Introduction to Janamsakhi

                     ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ |

ਮਹਾਰਾਜ ਪੂਰਨ ਸਿੰਘ ਜੀ ਫੌਜ ਵਿਚ ਨੌਕਰੀ ਕਰਦੇ ਸਨ | ਫੌਜ ਵਿਚੋਂ ਪਾਤਸ਼ਾਹ ਜੀ ਨੇ ਆਪਣੇ ਸਿਖ 

ਭਾਈਆ ਤੇਜਾ ਸਿੰਘ ਪੁੱਤਰ ਸ਼੍ਰੀ ਮਾਣਾ ਸਿੰਘ ਭੁੱਚਰ ਵਾਲੇ ਨੂੰ ਪੱਤਰ ਲਿਖਿਆ ਕਿ ਅਸੀਂ ਪਹਿਲੀ ਮਾਘ ਸੰਮਤ ੨੦੦੮ ਨੂੰ ਬੁੱਘੀਂ ਆ ਰਹੇ ਹਾਂ | ਆਪ ਨੇ ਜਨਮ ਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਜੀ ਦੀ ਬਨਾਉਣ ਬਾਰੇ ਬੇਨੰਤੀ ਕਰਨੀ ਹੈ, ਕਿਉਂਕਿ ਸਾਨੂੰ ਸ਼ਹਿਨਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਪੱਕੀ ਕਰ ਰਹੇ ਹਨ ਕਿ ਸਾਡੀ ਜਨਮ ਸਾਖੀ ਬਣਾਈ ਜਾਵੇ | ਇਸ ਚਿੱਠੀ ਮਿਲਣ ਤੇ ਭਾਈਆ ਤੇਜਾ ਸਿੰਘ ਬੇਬੇ ਬੰਸੋ ਕਲਸੀਆਂ ਵਾਲੀ ਕੋਲ ਗਿਆ ਤੇ ਕਿਹਾ ਕਿ ਆਹ ਚਿੱਠੀ ਹਜੂਰ ਸੱਚੇ ਪਾਤਸ਼ਾਹ ਜੀ ਦੀ ਆਈ ਹੈ, ਜਨਮ ਸਾਖੀ ਬਨਾਉਣ ਬਾਰੇ | ਤਾਂ ਕਲਸੀਆਂ ਵਾਲੀ ਸੰਗਤ ਤੇ ਆਈ ਹਾਜਰ ਸੰਗਤ ਨੇ ਬੜੀ ਖ਼ੁਸ਼ੀ ਮਨਾਈ | ਹੁਕਮ ਅਨੁਸਾਰ ਭਾਈਆ ਤੇਜਾ ਸਿੰਘ ਤੇ ਬੇਬੇ ਬੰਸੋ ਤੇ ਹੋਰ ਸੰਗਤਾਂ ਵੀ ਪਹਿਲੀ ਮਾਘੀ ਬਿਕ੍ਰਮੀ ੨੦੦੮ ਨੂੰ ਬੁਘੀਂ, ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਗਏ | ਦਰਸ਼ਨ ਕਰ ਕੇ ਸੰਗਤਾਂ ਬੜੀਆਂ ਨਿਹਾਲ ਹੋਈਆਂ | ਰਾਤੀਂ ਵਿਹਾਰ ਸ਼ੁਰੂ ਹੋਇਆ | ਹੁਕਮ ਅਨੁਸਾਰ ਭਾਈਆ ਤੇਜਾ ਸਿੰਘ ਨੇ ਜਨਮ ਸਾਖੀ ਹਜੂਰ ਮਹਾਰਾਜ ਸ਼ੇਰ ਸਿੰਘ ਜੀ ਦੀ ਬਨਾਉਣ ਬਾਰੇ ਬੇਨੰਤੀ ਕੀਤੀ | ਬੇਨੰਤੀ ਕਰਨ ਤੇ ਪਾਤਸ਼ਾਹ ਕਿਹਾ ਕਿ ਬੇਬੇ ਬੰਸੋ ਲਿਖੇਗੀ ਤੇ ਤੂੰ ਲਿਖਾਵੇਂਗਾ | ਤੇਜਾ ਸਿੰਘ ਬੇਨੰਤੀ ਕੀਤੀ ਕਿ ਪਾਤਸ਼ਾਹੋ ਮੈਂ ਤਾਂ ਅਨਪੜ੍ਹ ਹਾਂ | ਮੇਰੇ ਤਾਂ ਇਕ ਸ਼ਬਦ ਵੀ ਯਾਦ ਨਹੀਂ ਤੇ ਮੈਂ ਕਿਸ ਤਰ੍ਹਾਂ ਜਨਮ ਸਾਖੀ ਲਿਖਵਾ ਦੇਵਾਂਗਾ ਜੀ | ਇਹ ਤਾਂ ਬੜੀ ਵੱਡੀ ਜੁਮੇਂਵਾਰੀ ਵਾਲੀ ਗੱਲ ਹੈ ਜੀ | ਪਾਤਸ਼ਾਹ ਕਿਹਾ ਕਿ ਇਹ ਤਾਂ ਅਸੀਂ ਹੀ ਲਿਖਵਾਉਣੀ ਹੈ ਅਸੀਂ ਆਪੇ ਲਿਖਵਾ ਦੇਵਾਗੇ | ਤੂੰ ਲਿਖਾਉਣ ਵੇਲੇ ਸਾਡੇ ਪਲੰਘ ਤੋਂ ਮੋਰ ਦੇ ਖੰਬਾਂ ਵਾਲੇ ਚੌਰ ਚੋਂ ਇਕ ਟਿੱਕੀ ਲੈ ਲਵੀਂ ਤੇ ਲਿਖਾਉਣ ਵੇਲੇ ਆਪਣੀ ਪਗੜੀ ਵਿਚ ਟੰਗ ਲਵੀਂ ਤੇ ਲਿਖਵਾਈ ਜਾਵੀਂ | ਜਦ ਲਿਖਾਈ ਬੰਦ ਕਰਨੀ ਹੋਵੇ ਤਾਂ ਇਹ ਖੰਬ ਦੀ ਟਿਕੀ ਸਾਡੇ ਪਲੰਘ ਤੇ ਰੱਖ ਦਿਆ ਕਰੀਂ | ਏਸੇ ਤਰ੍ਹਾਂ ਭਾਈਆ ਤੇਜਾ ਸਿੰਘ ਨੇ ਏਹ ਸੇਵਾ ਹੁਕਮ ਅਨੁਸਾਰ ਕੀਤੀ ਹੈ ਜੀ | ਬੇਬੇ ਬੰਸੋ ਨੇ ਆਪਣੀ ਕਲਮ ਨਾਲ ਲਿਖੀ ਹੈ ਜੀ | ਬੇਬੇ ਨੂੰ ਲਿਖਾਈ ਸ਼ੁਰੂ ਕਰਨ ਤੋਂ ੮-੧੦ ਦਿਨ ਮਗਰੋਂ ਇਹ ਵੀ ਹੁਕਮ ਹੋਇਆ ਕਿ ਹਰ ਇਕ ਪੰਨੇ ਤੇ ਸੋਹੰ ਜਰੂਰ ਹੀ ਲਿਖਣਾ ਹੈ ॥