਨਾਸ਼ੀ ਵੇਦ ਕਤੇਬਾਂ ਬਾਹਿਰਾ। ਸਰਬ ਘਟ ਵਾਸੀ ਕਦੇ ਗੁਪਤ ਕਦੇ ਜਾਹਿਰਾ। ਘਨਕਪੁਰ ਵਾਸੀ ਸੋਹੰ ਸ਼ਬਦ ਲਗਾਏ ਏਕਾ ਨਾਅਰਾ। ਸਾਚੀ ਜੋਤ ਮਾਤ ਪ੍ਰਕਾਸ਼ੀ ਆਪੇ ਬਣਿਆ ਗੁਰ ਪੂਰਾ ਸ਼ਾਇਰਾ। ਮਾਤਲੋਕ ਪ੍ਰਭ ਖੇਲ ਰਚਾਸੀ, ਸ੍ਰਿਸ਼ਟ ਸਬਾਈ ਆਪ ਬਹਾਏ ਘਰ ਵਿਚ ਇਕ ਦਾਇਰਾ। ਲਾੜੀ ਮੌਤ ਗੋਦ ਧਰਤ ਮਾਤ ਸੁਲਾਸੀ, ਝੂਠੇ ਜੂਠੇ ਸਭ ਬਣਾਏ ਕਾਇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਅਚਰਜ ਅਚਰਜ ਖੇਲ ਵਰਤਾਇਰਾ। ਅਚਰਜ ਖੇਲ ਹਰਿ ਵਰਤਾਏ। ਦਰ ਦਰ ਘਰ ਘਰ ਵਡ ਵਡ ਆਪ ਲਟਕਾਏ। ਫੜ ਫੜ ਚੜ੍ਹ ਚੜ੍ਹ ਧੜ ਧੜ ਕੜ ਕੜ ਘਰ ਘਰ ਇੱਟ ਨਾਲ ਇੱਟ ਰਹਿਣ ਨਾ ਪਾਏ। ਧੜਾ ਧੜ ਗੋਲਾ ਗੜ ਆਏ ਹੜ ਕਲਜੁਗ ਕਾਂਗ ਗਈ ਚੜ੍ਹ, ਬੇਮੁਖ ਜੀਵ ਸਰਬ ਰੁੜ੍ਹਾਏ। ਗੁਰਮੁਖਾਂ ਲੜ ਲਏ ਫੜ, ਨਾ ਜਾਇਣ ਹੜ, ਸਚ ਮੰਦਰ ਜਾਇਣ ਵੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਹਾਏ। ਰਾਮ ਪੁਰਖ ਕਿਰਪਾਲ ਸਰਬ ਦਿਆਲ ਹੈ। ਸੋਹੰ ਦੇਵੇ ਵਸਤ ਸਾਚਾ ਲਾਲ, ਰੱਖਣੀ ਸਦ ਸੰਭਾਲ ਹੈ। ਗੁਰਮੁਖ ਤੇਰੀ ਆਤਮ ਮਾਲਾ ਮਾਲ, ਮਾਤਲੋਕ ਨਾ ਹੋਏ ਕੰਗਾਲ ਹੈ। ਗੁਰ ਪੂਰਾ ਕੱਟੇ ਗਲੋਂ ਜਗਤ ਜੰਜਾਲ, ਸਾਚੇ ਢਾਂਚੇ ਪ੍ਰਭ ਲੈਣਾ ਢਾਲ ਹੈ। ਸਚ ਵਸਤ ਵਿਚ ਰੱਖੇ ਕਾਇਆ ਥਾਲ, ਦੀਪਕ ਜੋਤੀ ਦੇਣੀ ਬਾਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਏਕਾ ਰਖਵਾਲ ਹੈ। ਏਕਾ ਰਾਖਾ ਧੁਰਦਰਗਾਹੀ। ਸਗਲਾ ਸਾਥੀ ਹਰਿ ਰਥਵਾਹੀ। ਦਿਵਸ ਰੈਣ ਰੈਣ ਦਿਵਸ ਰਿਹਾ ਏਕਾ ਰੰਗ ਰੰਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਣਤ ਆਪ ਬਣਾਈ। ਬਣਤ ਬਣਾਈ ਜਗਤ ਗੁਰ। ਮੇਲ ਮਿਲਾਇਆ ਲਿਖਿਆ ਧੁਰ। ਪ੍ਰਭ ਦਰਸ਼ਨ ਕੇ ਲੋਚਨ ਸੁਰ। ਗੁਰ ਸੰਗਤ ਹਰਿ ਸਾਚਾ ਸੰਗ ਰਲਾ ਕੇ। ਚਰਨ ਛੁਹਾਏ ਸਿੰਘ ਪਾਲ ਤੇਰੇ ਘਰ ਜਾ ਕੇ। ਸਾਚੇ ਦਰਬਾਰ ਜਾਏ ਬੈਠੇ ਜੋਤ ਜਗਾ ਕੇ। ਜੋ ਬਣਾਇਆ ਵਿਚ ਮਾਤ ਆਪਣੀ ਦੇਹ ਤਜਾ ਕੇ। ਜੋਤ ਧਰਾਈ ਪ੍ਰਭ ਅਬਿਨਾਸ਼ੀ ਸਿੰਘ ਪੂਰਨ ਵਿਚ ਜਾ ਕੇ। ਸਾਧ ਸੰਗਤ ਹੁਕਮ ਸੁਣਾਏ ਪ੍ਰਭ ਆਇਆ ਜੋਤ ਸਰੂਪੀ ਭੇਖ ਵਟਾ ਕੇ। ਗੁਰ ਸੰਗਤ ਬਲ ਬਲ ਜਾਈ ਦਰ ਦਰਬਾਰ ਬਣਾਇਆ ਵੀਹ ਸੌ ਇਕ ਬਿਕ੍ਰਮੀ ਸਾਚੀ ਨੀਂਹ ਰਖਾ ਕੇ। ਪ੍ਰਭ ਸਾਚਾ ਧਾਮ ਬਣਾਇਆ ਦਿਵਸ ਸਤਾਰਾਂ ਸੇਵ ਕਰਾ ਕੇ। ਪ੍ਰੀਤਮ ਸਿੰਘ ਸਿੰਘ ਆਤਮ ਨਾਲ ਰਲਿਆ ਜੀਵਣ ਸਿੰਘ ਆ ਕੇ। ਸੋਹਣ ਸਿੰਘ ਚੱਕ ਛੱਬੀ ਵਿਚੋਂ ਸੇਵਾ ਕੀਤੀ ਆ ਕੇ। ਪਾਲ ਸਿੰਘ ਤੇਰੇ ਸੁੱਤ ਸਪੂਤ ਪ੍ਰਭ ਦਰ ਮੰਗੀ ਮੰਗ ਚਰਨ ਕਵਲ ਸੀਸ ਝੁਕਾ ਕੇ। ਗੁਰਬਖ਼ਸ਼ ਸਿੰਘ ਹਰਨਾਮ ਸੇਵਾ ਕੀਤੀ ਮਨੋ ਲਗਾ ਕੇ। ਪੂਰਨ ਵਿਚ ਪਰਮੇਸ਼ਵਰ ਬੈਠਾ ਆਸਣ ਲਾ ਕੇ। ਸਿੰਘ ਗੁਰਬਖ਼ਸ਼ ਪਿੰਡ ਵਰਿਆਂ ਚੰਦੋਆ ਚੜ੍ਹਾਇਆ ਸਿਰ ਪੜਦਾ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਦਇਆ ਕਮਾ ਕੇ। ਪੰਜ ਰੁਪਏ ਗਿਆ ਭੇਟ ਚੜ੍ਹਾ ਕੇ, ਚੱਕ ਸਤਾਈ ਦੇਵੇ ਵਡਿਆਈ ਆਪਣਾ ਧਾਮ ਫੇਰ ਪ੍ਰਗਟਾ ਕੇ। ਆਪਣਾ ਧਾਮ ਫੇਰ ਪ੍ਰਗਟਾਵਣਾ। ਜੋਤ ਸਰੂਪੀ ਸਾਚਾ ਚਰਨ ਛੁਹਾਵਣਾ। ਸਾਚਾ ਵੇਲਾ ਵਕਤ ਫੇਰ ਲਿਆਵਣਾ। ਸਾਚਾ ਰੰਗ ਹਰਿ ਸਾਚੇ ਲਾਵਣਾ। ਜਿਉਂ ਵੀਹ ਸੌ ਇਕ ਬਿਕ੍ਰਮੀ ਸਤਾਰਾਂ ਹਾੜ ਸਾਚਾ ਖੇਲ ਰਚਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚੇ ਪੁਰ ਲਾਇਲ ਸਾਚਾ ਧਾਮ ਫੇਰ ਸੁਹਾਵਣਾ। ਸਚ ਧਾਮ ਪ੍ਰਭ ਸੁਖਦਾਈ। ਸਚ ਤੀਰਥ ਹਰਿ ਦੇ ਬਣਾਈ। ਅੰਮ੍ਰਿਤ ਸਾਚਾ ਸੀਰਥ ਪ੍ਰਭ ਭਰ ਘਰ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇਵੇ ਵਡਿਆਈ। ਆਪੇ ਦੇ ਵਡਿਆਈਆ। ਨਾ ਪੁੱਛੇ ਕਿਸੇ ਸਲਾਹੀਆ। ਸਦ ਆਪਣੇ ਰੰਗ ਰੰਗਾਈਆ। ਸੰਞ ਸਵੇਰ ਨਾ ਕੋਈ ਬਣਾਈਆ। ਮੇਰ ਤੇਰ ਸਰਬ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਏਕਾ ਏਕ ਸੰਗ ਨਿਭਾਈਆ। ਏਕਾ ਏਕ ਰੰਗ ਰੰਗਾਵਣਿਆ। ਸਾਚਾ ਸਚ ਕਰੇ ਭੇਖ ਵਿਚ ਮਾਤ ਆਵਣ ਜਾਵਣਿਆ। ਚਾਰ ਵਰਨ ਬਣਾਏ ਭੈਣ ਭਰਾਤ, ਊਚ ਨੀਚ ਭੇਖ ਮਿਟਾਵਣਿਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ ਸਾਚਾ ਮੇਘ ਵਰਸਾਵਣਿਆ। ਵਿਚ ਆਤਮ ਬੈਠਾ ਇਕ ਇਕਾਂਤ, ਦੀਪਕ ਜੋਤੀ ਸਚ ਜਗਾਵਣਿਆ। ਗੁਰਮੁਖ ਸਾਚੇ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਸਦ ਤੇਰਾ ਰਾਹ ਤਕਾਵਣਿਆ। ਕਿਉਂ ਭੁੱਲਾ ਡੁੱਲਾ ਰੁੱਲਾ ਕਲਜੁਗ ਅੰਧੇਰੀ ਰਾਤ, ਵੇਲੇ ਅੰਤ ਕਿਥੇ ਮੂੰਹ ਛੁਪਾਵਣਿਆ। ਕੌਣ ਪੁੱਛੇ ਬੇਮੁਖ ਤੇਰੀ ਵਾਤ, ਪ੍ਰਭ ਘਰ ਆਏ ਮਤੀ ਦੇ ਸਮਝਾਵਣਿਆ। ਸਚ ਵਸਤ ਹਰਿ ਦੇਵੇ ਸੋਹੰ ਸਾਚੀ ਦਾਤ, ਘਰ ਝੋਲੀ ਭਰ ਲੈ ਜਾਵਣਿਆ। ਬਿਨ ਗੁਰ ਪੂਰੇ ਅੱਗੇ ਕੋਈ ਨਾ ਪੁੱਛੇ ਵਾਤ, ਧਰਮ ਰਾਏ ਦਰ ਅੱਗੇ ਫਾਂਸੀ ਬਣ ਲਟਕਾਵਣਿਆ। ਕਲਜੁਗ ਜੀਵ ਝੂਠੇ ਧੰਦੇ ਆਤਮ ਅੰਧੇ ਬਿਨ ਹਰਿ ਸਾਚੇ ਨਾ ਕੋਈ ਪਾਰ ਲੰਘਾਵਣਿਆ। ਮਦਿਰਾ ਮਾਸੀ ਪਾਪੀ ਗੰਦੇ ਵੇਲੇ ਅੰਤ ਖਾਏ ਸਜਾਵਣਿਆ। ਗੁਰਮੁਖ ਸਾਚੇ ਆਪ ਬਣਾਏ ਸਾਚੇ ਬੰਦੇ, ਸੋਹੰ ਸਾਚਾ ਨਾਮ ਜਪਾਵਣਿਆ। ਆਪ ਕਟਾਏ ਧਰਮ ਰਾਏ ਦੇ ਫੰਦੇ, ਹਰਿ ਆਪਣੇ ਰੰਗ ਰੰਗਾਵਣਿਆ। ਪ੍ਰਭ ਅਬਿਨਾਸ਼ੀ ਸਦ ਰਸਨਾ ਗਾਓ ਬੱਤੀ ਦੰਦੇ, ਪ੍ਰਭ ਲੱਖ ਚੁਰਾਸੀ ਗੇੜ ਕਟਾਵਣਿਆ। ਆਪ ਤੁੜਾਏ ਆਤਮ ਵੱਜੇ ਜਿੰਦੇ, ਆਤਮ ਸਾਚਾ ਦੀਪਕ ਜੋਤ ਜਗਾਵਣਿਆ। ਆਪ ਉਠਾਏ ਅੰਤਕਾਲ ਆਪਣੇ ਕੰਧੇ, ਦਰਗਹਿ ਸਾਚੀ ਸਾਚੇ ਧਾਮ ਬਹਾਵਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਦਿ ਅੰਤ ਜੋਤੀ ਜੋਤ ਮਿਲਾਵਣਿਆ। ਹਰਿ ਜੋਤੀ ਜੋਤ ਮਿਲਾਣਾ ਹੈ। ਜਿਸ ਜਨ ਸਾਚੇ ਰਸਨਾ ਗਾਣਾ ਹੈ। ਜਿਸ ਆਤਮ ਵਿਚ ਵਸਾਵਣਾ ਹੈ। ਸੋਹੰ ਵੱਜਾ ਤੀਰ ਨਿਸ਼ਾਨਾ ਹੈ। ਬਜ਼ਰ ਕਪਾਟੀ ਚੀਰ ਵਖਾਨਾ ਹੈ। ਹਉਮੇ ਪੀੜਾ ਆਪ ਕਢਾਣਾ ਹੈ। ਅੰਮ੍ਰਿਤ ਸਾਚਾ ਸੀਰ ਪਿਲਾਣਾ ਹੈ। ਬੇਮੁਖ ਭੁੱਲਾ ਮੂਰਖ ਮੁਗਧ ਅੰਞਾਣਾ ਹੈ। ਪ੍ਰਭ ਅਬਿਨਾਸ਼ੀ ਸਾਚੇ ਮਾਰਗ ਲਾਏ ਦੇਵੇ ਬ੍ਰਹਮ ਗਿਆਨਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸੱਚਾ ਨਾਮ ਨਿਧਾਨਾ ਹੈ। ਨਾਮ ਨਿਧਾਨ ਨੌਂ ਨਿਧ ਘਰ ਪਾਓ। ਗੁਰਮੁਖ ਗੁਰ ਘਰ ਕਾਰਜ ਸਿੱਧ ਕਰਾਓ। ਪ੍ਰਭ ਮਿਲਣ ਦਾ ਸਾਚਾ ਵੇਲਾ, ਸਾਚੀ ਬਿਧ ਸੋਹੰ ਸਾਚੀ ਰਸਨਾ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟਾਓ ਹਰਸ ਆਤਮ ਤ੍ਰਿਸ਼ਨਾ ਅਗਨ ਬੁਝਾਓ। ਆਤਮ ਤ੍ਰਿਸ਼ਨਾ ਅਗਨ ਆਪ ਬੁਝਈਆ। ਜੋ ਜਨ ਆਏ ਚਰਨ ਸੀਸ ਨਿਵਈਆ। ਸਾਚਾ ਸ਼ਬਦ ਛਤਰ ਸੀਸ ਝੁਲਈਆ। ਬਾਲ ਅੰਞਾਣ ਜਵਾਨ ਸੱਤਰ ਬਹੱਤਰ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਗੁਰਮੁਖਾਂ ਏਕਾ ਸਾਚਾ ਨਈਆ। ਸਾਚੀ ਨਾਉਕਾ ਜਾਣਾ ਚੜ੍ਹ। ਕਲਜੁਗ ਵਹਿਣ ਵਿਚ ਨਾ ਜਾਣਾ ਹੜ੍ਹ। ਝੂਠੀ ਕਾਇਆ ਝੂਠਾ ਧੜ। ਜੋਤ ਸਰੂਪੀ ਵਿਚ ਬੈਠਾ ਹਰਿ। ਹਰਿ ਸਾਚਾ ਸਦ ਹਿਰਦੇ ਵਸੇ, ਪ੍ਰਭ ਸਾਚੇ ਦਾ ਫੜਿਆ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਤਮ ਦਰ ਦਵਾਰੇ ਅੱਗੇ ਸਦ ਰਹੇ ਖੜ। ਸੋਹੰ ਸਾਚਾ ਰਸਨਾ ਬੋਲਣਾ। ਸਾਚੇ ਤੋਲ ਹਰਿ ਸਾਚੇ ਤੋਲਣਾ। ਆਤਮ ਦਰ ਆਪਣਾ ਖੁਲ੍ਹਣਾ। ਪ੍ਰਭ ਅਬਿਨਾਸ਼ੀ ਆਪੇ ਅੱਗੋਂ ਬੋਲਣਾ। ਚਰਨ ਪ੍ਰੀਤੀ ਤਨ ਮਨ ਘੋਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਮ ਦਵਾਰ ਤੇਰਾ ਆਪੇ ਖੋਲ੍ਹਣਾ।