ਸਚ ਸਰਨ ਦੇਵੇ ਪ੍ਰਭ ਬਾਲਕ, ਬਚਪਨ ਆਪਣੇ ਲੇਖੇ ਲਾਇੰਦਾ। ਜਨਮ ਕਰਮ ਦਾ ਬਣ ਪ੍ਰਿਤਪਾਲਕ, ਘਰ ਸਾਚੀ ਸੇਵ ਕਮਾਇੰਦਾ। ਕਰਮ ਕਰਮ ਦਾ ਮੇਟ ਕੇ ਆਲਸ, ਨਿੰਦਰਾ ਮੋਹ ਗਵਾਇੰਦਾ। ਆਤਮ ਵਿਚੋਂ ਕੱਢ ਕੇ ਖ਼ਾਲਸ, ਆਪਣੇ ਰੰਗ ਰੰਗਾਇੰਦਾ। ਏਥੇ ਓਥੇ ਬਣ ਕੇ ਸਾਲਸ, ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸੱਚੀ ਸਰਨ ਸਮਝਾਇੰਦਾ। ਸਰਨ ਪੜੇ ਜਨ ਲੋਕਮਾਤ, ਦੇਵੇ ਮਾਣ ਵਡਿਆਈਆ। ਅੱਗੇ ਜਾ ਕੇ ਪੁਛੇ ਵਾਤ, ਸਚਖੰਡ ਨਿਵਾਸੀ ਬੇਪਰਵਾਹੀਆ। ਸਚ ਪ੍ਰੀਤੀ ਬੰਧੇ ਨਾਤ, ਬਖ਼ਸ਼ੇ ਧੁਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਾਚੀ ਸਰਨ ਮੰਗਦੇ ਗੁਰ ਅਵਤਾਰ, ਪ੍ਰਭ ਅੱਗੇ ਸੀਸ ਨਿਵਾਈਆ। ਸਾਚੀ ਸਰਨ ਭਗਤ ਭੰਡਾਰ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਸਾਚੀ ਸਰਨ ਸਦਾ ਰਹੇ ਜੁਗ ਚਾਰ, ਨਿਤ ਨਵਿਤ ਦੇਵਣਹਾਰਾ ਵੇਸ ਵਟਾਈਆ। ਸਾਚੀ ਸਰਨ ਗੁਰਮੁਖ ਵਿਰਲੇ ਲੱਖ ਚੁਰਾਸੀ ਵਿਚੋਂ ਕਰੇ ਪਾਰ, ਮੰਝਧਾਰ ਨਾ ਕੋਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਚ ਸਰਨ ਦੀ ਸਦਾ ਲੋੜ, ਪਤਿਪਰਮੇਸ਼ਵਰ ਖੇਲ ਬਣਾਈਆ। ਆਤਮ ਪਰਮਾਤਮ ਮੇਲਾ ਲਏ ਜੋੜ, ਧੁਰ ਸੰਜੋਗੀ ਰੂਪ ਵਟਾਈਆ। ਸੰਤ ਸੁਹੇਲਾ ਜਾਏ ਬੌਹੜ, ਗੁਰ ਚੇਲਾ ਵੇਖ ਵਖਾਈਆ। ਜਨਮ ਜਨਮ ਦੀ ਲੱਗੀ ਔੜ, ਦੇ ਦਰਸ ਤ੍ਰਿਸ਼ਨਾ ਭੁੱਖ ਗਵਾਈਆ। ਸਦਾ ਸੁਹੇਲਾ ਹੋ ਕੇ ਵਸੇ ਕੋਲ, ਅੰਦਰੇ ਅੰਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਖੇ ਅਡੋਲ, ਧੀਰਜ ਧਰਵਾਸ ਇਕ ਸਮਝਾਈਆ। ਸਰਨ ਪੜੇ ਦੀ ਰੱਖੇ ਲਜਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫਿਰੇ ਭੱਜਿਆ, ਨਿਰਗੁਣ ਨਿਰਵੈਰ ਫੇਰਾ ਪਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਸਮਰਥ ਹੋ ਕੇ ਸਿਰ ਹੱਥ ਰੱਖਿਆ, ਮਹਿਮਾ ਅਕਥ ਆਪ ਸਮਝਾਈਆ। ਕਵਲ ਨਾਭੀ ਅੰਮ੍ਰਿਤ ਰਸ ਅਗੰਮੀ ਧਾਰਾ ਵਸਿਆ, ਨਿਝਰ ਝਿਰਨਾ ਆਪ ਝਿਰਾਈਆ। ਕੂੜ ਵਿਕਾਰਾ ਹਉਮੇ ਹੰਕਾਰਾ ਗੜ੍ਹ ਢਠਿਆ, ਨਾਤਾ ਤੁਟਾ ਜਗਤ ਲੋਕਾਈਆ। ਸਤਿਗੁਰ ਸੱਜਣ ਆ ਕੇ ਪੁਛਿਆ, ਅੰਦਰੇ ਅੰਦਰ ਪੜਦਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਵਖਾਈਆ। ਸਰਨ ਪਏ ਪ੍ਰਭ ਠਾਕਰ ਏਕ, ਏਕੰਕਾਰ ਦਏ ਵਡਿਆਈਆ। ਜਨਮ ਜਨਮ ਦੀ ਸਾਚੀ ਟੇਕ, ਕਰਮ ਕਰਮ ਦਾ ਰੋਗ ਗਵਾਈਆ। ਬੁੱਧੀ ਕਰੇ ਆਪ ਬਿਬੇਕ, ਮਨ ਮਤ ਰਹਿਣ ਨਾ ਪਾਈਆ। ਤ੍ਰੈਗੁਣ ਤਤ ਨਾ ਮਾਇਆ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਅਗਲਾ ਪਿਛਲਾ ਵੇਖਣਹਾਰਾ ਲੇਖ, ਮਸਤਕ ਰੇਖ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਸਰਨ ਪਏ ਪ੍ਰਭ ਸਾਚੇ ਠਾਕਰ, ਜੋ ਆਦਿ ਜੁਗਾਦੀ ਬਣਤ ਬਣਾਇੰਦਾ। ਪਾਰ ਕਰਾਏ ਡੂੰਘੇ ਸਾਗਰ, ਨਈਆ ਨੌਕਾ ਨਾਮ ਚੜ੍ਹਾਇੰਦਾ। ਗਰੀਬ ਨਿਮਾਣਿਆਂ ਦੇਵੇ ਆਦਰ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤਕ ਟਿੱਕਾ ਇਕ ਲਗਾਇੰਦਾ। ਸਰਨ ਪੜੇ ਪ੍ਰਭ ਬਖ਼ਸ਼ੇ ਚਰਨ ਧੂੜ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਸੁਘੜ ਬਣਾਏ ਮੂਰਖ ਮੂੜ੍ਹ, ਚਤਰ ਰੂਪ ਆਪ ਵਖਾਈਆ। ਨਾਤਾ ਤੋੜ ਕੂੜੋ ਕੂੜ, ਸਚ ਸਮਗਰੀ ਇਕ ਸਮਝਾਈਆ। ਸ਼ਬਦ ਗਿਆਨ ਦੇ ਅਗੰਮੀ ਨੂਰ, ਕਰ ਜ਼ਹੂਰ ਕਰੇ ਰੁਸ਼ਨਾਈਆ। ਸਾਚਾ ਤਾਲ ਵਜਾਵੇ ਤੂਰ, ਤੁਰਤ ਆਪਣਾ ਰਾਗ ਅਲਾਈਆ। ਨਾਮ ਭੰਡਾਰਾ ਕਰ ਭਰਪੂਰ, ਪਿਛਲਾ ਲੇਖਾ ਦਏ ਚੁਕਾਈਆ। ਪੰਜ ਤਤ ਦਾ ਕਰੇ ਮੁਆਫ਼ ਕਸੂਰ, ਹਜ਼ੂਰ ਹੋ ਕੇ ਵੇਖ ਵਖਾਈਆ। ਪਾਰ ਉਤਾਰਨਹਾਰਾ ਬੇੜਾ ਪੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰਮੁਖ ਵੇਖੋ ਪੂਰ ਤਰਦਾ, ਤਾਰਨਹਾਰ ਦਇਆ ਕਮਾਇੰਦਾ। ਸਚ ਸਰਨਾਈ ਜੋ ਜਨ ਪੜਦਾ, ਪੜਦਾ ਓਹਲਾ ਆਪ ਚੁਕਾਇੰਦਾ। ਜਗਤ ਜਹਾਨ ਵਿਚੋਂ ਕਦੇ ਨਾ ਮਰਦਾ, ਨਾਮ ਰੋਸ਼ਨ ਸਚ ਮੁਨਾਰਾ ਆਪ ਵਖਾਇੰਦਾ। ਮੰਜ਼ਲ ਅਗੰਮੀ ਪੌੜੇ ਚੜ੍ਹਦਾ, ਜਿਸ ਦਾ ਰਾਹ ਨਜ਼ਰ ਕਿਸੇ ਨਾ ਆਇੰਦਾ। ਸਤਿਗੁਰੂ ਦਵਾਰੇ ਖੜ੍ਹਦਾ, ਦੋਏ ਜੋੜ ਬੰਦਨਾ ਨਿਉਂ ਨਿਉਂ ਸੀਸ ਨਿਵਾਇੰਦਾ। ਓਥੇ ਤੂੰਹੀ ਤੂੰ ਢੋਲਾ ਪੜ੍ਹਦਾ, ਮੈਂ ਮਮਤਾ ਮੋਹ ਚੁਕਾਇੰਦਾ। ਕ੍ਰਿਪਾਲ ਹੋ ਕੇ ਪ੍ਰਭ ਆਪਣੀ ਕਿਰਪਾ ਕਰਦਾ, ਕ੍ਰਿਪਨ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਰਨ ਪੜ੍ਹ ਕੀਤਾ ਧਿਆਨ, ਅੰਤਰ ਬੂਝ ਬੁਝਾਈਆ। ਪਰਮ ਪੁਰਖ ਪ੍ਰਭ ਮਿਲੇ ਆਣ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਦਵਾਰੇ ਜਿਸ ਦਾ ਮਕਾਨ, ਸਚਖੰਡ ਬੈਠਾ ਡੇਰਾ ਲਾਈਆ। ਹੁਕਮੇ ਅੰਦਰ ਜ਼ਿਮੀਂ ਅਸਮਾਨ, ਮੰਡਲ ਮੰਡਪ ਸੋਭਾ ਪਾਈਆ। ਹੁਕਮੇ ਅੰਦਰ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਰੰਗ ਰੰਗਾਈਆ। ਹੁਕਮੇ ਅੰਦਰ ਆਵਣ ਜਾਣ, ਲੱਖ ਚੁਰਾਸੀ ਗੇੜ ਭੁਆਈਆ। ਹੁਕਮੇ ਅੰਦਰ ਭਗਤਾਂ ਦੇਵੇ ਦਾਨ, ਭਗਵਨ ਪ੍ਰੇਮ ਪ੍ਰੀਤੀ ਝੋਲੀ ਪਾਈਆ। ਹੁਕਮੇ ਅੰਦਰ ਸਖ਼ੀਆਂ ਮਿਲੇ ਕਾਹਨ, ਨਾਮ ਬੰਸਰੀ ਇਕ ਸੁਣਾਈਆ । ਹੁਕਮੇ ਅੰਦਰ ਹੋਵੇ ਜਾਣੀ ਜਾਣ, ਹਰ ਘਟ ਵੇਖੇ ਥਾਉਂ ਥਾਈਂਆ। ਹੁਕਮੇ ਅੰਦਰ ਮਾਰੇ ਬਾਣ, ਅਣਿਆਲਾ ਤੀਰ ਚਲਾਈਆ। ਹੁਕਮੇ ਅੰਦਰ ਖੇਲ ਕਰ ਭਗਵਾਨ, ਭਗਵਨ ਭਗਤਾਂ ਹੋਏ ਸਹਾਈਆ। ਹੁਕਮੇ ਅੰਦਰ ਲੇਖੇ ਲਾਏ ਬਾਲ ਅੰਞਾਣ, ਬੁਧ ਬਿਬੇਕੀ ਰੂਪ ਵਟਾਈਆ। ਹੁਕਮੇ ਅੰਦਰ ਕਰੇ ਪਹਿਚਾਨ, ਪੂਰਬ ਜਨਮਾਂ ਖੋਜ ਖੋਜਾਈਆ। ਹੁਕਮੇ ਅੰਦਰ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜੋ ਜਨ ਸਰਨ ਡਿੱਗੇ ਆਣ, ਤਿਨ੍ਹਾਂ ਸੰਸਾ ਰੋਗ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਨ ਆਤਮਕ ਰਾਗ ਅਲਾਈਆ। ਸਰਨ ਪੜ੍ਹੇ ਪ੍ਰਭ ਪੁਕਾਰ ਸੁਣੀ, ਦੀਨ ਦਿਆਲ ਦਇਆ ਕਮਾਇੰਦਾ। ਜਗਤ ਵਿਦਿਆ ਕੋਈ ਨਾ ਜਾਣੇ ਵੱਡਾ ਗੁਣੀ, ਧਿਆਨ ਵਿਚ ਧਿਆਨ ਨਾ ਕੋਏ ਰਖਾਇੰਦਾ। ਜਿਸ ਦਰਸ ਨੂੰ ਲੱਭਦੇ ਕੋਟਨ ਕੋਟ ਰਿਖੀ ਮੁਨੀ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਸੋ ਸਾਹਿਬ ਸਤਿਗੁਰ ਪੁਰਖ ਅਕਾਲ, ਜਨ ਭਗਤਾਂ ਸੁਣ ਕੇ ਆਤਮ ਧੁਨੀ, ਦੂਰ ਦੁਰਾਡਾ ਨੇੜੇ ਨੇਰਨ ਹੋ ਕੇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਮੰਜ਼ਲ ਪੌੜੇ ਆਪ ਚੜ੍ਹਾਇੰਦਾ।
You may also Like:
- Granth 17Likhat 005 ੨੧ ਜੇਠ ੨੦੨੧ ਬਿਕ੍ਰਮੀ ਬੀਬੀ ਸ਼ਾਹਣੀ ਦੇ ਗ੍ਰਹਿ ਮਲਕ ਕੈਂਪ harbani
- Granth 17 Likhat 004 ੨੧ ਜੇਠ ੨੦੨੧ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ
- Granth 17 Likhat 006 ੨੧ ਜੇਠ ੨੦੨੧ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ harbani
- G17L001 ੨੦ ਜੇਠ ੨੦੨੧ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਖ਼ੈਰੋਵਾਲੀ harbani
- G18L063 ੧੨ ਮਾਘ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂ ਵਾਲੀ
- G18L004 ੧੬ ਪੋਹ ੨੦੨੧ ਬਿਕ੍ਰਮੀ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ
- G18L064 ੧੨ ਮਾਘ ੨੦੨੧ ਬਿਕ੍ਰਮੀ ਸਮਪੂਰਨ ਸਿੰਘ, ਸੁੰਦਰ ਸਿੰਘ ਦੇ ਗ੍ਰਹਿ ਫੇਰੂ ਸ਼ਹਿਰ
- G18L060 ੪ ਮਾਘ ੨੦੨੧ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਜੇਠੂਵਾਲ
- G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1
- Granth01 Likhat 073 ੨੩ ਫੱਗਣ ੨੦੦੭ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ