Granth 03 Likhat 020: 24 Jeth 2010 Bikarmi Mata Bishan Kaur de Greh Pind Jethuwal Zila Amritsar

੨੪ ਜੇਠ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿਜਨ ਮੇਲ ਸਚ ਦਵਾਰੇ। ਦੇਵੇ ਦਰਸ ਹਰਿ ਅਗੰਮ ਅਪਾਰੇ। ਮਿਟਾਏ ਹਰਸ ਕਰ ਤਰਸ ਜੋ ਜਨ ਆਏ ਚਲ ਘਰ ਸੱਚੇ ਦਰਬਾਰੇ। ਅੰਮ੍ਰਿਤ ਆਤਮ ਮੇਘ ਦੇਵੇ ਬਰਸ ਝਿਰਨਾ ਝਿਰੇ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਧਾਰੇ। ਮਾਤਲੋਕ ਹਰਿ ਜਾਮਾ ਧਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਅਚਰਜ ਖੇਲ ਕਰੇ ਕਰਤਾਰ। ਗੁਰਮੁਖ ਸਾਚੇ ਲਾਏ ਪਾਰ। ਸਰਬ ਘਟ ਵਾਸੀ ਕਰਮ ਵਿਚਾਰ। ਭਰਮ ਭੁਲੇਖੇ ਦਏ ਨਿਵਾਰ। ਆਦਿ ਅੰਤ ਸਾਚੀ ਕਾਰ। ਸਚ ਸ਼ਬਦ ਧਰੇ ਸੰਸਾਰ। ਘਨਕਪੁਰ ਵਾਸੀ ਮਾਤਲੋਕ ਵਿਚ ਜਾਮਾ ਧਾਰ। ਕਲਜੁਗ ਤੇਰਾ ਪੰਧ ਮੁਕਾਇਆ। ਵੇਦ ਅਥਰਬਣ ਅੰਤ ਕਰਾਇਆ। ਆਤਮ ਅੰਧ ਅੰਧੇਰ ਮਿਟਾਇਆ। ਗੁਰਮੁਖ ਸਾਚੇ ਸੰਤ ਜਨ ਸਚ ਸੇਵਾ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਵਿਚ ਮਾਤ ਜਾਮਾ ਪਾਇਆ। ਕਲਜੁਗ ਤੇਰਾ ਮਿਟੇ ਅੰਧੇਰਾ। ਜੋਤ ਸਰੂਪੀ ਪ੍ਰਭ ਵਿਚ ਮਾਤ ਪਾਇਆ ਫੇਰਾ। ਪ੍ਰਭ ਅਬਿਨਾਸ਼ੀ ਸਾਚਾ ਕੰਤ, ਜੁਗਾਂ ਜੁਗੰਤ ਆਦਿ ਅੰਤ ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਹੇਰਾ ਫੇਰਾ। ਗੁਰਮੁਖ ਸਾਚੇ ਸੰਤ ਆਪ ਜਗਾਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਨਬੇੜਾ। ਅੰਤਮ ਅੰਤ ਆਪ ਕਰਾਏ। ਜੋਤ ਸਰੂਪੀ ਹਰਿ ਰਘੁਰਾਏ। ਸ੍ਰਿਸ਼ਟ ਸਬਾਈ ਮੇਟ ਮਿਟਾਏ। ਕਲਜੁਗ ਜੀਵ ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਏ। ਬੇਮੁਖ ਹੋਏ ਭੁੱਲੇ, ਸਚ ਕਰਮ ਨਾ ਕਿਸੇ ਵਿਚਾਰਿਆ। ਗੁਰਮੁਖ ਪੂਰੇ ਤੋਲ ਤੁਲੇ, ਗੁਰ ਪੂਰੇ ਸਦ ਬਲਹਾਰਿਆ। ਚਰਨ ਕਵਲ ਕਵਲ ਚਰਨ ਸਦ ਸਦ ਨਿਮਸਕਾਰਿਆ। ਧਰੇ ਜੋਤ ਉਪਰ ਧਵਲ, ਕਰੇ ਖੇਲ ਅਪਰ ਅਪਾਰਿਆ। ਸ੍ਰਿਸ਼ਟ ਸਬਾਈ ਰਿਹਾ ਮਵਲ, ਆਤਮ ਦੀਪਕ ਸਰਬ ਉਜਿਆਰਿਆ। ਗੁਰਸਿਖ ਖਿਲੇ ਵਾਂਗ ਫੁੱਲ ਕਵਲ, ਸਿਰ ਰੱਖੇ ਹੱਥ ਆਪ ਬਨਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਵਡ ਵਡ ਭੰਡਾਰਿਆ। ਗੁਰ ਪੂਰਾ ਵਡ ਭੰਡਾਰੀ। ਗੁਰ ਪੂਰਾ ਵਡ ਵਰਤਾਰੀ। ਗੁਰ ਪੂਰਾ ਆਦਿ ਅੰਤ ਏਕਾ ਜੋਤ ਕਰੇ ਅਕਾਰੀ। ਗੁਰ ਪੂਰਾ ਜੋਤ ਸਰੂਪੀ ਜੋਤ ਹਰਿ ਆਵੇ ਜਾਵੇ ਵਾਰੋ ਵਾਰੀ। ਗੁਰ ਪੂਰਾ ਖੰਡ ਬ੍ਰਹਿਮੰਡ ਵਰਭੰਡ ਸਰਬ ਪਸਾਰੀ। ਗੁਰ ਪੂਰਾ ਵਿਚ ਨਵ ਖੰਡ ਅਚਰਜ ਖੇਲ ਕਰੇ ਅਪਾਰੀ। ਗੁਰ ਪੂਰਾ ਬੇਮੁਖਾਂ ਲਾਏ ਡੰਨ, ਚਾਰ ਕੁੰਟ ਕਰਾਏ ਚੰਡ ਪ੍ਰਚੰਡ ਏਕਾ ਖੇਲ ਕਰੇ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਰ ਅਵਤਾਰੀ। ਗੁਰ ਪੂਰਾ ਭੇਖ ਵਟਾਇੰਦਾ। ਗੁਰ ਪੂਰਾ ਗੁਰਮੁਖ ਵੇਖ ਵੇਖ ਆਪਣੀ ਸਰਨ ਲਗਾਇੰਦਾ। ਗੁਰ ਪੂਰਾ ਲੇਖ ਲੇਖ ਦਰ ਘਰ ਸਾਚੇ ਲੇਖ ਲਿਖਾਇੰਦਾ। ਗੁਰ ਪੂਰਾ ਗੁਰਸਿਖ ਨੇਤਰ ਪੇਖ, ਨਾ ਕੋਈ ਭਰਮ ਭੁਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਜੋਤ ਮਿਲਾਇੰਦਾ। ਗੁਰ ਪੂਰਾ ਸਦ ਸਮਰਥ। ਗੁਰ ਪੂਰਾ ਗੁਰਮੁਖਾਂ ਸਿਰ ਰੱਖੇ ਹੱਥ। ਗੁਰ ਪੂਰਾ ਸ਼ਬਦ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਬੇਮੁਖਾਂ ਪਾਏ ਨੱਥ। ਗੁਰ ਪੂਰਾ ਰੋਗ ਮਿਟਾਇੰਦਾ। ਗੁਰ ਪੂਰਾ ਕਰ ਦਰਸ ਨਾ ਹੋਏ ਵਿਯੋਗ ਆਦਿ ਅੰਤ ਜਨ ਭਗਤਾਂ ਪਾਰ ਕਰਾਇੰਦਾ। ਗੁਰ ਪੂਰਾ ਧੁਰ ਲਿਖਿਆ ਸੰਯੋਗ, ਗੁਰਮੁਖਾਂ ਮੇਲ ਮਿਲਾਇੰਦਾ। ਗੁਰ ਪੂਰਾ ਸੋਹੰ ਸਾਚਾ ਨਾਮ ਮਾਤ ਧਰਾਇੰਦਾ। ਗੁਰ ਪੂਰਾ ਸਤਿਜੁਗ ਚਲਾਏ ਸਾਚੀ ਨਈਆ। ਗੁਰ ਪੂਰਾ ਚਾਰ ਵਰਨ ਕਰਾਏ ਭੈਣਾਂ ਭਈਆ। ਗੁਰ ਪੂਰਾ ਰਾਓ ਰੰਕ ਰੰਕ ਰਾਓ ਇਕ ਕਰਈਆ। ਗੁਰ ਪੂਰਾ ਰਾਜੇ ਰਾਣੇ ਤਖ਼ਤੋਂ ਲਹਈਆ। ਗੁਰ ਪੂਰਾ ਏਕਾ ਭਿਛਿਆ ਨਾਮ ਪਾਏ, ਜਾਤ ਪਾਤ ਸਭ ਮਿਟਈਆ। ਪੂਰਨ ਇਛਿਆ ਆਪ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਧੇਰੀ ਰਾਤ ਮਿਟਈਆ। ਚਾਰ ਵਰਨ ਇਕ ਸਿਕਦਾਰਾ। ਚਾਰ ਵਰਨ ਇਕ ਘਰ ਬਾਹਰਾ। ਚਾਰ ਵਰਨ ਇਕ ਅਕਾਰਾ। ਚਾਰ ਵਰਨ ਨਿਹਕਲੰਕ ਦਰ ਕਰੇ ਨਿਮਸਕਾਰਾ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸੋਹੰ ਨਾਮ ਅਧਾਰਾ। ਨਿਰੰਕਾਰ ਨਿਰੰਕਾਰ ਹੈ। ਆਦਿ ਅੰਤ ਜੋਤ ਅਧਾਰ ਹੈ। ਸਾਚਾ ਸ਼ਬਦ ਜੋਤ ਧੁਨਕਾਰ ਹੈ। ਗੁਰਮੁਖਾਂ ਸਦ ਪਿਆਰ ਹੈ। ਆਤਮ ਦੁੱਖਾਂ ਭੁੱਖਾਂ ਦਏ ਨਿਵਾਰ ਹੈ। ਸਹਿਜ ਸੁਭਾਏ ਮਿਲਿਆ ਹਰਿ ਭਤਾਰ ਹੈ। ਸੁਫਲ ਕਰਾਈ ਮਾਤ ਕੁੱਖਾ ਨਿਹਕਲੰਕ ਨਰ ਅਵਤਾਰ ਹੈ। ਮਾਤ ਗਰਭ ਹੋਏ ਉਲਟਾ ਰੁਖਾ, ਆਤਮ ਰੱਖੇ ਜੋ ਹੰਕਾਰ ਹੈ। ਜੋ ਜਨ ਆਏ ਦਰਸ਼ਨ ਭੁੱਖਾ, ਦੇਵੇ ਦਰਸ ਆਪ ਦਾਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਵਡ ਗੁਣਵੰਤ, ਏਕਾ ਜੋਤ ਅਧਾਰ ਸਰਬ ਜੀਵ ਜੰਤ ਹੈ। ਏਕਾ ਸ਼ਬਦ ਧੁਨਕਾਰ, ਲੱਖ ਚੁਰਾਸੀ ਵਿਚ ਵਰਤੰਤ ਹੈ। ਏਕਾ ਸਚ ਘਰ ਬਾਹਰ, ਜਿਥੇ ਵਸੇ ਆਪ ਭਗਵੰਤ ਹੈ। ਗੁਰਮੁਖ ਵਿਰਲਾ ਪਾਏ ਸਾਰ, ਜਿਸ ਮਿਲਿਆ ਹਰਿ ਸਾਚਾ ਕੰਤ ਪਿਆਰ ਹੈ। ਬੇਮੁਖਾਂ ਕਰੇ ਖਵਾਰ, ਕਲਜੁਗ ਮਾਇਆ ਪਾਏ ਬੇਅੰਤ ਹੈ। ਗੁਰਸਿਖਾਂ ਦੇਵੇ ਸੋਹੰ ਸਾਚਾ ਨਾਮ ਅਪਾਰ ਜੁਗਾਂ ਜੁਗੰਤ ਹੈ। ਬੇਮੁਖਾਂ ਦੇਵੇ ਦੁਰਕਾਰ, ਅੰਤਮ ਅੰਤ ਕਰੇ ਭਸਮੰਤ ਹੈ। ਗੁਰਮੁਖਾਂ ਦੇਵੇ ਆਤਮ ਜੋਤ, ਵਿਚ ਆਤਮ ਦੀਪਕ ਜੋਤ ਜਗੰਤ ਹੈ। ਬੇਮੁਖਾਂ ਕਰ ਖੁਆਰ, ਸਦਾ ਸਦਾ ਮੁਖ ਭਵੰਤ ਹੈ। ਗੁਰਮੁਖਾਂ ਕਰੇ ਵਿਚਾਰ, ਅਨਹਦ ਸ਼ਬਦ ਧੁਨ ਵਜੰਤ ਹੈ। ਬੇਮੁਖ ਮਾਨਸ ਜਨਮ ਗਏ ਕਲ ਹਾਰ, ਭੁੱਲਿਆ ਹਰਿ ਸਾਚਾ ਕੰਤ ਹੈ। ਗੁਰਮੁਖ ਸੋਹਣ ਹਰਿ ਚਰਨ ਦਵਾਰ, ਬੈਠਾ ਆਪ ਪੂਰਨ ਭਗਵੰਤ ਹੈ। ਬੇਮੁੱਖ ਧੱਕੇ ਬਾਹਰ, ਲੱਖ ਚੁਰਾਸੀ ਵਿਚ ਭਵੰਤ ਹੈ। ਗੁਰਮੁਖ ਗੁਰਸਿਖ ਕਰ ਦਰਸ ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤਲੋਕ ਲਿਆ ਅਵਤਾਰ ਹੈ। ਅਚਰਜ ਖੇਲ ਹਰਿ ਵਰਤਾਨਿਆ। ਚਲੇ ਚਲਾਏ ਆਪਣੇ ਭਾਣਿਆ। ਕਿਆ ਕੋਈ ਜਾਣੇ ਜੀਵ ਨਿਧਾਨਿਆ। ਆਪਣਾ ਆਪ ਨਾ ਸਮਝੇ ਫੇਰ ਪਛਤਾਨਿਆਂ। ਜੋਤ ਸਰੂਪੀ ਹਰਿ ਹਰਿ ਸਾਚਾ ਘਨਕਪੁਰੀ ਜੋਤ ਜਗਾਨਿਆਂ। ਸੰਤ ਮਨੀ ਸਿੰਘ ਆਤਮ ਦੇਵੇ ਬ੍ਰਹਮ ਗਿਆਨਿਆਂ। ਸ਼ਬਦ ਧੁਨ ਇਕ ਉਪਜਾਨਿਆਂ। ਵਿਚ ਮਾਤ ਕਲਜੁਗ ਚੁਣ ਪ੍ਰਭ ਦੇਵੇ ਸਾਚਾ ਮਾਨਿਆਂ। ਕਵਣ ਜਾਣੇ ਹਰਿ ਤੇਰੇ ਗੁਣ, ਨਾ ਕੋਈ ਜਾਣੇ ਵੇਦ ਪੁਰਾਨਿਆਂ। ਗੁਰਮੁਖ ਵਿਰਲੇ ਕਲਜੁਗ ਲੈਣ ਕੰਨ ਸੁਣ, ਜੋ ਅੰਤਮ ਵਰਤੇ ਭਾਣਿਆਂ। ਸ੍ਰਿਸ਼ਟ ਸਬਾਈ ਪ੍ਰਭ ਜਾਏ ਪੁਣ, ਤਖ਼ਤੋਂ ਲਾਹੇ ਰਾਜੇ ਰਾਣਿਆਂ। ਅੰਤ਼ਮ ਅੰਤ ਕਲਜੁਗ ਚੁਣ, ਮੇਟ ਮਿਟਾਏ ਸੇਠ ਸਿਠਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਏ, ਸਾਚਾ ਸ਼ਬਦ ਲਿਖਾਏ ਨਾ ਕੋਈ ਮੇਟੇ ਮੇਟ ਮਿਟਾਏ, ਆਪ ਉਠਾਏ ਸੱਤਰ ਲੱਖ ਪਠਾਣਿਆ। ਸੋਹੰ ਸ਼ਬਦ ਪ੍ਰਭ ਮਾਰਿਆ ਬਾਣਾ। ਕੋਈ ਨਾ ਬੂਝੇ ਰਾਜਾ ਰਾਣਾ। ਹਰਿ ਵਰਤਾਏ ਆਪਣਾ ਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਵਿਚ ਮਾਤ ਲਿਖਾਣਾ। ਸੱਤਰ ਲੱਖ ਪਠਾਣ ਚੜ੍ਹਾਏ। ਕੱਖ ਕੱਖ ਕੱਖ ਉਡਾਏ। ਵੱਖ ਵੱਖ ਵੱਖ ਕਰ ਵੱਖ ਬਹਾਏ। ਭੱਖ ਭੱਖ ਭੱਖ ਮਾਝਾ ਦੇਸ਼ ਹੋ ਜਾਏ। ਦਸ ਦਸ ਦਸ ਹਰਿ ਲੇਖ ਲਿਖਾਏ। ਕਿਸੇ ਨਾ ਚਲੇ ਕੋਈ ਵਸ, ਵਾਲੀ ਹਿੰਦ ਸੰਭਲ ਨਾ ਪਾਏ। ਸ਼ਬਦ ਬਾਣ ਹਰਿ ਸਾਚਾ ਲਾਏ ਕਸ, ਭਰਮ ਭੁਲੇਖਾ ਸਰਬ ਮਿਟਾਏ। ਗੁਰਮੁਖ ਸਾਚੇ ਪ੍ਰਭ ਲਏ ਰੱਖ, ਆਪ ਆਪਣੀ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਏ। ਮਾਝੇ ਦੇਸ ਹੋਏ ਖਵਾਰੀ। ਨਾ ਕੋਈ ਦੀਸੇ ਮਹੱਲ ਅਟਾਰੀ। ਭੱਜੇ ਫਿਰਨ ਨਰ ਨਾਰੀ। ਅੰਤਮ ਪਾਸਾ ਆਇਆ ਹਾਰੀ। ਜੀਵ ਜੰਤ ਕਿਆ ਕਰੇ ਵਿਚਾਰੀ। ਸ਼ਬਦ ਮਾਰ ਪ੍ਰਭ ਸਾਚੇ ਮਾਰੀ। ਆਪਣਾ ਮੂਲ ਗਏ ਹਾਰੀ। ਸ਼ਬਦ ਤਰਸੂਲ ਕਰੇ ਖਵਾਰੀ। ਬੇਮੁੱਖ ਨਾ ਭੂਲ ਸਾਚਾ ਦਰ ਸੱਚਾ ਦਰਬਾਰੀ। ਅੰਤਮ ਕਲਜੁਗ ਤੁੱਟ ਗਏ ਫੂਲ ਗੁਰਮੁਖਾਂ ਮਿਲਿਆ ਪ੍ਰਭ ਸਾਚਾ ਕੰਤ ਕੰਤੂਹਲ ਜਿਉਂ ਅਰਜਨ ਕ੍ਰਿਸ਼ਨ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪੇ ਪਾਵੇ ਸਾਰੀ। ਗੁਰ ਗੋਬਿੰਦ ਇਹ ਲੇਖ ਲਿਖਾਇਆ। ਆਪਣਾ ਬਾਣਾ ਆਪੇ ਪਾਇਆ। ਸੋਹੰ ਰਾਣਾ ਸ਼ਬਦ ਬਣਾਇਆ। ਵਡ ਵਡ ਦੇਵੀ ਦੇਵ ਕਰੋੜ ਤੇਤੀਸ ਸਰਨ ਬਹਾਇਆ। ਕਿਆ ਕੋਈ ਜਾਣੇ ਪ੍ਰਭ ਸਾਚੇ ਦਾ ਭੇਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਆਪਣਾ ਭੇਵ ਖੁਲ੍ਹਾਇਆ। ਅੰਮ੍ਰਿਤ ਮੇਘ ਹਰਿ ਵਰਸਾਇੰਦਾ। ਆਤਮ ਤ੍ਰਿਖਾ ਸਭ ਮਿਟਾਇੰਦਾ। ਦਸਵੀਂ ਦਿਸ਼ਾ ਆਪ ਖੁਲ੍ਹਾਇੰਦਾ। ਰਸ ਰਸ ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜਿੰਦਾ ਆਪ ਤੁੜਾਇੰਦਾ। ਅੰਮ੍ਰਿਤ ਸਾਚਾ ਮੁਖ ਚਵਾਇਆ। ਕਾਇਆ ਦੁੱਖ ਸਰਬ ਮਿਟਾਇਆ। ਏਕਾ ਬਖ਼ਸ਼ੇ ਆਤਮ ਸੁੱਖ, ਸੋਹੰ ਦਾਨ ਪ੍ਰਭ ਝੋਲੀ ਪਾਇਆ। ਦਿਵਸ ਰੈਣ ਰੈਣ ਦਿਵਸ ਸਦ ਸੁੱਖਣਾ ਸੁੱਖ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਇਆ। ਕਲਜੁਗ ਮਿਟਾਏ ਦੁਪਹਿਰ ਕਹਿਰ ਗੁਰਮੁਖਾਂ ਆਤਮ ਸ਼ਾਂਤ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਇਕਾਂਤ ਖੇਲ ਰਚਾਇਆ। ਇਕ ਇਕਾਂਤੀ ਬੂੰਦ ਸਵਾਂਤੀ। ਗੁਰਮੁਖਾਂ ਮੁਖ ਚਵਾਂਤੀ। ਆਪ ਬੰਧਾਏ ਚਰਨ ਨਾਤੀ। ਦੇਵੇ ਦਰਸ ਘਰ ਸੁਤਿਆਂ ਰਾਤੀ। ਗੁਰਮੁਖ ਸਾਚੇ ਅੰਦਰ ਵੇਖ ਮਾਰ ਝਾਤੀ। ਜੋਤ ਸਰੂਪ ਹਰਿ ਬੈਠਾ ਰਹੇ ਇਕਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਕਰਾਏ ਪ੍ਰਗਟ ਜੋਤ ਕਲਜੁਗ ਵਿਚ ਲੋਕਮਾਤੀ। ਅੰਮ੍ਰਿਤ ਬਰਖੇ ਕਿਰਪਾ ਨਿਧ। ਦਰ ਆਇਆਂ ਕੀਨੇ ਕਾਰਜ ਸਿੱਧ। ਸੋਹੰ ਸ਼ਬਦ ਤੀਰ ਚਲਾਇਆ, ਮਨ ਤਨ ਆਤਮ ਜਾਏ ਵਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੇ ਮਿਲਣ ਦੀ ਬਿਧ। ਆਪ ਬਣਾਏ ਆਪਣੀ ਬਿਧ। ਚਰਨ ਰਖਾਏ ਸਰਬ ਰਿਧ ਸਿੱਧ। ਗੁਰਮੁਖ ਉਪਜਾਏ ਘਰ ਨੌਂ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਕਾਰਜ ਕੀਨੇ ਸਿੱਧ। ਦਰ ਸਾਚਾ ਘਰ ਸਾਚਾ ਵਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਸਾਚਾ, ਨਾਮ ਸਾਚਾ ਰਾਮ ਸਾਚਾ ਸ਼ਾਮ ਸਾਚਾ ਕਾਮ ਸਾਚਾ ਧਾਮ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਸਾਚਾ। ਸਚ ਰਾਜ ਸਚ ਤਾਜ ਸਚ ਕਾਜ, ਸਚ ਗੁਰਮੁਖ ਸਾਚੇ ਚਰਨ ਬਹਾਏ, ਬੇਮੁਖ ਆਤਮ ਭਏ ਭਾਜ। ਸੋਹੰ ਸਾਚਾ ਨਾਮ ਜਪਾਏ, ਦਰਗਹਿ ਸਾਚਾ ਦਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਪ ਸਵਾਰੇ ਆਪਣੇ ਕਾਜ। ਗੁਣ ਅਵਗੁਣ ਹਰਿ ਜਾਣਦਾ। ਬੇਮੁਖਾਂ ਸਦਾ ਪਛਾਣਦਾ। ਆਪਣਾ ਖੇਲ ਆਪੇ ਜਾਣੇ ਨਾ ਜੀਵ ਕਿਸੇ ਵਖਾਣਦਾ। ਜਿਸ ਚਲਾਏ ਆਪਣੇ ਭਾਣੇ, ਸੋ ਰੰਗ ਹਰਿ ਸਾਚਾ ਮਾਣਦਾ। ਜਿਸ ਜਨ ਦੇਵੇ ਹਰਿ ਚਰਨ ਧਿਆਨੇ, ਰਸਨਾ ਹਰਿ ਹਰਿ ਉਚਾਰਦਾ। ਜਿਸ ਜਨ ਆਤਮ ਜੋਤ ਜਗਾਏ ਮਹਾਨੇ, ਭਾਂਡਾ ਭਰਮ ਭਰ ਬ੍ਰਹਮ ਗਿਆਨ ਦਾ। ਸੋ ਜਨ ਹੋਏ ਸੁਘੜ ਸਿਆਣੇ, ਜਿਸ ਆਪਣੀ ਸਰਨ ਲਗਾਵੰਦਾ। ਜੋਤ ਸਰੂਪੀ ਜੋਤ ਹਰਿ, ਵਿਚ ਬੈਠਾ ਲੇਖ ਲਿਖਾਵੰਦਾ। ਲੇਖਾ ਲਿਖੇ ਕਰਮ ਵਿਚਾਰੇ। ਸਚ ਧਰਮ ਦੀ ਕਰੇ ਜਨ ਕਾਰੇ। ਹਰਿ ਹਰਿ ਨਾਮ ਸ਼ਬਦ ਰਸਨ ਉਚਾਰੇ। ਪ੍ਰਭ ਅਬਿਨਾਸ਼ੀ ਪਕੜੇ ਬਾਹੋਂ, ਅੰਤਮ ਅੰਤ ਪਾਰ ਉਤਾਰੇ। ਆਪ ਬਹਾਏ ਸਾਚੇ ਥਾਓ, ਜਿਥੇ ਵਸੇ ਹਰਿ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖਾਂ ਸਦ ਲੇਖ ਲਿਖਾਰੇ। ਗੁਰਮੁਖਾਂ ਹਰਿ ਲੇਖ ਲਿਖਾਇਆ। ਜੁਗੋ ਜੁਗ ਵੇਖ ਵੇਖ ਹਰਿ ਆਪਣੀ ਸਰਨ ਲਗਾਇਆ। ਆਵੇ ਜਾਵੇ ਧਾਰ ਭੇਖ, ਗੁਰਮੁਖਾਂ ਭੇਵ ਖੁਲ੍ਹਾਇਆ। ਆਪ ਲਿਖਾਏ ਸਾਚੇ ਲੇਖ, ਸਚ ਸ਼ਬਦ ਹਰਿ ਦਾਤ ਦਵਾਇਆ। ਬੇਮੁੱਖ ਰਹੇ ਵੇਖਾ ਵੇਖ, ਪ੍ਰਭ ਅਬਿਨਾਸ਼ੀ ਸਾਰ ਨਾ ਪਾਇਆ। ਗੁਰਮੁਖਾਂ ਆਤਮ ਲਗਾਏ ਸ਼ਬਦ ਮੇਖ, ਬਜ਼ਰ ਕਪਾਟੀ ਚੀਰ ਚਿਰਾਇਆ। ਹਰਿਜਨ ਜਨ ਹਰਿ ਨੇਤਰ ਪੇਖ, ਔਖੀ ਘਾਟੀ ਆਪ ਚੜ੍ਹਾਇਆ। ਨਾ ਕੋਈ ਜਾਣੇ ਪੀਰ ਪੈਗੰਬਰ ਸ਼ੇਖ਼, ਗੁਰਮੁਖ ਸਾਚਾ ਕਿਸ ਧਾਮ ਬਹਾਇਆ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਜਨ ਭਗਤਾਂ ਮਾਣ ਦਵਾਇਆ। ਆਪ ਚੁਕਾਏ ਜਮ ਕਾ ਡਰ, ਆਪ ਆਪਣੀ ਗੋਦ ਉਠਾਇਆ। ਗੁਰਮੁਖ ਸਾਚਾ ਨਾ ਜਾਏ ਮਰ, ਅੰਤਮ ਜੋਤੀ ਜੋਤ ਮਿਲਾਇਆ। ਪ੍ਰਭ ਅਬਿਨਾਸ਼ੀ ਸਾਚਾ ਦਰ, ਸਦ ਰਹੇ ਖੁਲ੍ਹਿਆ, ਆਪਣੇ ਚਰਨ ਲਏ ਬਹਾਇਆ। ਸਾਚਾ ਘਰ ਏਕਾ ਜੋਤੀ ਰਹੇ ਰੁਸ਼ਨਾਇਆ। ਆਪੇ ਦੇਵੇ ਸਾਚਾ ਦਰਸ, ਜਿਸ ਜਨ ਸਰਨ ਲਗਾਇਆ। ਆਤਮ ਭੰਡਾਰੇ ਦੇਵੇ ਭਰ, ਅੰਮ੍ਰਿਤ ਝਿਰਨਾ ਆਪ ਝਿਰਾਇਆ। ਬੇਮੁਖ ਜੀਵ ਕੀ ਰਿਹਾ ਕਰ, ਆਪ ਆਪਣਾ ਨਾ ਕਿਸੇ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖ ਚੜ੍ਹਾਏ ਸਾਚੀ ਨਈਆ। ਗੁਰਸਿਖਾਂ ਦੱਸੇ ਸਾਚਾ ਰਾਹ। ਬੇਮੁੱਖਾਂ ਨਾ ਦੀਸੇ ਕੋਈ ਰਾਹ। ਗੁਰਮੁਖਾਂ ਪਕੜੇ ਪ੍ਰਭ ਸਾਚਾ ਬਾਂਹ। ਬੇਮੁਖਾਂ ਦਰਗਹਿ ਸਾਚੀ ਨਾ ਕੋਈ ਮਿਲੇ ਥਾਂ। ਗੁਰਸਿਖਾਂ ਜਪਾਵੇ ਆਪਣਾ ਸਾਚਾ ਨਾਂ। ਬੇਮੁਖ ਭਵਾਏ ਜਿਉਂ ਸੁੰਞੇ ਘਰ ਕਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਦੂਸਰ ਕੋਈ ਨਾ। ਬੇਮੁਖ ਜੀਵ ਸਦ ਵਿਚਾਰਨਾ। ਹਉਮੇ ਹੰਗਤਾ ਰੋਗ ਨਿਵਾਰਨਾ। ਮਾਇਆ ਮਮਤਾ ਵਿਚ ਨਾ ਜਨਮ ਗਵਾਵਣਾ। ਬਿਨ ਹਰਿ ਸਾਚੇ ਕਿਸੇ ਨਾ ਪਾਰ ਲੰਘਾਵਣਾ। ਜੋ ਜਨ ਹੋਏ ਆਤਮ ਹੰਕਾਰੀ ਦੁਰਾਚਾਰੀ ਪ੍ਰਭ ਸਾਚੇ ਦਰ ਦੁਰਕਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਰ ਉਤਾਰਨਾ। ਸਚ ਸ਼ਬਦ ਹਰਿ ਦੇਵੇ ਦਾਨ। ਜੋ ਜਨ ਰੱਖੇ ਚਰਨ ਧਿਆਨ। ਦੇਵੇ ਜੋਤ ਅਲੱਖਣਾ ਅਲੱਖ ਕਿਰਪਾ ਕਰੇ ਆਪ ਭਗਵਾਨ। ਸਚ ਵਸਤ ਕਿਸੇ ਹਰਿ ਦੇਵੇ, ਗੁਰਮੁਖ ਵਿਰਲੇ ਪ੍ਰਭ ਦਰ ਪਾਇਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸੋਹੰ ਦੇਵੇ ਸਾਚਾ ਦਾਨ। ਸਚ ਸ਼ਬਦ ਹਰਿ ਦੇਵੇ ਦਾਨ। ਦਰ ਘਰ ਆਏ ਹੋਏ ਪ੍ਰਵਾਨ। ਸਾਚੇ ਲੇਖ ਹਰਿ ਆਪ ਲਿਖਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਪ ਚੜ੍ਹਾਏ ਸ਼ਬਦ ਬਬਾਣ। ਸੋਹੰ ਦੇਵੇ ਸ਼ਬਦ ਬਬਾਣਾ। ਗੁਰਮੁਖ ਸਦ ਰਸਨਾ ਗਾਣਾ। ਉਜਲ ਮੁਖ ਜਗਤ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਰਗ ਪਾਣਾ। ਸਚ ਰਾਹ ਪ੍ਰਭ ਜਾਏ ਦੱਸ। ਆਤਮ ਅੰਧੇਰ ਮਿਟਾਏ ਜਿਉਂ ਚੰਦ ਮਸ। ਦਿਵਸ ਰੈਣ ਸਦ ਰਸਨਾ ਗਾਏ, ਪ੍ਰਭ ਅਬਿਨਾਸ਼ੀ ਹੋਏ ਵਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੋਦ ਬਿਠਾਏ ਹੱਸ। ਰੱਖੇ ਵਾਸ ਹੋਵੇ ਦਾਸ ਪ੍ਰਭ ਪੁਰਖ ਅਬਿਨਾਸ਼। ਜੋ ਜਨ ਗਾਏ ਸੋਹੰ ਸਵਾਸ। ਅੰਤਮ ਅੰਤ ਪ੍ਰਭ ਸਾਚਾ ਕਰੇ ਬੰਦ ਖਲਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ। ਜਨਮ ਮਾਨਸ ਹੋਇਆ ਰਾਸਾ। ਮਿਲਿਆ ਹਰਿ ਪੁਰਖ ਅਬਿਨਾਸ਼ਾ। ਜੋ ਜਨ ਹੋਵੇ ਦਾਸਨ ਦਾਸਾ। ਦੇਵੇ ਦਰਸ ਹਰਿ ਸਰਬ ਘਟ ਵਾਸਾ। ਅਗਿਆਨ ਅੰਧੇਰ ਆਤਮ ਦਰ ਤੋਂ ਨਾਸਾ। ਸੰਞ ਸਵੇਰ ਇਕ ਸਾਚੀ ਜੋਤ ਕਰਾਏ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਦ ਰੱਖੇ ਵਾਸਾ।