ਕ੍ਰਿਸ਼ਨ ਤੋਂ ਸ਼ੇਰ ਸਿੰਘ ਬਣ ਆਇਆ । ਸੋਹੰ ਸ਼ਬਦ ਜਿਨ ਜਾਪ ਕਰਾਇਆ । ਗੁਰਸਿਖਾਂ ਮਨ ਆਪ ਵਸਾਇਆ । ਦਸਵੇਂ ਦਵਾਰ ਦਾ ਪਰਦਾ ਲਾਹਿਆ । ਇਹ ਨੇਤਰ
ਪ੍ਰਭ ਆਪ ਖੁਲ੍ਹਾਇਆ । ਅੰਮ੍ਰਿਤ ਝਿਰਨਾ ਨਿਝਰੋਂ ਝਿਰਾਇਆ । ਨਾਭ ਕਵਲ ਵਿਚ ਹੈ ਪਾਇਆ । ਸਾਰਾ ਸੰਸਾ ਜੀਵ ਦਾ ਲਾਹਿਆ । ਨਾੜ ਮਾਸ ਦੇ ਪਿੰਜਰ ਵਿਚੋਂ ਹਰਿ ਨਜ਼ਰੀ ਆਇਆ । ਨਿਜ ਘਰ ਵਸੇ ਆਪਣਾ ਆਪ ਛੁਪਾਇਆ । ਕਿਰਪਾ ਕੀਤੀ ਪ੍ਰਭ ਇਹ ਪਰਦਾ ਲਾਹਿਆ । ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਸੁਣਾਇਆ । ਸਚਖੰਡ ਵਸਿਆ ਨਿਰੰਕਾਰ । ਸਭ ਸ੍ਰਿਸ਼ਟ ਈਸ਼ਰ ਆਕਾਰ । ਜੀਵ ਜੰਤ ਮੇਰੀ ਜੋਤ ਅਧਾਰ । ਸੱਚਾ ਆਪ ਸਚ ਕਰਤਾਰ । ਵਿਛੜਿਆਂ ਮੇਲੇ ਮੇਲ ਮਿਲਾਵਣਹਾਰ । ਗੁਰ ਸੱਚਾ ਖ਼ਸਮ ਸਭ ਜਗਤ ਹੈ ਨਾਰ । ਮਹਿੰਮਾ ਗੁਰ ਦੀ ਹੈ ਅਪਰ ਅਪਾਰ । ਬੂਝੇ ਕੋਈ ਗੁਣ ਵੀਚਾਰ । ਨਜ਼ਰ ਨਾ ਆਵੇ ਕਿਸੇ ਗੁਰ ਕਰਤਾਰ । ਸਾਧ ਸੰਗਤ ਪ੍ਰਭ ਦੇਤ ਅਧਾਰ । ਡੁੱਬਦੇ ਪੱਥਰ ਲਵੇ ਤਾਰ । ਹੋਵੇ ਮਿਹਰਵਾਨ ਜਾਂ ਆਪ ਦਾਤਾਰ । ਗੁਰਸਿਖਾਂ ਨੂੰ ਗੁਰ ਲਾਵੇ ਪਾਰ । ਗਿਆਨ ਗੋਝ ਗੁਰ ਗਿਆਨ ਵਿਚਾਰ । ਚਰਨ ਕਵਲ ਸੰਗ ਰੱਖੋ ਪਿਆਰ । ਆਦਿ ਅੰਤ ਪ੍ਰਭ ਏਕੰਕਾਰ । ਮਹਾਰਾਜ ਸ਼ੇਰ ਸਿੰਘ ਸਿਰਜਣਹਾਰ । ਜਿਸ ਨੇ ਪਸਰਿਆ ਇਹ ਸੰਸਾਰ । ਝੂਠੀ ਦੇਹ ਝੂਠਾ ਸੰਸਾਰ । ਝੂਠੀ ਮਾਇਆ ਝੂਠਾ ਆਕਾਰ । ਜੂਠ ਝੂਠ ਵਿਚ ਡੁੱਬਾ ਸੰਸਾਰ । ਕਰਮ ਧਰਮ ਦੀ ਕੋਈ ਨਾ ਕਰੇ ਵੀਚਾਰ । ਕਲਜੁਗ ਆਇਆ ਅੰਤ ਕਲ ਧਾਰ । ਮਾਇਆ ਵਿਚ ਰੁੜ੍ਹਿਆ ਸੰਸਾਰ । ਭਇਆ ਪ੍ਰਗਟ ਨਿਹਕਲੰਕ ਅਵਤਾਰ । ਜੋ ਹੈ ਆਪਣੀ ਜੋਤ ਅਧਾਰ । ਜੀਵ ਜੰਤ ਇਹ ਆਪ ਉਪਜਾਏ । ਮਾਇਆ ਵਿਚ ਭਰਮੇ ਭੁਲਾਏ । ਗੁਰ ਘਰ ਦੀ ਨਾ ਸੋਝੀ ਪਾਏ । ਗੁਰ ਸੱਚਾ ਨਾ ਨਜ਼ਰੀ ਆਏ । ਕਲੂ ਕਾਲ ਵਿਚ ਕਰਦੇ ਹਾਏ ਹਾਏ । ਅੰਤ ਕਾਲ ਕੋਈ ਨਾ ਛੁਡਾਏ । ਜਮਦੂਤਾਂ ਦੇ ਪ੍ਰਭ ਵਸ ਪਾਏ । ਧਰਮ ਰਾਏ ਦਏ ਸਜ਼ਾਏ । ਕੁੰਭੀ ਨਰਕ ਉਨ੍ਹਾਂ ਪਾਏ । ਪਾਪੀ ਹਾਹਾਕਾਰ ਕਰਨ ਬਿਲਲਾਏ । ਬਿਨ ਗੁਰ ਨਾਮ ਨਾ ਕੋਈ ਬੰਨੇ ਲਾਏ । ਗੁਰਚਰਨ ਸੰਗ ਕਰੇ ਪਿਆਰ । ਗੁਰ ਕਾ ਸਿੱਖ ਹੈ ਉਤਰੇ ਪਾਰ । ਸਦ ਬਖ਼ਸ਼ੰਦ ਗੁਰ ਬਖ਼ਸ਼ਣਹਾਰ । ਡੁੱਬਿਆਂ ਤਾਈਂ ਦੇਵੇ ਤਾਰ । ਸ਼ਬਦ ਨਾਮ ਦੀ ਵੱਜੇ ਤਾਰ । ਮੁਖੋਂ ਨਿਕਲੇ ਕਰਤਾਰ ਕਰਤਾਰ ।