ਹਰਿ ਸੰਗਤ ਤੇਰੇ ਦਰਸ਼ਨ ਨੂੰ,
ਘਰ ਚਲ ਪਰਮੇਸ਼ਰ ਆਇਆ |
ਹਰਿ ਸੰਗਤ ਤੇਰਾ ਓਹ ਦੁਵਾਰਾ,
ਜਿਸ ਘਰ ਵਸੇ ਸਦਾ ਨਿਰੰਕਾਰਾ,
ਨਿਰਗੁਣ ਆਪਣੀ ਦਇਆ ਕਮਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਹਰਿ ਸੰਗਤ ਤੇਰਾ ਉਹ ਮੁਨਾਰਾ,
ਇਕੋ ਵੇਖੇ ਵੇਖਣਹਾਰਾ,
ਦੂਜਾ ਨਜ਼ਰ ਕਿਸੇ ਨਾ ਆਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਹਰਿ ਸੰਗਤ ਤੇਰਾ ਅਗੰਮ ਪਿਆਰਾ,
ਅੰਦਰ ਬਾਹਰ ਗੁਪਤ ਜ਼ਾਹਰਾ,
ਨਾਤਾ ਸਤਿਜੁਗ ਚਰਨ ਜੂੜਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਹਰਿ ਸੰਗਤ ਤੇਰਾ ਘਰ ਬਾਰਾ,
ਪ੍ਰਭ ਨੂੰ ਮਿਲਿਆ ਧਾਮ ਥਾਰਾ,
ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਹਰਿ ਸੰਗਤ ਤੇਰਾ ਸੋਹਣਾ ਆਸਣ,
ਜਿਥੇ ਸੋਹੇ ਪੁਰਖ ਅਬਿਨਾਸ਼ਣ,
ਸਨਮੁਖ ਹੋ ਕੇ ਦਰਸ ਵਖਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਹਰਿ ਸੰਗਤ ਤੇਰੀ ਸੋਹਣੀ ਸੇਜਾ,
ਜੋਤੀ ਜਲਵਾ ਨੂਰੀ ਤੇਜਾ,
ਸ਼ਬਦੀ ਰਾਗ ਸੁਣਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ,
ਕਿਰਪਾ ਨਿਧਾਨ ਆਪਣੀ ਖੇਲ ਰਚਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਗੁਰਮੁਖੋ ਮੈਨੂੰ ਦਰੋ ਦਿਖਾਓ,
ਜੁਗ ਜੁਗ ਦੀ ਪਿਆਸ ਬੁਝਾਓ,
ਪ੍ਰੇਮ ਪ੍ਰੀਤੀ ਰੰਗ ਚੜ੍ਹਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਗੁਰਮੁਖੋ ਮੈਨੂੰ ਦਿਓ ਦੀਦਾਰ,
ਆਪਣੇ ਨਾਲ ਸਾਂਝਾ ਕਰੋ ਪਿਆਰ,
ਵਖਰਾ ਰਹਿਣ ਮੈਨੂੰ ਕਦੇ ਨਾ ਭਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਗੁਰਮੁਖੋ ਮੇਰੇ ਨਾਲ ਮਿਲਾਓ ਨੈਣ,
ਮੈਂ ਤੁਹਾਡੇ ਅੰਦਰ ਆਇਆ ਬਹਿਣ,
ਲੱਖ ਚੁਰਾਸੀ ਜਗਤ ਤਜਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਮੇਰੇ ਨਾਲ ਮਿਲਾਓ ਅੱਖ,
ਮੈਂ ਆਪਣਾ ਭੇਤ ਦੇਵਾਂ ਦੱਸ,
ਅੰਦਰੋਂ ਪਰਦਾ ਦਵੈਤ ਚੁਕਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਮੇਰੇ ਨਾਲ ਮਿਲਾਓ ਨੇਤਰ,
ਤੁਹਾਡਾ ਲਹਿਣਾ ਚੁਕਾਵਾਂ ਛੇਕੜ,
ਅੱਗੇ ਲੇਖਾ ਮੰਗਣ ਕੋਇ ਨਾ ਆਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਜਨ ਭਗਤੋ ਮੇਰੇ ਨਾਲ ਮਿਲਾਓ ਹੱਥ,
ਮੈਂ ਓਹੀ ਪੁਰਖ ਸਮਰਥ,
ਜੋ ਜੁਗ ਜੁਗ ਵੇਸ ਵਟਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਸਚਖੰਡ ਦਵਾਰਿਉਂ ਆਇਆ ਨੱਸ,
ਤੁਹਾਡੇ ਅੰਦਰ ਜਾਵਾਂ ਵਸ,
ਵਸਲ ਇਕੋ ਯਾਰ ਕਰਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਮੇਰਾ ਨਾਤਾ ਹੋਵੇ ਪੱਕ,
ਵੇਖੋ ਪਿਆਰ ਕਰਦਿਆਂ ਨਾ ਜਾਵਾਂ ਥਕ,
ਥਕਾਵਟ ਪਿਛਲੀ ਦਿਆਂ ਗਵਾਈਆ |
ਜੇ ਪਿਛੇ ਗੋਬਿੰਦ ਗਿਆ ਛੱਡ,
ਹੁਣ ਕਦੇ ਨਾ ਹੋਵਾਂ ਅੱਡ,
ਵੱਖਰੀ ਧਾਰ ਨਾ ਕੋਇ ਰਖਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਜੇ ਬੱਧਕ ਲਿਆ ਸਦ,
ਮੈਂ ਪਾਰ ਕਰ ਕੇ ਆਇਆ ਹੱਦ,
ਮਹਿਦੂਦ ਹੋ ਕੇ ਤੁਹਾਡੇ ਅੰਦਰ ਡੇਰਾ ਲਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਮੈਂ ਖੁਸ਼ੀਆਂ ਨਾਲ ਗਾਵਾਂ ਤੁਹਾਡਾ ਜਸ,
ਤੁਸਾਂ ਅੱਗੋਂ ਮਿਲਣਾ ਹਸ,
ਮੈਂ ਆਪਣੀ ਹਸਤੀ ਤੁਹਾਡੀ ਮਸਤੀ ਵਿਚ ਰਖਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਮਾਰਗ ਇਕੋ ਦੇਵਾਂ ਦੱਸ,
ਜਪ ਤਪ ਕੋਈ ਕਰਨਾ ਪਏ ਨਾ ਹਠ,
ਬਿਨ ਪੜ੍ਹਿਆਂ ਪਾਰ ਲੰਘਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰
ਏਥੇ ਓਥੇ ਲਵਾਂ ਰੱਖ,
ਝੋਲੀ ਪਾ ਕੇ ਹਕੀਕਤ ਹਕ,
ਹਾਕਮ ਧੁਰ ਦੇ ਦੇਵਾਂ ਬਣਾਈਆ |
ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ,
ਪ੍ਰੀਤ ਪ੍ਰੀਤੀ ਅੰਦਰ ਤੁਹਾਡੇ ਅੱਗੇ ਜਾਏ ਢਠ,
ਆਪਣਾ ਬਲ ਨਾ ਕੋਇ ਰਖਾਈਆ |
ਹਰਿ ਸੰਗਤ ਤੇਰੇ ਦਰਸ਼ਨ ਨੂੰ ॰ ॰ ॰ ॰ ॰