੧੪(14) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਵੀਹ ਸੌ ਇਕ ਬਿਕ੍ਰਮੀ ਪਿਆਰੀ । ਕੀਤੀ ਅਸਾਂ ਖੇਲ ਨਿਆਰੀ । ਜੇਠ ਪਹਿਲੀ ਮੰਗਲਵਾਰੀ ।
ਆਪਣੀ ਜੋਤ ਆਕਾਸ਼ੋਂ ਉਤਾਰੀ । ਦੋ ਜੇਠ ਨੂੰ ਖੇਲ ਰਚਾਇਆ । ਪੂਰਨ ਸਿੰਘ ਵਿਚ ਪਰਮੇਸ਼ਵਰ ਆਇਆ । ਹੋਈ ਸੰਧਿਆ ਪਾਈ ਫੇਰੀ । ਕਲਜੁਗ ਦੀ ਢਾਹੀ ਢੇਰੀ । ਸਾਢੇ ਸੱਤ ਦਾ ਹੋਇਆ ਵੇਲਾ । ਸਤਿਗੁਰ ਨੇ ਪਾਇਆ ਫੇਰਾ । ਐਸੀ ਅਸਾਂ ਕਲਾ ਵਖਾਈ । ਪੂਰਨ ਸਿੰਘ ਦੀ ਨਬਜ਼ ਹਟਾਈ । ਘਰ ਦੇ ਸਾਰੇ ਦੇਣ ਦੁਹਾਈ । ਪ੍ਰੀਤਮ ਸਿੰਘ ਨੂੰ ਅਵਾਜ਼ ਲਗਾਈ । ਛੇਤੀ ਆ ਜਾ ਘਰ ਅਸਾਡੇ । ਭਾਣਾ ਵਰਤਿਆ ਸਤਿਗੁਰ ਡਾਹਢੇ । ਭੇਤ ਅਸਾਡਾ ਕਿਨ੍ਹੇ ਨਾ ਪਾਇਆ । ਹਾ ਹਾ ਕਰ ਕੇ ਸ਼ੋਰ ਮਚਾਇਆ । ਮੈਂ ਆਪਣੀ ਜੋਤ ਪ੍ਰਗਟਾ ਕੇ । ਆਪ ਆਪਣੀ ਜੋਤ ਜਗਾ ਕੇ । ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ । ਐਸਾ ਦੇਹ ਨੂੰ ਵਟ ਚੜ੍ਹਾ ਕੇ । ਐਸਾ ਵਟ ਇਹਨੂੰ ਚੜ੍ਹਾਇਆ । ਸਾਰੀ ਖ਼ਲਕਤ ਨੂੰ ਖ਼ਾਕ ਰਲਾਇਆ । ਜੋਤ ਨੇ ਫੇਰ ਜੋਰ ਸੀ ਪਾਇਆ । ਸਿੱਖਾਂ ਤਾਈਂ ਫੇਰ ਉਠਾਇਆ । ਪੰਜਵੀਂ ਜੇਠ ਦਾ ਦਿਨ ਸੀ ਆਇਆ । ਸੰਗਤਾਂ ਨੂੰ ਫਿਰ ਮਾਣ ਦਵਾਇਆ । ਚਾਰ ਜੇਠ ਥਿਤ ਵਾਰ ਲਿਖਾ ਕੇ । ਪ੍ਰਗਟ ਹੋਇਆ ਘਵਿੰਡ ਵਿਚ ਆ ਕੇ । ਛੱਬੀ ਪੋਹ ਨੂੰ ਸੀ ਦੇਹ ਤਜਾਈ । ਝੂਠੀ ਦੇਹ ਭਸਮ ਕਰਾਈ । ਐਸੀ ਭਸਮ ਏਸ ਦੀ ਹੋਈ । ਹਾਹਾਕਾਰ ਸ੍ਰਿਸ਼ਟੀ ਰੋਈ । ਮੈਂ ਆਪਣਾ ਆਪ ਪ੍ਰਗਟਾ ਕੇ । ਦਿਤਾ ਦਰਸ ਆਪ ਆ ਕੇ । ਐਸੀ ਵਰਤਾਈ ਖੇਲ ਅਪਾਰਾ । ਦਿਤਾ ਬਾਣੀ ਦਾ ਖੋਲ੍ਹ ਭੰਡਾਰਾ । ਸੋਲਾਂ ਪਹਿਰ ਫਿਰ ਆਪ ਖਲੋ ਕੇ । ਪੂਰਨ ਵਿਚ ਪਰਮੇਸ਼ਵਰ ਹੋ ਕੇ । ਐਸੀ ਰਸਨਾ ਅਸਾਂ ਚਲਾਈ । ਦਰਬਾਰ ਸਾਹਿਬ ਦੀ ਬਾਣੀ ਅਲਾਈ । ਚੌਦਾਂ ਸੌ ਤੀਹ ਅੰਕ ਦੇ ਤਾਈਂ । ਬਾਣੀ ਪੜ੍ਹ ਪੜ੍ਹ ਸੰਗਤ ਕੰਨ ਪਾਈ । ਅਠਾਰਾਂ ਧਿਆਏ ਗੀਤਾ ਦੇ ਗਾਏ । ਮੁੱਖੋਂ ਐਸੇ ਬਚਨ ਸੁਣਾਏ । ਮੇਰੇ ਸਾਮਣੇ ਕੋਈ ਚਲ ਕੇ ਆਏ । ਸਭ ਭੁਲੇਖੇ ਦਿਲ ਤੋਂ ਲਾਹੇ । ਕੁਰਾਨ ਮਜੀਦ ਅੰਜੀਲ ਦੇ ਤਾਈਂ । ਮੁਹੰਮਦ ਈਸਾ ਜਿਨ੍ਹ ਲਿਖਤ ਕਰਾਈ । ਇਹਨਾਂ ਸਭਨਾਂ ਦਾ ਹੁਣ ਮਾਣ ਹਟਾਇਆ । ਸੋਹੰ ਸ਼ਬਦ ਪ੍ਰਚਲਤ ਕਰਾਇਆ । ਆਪਣੇ ਨਾਮ ਦੀ ਜੈ ਕਰਾਈ । ਬਾਕੀ ਸਭ ਦੀ ਕਰੀ ਸਫ਼ਾਈ । ਐਸਾ ਨਾਮ ਸਿੱਖਾਂ ਕੋ ਦੇ ਕੇ । ਆ ਬੈਠਾ ਹੁਣ ਪ੍ਰਗਟ ਹੋ ਕੇ । ਮੇਰੀ ਜੋ ਬਣਾਈ ਸੋ ਢੇਰੀ । ਓਥੋਂ ਪ੍ਰਗਟੀ ਜੋਤ ਸੀ ਮੇਰੀ । ਐਸਾ ਕਿਸੇ ਨਾ ਖੇਲ ਰਚਾਇਆ । ਜਾ ਕੇ ਫੇਰ ਕੋਈ ਨਾ ਆਇਆ । ਮੈਂ ਆਪਣੀ ਬਣਤ ਬਣਾਈ । ਤਜੀ ਦੇਹ ਜੋਤ ਪ੍ਰਗਟਾਈ । ਜੋਤ ਵਿਚ ਮੈਂ ਜੋਤ ਸਰੂਪਾ । ਅਨਹਦ ਸ਼ਬਦ ਵਜਾਵੇ ਭੂਪਾ । ਆਪਣਾ ਆਪ ਆਪ ਉਪਾ ਕੇ । ਘਵਿੰਡ ਵਿਚ ਖਲੋਤਾ ਜਾ ਕੇ । ਐਸਾ ਸ਼ੇਰ ਸਿੰਘ ਸ਼ੇਰ ਹੈ ਹੋਇਆ । ਰਾਮ ਕ੍ਰਿਸ਼ਨ ਦਾ ਤੇਜ ਹੈ ਹੋਇਆ । ਐਸਾ ਹੁਕਮ ਆਪ ਸੁਣਾਇਆ । ਵਿਸ਼ਨੂੰ ਭਗਵਾਨ ਦਾ ਜਾਪ ਕਰਾਇਆ । ਸਿੱਖਾਂ ਤਾਈਂ ਹੁਕਮ ਸੁਣਾਇਆ । ਘਵਿੰਡ ਵਿਚ ਪੱਲਾ ਫਿਰਵਾਇਆ । ਕਲਜੁਗ ਦਾ ਨਿਹਕਲੰਕ ਆਇਆ । ਮਨਮੁਖਾਂ ਤੋਂ ਮੂੰਹ ਭਵਾਇਆ । ਮਨਮੁਖ ਏਥੇ ਠੌਰ ਨਾ ਪਾਵੇ । ਮੇਰਾ ਸਿੱਖ ਮੇਰਾ ਜਸ ਗਾਵੇ । ਮੈਂ ਹੂੰ ਸਤਿਗੁਰ ਦੀਨ ਦਿਆਲਾ । ਭੈ ਭਿਆਨਕ ਵਿਚ ਸਦਾ ਰਖਵਾਲਾ । ਮੇਰਾ ਏ ਖੇਲ ਨਿਰਾਲਾ । ਅੰਧਘੋਰ ਵਿਚ ਮੈਂ ਰਖਵਾਲਾ । ਸਿੱਖ ਆਪਣੇ ਆਪ ਉਪਾ ਕੇ । ਬੈਠਾ ਕਲਜੁਗ ਵਿਚ ਸਰਨੀ ਲਾ ਕੇ । ਬਾਕੀ ਸਭ ਤੇ ਪਾਈ ਮਾਇਆ । ਆਪਣਾ ਸ਼ਬਦ ਨਾ ਕਿਸੇ ਸੁਣਾਇਆ । ਮੇਰੇ ਸ਼ਬਦ ਦੀ ਇਹ ਵਡਿਆਈ । ਤੀਨ ਲੋਕ ਵਿਚ ਮਿਲੇ ਵਡਿਆਈ । ਤੀਨ ਲੋਕ ਬੈਕੁੰਠ ਦਾ ਵਾਸੀ । ਮੇਰੀ ਮਾਇਆ ਐਸੀ ਛਾਸੀ । ਮੇਰਾ ਨਾਮ ਬੇਮੁਖ ਨਾ ਸੁਣੇ ਕੋਈ । ਨਿੰਦਕਾਂ ਦੁਸ਼ਟਾਂ ਦੀ ਦੁਰਮਤ ਹੋਈ । ਨਿੰਦਿਆ ਜਿੰਨ੍ਹਾਂ ਨੇ ਮੇਰੀ ਕੀਤੀ । ਪਰੇਤ ਜੂਨ ਉਨ੍ਹਾਂ ਦੀ ਕੀਤੀ । ਜਿਸ ਨੇ ਮੇਰਾ ਮਾਣ ਹੈ ਕੀਤਾ । ਪੀਆ ਅੰਮ੍ਰਿਤ ਸਦਾ ਹੈ ਜੀਤਾ । ਆਤਮ ਉਸ ਦੀ ਹੋਈ ਨਿਰਾਲੀ । ਜੋਤ ਸੰਗ ਜੋਤ ਮਿਲਾ ਲਈ । ਮੇਰਾ ਬਚਨ ਨਾ ਹੋਏ ਅਧੂਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ ।
ਸੋਹੰ ਸ਼ਬਦ ਮੈਂ ਆਪ ਲਿਖਾਊਂ । ਜੁਗ ਚਾਰ ਇਸ ਦਾ ਜਾਪ ਕਰਾਊਂ । ਚਾਰ ਵੇਦ ਦਾ ਮਾਣ ਗਵਾਇਆ । ਗੀਤਾ ਦਾ ਹੁਣ ਵਕਤ ਮੁਕਾਇਆ । ਬਾਣੀ ਦਾ ਜੋ ਜਹਾਜ਼ ਸੀ ਬਣਿਆ । ਐਸਾ ਉਹਨੂੰ ਆਪ ਸੀ ਰਣਿਆ । ਅੰਜੀਲ ਵਾਲੀ ਹੁਣ ਆਰਜ਼ੂ ਬੀਤੀ । ਈਸਾ ਮੂਸਾ ਦੀ ਸਫਾਈ ਹੈ ਕੀਤੀ । ਮੁਹੰਮਦ ਨੇ ਜੋ ਈਮਾਨ ਬਣਾਇਆ । ਧੱਕ ਓਸ ਨੂੰ ਬੰਨੇ ਲਾਇਆ । ਐਸੀ ਇਕ ਖੇਲ ਰਚਾਊਂ । ਛਿੰਨ ਵਿਚ ਇਸ ਨੂੰ ਭਸਮ ਕਰਾਊਂ । ਭਸਮਣ ਭਸਮ ਹੋਣਗੇ ਢੇਰੀ । ਜਿਸ ਵੇਲੇ ਗੁਰ ਪਾਈ ਫੇਰੀ । ਜਿਸ ਤਰ੍ਹਾਂ ਦੋ ਫਾੜ ਇਨਾਂ ਨੂੰ ਕਰਾਇਆ । ਘਵਿੰਡ ਵਿਚ ਖੇਲ ਰਚਾਇਆ । ਦੋ ਹਜ਼ਾਰ ਤਿੰਨ ਬਿਕ੍ਰਮੀ ਤਾਈਂ । ਤਿੰਨ ਅੱਸੂ ਨੂੰ ਬਣਤ ਬਣਾਈ । ਸੰਗਤ ਆਈ ਮੇਰੀ ਸਾਰੀ । ਧਾਮ ਬਣੌਣ ਦੀ ਕਰੀ ਤਿਆਰੀ । ਐਸਾ ਖੇਲ ਆਪ ਰਚਾਇਆ । ਲੰਮਾ ਪੈ ਕੇ ਨਿਸ਼ਾਨ ਲਗਾਇਆ । ਏਥੇ ਨੀਂਹ ਧਰਿਓ ਭਾਈ । ਐਸੀ ਸਤਿਗੁਰ ਕਾਰ ਲਗਾਈ । ਮਾਝੇ ਦੀ ਹੱਦ ਘਵਿੰਡ ਬਣਾਈ । ਦਰਬਾਰ ਆਪਣੇ ਦੀ ਨੀਂਹ ਰਖਾਈ । ਸਿੱਖਾਂ ਨੂੰ ਇਹ ਹੁਕਮ ਸੁਣਾਇਆ । ਚਿੱਟਾ ਚੂਨਾ ਏਥੇ ਨਾ ਲਾਇਆ । ਅਸਾਂ ਇਹਨੂੰ ਅੰਧੇਰ ਰਖੌਣਾ । ਹਾਹਾਕਾਰ ਕਰ ਜਗਤ ਰਵੌਣਾ । ਐਸੀ ਅੰਧੇਰੀ ਅਸਾਂ ਉਡਾਈ । ਵਿਚ ਪੰਜਾਬ ਪਈ ਲੜਾਈ । ਬਾਬੇ ਦਾ ਹੁਕਮ ਅਸਾਂ ਮਨਵਾਇਆ । ਸਿੱਖ ਮੁਸਲਮ ਦਾ ਯੁੱਧ ਕਰਾਇਆ । ਬਚਨ ਅਸਾਡਾ ਹੋਵੇ ਸੱਚਾ । ਜੱਚਾ ਬੱਚਾ ਡੇਗਣ ਕੱਚਾ । ਬਾਬੇ ਦੇ ਸੀ ਬੋਲ ਅਨੋਖੇ । ਨੇਜ਼ਿਉਂ ਉਪਰ ਬੱਚੇ ਬੋਚੇ । ਐਸੀ ਆਪ ਪੜ੍ਹਾਈ ਪੱਟੀ । ਕਲਜੁਗ ਨੇ ਇਹ ਕਾਲਖ ਖੱਟੀ । ਐਸੀ ਇਹਨੂੰ ਵਗੀ ਮਾਰ । ਦੇਵੀਆਂ ਕੰਨਿਆਂ ਹੋਣ ਖੁਆਰ । ਐਸਾ ਜ਼ੁਲਮ ਏਸ ਨੇ ਕੀਤਾ । ਪੁੱਤਾਂ ਨੂੰ ਮਾਵਾਂ ਪਿੱਛਾ ਦੀਤਾ । ਐਸੀ ਆ ਕੇ ਪਈ ਦੁਹਾਈ । ਭੈਣਾਂ ਤਾਈਂ ਛੱਡ ਗਏ ਭਾਈ । ਕੰਤ ਤਾਈਂ ਸੀ ਨਾਰ ਪਿਆਰੀ ।
ਅੱਖਾਂ ਸਾਹਮਣੇ ਹੋਏ ਖੁਆਰੀ । ਇਹ ਸੀ ਮੇਰਾ ਇਕ ਚਮਤਕਾਰ । ਦੂਜੀ ਵਾਰੀ ਕਰੂੰ ਖੁਆਰ । ਐਸਾ ਸਮਾਂ ਹੁਣ ਲਿਆਊਂ । ਅੰਮ੍ਰਿਤਸਰ ਨੂੰ ਥੇਹ ਕਰਾਊਂ । ਐਸੀ ਇਹ ਲਿਖਾਈ ਬਾਣੀ । ਲੰਡਾ ਪਿੱਪਲ ਰਹੇ ਨਿਸ਼ਾਨੀ । ਜੋ ਸਿਖ ਸਾਡੇ ਦਰ ਤੇ ਆਵੇ । ਹੋਵੇ ਇਕ ਮਨ ਰਿਦੇ ਧਿਆਵੇ । ਦੁੱਖ ਦਲਿਦਰ ਸਭ ਲਹਿ ਜਾਵੇ । ਸ਼ਬਦ ਰੂਪ ਮੇਰਾ ਦਰਸ ਹੈ ਪਾਵੇ । ਦੇਵਾਂ ਦਰਸ ਆਪ ਮੈਂ ਆਪ ਆ ਕੇ । ਬਾਹੋਂ ਪਕੜ ਸੁੱਤੇ ਜਗਾ ਕੇ । ਸੋਇਆ ਜੀਵ ਕਛੂ ਨਾ ਜਾਣੇ । ਮਹਾਰਾਜ ਸ਼ੇਰ ਸਿੰਘ ਖੜਾ ਸਰ੍ਹਾਣੇ । ਹੋਏ ਪ੍ਰਤੱਖ ਦਰਸ ਦਿਖਾਵੇ । ਆਪਣੇ ਸਿੱਖ ਨੂੰ ਚਰਨੀ ਲਾਵੇ । ਨਿਮਸਕਾਰ ਜਿਨ ਚਰਨਾਂ ਵਿਚ ਕੀਤੀ । ਟੁੱਟੀ ਉਹਦੀ ਅਸਾਂ ਗੰਢ ਲੀਤੀ । ਅੰਤ ਕਾਲ ਨਾ ਖਾਵੇ ਕਾਲ । ਬਬਾਣ ਉਪਰ ਨਵਾਂ ਬਠਾਲ । ਐਸਾ ਹੁਕਮ ਆਪਣਾ ਚਲਾਵਾਂ । ਬੈਕੁੰਠ ਧਾਮ ਦੇ ਵਿਚ ਪੁਚਾਵਾਂ । ਜਨਮ ਮਰਨ ਦਾ ਦੁੱਖ ਮਿਟਾਵਾਂ । ਜੋਤ ਵਿਚ ਜੋਤ ਮਿਲਾਵਾਂ । ਐਸਾ ਆਪ ਹੋਇਆ ਦਿਆਲ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਚੌਦਾਂ ਭਾਦਰੋਂ ਹੁਕਮ ਲਿਖਾਇਆ । ਆਪਣਾ ਸ਼ਬਦ ਆਪ ਸੁਣਾਇਆ । ਪਹਿਲੇ ਆਪਣਾ ਆਪ ਉਪਾ ਕੇ । ਕੁਦਰਤ ਰੂਪੀ ਸ੍ਰਿਸ਼ਟ ਉਪਾ ਕੇ । ਲੱਖ ਚੁਰਾਸੀ ਜੂਨ ਉਪਾ ਕੇ । ਸਭ ਵਿਚ ਬੈਠਾ ਆਪਣਾ ਆਪ ਛੁਪਾ ਕੇ । ਐਸੀ ਚਲਾਂ ਚਾਲ ਨਿਰਾਲੀ । ਆਪਣੀ ਜੋਤ ਸਭਨ ਮੈਂ ਡਾਲੀ । ਆਤਮ ਵਿਚ ਜੋਤ ਰਖਾ ਕੇ । ਹੁਕਮ ਚਲਾਵੇ ਭੇਦ ਖੁਲ੍ਹਾ ਕੇ । ਐਸੀ ਜੀਵ ਨੂੰ ਪਾਈ ਮਾਇਆ । ਪੰਜਾਂ ਦੂਤਾਂ ਦੇ ਵਸ ਕਰਾਇਆ । ਪੰਜਾਂ ਇਹਨਾਂ ਮਿਲ ਕੇ ਭਾਈ । ਸਾਰੀ ਇਹਦੀ ਮਤਿ ਗਵਾਈ । ਕਲਜੁਗ ਵਿਚ ਭੁੱਲਾ ਅੰਞਾਣਾ । ਪੂਰਾ ਸਤਿਗੁਰ ਨਹੀਂ ਪਛਾਣਾ ।