ਪਹਿਲੀ ਹਾੜ ਭਗਤ ਪ੍ਰਕਾਸ਼ ( PEHILI HARH BHAGAT PARKASH ) – ਸ਼ਬਦ

੧੯(19) ਹਾੜ ਸੰਮਤ ੨੦੧੧(2011) ਬਿਕ੍ਰਮੀ ਨੂੰ ਬਿਆਸਾ ਸਾਵਣ ਸਿੰਘ ਦੇ ਡੇਰੇ ਤੋਂ ਹੁੰਦੇ ਹੋਏ ਸਤਿਗੁਰਾਂ ਭਲਾਈਪੁਰ ਡੋਗਰਾ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਚਰਨ ਪਾਏ, ਅਤੇ ਅਗਲੇ ਦਿਨ ਡਾ. ਪਾਲ ਸਿੰਘ ਦੇ ਗ੍ਰਹਿ ਬਾਦ ਦੁਪਹਿਰ ੨੦(20) ਹਾੜ ੨੦੧੧(2011) ਨੂੰ ਨਿਮਨ ਲਿਖਤ ਸ਼ਬਦ ਉਚਰਨਾ  ਕਰ ਕੇ ਇਹ ਵਰ ਦਿਤਾ ਕਿ ਜੋ ਭੀ ਪ੍ਰਾਣੀ ਇਹ ਸ਼ਬਦ ਸ਼ੁਧ ਹਿਰਦੇ ਨਾਲ ਰਾਤ ਨੂੰ ਸੌਣ ਸਮੇਂ ਪੰਜ ਵਾਰ ਪੜ੍ਹ ਕੇ ਸੌਵੇਂਗਾ ਉਸ ਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ ।

   

     ਪਹਿਲੀ ਹਾੜ ਭਗਤ ਪ੍ਰਕਾਸ਼ । ਹਰਿ ਦਾਸਨ ਦਾਸ ਨਿਝ ਘਰ ਵਾਸ । ਆਪੇ ਚਲੇ ਸਵਾਸ ਸਵਾਸ । ਸਦਾ ਵਸੇ ਆਸ ਪਾਸ । ਸਚ ਸੁਨੇਹੜਾ ਏਕਾ ਘੱਲੇ, ਸਚ ਮੰਡਲ ਦੀ  ਸਾਚੀ  ਰਾਸ ।  ਧੁਰ ਦਰਗਾਹੋਂ ਆਇਆ ਥੱਲੇ, ਗੁਰਸਿੱਖ ਆਤਮ ਕਰੇ ਨਿਵਾਸ ।  ਏਕਾ ਵਸੇ ਧਾਮ ਅਕੱਲੇ ਸਚ ਮਹੱਲੇ, ਆਦਿ ਅੰਤ ਨਾ ਜਾਏ ਵਿਨਾਸ । ਗੁਰਮੁੱਖ ਸਾਚਾ ਸਦਾ ਜਗ ਫਲੇ ਫੁੱਲੇ,  ਪੁਰਖ ਅਭਿਨਾਸ਼ੀ ਜਿਸ ਹੋਇਆ ਦਾਸ ।  ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਏਕਾ ਜੋਤੀ ਏਕ ਨੂਰ, ਸਰਬ ਕਲਾ ਭਰਪੂਰ, ਮਾਤ ਪਤਾਲ ਅਕਾਸ਼ ।

     ਦੂਜਾ ਦੋਏ ਕਰੇ ਅਕਾਰ । ਨਿਰਗੁਣ ਸਰਗੁਣ ਖੇਲ ਅਪਾਰ ।  ਸਾਚੀ ਜੋਤੀ ਆਪ ਟਿਕਾਏ ਸਚ ਮਹੱਲ, ਕਾਇਆ ਕਰ ਅਕਾਰ । ਸ਼ਬਦ ਸੁਨੇਹੜਾ ਰਿਹਾ ਘੱਲ, ਲੱਖ ਚੁਰਾਸੀ ਕਰਨੀ ਖ਼ਬਰਦਾਰ । ਅੰਤ ਕਰਾਏ ਜਲ ਥਲ, ਬੇਮੁਖ ਵਹਾਏ ਵਹਿੰਦੀ ਧਾਰ । ਕਲਜੁਗ ਤੇਰਾ ਅੰਤਮ ਥਲ, ਆਤਮ ਹੰਕਾਰੀ ਜਗਤ ਵਿਕਾਰੀ ਹੋਵਣ ਛਾਰ । ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਕਰੇ ਭੰਡਾਰ ।

     ਤੀਜਾ ਤਿੰਨਾਂ ਲੋਕਾਂ ਧਾਰਾ । ਹੋਇਆ ਹਰਿ ਸ਼ਬਦ ਅਸਵਾਰਾ . ਰੂਪ ਰੰਗ  ਕਿਸੇ ਦਿਸ ਨਾ ਆਏ, ਕਰੇ ਖੇਲ ਅਪਰ ਅਪਾਰਾ ।  ਗੁਰਮੁਖਾਂ ਆਤਮ ਜਗਤ ਤ੍ਰਿਸ਼ਨਾ ਵਿਸ਼ ਗਵਾਏ ਅੰਮ੍ਰਿਤ ਦੇਵੇ ਸਾਚੀ ਧਾਰਾ ।  ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਆਂ ਪਾਵੇ ਸਾਰਾ ।

     ਚੌਥੇ ਚਾਰ ਦਰ ਦਰਵਾਜੇ । ਆਪੇ ਜਾਣੇ ਗਰੀਬ ਨਿਵਾਜੇ ।  ਜਿਥੇ ਬੈਠ ਗੁਰ ਪੀਰ ਪੈਗ਼ੰਬਰ ਜਨ ਭਗਤਾਂ ਸਾਜਨ ਸਾਜੇ । ਪੰਚਮ ਦੇਸ ਇਕ ਆਇਆ ਹਰਿ ਹਿਸੇ, ਹੋਰ ਕਿਸੇ ਨਾ ਦਿਸੇ, ਸ਼ਬਦ ਸਰੂਪੀ ਮਾਰੇ ਵਾਜੇ । ਜੋਤੀ ਜੋਤ ਸਰੂਪ ਹਰਿ, ਏਕਾ ਏਕ ਆਪਣਾ ਸਾਜਨ ਸਾਜੇ ।

     ਪੰਚਮ ਘਰ ਪੰਚ ਦੁਵਾਰਾ । ਪਵਣ ਸ਼ਬਦ ਜੋਤ ਏਕਾ ਧਾਰਾ । ਇਕ ਅਕਾਲ ਓਥੇ ਵਸੇ, ਸਦਾ ਸਦਾ ਸਦ ਖਿੜ ਖਿੜ ਹੱਸੇ, ਲੋਕਮਾਤ ਜੋਤੀ ਘੱਲੇ,  ਆਪ ਵਸੇ ਸਚ ਮਹੱਲੇ, ਆਵੇ ਜਾਵੇ ਘੜੀ ਘੜੀ ਪਲੇ ਪਲੇ, ਕਦੇ ਉਪਰ ਕਦੇ ਥੱਲੇ,  ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,  ਤੇਰਾ ਖੇਲ ਅਪਰ ਅਪਾਰਾ ।

     ਸੰਤ ਜਨ ਕੀ ਜਾਣ ਪਛਾਨਣ । ਏਕਾ ਰੱਖਣ ਗੁਰ ਚਰਨ ਧਿਆਨਣ । ਜੋਤ ਨਾ ਜਾਨਣ ਹਰਿ ਭਗਵਾਨਣ ।  ਜੇਹੜਾ ਦੇਵੇ  ਜਗਤ ਗੁਰੂਆਂ ਚਾਨਣ ।  ਸ੍ਰਿਸ਼ਟ ਸਬਾਈ ਸਦਾ ਸਦਾ ਹਰਿ ਬੰਨ੍ਹੇ ਬਾਨਣ । ਜਾਤ ਪਾਤ ਨਾ ਕੋਈ ਵਖਾਏ,  ਨਾ ਕੋਈ ਵੇਖੇ ਗੌੜ ਬ੍ਰਾਹਮਣ । ਜਨ ਭਗਤਾਂ ਹਰਿ ਆਪ ਪਛਾਣੇ, ਧੁਰਦਰਗਾਹੀ ਸਚਾ ਜਾਮਨ । ਜਗਤ ਵਿਕਾਰਾ ਆਪੇ ਮਾਰੇ, ਨੇੜੇ ਨਾ ਆਵੇ ਕੋਈ ਕਾਮਨੀ ਕਾਮਨ । ਗੁਰਮੁਖ ਸਾਚੇ ਤੇਰੀ ਆਤਮ ਨਾ ਕਦੇ ਹੰਕਾਰੇ,  ਫੜਿਆ ਗੁਰ ਪੂਰੇ ਦਾ ਸਾਚਾ ਦਾਮਨ । ਵੱਜੇ ਇਕ ਸ਼ਬਦ ਖੰਡਾ ਦੋ ਧਾਰੇ, ਹੋਏ ਆਰ ਪਾਰੇ, ਵਿਚ ਸੰਸਾਰੇ ਪਹਿਲੀ ਵਾਰੇ ਗੁਰਮੁਖ ਵਿਰਲੇ ਜਾਨਣ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,  ਕਲਜੁਗ ਤੇਰੀ ਅੰਤਮ ਵਾਰ ਜੋਤ ਜਗਾਈ, ਜਨ ਭਗਤਾਂ ਦਏ ਵਧਾਈ, ਸਾਚੇ ਘਰ ਅੰਮ੍ਰਿਤ ਆਤਮ ਸਰ ਕਰਾਏ ਅਸ਼ਨਾਨਣ ।