Granth 17 Likhat 006 ੨੧ ਜੇਠ ੨੦੨੧ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ harbani

  ਹਰਿ ਨਾਮ ਕਹੇ ਮੈਂ ਧੁਰ ਦਾ ਮੰਤਰ, ਮੰਤਵ ਜੁਗ ਜੁਗ ਹੱਲ ਕਰਾਇੰਦਾ। ਸਰਬ ਜੀਆਂ ਘਟ ਵਸਾਂ ਅੰਤਰ, ਬਿਨ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਖੇਲਾਂ ਖੇਲ ਗਗਨ ਗਗਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣਾਵਾਂ ਬਣਤਰ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਨਿਭਾਇੰਦਾ। ਸਾਚਾ ਨਾਮ ਕਹੇ ਮੇਰਾ ਧੁਰ ਸੰਜੋਗ, ਜਨ ਭਗਤਾਂ ਮੇਲ ਮਿਲਾਈਆ। ਨਿਤ ਨਵਿਤ ਕੱਟਾਂ ਹਉਮੇ ਰੋਗ, ਮਾਇਆ ਮੋਹ ਮਿਟਾਈਆ। ਸਚ ਸੁਣਾਵਾਂ ਸਤਿਗੁਰ ਸਲੋਕ, ਅੱਖਰਾਂ ਨਾਲ ਅੱਖਰ ਰੰਗ ਰੰਗਾਈਆ। ਭੇਵ ਚੁਕਾਵਾਂ ਲੋਕ ਪਰਲੋਕ, ਬ੍ਰਹਿਮੰਡ ਖੰਡ ਪੜਦਾ ਆਪ ਉਠਾਈਆ। ਕਰਾਂ ਪਰਕਾਸ਼ ਸਾਚੀ ਜੋਤ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਾਚਾ ਨਾਮ ਕਹੇ ਮੈਂ ਗਹਿਰ ਗੰਭੀਰ, ਮੇਰਾ ਅੰਤ ਕੋਇ ਨਾ ਪਾਇੰਦਾ। ਮੈਨੂੰ ਲੱਭਦੇ ਫਿਰਦੇ ਪੀਰ ਫ਼ਕੀਰ, ਸ਼ਾਹ ਸੁਲਤਾਨ ਨੇਤਰ ਨੈਣ ਉਠਾਇੰਦਾ। ਮੈਂ ਚੋਟੀ ਚੜ੍ਹ ਕੇ ਵਸਾਂ ਅਖ਼ੀਰ, ਘਰ ਠਾਂਡੇ ਸੋਭਾ ਪਾਇੰਦਾ। ਗੁਰਮੁਖ ਵਿਰਲੇ ਦੇਵਾਂ ਧੀਰ, ਧੀਰਜ ਆਪਣੇ ਨਾਲ ਬੰਧਾਇੰਦਾ। ਅੰਮ੍ਰਿਤ ਬਖ਼ਸ਼ ਠਾਂਡਾ ਸੀਰ, ਸਾਂਤਕ ਸਤਿ ਸਤਿ ਕਰਾਇੰਦਾ। ਹਉਮੇਂ ਕੱਢ ਦਵੈਤੀ ਪੀੜ, ਕੂੜਾ ਰੋਗ ਗਵਾਇੰਦਾ। ਨੇਤਰ ਖੋਲ੍ਹ ਬੇਨਜ਼ੀਰ, ਅੱਖ ਪਰਤਖ ਰੂਪ ਦਰਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਇੰਦਾ। ਨਾਮ ਕਹੇ ਮੇਰਾ ਧੁਰ ਮਿਲਾਪ, ਕਰਨੀ ਆਪਣੀ ਆਪ ਜਣਾਈਆ। ਜੁਗ ਚੌਕੜੀ ਸੱਚਾ ਜਾਪ, ਜੋ ਸਤਿਗੁਰ ਦਏ ਸਮਝਾਈਆ। ਕਰਮ ਕਰਮ ਦਾ ਮੇਟੇ ਪਾਪ, ਜਨਮ ਜਨਮ ਦਾ ਲੇਖ ਮੁਕਾਈਆ । ਆਤਮ ਵਸੇ ਸਦਾ ਸਾਥ, ਪਰਮਾਤਮ ਰੰਗ ਰੰਗਾਈਆ। ਏਹੋ ਧੁਰ ਦੀ ਸੱਚੀ ਦਾਤ, ਜਨ ਭਗਤਾਂ ਝੋਲੀ ਪਾਈਆ। ਏਹੋ ਹਰਿ ਦੀ ਕਰਾਮਾਤ, ਜੋ ਭਗਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਸਾ ਪੂਰ ਵਖਾਈਆ। ਨਾਮ ਕਹੇ ਮੈਂ ਰਾਜਨ ਰਾਜਾ, ਸ਼ਹਿਨਸ਼ਾਹ ਅਖਵਾਇੰਦਾ। ਜੁਗ ਚੌਕੜੀ ਰਚ ਰਚ ਕਾਜਾ, ਕਰਨੀ ਕਰਤਾ ਆਪ ਸਮਝਾਇੰਦਾ। ਭਗਤਾਂ ਦੇ ਕੇ ਸੱਚਾ ਦਾਜਾ, ਸੰਤਾਂ ਝੋਲੀ ਆਪ ਭਰਾਇੰਦਾ। ਗੁਰਮੁਖਾਂ ਵਜਾਵਾਂ ਅਗੰਮੀ ਵਾਜਾ, ਨਾਦ ਧੁਨ ਸ਼ਨਵਾਇੰਦਾ। ਗੁਰਸਿਖਾਂ ਰੱਖਾਂ ਸਦਾ ਲਾਜਾ, ਅੰਦਰ ਬਾਹਰ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਇਕ ਸਮਝਾਇੰਦਾ। ਨਾਮ ਕਹੇ ਮੈਂ ਸੇਵਾਦਾਰ, ਸਾਚੀ ਸੇਵ ਕਮਾਈਆ। ਗੁਰਮੁਖਾਂ ਕਰਾਂ ਖ਼ਬਰਦਾਰ, ਜੁਗ ਸੋਏ ਆਪ ਜਗਾਈਆ। ਉਠੋ ਵੇਖੋ ਨੇਤਰ ਖੋਲ੍ਹ ਕਰੋ ਦੀਦਾਰ, ਦਰਸ ਦੇਵੇ ਬੇਪਰਵਾਹੀਆ। ਜਿਸ ਦਾ ਸਚ ਸੱਚਾ ਦਰਬਾਰ, ਦਰਗਾਹ ਬੈਠਾ ਡੇਰਾ ਲਾਈਆ। ਜਿਸ ਦਾ ਹੁਕਮ ਵਰਤੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠਾ ਸੀਸ ਝੁਕਾਈਆ। ਜਿਸ ਨੂੰ ਨਮੋ ਨਮੋ ਕਰਨ ਗੁਰੂ ਅਵਤਾਰ, ਨੇਤਰ ਨੈਣ ਨੈਣ ਸ਼ਰਮਾਈਆ। ਜਿਸ ਦਾ ਪੀਰ ਪੈਗੰਬਰ ਬਰਖੁਰਦਾਰ, ਬਾਲਕ ਨੱਢਾ ਰੂਪ ਵਟਾਈਆ । ਜਿਸ ਦੀ ਮੰਜ਼ਲ ਪੰਧ ਨਾ ਮੁੱਕੇ ਵਿਚ ਸੰਸਾਰ, ਰਹਿਬਰ ਰਾਹ ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਨਾਮ ਕਹੇ ਮੇਰਾ ਅਵੱਲੜਾ ਭੇਦ, ਅਭੇਦੀ ਰੂਪ ਵਟਾਈਆ। ਮੇਰੀ ਸਿਫ਼ਤ ਕਰਨ ਚਾਰ ਵੇਦ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਗੀਤਾ ਗਿਆਨ ਖੇਲੇ ਖੇਡ, ਮੇਰੀ ਇਕੋ ਓਟ ਤਕਾਈਆ। ਅੰਜੀਲ ਕੁਰਾਨ ਮਾਨਣ ਸੇਜ, ਬਾਲੇ ਨੱਢੇ ਹੋ ਕੇ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਨਾਮ ਕਹੇ ਸੁਣੋ ਸਚ ਸੰਦੇਸਾ, ਧੁਰ ਦੀ ਕਹਾਣੀ ਸਚ ਸੁਣਾਈਆ। ਆਦਿ ਜੁਗਾਦੀ ਮੇਰਾ ਪੇਸ਼ਾ, ਪੁਰਖ ਅਕਾਲ ਦਿਤਾ ਬਣਾਈਆ। ਵੇਖ ਵਖਾਵਾਂ ਲੋਕ ਪਰਲੋਕ ਦੇਸ ਪਰਦੇਸਾਂ, ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਨਿਰਗੁਣ ਸਰਗੁਣ ਦੇਵਾਂ ਭੇਤਾ, ਪੜਦਾ ਓਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਵਡਿਆਈਆ। ਨਾਮ ਕਹੇ ਮੇਰਾ ਨਾਉਂ ਨਿਰੰਕਾਰ, ਨਾਮ ਇਕੋ ਰੂਪ ਸਮਾਈਆ। ਸਿਫ਼ਤ ਸਾਲਾਹੀ ਸਦਾ ਬਾਹਰ, ਕਾਗਜ਼ ਕਲਮ ਸ਼ਾਹੀ ਬੰਦ ਨਾ ਕੋਇ ਕਰਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਬੋਲਦੇ ਗਏ ਜੈਕਾਰ, ਹੂ ਹੂ ਨਾਅਰਾ ਨਾਦ ਸੁਣਾਈਆ। ਹਰਫ਼ਾਂ ਵਿਚ ਕਰਦੇ ਗਏ ਗੁਫ਼ਤਾਰ, ਅੱਖਰਾਂ ਵਿਚ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮੜੀ ਆਪ ਰਚਾਈਆ। ਨਾਮ ਕਹੇ ਮੇਰਾ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ। ਨਾ ਮਰਾਂ ਨਾ ਪਵਾਂ ਜੰਮ, ਜੀਵਣ ਮਰਨ ਨਾ ਕੋਇ ਰਖਾਇੰਦਾ। ਨਿਤ ਨਵਿਤ ਕਰਾਂ ਆਪਣਾ ਕੰਮ, ਕਰਨੀ ਕਰਤੇ ਕੋਲੋਂ ਝੋਲੀ ਪਾਇੰਦਾ। ਸੰਤ ਸੁਹੇਲੇ ਵੇਖ ਜਨ, ਭਾਂਡਾ ਭਰਮ ਭੌ ਭੰਨਾਇੰਦਾ। ਕਰ ਪਿਆਰ ਕਾਇਆ ਮਾਟੀ ਤਨ, ਘਰ ਮੰਦਰ ਇਕ ਸੁਹਾਇੰਦਾ। ਸਿਖਿਆ ਦੇ ਕੇ ਸਾਚੀ ਮਨ, ਮਨ ਕਾ ਮਣਕਾ ਆਪ ਭਵਾਇੰਦਾ। ਚਰਨ ਪ੍ਰੀਤੀ ਸਤਿਗੁਰ ਨਾਤਾ ਬੰਨ੍ਹ, ਧੁਰ ਸੰਜੋਗੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਨਾਮ ਕਹੇ ਮੈਂ ਸਦਾ ਸਤਿ, ਸਤਿ ਸਤਿ ਮੇਰੀ ਵਡਿਆਈਆ। ਮੇਰੀ ਸਿਖਿਆ ਬ੍ਰਹਮ ਮਤਿ, ਗੁਰਮਤ ਇਕੋ ਰੂਪ ਵਟਾਈਆ। ਮੇਰਾ ਖੇਲ ਨਿਜ ਨੇਤਰ ਅੱਖ, ਦੋਏ ਲੋਚਣ ਬੰਦ ਵਖਾਈਆ। ਮੇਰਾ ਘਰ ਵਿਚ ਘਰ ਸਾਚਾ ਹੱਕ, ਦਸਮ ਦਵਾਰੀ ਡੇਰਾ ਲਾਈਆ। ਮੇਰਾ ਮੰਦਰ ਨਿਰਾਲਾ ਸਭ ਤੋਂ ਅੱਡ, ਜੋਤੀ ਜੋਤ ਜੋਤ ਰੁਸ਼ਨਾਈਆ। ਮੇਰਾ ਖੇਲ ਸੰਗ ਪੁਰਖ ਸਮਰਥ, ਸ਼ਾਹ ਪਾਤਸ਼ਾਹ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਆਪ ਸਮਝਾਈਆ। ਨਾਮ ਕਹੇ ਮੇਰੀ ਸਾਚੀ ਬਣਤ, ਸੋ ਸਤਿਗੁਰ ਆਪ ਬਣਾਇੰਦਾ। ਭੇਵ ਖੁਲ੍ਹਾਏ ਸਾਚੇ ਸੰਤ, ਜਿਸ ਆਪਣਾ ਮੇਲ ਮਿਲਾਇੰਦਾ। ਸਮਝ ਨਾ ਪਾਏ ਕੋਈ ਪੰਡਤ, ਜਗਤ ਵਿਦਿਆ ਸਰਬ ਭੁਲਾਇੰਦਾ। ਸਚ ਪ੍ਰੇਮ ਧੁਰ ਦੀ ਸ਼ਕਤ, ਮਸਤਕ ਲੇਖ ਆਪ ਵਖਾਇੰਦਾ। ਜਿਸ ਦਾ ਫ਼ਿਕਰਾ ਇਕੋ ਫ਼ਕਤ, ਫ਼ੈਸਲਾ ਹੱਕ ਸੁਣਾਇੰਦਾ। ਸੋ ਵਡਿਆਈ ਦੇਵੇ ਜਗਤ, ਜਗ ਜੀਵਣ ਦਾਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਆਪ ਸਮਝਾਇੰਦਾ। ਨਾਮ ਕਹੇ ਮੇਰਾ ਪਿਤਾ ਸੋ, ਦੇਵਣਹਾਰ ਵਡਿਆਈਆ। ਸਚ ਪਰਕਾਸ਼ ਕਰ ਕੇ ਲੋ, ਮੇਰਾ ਪੜਦਾ ਦਿਤਾ ਚੁਕਾਈਆ। ਹੰ ਬ੍ਰਹਮ ਆਪੇ ਹੋ, ਨਾਤਾ ਜੋੜਿਆ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਸਾਚੀ ਬਣਤ ਬਣਾਈਆ। ਨਾਮ ਕਹੇ ਮੈਂ ਸਤਿ ਸਮਾਇਆ, ਦੂਜਾ ਰੂਪ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਵੇਸ ਵਟਾਇਆ, ਪ੍ਰਭ ਦਿਤੀ ਮਾਣ ਵਡਿਆਈਆ। ਜਿਸ ਨੂੰ ਗੁਰ ਅਵਤਾਰਾਂ ਅੰਦਰੇ ਅੰਦਰ ਗਾਇਆ, ਬਾਹਰ ਕਰੀ ਨਾ ਕੋਏ ਪੜ੍ਹਾਈਆ। ਤਿਸ ਦਾ ਜੰਦਰ ਸਤਿ ਪੁਰਖ ਨਿਰੰਜਣ ਆਣ ਖੁਲ੍ਹਾਇਆ, ਮਿਹਰ ਨਜ਼ਰ ਨੈਣ ਉਠਾਈਆ। ਪਰਗਟ ਕਰ ਕੇ ਮਾਤ ਤਰਾਇਆ, ਹਰ ਘਟ ਦਏ ਸਮਝਾਈਆ। ਸਮਰਥ ਹੋ ਕੇ ਖੇਲ ਖਿਲਾਇਆ, ਅਕਥ ਅਕਥਨੀ ਦਏ ਵਡਿਆਈਆ। ਨਿਰਗੁਣ ਹੋ ਕੇ ਰਥ ਚਲਾਇਆ, ਸਰਗੁਣ ਪੰਧ ਮੁਕਾਈਆ। ਵਸ ਹੋ ਕੇ ਵਾਸਤਾ ਪਾਇਆ, ਆਹਿਸਤਾ ਆਹਿਸਤਾ ਪੜਦਾ ਰਿਹਾ ਉਠਾਈਆ। ਨੱਸ ਨੱਸ ਕੇ ਪੰਧ ਮੁਕਾਇਆ, ਨਵ ਨੌਂ ਚਾਰ ਲੇਖੇ ਲਾਈਆ। ਸੂਰਾ ਸਰਬੰਗ ਹੋ ਕੇ ਦਇਆ ਕਮਾਇਆ, ਸਚ ਮਰਦੰਗ ਇਕ ਸੁਣਾਈਆ। ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇਆ, ਪੁਰੀ ਲੋਅ ਸੀਸ ਨਾ ਕੋਇ ਉਠਾਈਆ। ਸਾਚਾ ਰੰਗ ਇਕ ਰੰਗਾਇਆ, ਰੰਗ ਰੰਗੀਲਾ ਵੇਖ ਵਖਾਈਆ, ਧੁਰ ਦਾ ਅਨੰਦ ਇਕ ਪਰਗਟਾਇਆ, ਜਨ ਭਗਤਾਂ ਦਿਤਾ ਸਮਝਾਈਆ। ਸਾਚਾ ਸੋਹਲਾ ਸੋਹੰ ਛੰਦ ਆਪੇ ਗਾਇਆ, ਕਲਜੁਗ ਸਤਿਜੁਗ ਸ਼ਬਦ ਵਿਚੋਲਾ ਨਾਮ ਬਣਾਈਆ। ਪਰਮਾਨੰਦ ਵਿਚ ਸਮਾਇਆ, ਅਨੰਦ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਮ ਕਹੇ ਮੈਂ ਹੋਇਆ ਪਰਗਟ, ਕਲਜੁਗ ਦਿਤੀ ਮਾਣ ਵਡਿਆਈਆ। ਕਿਰਪਾ ਕਰੇ ਸਵਾਮੀ ਜੋ ਵਸਿਆ ਹਰ ਘਟ, ਗ੍ਰਹਿ ਗ੍ਰਹਿ ਬੈਠਾ ਸੋਭਾ ਪਾਈਆ। ਨਾਮ ਨਗਾਰੇ ਲਾਏ ਸੱਟ, ਮੇਰਾ ਧੁਰ ਦਾ ਤਾਲ ਬਣਾਈਆ। ਜਨ ਭਗਤਾਂ ਸਚ ਸੰਦੇਸ਼ਾ ਦੇ ਕੇ ਦਿਤਾ ਦੱਸ, ਦਹਿ ਦਿਸ਼ਾ ਪੰਧ ਮੁਕਾਈਆ। ਸੋ ਮੈਨੂੰ ਗੌਂਦੇ ਹੱਸ ਹੱਸ, ਸੋਹੰ ਹੰਸਾ ਰੂਪ ਵਟਾਈਆ। ਮੈਂ ਅੰਤਰ ਅੰਤਰ ਜਾਵਾਂ ਵਸ, ਜਗਤ ਬਸੰਤਰ ਦਿਆਂ ਬੁਝਾਈਆ। ਤੀਰ ਨਿਰਾਲਾ ਮਾਰਾਂ ਕਸ, ਅਣਿਆਲਾ ਆਪ ਚਲਾਈਆ। ਕੂੜੀ ਕਿਰਿਆ ਖੇੜਾ ਜਾਏ ਢਠ, ਸਾਚੇ ਮੰਦਰ ਹੋਏ ਰੁਸ਼ਨਾਈਆ। ਓਥੇ ਇਕੋ ਧਾਰ ਚਲੇ ਅਜਪਾ ਜਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਨਾਮ ਕਹੇ ਮੈਂ ਸੋਹੰ ਹੋਇਆ, ਹੋਕਾ ਦੇ ਦੇ ਰਿਹਾ ਜਣਾਈਆ। ਨਾ ਜਨਮਾ ਨਾ ਕਦੇ ਮੋਇਆ, ਮਰ ਕੇ ਜੀਵਤ ਰੂਪ ਵਟਾਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਸੋਏ ਸੱਜਣ ਲਵਾਂ ਉਠਾਈਆ। ਹੰਝੂ ਕੇਰ ਕਦੇ ਨਾ ਰੋਇਆ, ਦੁਖੀਆਂ ਦਰਦ ਲਵਾਂ ਵੰਡਾਈਆ। ਲੈ ਕੇ ਆਇਆ ਧੁਰ ਦਾ ਢੋਆ, ਸਚ ਸੰਦੇਸਾ ਇਕ ਸੁਣਾਈਆ। ਵੇਖੋ ਪਰਕਾਸ਼ ਸਾਚਾ ਹੋਆ, ਦੋ ਜਹਾਨ ਡਗਮਗਾਈਆ । ਪੁਰਖ ਅਕਾਲ ਨਵਾਂ ਨਰੋਆ, ਨਿਰਗੁਣ ਨਿਰਵੈਰ ਵੇਸ ਵਟਾਈਆ। ਜਿਸ ਨੇ ਬੀਜ ਮੇਰਾ ਘਰ ਘਰ ਬੋਆ, ਫੁਲ ਫੁਲਵਾੜੀ ਇਕ ਮਹਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਾਮ ਕਹੇ ਮੈਂ ਹੋਵਾਂ ਉਤਪਤ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਪੁਰਖ ਅਕਾਲ ਮੇਰੀ ਸੁਹਾਏ ਰੁਤ, ਸਿਰ ਮੇਰੇ ਹੱਥ ਟਿਕਾਇੰਦਾ। ਨਾ ਕੋਈ ਕਾਇਆ ਨਾ ਕੋਈ ਬੁਤ, ਪੰਜ ਤਤ ਨਾ ਕੋਇ ਜਣਾਇੰਦਾ । ਕਿਰਪਾ ਨਿਧਾਨ ਠਾਕਰ ਹੋਏ ਖ਼ੁਸ਼, ਜਿਸ ਵੇਲੇ ਆਪਣੀ ਸਿਫ਼ਤ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਨਾਮ ਕਹੇ ਮੈਂ ਹੁਕਮੇ ਅੰਦਰ, ਮੰਜ਼ਲ ਪੰਧ ਮੁਕਾਈਆ। ਜਨ ਭਗਤ ਕਾਇਆ ਸੋਹਣਾ ਮੰਦਰ, ਬੰਕ ਦਵਾਰ ਸੁਹਾਈਆ। ਭਾਗ ਲਗਾ ਕੇ ਡੂੰਘੀ ਕੰਦਰ, ਸਚ ਸਿੰਘਾਸਣ ਵੇਖ ਵਖਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਤੋੜ ਕੇ ਜੰਦਰ, ਜ਼ਿੰਦਗੀ ਜ਼ਿੰਦਗੀ ਦਿਆਂ ਬਦਲਾਈਆ। ਹੋਣ ਹੈਰਾਨ ਵਿਸ਼ਨ ਬ੍ਰਹਮਾ ਸ਼ਿਵ ਇੰਦਰ, ਗੁਰ ਅਵਤਾਰ ਪੀਰ ਪੈਗੰਬਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਇਕ ਪਰਗਟਾਈਆ। ਸਾਚਾ ਨਾਮ ਕਹੇ ਮੈਂ ਪ੍ਰਭ ਦਾ ਮਿੱਤਰ, ਧੁਰ ਦਾ ਮੇਲਾ ਸਹਿਜ ਸੁਭਾਈਆ । ਮੇਰਾ ਖੇਲ ਸਦਾ ਬਚਿਤ੍ਰ, ਦੋ ਜਹਾਨਾਂ ਆਪ ਵਖਾਈਆ। ਮੇਰਾ ਨਕਸ਼ਾ ਨਗਾਰ ਸਕੇ ਕੋਈ ਨਾ ਚਿਤ੍ਰ, ਸਾਕਾਰ ਰੂਪ ਨਾ ਕੋਇ ਸਮਝਾਈਆ । ਮੇਰਾ ਪੁਰਖ ਅਕਾਲ ਇਕੋ ਪਿਤ੍ਰ, ਪਤਿਪਰਮੇਸ਼ਵਰ ਬੇਪਰਵਾਹੀਆ। ਉਸ ਦੀ ਧਾਰੋਂ ਆਵਾਂ ਨਿੱਕਲ, ਧੁਨ ਨਾਦ ਨਾਦ ਸ਼ਨਵਾਈਆ। ਜਿਸ ਦਾ ਸਾਰੇ ਕਰਨ ਜ਼ਿਕਰ, ਰਸਨਾ ਜਿਹਵਾ ਰਹੇ ਸੁਣਾਈਆ। ਜਿਸ ਦਾ ਲੇਖ ਲਿਖਾਰੀ ਫ਼ਿਕਰਾ ਬਣੌਂਦੇ ਵਿਚ ਫ਼ਿਕਰ, ਅੱਖਰਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਆਪਣੇ ਹੱਥ ਰੱਖਿਆ ਬੇਪਰਵਾਹੀਆ। ਨਾਮ ਕਹੇ ਮੈਂ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਾਂ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਇੰਦਾ। ਸ਼ਬਦੀ ਹੋ ਕੇ ਦੇਵਾਂ ਸਲਾਹ, ਅੱਖਰੀ ਹੋ ਕੇ ਲੇਖ ਲਿਖਾਇੰਦਾ। ਵੱਖਰਾ ਹੋ ਕੇ ਬੈਠਾਂ ਮੁਖ ਛੁਪਾ, ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤਮ ਪ੍ਰਭ ਕਿਰਪਾ ਕੀਤੀ ਆ, ਆਪ ਆਪਣੇ ਸੰਗ ਲਿਆਇੰਦਾ। ਨਾਤਾ ਜੋੜ ਸਹਿਜ ਸੁਭਾ, ਸੋਹਣੀ ਬਣਤ ਮਾਤ ਬਣਾਇੰਦਾ। ਤੂੰ ਮੇਰਾ ਮੈਂ ਤੇਰਾ ਢੋਲਾ ਗਾ, ਨਾਤਾ ਆਪਣੇ ਨਾਲ ਜੁੜਾਇੰਦਾ। ਜਨ ਭਗਤਾਂ ਦਿਤਾ ਸਮਝਾ, ਸੋਹੰ ਰੂਪ ਸਤਿ ਸਰੂਪ ਪੁਰਖ ਅਕਾਲ ਆਤਮ ਪਰਮਾਤਮ ਆਪਣਾ ਭੇਵ ਚੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸੋਹੰ ਕਹੇ ਮੈਂ ਨਾਮ ਸਤਿ, ਹਰਿ ਸਤਿਗੁਰ ਸ਼ਬਦ ਬਣਾਈਆ। ਹੱਡ ਮਾਸ ਨਾ ਨਾੜੀ ਰਤ, ਲਹੂ ਮਿਝ ਨਾ ਜੋੜ ਜੁੜਾਈਆ। ਮਨ ਵਾਸਨਾ ਨਾ ਕੋਈ ਚਿਤ, ਬੁਧ ਮਤ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮਾਰਗ ਇਕ ਲਗਾਈਆ। ਨਾਮ ਕਹੇ ਮੇਰਾ ਮਾਰਗ ਏਕ, ਆਦਿ ਜੁਗਾਦਿ ਦਿਆਂ ਸਮਝਾਈਆ। ਸ੍ਰੀ ਭਗਵਾਨ ਰੱਖਣੀ ਟੇਕ, ਧੁਰ ਦਾ ਇਸ਼ਟ ਨੂਰ ਖ਼ੁਦਾਈਆ। ਜੋ ਗੁਰ ਅਵਤਾਰਾਂ ਪੀਰ ਪੈਗੰਬਰਾਂ ਦੇਵੇ ਭੇਜ, ਬਾਲੇ ਨੱਢੇ ਰੂਪ ਵਖਾਈਆ। ਜੁਗ ਚੌਕੜੀ ਅੱਖਰੀ ਦੇ ਸੰਦੇਸ਼, ਲੱਖ ਚੁਰਾਸੀ ਕਰੇ ਪੜ੍ਹਾਈਆ। ਅੰਤਮ ਸਭ ਨੂੰ ਲੈ ਕੇ ਜਾਏ ਆਪਣੇ ਦੇਸ, ਲੋਕਮਾਤ ਰਹਿਣ ਕੋਏ ਨਾ ਪਾਈਆ। ਅੰਤਮ ਸੱਯਦਾ ਕਰਕੇ ਜਾਣ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਸਚ ਦੁਆਰਾ ਜਿਸ ਵੇਲੇ ਲੈਣ ਪੇਖ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਸਾਰੇ ਕਹਿਣ ਤੂੰ ਪਾਰਬ੍ਰਹਮ ਨਰ ਨਰੇਸ਼, ਨਰਾਇਣ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਆਏ ਖੇਡ, ਲੋਕਮਾਤ ਫੇਰਾ ਪਾਈਆ। ਤੇਰਾ ਸ਼ਬਦ ਸੰਦੇਸ਼ਾ ਚਾਰੋਂ ਕੁੰਟ ਦਿਤਾ ਭੇਜ, ਹੁਕਮੀ ਹੁਕਮ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਮਿਹਰ ਨਜ਼ਰ ਤੱਕੇ ਭਗਵੰਤ, ਹਰਿ ਕਰਤਾ ਦਇਆ ਕਮਾਇੰਦਾ। ਵੇਖੋ ਖੇਲ ਅਗਲਾ ਅੰਤ, ਬੇਅੰਤ ਆਪ ਦ੍ਰਿੜਾਇੰਦਾ। ਸਾਚਾ ਸਚ ਸੁਣਾਏ ਮੰਤ, ਮੰਤਵ ਸਭ ਦਾ ਹੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਇੰਦਾ। ਗੁਰ ਅਵਤਾਰ ਅੱਗੇ ਲਓ ਤੱਕ, ਪਿਛਲਾ ਪੰਧ ਮੁਕਾਈਆ। ਕਵਣ ਰੂਪ ਪੁਰਖ ਸਮਰਥ, ਸਚ ਸਿੰਘਾਸਣ ਸੋਭਾ ਪਾਈਆ । ਕਵਣ ਮਾਰਗ ਰਿਹਾ ਦੱਸ, ਰਹਿਬਰ ਹੋ ਕੇ ਰਿਹਾ ਸਮਝਾਈਆ। ਕਵਣ ਦੇਵੇ ਅਗੰਮੀ ਰਸ, ਰਸ ਆਪਣਾ ਇਕ ਚੁਆਈਆ। ਕਵਣ ਹਰ ਘਟ ਰਿਹਾ ਵਸ, ਗ੍ਰਹਿ ਗ੍ਰਹਿ ਸੋਭਾ ਪਾਈਆ। ਕਵਣ ਨਾਮ ਕਰੇ ਪਰਗਟ, ਕਰੇ ਸਚ ਪੜ੍ਹਾਈਆ। ਕਵਣ ਬੂੰਦ ਕਵਣ ਰਕਤ, ਕਵਣ ਤਤਵ ਤਤ ਕਰੇ ਕੁੜਮਾਈਆ। ਕਵਣ ਮਨ ਬੁਧ ਮਤ, ਕਵਣ ਸਿਖਿਆ ਦਏ ਸਮਝਾਈਆ। ਕਵਣ ਪੂਰੀ ਕਰੇ ਆਸ, ਕਵਣ ਤ੍ਰਿਸਨਾ ਰਿਹਾ ਵਧਾਈਆ। ਕਵਣ ਪਵਣ ਦੇਵੇ ਸਵਾਸ, ਕਵਣ ਸਾਹ ਸਾਹ ਸਮਾਈਆ। ਕਵਣ ਜੋਤ ਕਰੇ ਪਰਕਾਸ਼, ਕਵਣ ਬੈਠਾ ਡੇਰਾ ਲਾਈਆ। ਕਵਣ ਰੂਪ ਪੁਰਖ ਅਬਿਨਾਸ਼, ਕਵਣ ਲੱਖ ਚੁਰਾਸੀ ਜੋਤੀ ਜੋਤ ਕਰੇ ਰੁਸ਼ਨਾਈਆ। ਕਵਣ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਆਪ ਤੁੜਾਈਆ। ਕਵਣ ਪੂਜਾ ਕਵਣ ਪਾਠ, ਕਵਣ ਵਿਦਿਆ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗੰਬਰ ਦੋਏ ਜੋੜ ਹਾਥ, ਢਹਿ ਢਹਿ ਪਏ ਸਰਨਾਈਆ। ਸ੍ਰੀ ਭਗਵਾਨ ਇਕੋ ਵਾਰ ਦਿਤਾ ਆਖ, ਸੱਚਾ ਸੋਹਲਾ ਸਚ ਸੁਣਾਈਆ। ਨੇਤਰ ਖੋਲ੍ਹ ਕਰੋ ਜਾਚ, ਪ੍ਰਭ ਪੜਦਾ ਰਿਹਾ ਉਠਾਈਆ। ਸਤਿ ਸਰੂਪ ਪੁਰਖ ਅਬਿਨਾਸ਼, ਜੋਤ ਪਰਕਾਸ਼ ਇਕ ਪਰਗਟਾਈਆ। ਜਿਸ ਦਾ ਲੱਖ ਚੁਰਾਸੀ ਸਦਾ ਧਰਵਾਸ, ਸੋ ਸੋਹੰ ਰੂਪ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੱਚਾ ਨਾਮ ਇਕ ਵਖਾਈਆ। ਸੱਚਾ ਨਾਮ ਸੋਹੰ ਪ੍ਰਸਿੱਧ, ਸਿਦਕ ਸਬੂਰੀ ਨਾਲ ਨਿਭਾਇੰਦਾ। ਆਤਮ ਪਰਮਾਤਮ ਕਰ ਕੇ ਧੁਰ ਦੀ ਬਿਧ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਗੁਰਮੁਖ ਗੁਰਸਿਖ ਕਰੇ ਕੋਈ ਨਾ ਜ਼ਿਦ, ਲੱਖ ਚੁਰਾਸੀ ਭਰਮ ਭੁਲਾਇੰਦਾ। ਮਨਮੁਖਤਾ ਵਸਤੂ ਝੋਲੀ ਪਾਏ ਨਿੰਦ, ਹਰਿਜਨ ਸਾਚੇ ਰੰਗ ਚੜ੍ਹਾਇੰਦਾ। ਸਾਚਾ ਨਾਮ ਦੇਵਣਹਾਰਾ ਗੁਣੀ ਗਹਿੰਦ, ਗਹਿਰ ਗੰਭੀਰ ਵੇਖ ਵਖਾਇੰਦਾ। ਭਾਗ ਲਗਾਏ ਜੀਉ ਪਿੰਡ, ਇੰਡ ਬ੍ਰਹਿਮੰਡ ਦਇਆ ਕਮਾਇੰਦਾ। ਬਖ਼ਸ਼ੇ ਧਾਰ ਅੰਮ੍ਰਿਤ ਸਿੰਧ, ਸਾਗਰ ਆਪਣੀ ਲਹਿਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸੋਹੰ ਨਾਮ ਚਲੇ ਜੁਗ ਸਤਿ, ਸਤਿ ਸਤਿਵਾਦੀ ਆਪ ਚਲਾਈਆ। ਕਲਜੁਗ ਗੁਰਮੁਖ ਵਿਰਲਿਆਂ ਖੋਲ੍ਹੇ ਅੱਖ , ਜਿਨ੍ਹਾਂ ਆਖ਼ਰ ਆਪਣਾ ਘਰ ਵਖਾਈਆ। ਬਾਕੀ ਲੱਖ ਚੁਰਾਸੀ ਲੱਖੋਂ ਹੋਈ ਕੱਖ, ਅੱਗੇ ਕੀਮਤ ਕੋਇ ਨਾ ਪਾਈਆ। ਕੂੜੀ ਕਿਰਿਆ ਵਿਕੀ ਹੱਟ, ਰਾਏ ਧਰਮ ਦਏ ਸਜ਼ਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਅੰਤਰ ਆਤਮ ਇਕੋ ਨਾਮ ਰਹੇ ਰਟ, ਰੱਟਾ ਮੁਕੇ ਜਗਤ ਲੋਕਾਈਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਆਪਣਾ ਨਾਮ ਦੇਵੇ ਦੱਸ, ਸੋ ਦਹਿ ਦਿਸ਼ਾ ਖ਼ੁਸ਼ੀ ਮਨਾਈਆ। ਸਤਿਗੁਰ ਪਿਛੋਂ ਰਸਨਾ ਜਿਹਵਾ ਅੱਖਰਾਂ ਵਾਲਾ ਨਾਮ ਸਾਰੇ ਰਹੇ ਰਟ, ਘਰ ਘਰ ਢੋਲਾ ਗਾਈਆ। ਪਰ ਏਹੋ ਜੇਹਾ ਗੁਰਮੁਖਾਂ ਫੇਰ ਨਹੀਂ ਚੜ੍ਹਦਾ ਰੰਗ, ਜੋ ਹਾਜ਼ਰ ਹਜ਼ੂਰ ਹੋ ਕੇ ਦਏ ਚੜ੍ਹਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਕਾਇਆ ਮੰਦਰ ਅੰਦਰ ਲੰਘ, ਸੋਈ ਸੁਰਤੀ ਲਏ ਉਠਾਈਆ। ਪ੍ਰੇਮ ਪਿਆਰ ਦਾ ਦੇ ਕੇ ਅਨੰਦ, ਰਸ ਇਕੋ ਇਕ ਵਖਾਈਆ। ਚਰਨ ਪ੍ਰੀਤੀ ਨਾਤਾ ਗੰਢ, ਅਗਲਾ ਪੰਧ ਦਏ ਚੁਕਾਈਆ। ਜਿਨ੍ਹਾਂ ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸੋਹੰ ਗਾਇਆ ਛੰਦ, ਤਿਨ੍ਹਾਂ ਅੰਦੇਸ਼ਾ ਅੱਗੇ ਰਿਹਾ ਨਾ ਰਾਈਆ।