G01L22 ੫ ਚੇਤ ੨੦੦੭ ਬਿਕ੍ਰਮੀ harbani

     ਪੰਜ ਚੇਤ ਦਾ ਦਿਨ ਸੀ ਆਇਆ ।  ਸਤਿਗੁਰ ਪੂਰੇ ਖੇਲ ਰਚਾਇਆ । ਵਿਚ ਬੁੱਘੀਂ ਡੇਰਾ ਲਾਇਆ । ਬਾਣੀ ਰਚਨ ਦਾ ਦਿਨ ਮਨਾਇਆ । ਪੂਰੀ

ਬਿਧ ਆਪ ਬਤਾਈ । ਫਿਰ ਬਾਣੀ ਦੀ ਲਿਖਤ ਕਰਾਈ । ਸਾਧ ਸੰਗਤ ਗੁਰ ਕੋਲ ਬਹਾਈ । ਪੂਰਨ ਸਿੱਖ ਜਿਨ੍ਹਾਂ ਸੇਵ ਕਮਾਈ । ਮਹਾਰਾਜ ਸ਼ੇਰ ਸਿੰਘ ਜੋਤ ਜਗਾਈ । ਜੁਗ ਚਾਰ ਜੈ ਜੈਕਾਰ ਕਰਾਈ । ਸਚ ਤਖ਼ਤ ਗੁਰ ਆਪ ਬਣਾ ਕੇ । ਬਾਣੀ ਬੋਹਥ ਜੋਤ ਪ੍ਰਗਟਾ ਕੇ । ਚੇਤ ਪੰਜਵੀਂ ਦਿਨ ਮਨਵਾ ਕੇ । ਅੰਮ੍ਰਿਤ ਰੂਪੀ ਬਾਣੀ ਲਿਖਵਾ ਕੇ ।  ਸਤਿਗੁਰ ਮਨੀ ਸਿੰਘ ਕੋਲ ਬਹਾ ਕੇ । ਕਰੋੜ ਤੇਤੀਸ ਸੰਗ ਰਲਾ ਕੇ । ਮੰਗਲਾਚਾਰ ਕਰਨ ਘਰ ਆ ਕੇ । ਗੁਰ ਪੂਰੇ ਦਾ ਦਰਸ਼ਨ ਪਾ ਕੇ । ਅਨਹਦ ਸ਼ਬਦ ਮਨ ਧੁਨ ਵਜਾ ਕੇ । ਚਤੁਰਭੁਜ ਆਪ ਪ੍ਰਭ ਆ ਕੇ । ਮਹਾਰਾਜ ਸ਼ੇਰ ਸਿੰਘ ਦਇਆ ਕਮਾ ਕੇ । ਸੋਹੰ ਸ਼ਬਦ ਦੀ ਲਿਖਤ ਕਰਾ ਕੇ । ਸੋਹੰ ਸ਼ਬਦ ਹੋਵੇ ਭਰਪੂਰ । ਸਚ ਗੁਰ ਮੰਤਰ ਆਸਾ ਪੂਰ । ਜੋ ਜਨ ਸਿਮਰੇ ਚਿੰਤਾ ਦੂਰ । ਜਮ ਜੰਦਾਰ ਕਰੇ ਪ੍ਰਭ ਚੂਰ । ਸਾਧ ਸੰਗਤ ਦੀ ਆਸਾ ਪੂਰ । ਮਹਾਰਾਜ ਸ਼ੇਰ ਸਿੰਘ ਸਦਾ ਹਜ਼ੂਰ । ਅੰਤ ਕਾਲ ਆਪ ਪ੍ਰਭ ਆਇਆ । ਤਜ ਦੇਹ ਜੋਤ ਪ੍ਰਗਟਾਇਆ । ਕਲੂ ਕਾਲ ਦਾ ਕਾਲ ਕਰਾਇਆ । ਡੰਡ ਪ੍ਰਚੰਡ ਸਭਨ ਨੂੰ ਲਾਇਆ । ਜੀਵ ਨਾਸ ਨੂੰ ਜੀਵ ਉਪਾਇਆ । ਘਰ ਘਰ ਦੇਵਤਾ ਅਗਨ ਲਗਾਇਆ । ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਚ ਸੁਚ ਕਰ ਭਸਮ ਬਹਾਇਆ । ਖੈ ਕਰਨ ਜਗਤ ਆਪ ਪ੍ਰਭ ਆਇਆ । ਵੀਹ ਸੌ ਸੱਤ ਵਿਚ ਇਹ ਖੇਲ ਰਚਾਇਆ । ਹਾਹਾਕਾਰ ਕਰ ਜਗਤ ਰਵਾਇਆ । ਮਹਾਰਾਜ ਸ਼ੇਰ ਸਿੰਘ ਚੋਜ ਵਖਾਇਆ ।  ਸਚਖੰਡ ਕਿਰਪਾ ਪ੍ਰਭ ਕਰੀ । ਮਾਤਲੋਕ ਵਿਚ ਦੇਹ ਪ੍ਰਭ ਧਰੀ । ਕਲਜੁਗ ਜੀਵ ਨਾ ਬੁਝਿਆ ਹਰੀ । ਪੂਰਨ ਸਿੱਖਣ ਤੇ ਪ੍ਰਭ ਕਿਰਪਾ ਕਰੀ । ਦਿਤਾ ਦਰਸ ਸ਼ੇਰ ਸਿੰਘ ਵਰੀ । ਗੁਰ ਸਿੱਖਨ ਨੂੰ ਦਰਸ ਦਿਖਾਵੇ । ਆਪਣੀ ਮਹਿੰਮਾ ਆਪ ਗਣਾਵੇ । ਬੇਮੁਖ ਨਾ ਸੀਸ ਨਿਵਾਵੇ । ਸਿਦਕੀ ਸਿੱਖ ਸੰਗਤ ਵਿਚ ਰਲਾਵੇ । ਮਾਸ ਸ਼ਰਾਬ ਨਾ ਰਸਨੀ ਲੁਆਵੇ । ਮਹਾਰਾਜ ਸ਼ੇਰ ਸਿੰਘ  ਆਪਣਾ ਨਾਮ ਜਪਾਵੇ । ਮੈਂ ਹਾਂ ਪ੍ਰਗਟਿਆ ਵਿਸ਼ਨੂੰ ਭਗਵਾਨ । ਭਗਤ ਜਨਾਂ ਹੋਵੇ ਕਲਿਆਣ । ਮਨੀ ਸਿੰਘ ਕਰੇ ਪਛਾਣ । ਫਿਰ ਪਾਵੇ ਗੁਰ ਗੱਦੀ ਦਾ ਮਾਣ । ਮੈਂ ਪਿਤਾ ਉਹ ਪੂਤ ਸਮਾਨ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ । ਮੇਰੀ ਮਹਿੰਮਾ ਅਪਰ ਅਪਾਰ । ਜੁਗੋ ਜੁਗ ਮੇਰਾ ਪਸਾਰ । ਕਦੇ ਜੋਤ ਸਰੂਪ ਕਦੇ ਦੇਹ ਧਾਰ । ਜੁਗੋ ਜੁਗ ਲਵਾਂ ਅਵਤਾਰ । ਨਿਰਗੁਣ ਸਰਗੁਣ ਸਰੂਪ ਨਿਸਤਾਰ । ਜੀਵ ਜੰਤ ਮੇਰੀ ਜੋਤ ਅਧਾਰ । ਤੀਨ ਲੋਕ ਮੇਰਾ ਪਸਾਰ । ਮਹਾਰਾਜ ਸ਼ੇਰ ਸਿੰਘ ਜਗਤ ਉਧਾਰ । ਸੁਣ ਕੇ ਨਾਮ ਜੀਵ ਉਤਰੇ ਪਾਰ । ਸਰਬ ਥਾਏਂ ਮੇਰਾ ਹੈ ਗਵਣ । ਤੀਨ ਲੋਕ ਮੇਰਾ ਹੈ ਭਵਨ । ਸੋਹੰ ਸ਼ਬਦ ਮੇਰਾ ਹੈ ਹਵਨ । ਜੀਵ ਉਧਾਰ ਆਪ ਗੁਰ ਪਵਣ । ਅੰਤ ਕਾਲ ਕਲੂ ਤਾਈਂ ਖਪਾਇਆ । ਦੁਸ਼ਟਾਂ ਹੰਕਾਰੀਆਂ ਨੂੰ ਭਸਮ ਕਰਾਇਆ । ਮਦਿ ਮਾਸ ਦਾ ਨਾਸ ਕਰਾਇਆ । ਕੁੰਭੀ ਨਰਕ ਇਨ੍ਹਾਂ ਨੂੰ ਪਾਇਆ । ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਨਹੀਂ ਧਿਆਇਆ । ਪੂਰਨ ਗੁਰ ਕਰ ਸਚ ਵਖਾਇਆ । ਜੋ ਜਨ ਚਲੇ ਮੇਰੇ ਭਾਏ । ਸੋਹੰ ਸ਼ਬਦ ਸੰਗ ਮਨ ਲਗਾਏ । ਮਨ ਦੀ ਦੁਬਧਾ ਮੈਲ ਗਵਾਏ । ਪ੍ਰਭ ਪੂਰੇ ਦੀ ਸੇਵ ਕਮਾਏ । ਮਧ ਮਾਸ ਨੂੰ ਹੱਥ ਨਾ ਲਾਏ । ਗੁਰਸਿਖਾਂ ਸੰਗ ਗੁਰਸਿਖ ਬਣ ਜਾਏ । ਖੋਲ੍ਹ ਕਪਾਟ ਗੁਰ ਦਰਸ ਦਿਖਾਏ । ਚਰਨ ਕਵਲ ਵਿਚ ਲਏ ਮਿਲਾਏ । ਜ਼ਾਤ ਪਾਤ ਦਾ ਮਾਣ ਗਵਾਏ । ਚਾਰ ਵਰਨ ਪ੍ਰਭ ਇਕ ਕਰਾਏ । ਬ੍ਰਹਮ ਸੇ ਉਪਜੇ ਬ੍ਰਹਮ ਮਾਹਿ ਸਮਾਏ । ਜੋਤ ਸਰੂਪ ਸੰਗ ਜੋਤ ਪ੍ਰਗਟਾਏ । ਕੋਈ ਪ੍ਰਭ ਦਾ ਭੇਤ ਨਾ ਪਾਏ । ਦਇਆ ਧਾਰ ਕਲਜੁਗ ਵਿਚ ਆਏ । ਪੰਜ ਤੱਤ ਵਿਚ ਜੋਤ ਜਗਾਏ । ਮਹਾਰਾਜ ਸ਼ੇਰ ਸਿੰਘ ਨਾਮ ਰਖਾਏ । ਜਿਨ ਵੇਖਿਆ ਤਿਨ ਨਦਰੀ ਆਏ । ਸਾਧ ਸੰਗਤ ਗੁਰ ਦਰਸ ਦਿਖਾਏ । ਸੋਹੰ ਸ਼ਬਦ ਗੁਰ ਨਾਮ ਪ੍ਰਗਟਾਏ । ਮੈਂ ਹਾਂ ਪ੍ਰਗਟਿਆ ਗੁਰ ਗੋਬਿੰਦ । ਸਦ ਮਿਹਰਵਾਨ ਸਦਾ ਬਖ਼ਸ਼ਿੰਦ । ਕਲਜੁਗ ਵਿਚ ਭਇਆ ਮਰਗਿੰਦ । ਜਿਸ ਨੇ ਵਗਾਈ ਉਲਟੀ ਸਿੰਧ । ਸਾਰੇ ਜਗਤ ਤੋਂ ਕਰਾਏ ਨਿੰਦ । ਕਾਲ ਰੂਪ ਹੋਏ ਨਿਕਾਲੇ ਜਿੰਦ । ਪ੍ਰਗਟ ਹੋਵੇ ਫਿਰ ਆਪ ਵਿਚ ਹਿੰਦ । ਜਮਨ ਕਿਨਾਰੇ ਵਾਸੀ ਘਵਿੰਡ । ਮਹਾਰਾਜ ਸ਼ੇਰ ਸਿੰਘ ਜੋਤ ਜਗਤ ਜਿੰਦ । ਜਮਨ ਕਿਨਾਰੇ ਧਾਮ ਰਚੌਣਾ । ਜਿਥੇ  ਸਤਿਗੁਰ ਤਖ਼ਤ ਰਚੌਣਾ ।  ਸਤਿਗੁਰ ਮਨੀ ਸਿੰਘ ਉਪਰ ਬਹੌਣਾ । ਮਹਾਰਾਜ ਸ਼ੇਰ ਸਿੰਘ ਹੋ ਪ੍ਰਗਟ ਔਣਾ । ਦਿਲੀਉਂ ਨੇੜੇ ਜਲ ਦੀ ਧਾਰ । ਚੋਜ ਕਰੇ ਜਿਥੇ ਕਰਤਾਰ । ਸੰਗਤ ਜੁੜੇ ਅਪਰ ਅਪਾਰ । ਕਰ ਕੇ ਦਰਸ ਸਿੱਖ ਉਧਰਨ ਪਾਰ ।