੧੭(17) ਭਾਦਰੋਂ ੨੦੦੬(2006) ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸਤਾਰਾਂ ਭਾਦਰੋਂ ਬਚਨ ਲਿਖਾਇਆ । ਆਪਣਾ ਭੋਗ ਆਪ
ਲਵਾਇਆ । ਬ੍ਰਹਮ ਛਤਰੀ ਵੈਸ਼ਾਂ ਦਾ ਹੰਕਾਰ ਗਵਾਵਾਂ । ਸ਼ੂਦਰਾਂ ਤਾਈਂ ਮਾਣ ਦਵਾਵਾਂ । ਭੀਲਣੀ ਦੇ ਬੇਰ ਖਾਧੇ ਜਾ ਕੇ । ਰਾਮ ਨਾਮ ਮੈਂ ਅਖਵਾ ਕੇ । ਸਤੀ ਅਹਲਿਆ ਨੂੰ ਫੇਰ ਜਵਾ ਕੇ । ਆਪਣਾ ਚਰਨ ਆਪ ਛੁਹਾ ਕੇ । ਬਬਾਣਾ ਵਿਚ ਆਪ ਬਹਾ ਕੇ । ਗੌਤਮ ਦਾ ਸਰਾਫ ਸੀ ਲਾਹ ਕੇ । ਬੈਕੁੰਠ ਧਾਮ ਦੇ ਵਿਚ ਪੁਚਾਇਆ । ਐਸਾ ਆਪਣਾ ਖੇਲ ਰਚਾਇਆ । ਬਾਲਮੀਕ ਸੀ ਬੜਾ ਬਜਵਾੜਾ । ਡਾਕਾ ਮਾਰੇ ਦਿਨ ਦਿਹਾੜਾ । ਘਰ ਵਿਚ ਪੁੱਛਣ ਘੱਲਿਆ, ਅੰਤ ਕਾਲ ਕੋਏ ਹੈ ਤੁਮਾੜਾ । ਕੌੜ ਮੜਾਚੌ ਖਨੀਐ ਕੋਏ ਨਾ ਬੇਲੀ ਕਰਨਾ ਝਾੜਾ । ਫੇਰ ਆਪਣਾ ਆਪ ਵਖਾਇਆ । ਸਭ ਭੁਲੇਖਾ ਉਸ ਦਾ ਲਾਹਿਆ । ਹੋਇਆ ਦੁਆਪਰ ਮੈਂ ਕ੍ਰਿਸ਼ਨ ਮੁਰਾਰੀ । ਦਰੋਪਦੀ ਦੀ ਜਿਨ ਪੈਜ ਸਵਾਰੀ । ਦੁਰਯੋਧਨ ਦੀ ਅਸਾਂ ਤਜੀ ਅਟਾਰੀ । ਬਿਦਰ ਦੀ ਕੁੱਲੀ ਵਿਚ ਰਾਤ ਗੁਜਾਰੀ । ਸਦਾ ਗ਼ਰੀਬੀ ਘਰ ਰਹਾਵੇ । ਅਲੂਣੇ ਸਾਗ ਨੂੰ ਭੋਗ ਲਗਾਵੇ । ਓਸ ਸਮੇਂ ਸਾਂ ਮੈਂ ਕ੍ਰਿਸ਼ਨ ਮੁਰਾਰ । ਦਲਿਦਰੀ ਨਾਲ ਜਿਨ ਕੀਆ ਪਿਆਰ । ਭੀਖਣ ਦਰੋਣਾ ਕਰਨ ਤਜਾਇਆ । ਬਿਦਰ ਤਾਈਂ ਗਲੇ ਲਗਾਇਆ । ਮੈਂ ਹਾਂ ਆਪ ਦੀਨ ਦਿਆਲ । ਨਿਮਾਣਿਆਂ ਨੂੰ ਮੈਂ ਦੇਵਾਂ ਮਾਣ । ਕਲਜੁਗ ਵਿਚ ਲੈ ਕੇ ਅਵਤਾਰ । ਦਿਤਾ ਸੀ ਅਗਨ ਵਿਚ ਡਾਲ । ਹੁਣ ਆਪਣਾ ਆਪ ਪ੍ਰਗਟਾਇਆ । ਹੋਏ ਦਿਆਲ ਦਰਸ ਦਿਖਾਇਆ । ਬਿਦਰ ਤੋਂ ਸੋਹਣ ਸਿੰਘ ਉਪਜਾਇਆ । ਸਭ ਭੁਲੇਖਾ ਦਿਲ ਦਾ ਲਾਹਿਆ । ਸੋਹਣ ਸਿੰਘ ਤੂੰ ਪੱਲਾ ਫੇਰ । ਘਰ ਤੇਰੇ ਵਿਚ ਬੈਠਾ ਸ਼ੇਰ । ਤੀਨ ਲੋਕ ਵਿਚ ਆਪ ਰਖਵਾਲਾ । ਆਪਣੇ ਭਗਤਾਂ ਦੀ ਪੈਜ ਰੱਖਣਵਾਲਾ । ਪੈਜ ਸੁਆਰੀ ਤੇਰੀ ਆ ਕੇ । ਦੇਵਾਂ ਦਰਸ ਸੁੱਤੇ ਉਠਾ ਕੇ । ਐਸਾ ਦਰਸ ਮੈਂ ਆਪ ਦਿਖਾਵਾਂ । ਮੁਕੰਦ ਮਨੋਹਰ ਨਜ਼ਰੀ ਆਵਾਂ ।
ਸਿਰ ਤੇ ਮੁਕਟ ਹੋਵੇਗਾ ਮੇਰੇ । ਸਦਾ ਰਹੂੰਗਾ ਕੋਲ ਤੇਰੇ । ਐਸਾ ਪੰਥ ਨਵਾਂ ਬਣਾਇਆ । ਗ਼ਰੀਬਾਂ ਤਾਈਂ ਗਲੇ ਲਗਾਇਆ । ਐਸੀ ਚਲਾਂ ਚਾਲ ਨਿਰਾਲੀ । ਜ਼ਾਤ ਪਾਤ ਸਭ ਅਗਨ ਮੇਂ ਡਾਲੀ । ਜੋ ਮੇਰੇ ਦਰ ਤੇ ਆਵੇ । ਉਤਮ ਜੋਤ ਐਸੀ ਜਗਾਵੇ । ਏਸ ਦੀਪਕ ਦੀ ਜੋਤ ਨਿਰਾਲੀ । ਸਰਬ ਜੀਵ ਜੰਤ ਦੇ ਵਿਚ ਹੈ ਡਾਲੀ । ਜੀਵ ਜੰਤ ਦੇ ਵਸ ਨਾ ਕੋਈ । ਜੋ ਕਰਾਵੇ ਸੋਈ ਹੋਈ । ਸੋਹਣ ਸਿੰਘ ਤੇ ਦਇਆ ਕਮਾਵਾਂ । ਦੁੱਖ ਕਲੇਸ਼ ਏਸ ਦਾ ਲਾਹਵਾਂ । ਭੂਤ ਪਰੇਤ ਦਾ ਨਾਸ ਕਰਾ ਕੇ । ਜਿੰਨ ਖ਼ਬੀਸ ਸਿਰ ਡੰਡਾ ਲਾ ਕੇ । ਹਾਕਨ ਡਾਕਨ ਦਾ ਸਿਰ ਮੁਨਵਾ ਕੇ । ਅਠਾਰਾਂ ਬੀਰ ਵਸ ਕਰਾ ਕੇ । ਐਸਾ ਕੰਮ ਅੱਜ ਆਪ ਕਰਾਇਆ । ਜਮਪੁਰ ਤੋਂ ਦੇਵਪੁਰ ਬਣਾਇਆ । ਅੱਜ ਮੇਰਾ ਹੋਇਆ ਪ੍ਰਕਾਸ਼ । ਦੁਸ਼ਟਾਂ ਦਾ ਕੀਤਾ ਨਾਸ । ਜਿਸ ਨੇ ਰਸ ਅੰਮ੍ਰਿਤ ਦਾ ਪੀਆ । ਦੇਹ ਸੁਖਾਲੀ ਨਿਰਮਲ ਹੈ ਜੀਆ । ਇਸ ਅੰਮ੍ਰਿਤ ਦੀ ਇਹ ਵਡਿਆਈ । ਪਸੂ ਪਰੇਤੋਂ ਦੇਵ ਬਣਾਈ । ਏਸ ਬੂੰਦ ਦੀ ਕੋਈ ਨਾ ਜਾਣੇ ਸਾਰ । ਜਿਨ੍ਹ ਪੀਤੀ ਸੋ ਉਤਰਿਆ ਪਾਰ । ਇਕ ਬੂੰਦ ਚਾਤਰਕ ਪਾਵੇ । ਹੋਏ ਸ਼ਾਂਤ ਹਰਿ ਗੁਣ ਗਾਵੇ । ਅੰਮ੍ਰਿਤ ਸਤਿਗੁਰ ਆਪ ਬਣਾਇਆ । ਮਹਾਰਾਜ ਸ਼ੇਰ ਸਿੰਘ ਰਸਨੀ ਲਾਇਆ । ਰਸਨਾ ਆਪਣੀ ਨਾਲ ਲਗਾਇਆ । ਮਨਮੁਖਾਂ ਤੋਂ ਗੁਰਸਿਖ ਬਣਾਇਆ । ਗਿਆ ਦਿਵਸ ਹੋਈ ਸ਼ਾਮ । ਹਾਜ਼ਰ ਹੋਇਆ ਵਿਸ਼ਨੂੰ ਭਗਵਾਨ । ਆਪਣੇ ਸਿੱਖਾਂ ਦਾ ਬਿਰਦ ਸੰਭਾਲਿਆ । ਭੋਜਨ ਤਾਈਂ ਭੋਗ ਲਗਾ ਲਿਆ । ਜਿਸ ਨੂੰ ਈਸ਼ਰ ਭੋਗ ਲਗਾਵੇ । ਭਖ ਤੋਂ ਭੋਜਣ ਬਣ ਜਾਵੇ । ਭੋਗ ਲਗਾਵਾਂ ਜਿਸ ਨੂੰ ਆ ਕੇ । ਸੀਤ ਪ੍ਰਸ਼ਾਦ ਸੰਗਤ ਨੂੰ ਵਰਤਾ ਕੇ । ਸੀਤਲ ਸ਼ਾਂਤ ਹੋਈ ਇਹ ਕਾਇਆ । ਮੁੱਖ ਵਿਚ ਪ੍ਰਸ਼ਾਦ ਨੂੰ ਪਾਇਆ । ਸੀਤ ਪ੍ਰਸ਼ਾਦ ਦੀ ਇਹ ਵਡਿਆਈ । ਜੋਤ ਵਿਚ ਲਏ ਜੋਤ ਮਿਲਾਈ । ਮਿਲ ਜੋਤ ਮਿਟਿਆ ਅੰਧੇਰਾ । ਬਚਨ ਲਿਖਾਵੇ ਸਤਿਗੁਰ ਪੂਰਾ । ਸਫਲ ਹੋਣਗੇ ਤੇਰੇ ਕਾਮ । ਮੁਖੋਂ ਬੋਲੇ ਜਾਣੀ ਜਣ । ਆਪਣਾ ਸ਼ਬਦ ਆਪ ਲਿਖਾਇਆ । ਰੁੜ੍ਹਦਾ ਬੇੜਾ ਅੱਜ ਬੰਨ੍ਹੇ ਲਾਇਆ । ਐਸਾ ਖੇਲ ਅੱਜ ਰਚਾਇਆ । ਅਕਾਸ਼ ਪਤਾਲ ਵਿਚੋਂ ਮੈਂ ਆਇਆ । ਤਜਿਆ ਪਤਾਲ ਮਾਤਲੋਕ ਵਿਚ ਆਇਆ । ਆਪਣੇ ਆਪ ਨੂੰ ਭੂਮ ਤੇ ਲਿਟਾਇਆ । ਐਸ ਧਾਮ ਨੂੰ ਪਵਿੱਤਰ ਕਰਾ ਕੇ । ਫਿਰ ਭੋਗ ਪ੍ਰਸ਼ਾਦ ਨੂੰ ਲਾ ਕੇ । ਲੱਗਾ ਭੋਗ ਹੋਇਆ ਪ੍ਰਸ਼ਾਦ । ਮੈਂ ਸਹਾਈ ਸਿੱਖਾਂ ਦਾ ਆਦਿ ਜੁਗਾਦਿ । ਆਦਿ ਅੰਤ ਮੈਂ ਏਕੰਕਾਰਾ । ਭਗਤਾਂ ਨੂੰ ਮੇਰਾ ਅੰਮ੍ਰਿਤ ਭੰਡਾਰਾ । ਅੰਮ੍ਰਿਤ ਈਸ਼ਵਰ ਆਪ ਬਣਾਵੇ । ਪੀਵੇ ਅੰਮ੍ਰਿਤ ਅਮਰ ਹੋ ਜਾਵੇ । ਜਿਨ ਅੰਮ੍ਰਿਤ ਦਾ ਮਾਣ ਗਵਾਇਆ । ਮਤਿ ਓਸ ਦੀ ਉਤੇ ਪਰਦਾ ਪਾਇਆ । ਐਸਾ ਪਰਦਾ ਉਸ ਤੇ ਪਾਵਾਂ । ਉਸ ਨੂੰ ਦੁਸ਼ਟਾਂ ਦੁਰਾਚਾਰਾਂ ਦੇ ਵਿਚ ਕਰਾਵਾਂ । ਐਸੀ ਮਤਿ ਓਸ ਦੀ ਮਾਰੀ ।
ਭਰਿਸ਼ਟੀ ਦੇਹ ਕਰੇ ਖੁਆਰੀ । ਮੇਰੇ ਨਾਮ ਦਾ ਕਰੇ ਮਾਣ । ਉਸ ਨੂੰ ਮਿਲੇ ਦਰਗਾਹ ਵਿਚ ਮਾਣ । ਮਹਾਰਾਜ ਸ਼ੇਰ ਸਿੰਘ ਜੇ ਕੋਈ ਅਖਵਾਵੇ । ਮਤਿ ਉਪਠੀ ਸਿਰ ਛਾਹੀ ਪਾਵੇ । ਆਪਣੇ ਨਾਮ ਨੂੰ ਨਾ ਲਾਜ ਲਵਾਵਾਂ । ਐਸੀ ਬੁੱਧ ਓਸ ਦੀ ਗਵਾਵਾਂ । ਮਤਿ ਓਸ ਦੀ ਦੇਵਾਂ ਮਾਰ । ਦਰ ਦਰ ਧੱਕੇ ਹੋਏ ਖੁਆਰ । ਐਸਾ ਉਸ ਦਾ ਮਾਣ ਗਵਾਵਾਂ । ਖ਼ਾਕ ਵਿਚ ਖ਼ਾਕ ਮਿਲਾਵਾਂ । ਈਸ਼ਵਰ ਬਿਨਾ ਨਾ ਅੰਮ੍ਰਿਤ ਬਰਖੇ । ਝੂਠਾ ਪਾਪੀ ਆਪ ਹੈ ਪਰਖੇ । ਐਸ ਵਾਸਤੇ ਖੇਲ ਰਚਾਇਆ । ਇਸ ਨੇ ਅੰਮ੍ਰਿਤ ਦਾ ਮਾਣ ਗਵਾਇਆ । ਜੋ ਪੀਵੇ ਅੰਮ੍ਰਿਤ ਅਮਰ ਪਦ ਹੋ ਜਾਵੇ । ਜੂਠਿਆਂ ਝੂਠਿਆਂ ਸਿਰ ਖੇਹ ਪਵਾਵੇ । ਕੋਈ ਨਾ ਦੇਵੇ ਅੰਮ੍ਰਿਤ ਬਣਾ ਕੇ । ਮਹਾਰਾਜ ਸ਼ੇਰ ਸਿੰਘ ਕਹੇ ਸੁਣਾ ਕੇ । ਆਪਣਾ ਅੰਮ੍ਰਿਤ ਮੈਂ ਆਪ ਬਣਾਵਾਂ । ਗੁਰਮੁਖਾਂ ਦੇ ਮੁਖ ਚੁਆਵਾਂ । ਕਲਜੁਗ ਦਾ ਹੁਣ ਨਾਸ ਕਰਾਇਆ । ਸਤਿਗੁਰ ਮਨੀ ਸਿੰਘ ਕਰੇ ਕਰਾਇਆ । ਜਿਥੇ ਰੱਖੀ ਹੈ ਤਸਵੀਰ ਮੇਰੀ । ਵਗੇ ਨਾ ਏਥੇ ਕਦੇ ਹਨੇਰੀ । ਐਸੀ ਹੁਣ ਖੇਲ ਰਚਾਊਂ । ਖਿਨ ਵਿਚ ਸ੍ਰਿਸ਼ਟੀ ਨਾਸ ਕਰਾਊਂ । ਵਸ ਸਿੱਖਾਂ ਨੂੰ ਕਰਾਂ ਮੈਂ ਆ ਕੇ । ਹੱਥ ਚੌਰ ਸਿਰ ਛਤਰ ਝੁਲਾ ਕੇ । ਤ੍ਰੈਲੋਕੀ ਨੰਦ ਆਪ ਅਖਵਾ ਕੇ । ਸੋਹੰ ਸ਼ਬਦ ਦਾ ਜਾਪ ਕਰਾ ਕੇ । ਬਾਕੀ ਦਾ ਹੁਣ ਨਾਸ ਕਰਾ ਕੇ । ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ । ਐਸਾ ਭੇਤ ਮੈਂ ਆਪ ਖੁਲ੍ਹਾਵਾਂ । ਪਲਟੇ ਜਾਮੇ ਹੁਣ ਸੱਚ ਲਿਖਾਵਾਂ । ਨਾਮਾ ਨਾਮਦੇਵ ਅਖਵਾਇਆ । ਈਸ਼ਵਰ ਦਾ ਜਿਨ ਭੋਗ ਲਗਵਾਇਆ । ਕਪਲਾ ਗਊ ਦਾ ਦੁੱਧ ਚੁਆਇਆ । ਹੋਏ ਇਕ ਮਨ ਭੋਗ ਲਗਾਇਆ । ਭੋਗ ਲੱਗਾ ਮਨ ਹੋਇਆ ਅਧੀਨਾ । ਗਵਾਇਆ ਮਾਣ ਪ੍ਰਭ ਮਨ ਸੇ ਚੀਨਾ । ਹੋਏ ਪ੍ਰਤੱਖ ਪ੍ਰਭ ਦਰਸ ਦਿਖਾਇਆ । ਭਰ ਕਟੋਰਾ ਨਾਮੇ ਦੁੱਧ ਪਿਆਇਆ । ਪੈਜ ਰੱਖਣ ਲਈ ਹਰਿ ਜੂ ਆਇਆ । ਨਾਮੇ ਦਾ ਦਿਹੁਰਾ ਫਿਰਵਾਇਆ । ਫੇਰ ਓਸ ਦਾ ਛੱਪਰ ਛਾਇਆ । ਮੋਈ ਗਾਏ ਤਾਈਂ ਆਪ ਜਿਵਾਇਆ । ਭਗਤਾਂ ਨੂੰ ਮਾਣ ਦਵਾਇਆ । ਛੁੱਟੀ ਦੇਹ ਪ੍ਰਲੋਕ ਸਿਧਾਇਆ । ਜੋਤ ਵਿਚ ਸੀ ਜੋਤ ਮਿਲਾਇਆ । ਜੋਤ ਵਿਚੋਂ ਜੋਤ ਲਿਆ ਕੇ । ਪਾਲ ਸਿੰਘ ਵਿਚ ਜੋਤ ਜਗਾ ਕੇ । ਆਪਣੇ ਆਪ ਦਾ ਦਰਸ ਦਿਖਾ ਕੇ । ਕ੍ਰਿਸ਼ਨ ਭਗਵਾਨ ਦਾ ਰੂਪ ਬਣਾ ਕੇ । ਦਿਤਾ ਦਾਨ ਦਰਸ ਬਾਹੋਂ ਉਠਾ ਕੇ । ਸ਼ਰਨੀ ਡਿੱਗਾ ਸਾਡੀ ਆ ਕੇ । ਐਸੀ ਦਿਤੀ ਉਹਨੂੰ ਵਡਿਆਈ । ਆਪਣੀ ਜੋਤ ਵਿਚ ਲਲਾਟ ਜਗਾਈ । ਆਪਣੀ ਜੋਤ ਆਪ ਜਗਾ ਕੇ । ਗੁਰਸਿੱਖਾਂ ਤੋਂ ਗੁਰਮੁਖ ਬਣਾ ਕੇ । ਐਸਾ ਮਾਣ ਮੈਂ ਆਪ ਦਵਾਇਆ । ਸੰਗਤ ਦਾ ਸਿਰਤਾਜ ਬਣਾਇਆ । ਐਸੀ ਉਸ ਨੇ ਸਾਰ ਸੀ ਪਾਈ । ਸਾਰੀ ਸੰਗਤ ਉਸ ਨੇ ਸੀ ਬਚਾਈ । ਐਸੀ ਦਇਆ ਤੁਸਾਂ ਤੇ ਕੀਤੀ । ਆਪਣੇ ਚਰਨਾਂ ਦੀ ਪ੍ਰੀਤੀ ਦੀਤੀ । ਸਾਲ ਤੇਈ ਉਸ ਸੇਵ ਕਮਾਈ । ਤੇਈ ਚੇਤ ਨੂੰ ਦੇਹ ਤਜਾਈ । ਜੋਤ ਵਿਚ ਜੋਤ ਸਮਾਈ । ਥਿਰ ਘਰ ਵਿਚ ਬੈਠਾ ਜਾਈ । ਰਾਮ ਕ੍ਰਿਸ਼ਨ ਕਲਾ ਇਹ ਧਾਰੀ । ਮਹਾਰਾਜ ਸ਼ੇਰ ਸਿੰਘ ਦੀ ਜੋਤ ਅਪਾਰੀ । ਭਰਥਰੀ ਤੋਂ ਭਗਵਾਨ ਉਪਾਇਆ । ਮੋਤਾ ਸਿੰਘ ਨਾਮ ਰਖਵਾਇਆ । ਕਲਜੁਗ ਵਿਚ ਪ੍ਰਹਿਲਾਦ ਹੈ ਆਇਆ । ਦਲੀਪ ਸਿੰਘ ਨਾਮ ਅਖਵਾਇਆ । ਚੰਦ ਗੋਪੀ ਫੇਰ ਉਪਾਇਆ । ਊਧਮ ਨੂੰ ਅੱਧ ਵਿਚ ਰਖਵਾਇਆ । ਬੈਣੀ ਨੂੰ ਸ਼ਾਮ ਉਪਾ ਕੇ । ਇਕਾਂਤ ਬਹੇਗਾ ਮੇਰੀ ਲਿਵ ਲਾ ਕੇ । ਦਰਸ ਦਖਾਵਾਂ ਮੈਂ ਆ ਕੇ । ਐਸਾ ਕਹਿਰ ਮੈਂ ਹੁਣ ਵਰਤਾਵਾਂ । ਲਿਖਤ ਮਨੀ ਸਿੰਘ ਦੀ ਸਚ ਕਰਾਵਾਂ । ਮਾਸ ਸ਼ਰਾਬ ਜਿਨਾਂ ਨੇ ਖਾਧਾ । ਜੂਨ ਘੋਗੜ ਵਿਸ਼ਟਾ ਖਾਧਾ । ਐਸੀ ਦੁਰਗਤ ਉਹਨਾਂ ਦੀ ਹੋਈ । ਵਿਚ ਦਰਗਹਿ ਮਿਲੇ ਨਾ ਢੋਈ । ਗੁਰ ਨਾਨਕ ਦਾ ਨਾਮ ਭੁਲਾਇਆ । ਨਾਮ ਸਤਿ ਦਾ ਜਿਨ ਜਾਪ ਕਰਾਇਆ । ਮਦਿਰਾ ਪਾਨ ਆਪ ਤਜਾਇਆ । ਈਸ਼ਰ ਦਾ ਸੀ ਨਾਮ ਸੁਣਾਇਆ । ਦਸ ਜਾਮੇ ਆਪਣੀ ਜੋਤ ਪ੍ਰਗਟਾਈ । ਮਾਸ ਸ਼ਰਾਬ ਨਾ ਰਸਨਾ ਲਾਈ । ਜੋ ਮਾਸ ਮਹਾਪ੍ਰਸ਼ਾਦ ਅਖਵਾਵੇ । ਕਿਉਂ ਨਾ ਗੁਰੂ ਭੋਗ ਲਗਾਵੇ ? ਮਾਣਸ ਹੋ ਕੇ ਮਾਸ ਜੋ ਖਾਵੇ । ਕੂਕਰ ਸੂਕਰ ਦੀ ਜੂਨ ਨਿੱਤ ਪਾਵੇ । ਪੀ ਸ਼ਰਾਬ ਹੋਵੇ ਮਸਤਾਨਾ । ਪਸੂ ਜੂਨ ਵਿਚ ਓਸ ਹੈ ਜਾਣਾ । ਐਸੀ ਦੁਰਗਤ ਉਨ੍ਹਾਂ ਦੀ ਹੋਵੇ । ਧਰਮ ਰਾਏ ਜਬ ਪਕੜ ਖਲੋਵੇ । ਅੰਤ ਕਾਲ ਇਹ ਨਰਕ ਨਿਵਾਸੀ । ਭੁੱਲਾ ਜੀਵ ਭੇਤ ਨਾ ਪਾਸੀ । ਜੋ ਪ੍ਰਸ਼ਾਦ ਸੰਗਤ ਵਿਚ ਖਾਵੇ । ਵਿਚ ਚੁਰਾਸੀ ਫੇਰ ਨਾ ਆਵੇ । ਜੋ ਸੰਗਤ ਨੂੰ ਦੇਵੇ ਮਾਣ । ਉਸ ਨੂੰ ਆਪ ਮਿਲੇ ਭਗਵਾਨ । ਸੰਗਤ ਸਤਿਗੁਰ ਆਪ ਬਣਾਵੇ । ਵਿਚ ਸੰਗਤ ਆਪਣਾ ਆਪ ਰਖਾਵੇ । ਹੋਏ ਅਧੀਨ ਜੇ ਸੰਗਤ ਧਿਆਵੇ । ਬੱਧਾ ਹਰਿ ਜੂ ਏਥੇ ਆਵੇ । ਲਾਜ ਸਿੱਖਾਂ ਦੀ ਆਪ ਰਖਾਵੇ । ਸੱਚਾ ਸਤਿਗੁਰ ਤਾਂ ਅਖਵਾਵੇ । ਨਿਮਸਕਾਰ ਚਰਨਾਂ ਵਿਚ ਜੋ ਕਰੇ । ਆਵੇ ਨਾ ਜਾਵੇ ਜਨਮੇ ਨਾ ਮਰੇ । ਜਿਸ ਨੇ ਕੀਤਾ ਆਣ ਪ੍ਰਨਾਮ । ਉਸ ਨੂੰ ਮਿਲਿਆ ਜਾਣੀ ਜਾਣ । ਸੀਸ ਜਿਸ ਦਾ ਝੁਕਿਆ ਆਣ । ਦਰਗਹਿ ਵਿਚ ਦਵਾਇਆ ਮਾਣ । ਦਰਗਾਹ ਮੇਰੀ ਸਚੀ ਹੋਈ । ਦੁੱਖ ਦਲਿਦਰ ਰਹੇ ਨਾ ਕੋਈ । ਤੇਜ ਮੇਰਾ ਹੁਣ ਹੋਵੇ ਸਵਾਇਆ । ਆਪਣਾ ਹੁਕਮ ਆਪ ਲਿਖਾਇਆ । ਹੁਕਮ ਮੇਰਾ ਬੜਾ ਅਨੋਖਾ । ਸੱਚਾ ਸਤਿਗੁਰ ਨਹੀਂ ਹੈ ਧੋਖਾ । ਪਰਖ ਲੈਣ ਮੈਨੂੰ ਪਰਖਣਹਾਰੇ । ਮੈਂ ਬੈਠਾ ਹਾਂ ਵਿਚ ਦਰਬਾਰੇ । ਮੈਂ ਨਹੀਂ ਆਪਣਾ ਆਪ ਛੁਪਾਇਆ । ਹਾਜ਼ਰ ਹੋ ਕੇ ਦਰਸ ਦਿਖਾਇਆ । ਪਰਖ਼ ਤੁਸੀ ਹੁਣ ਕਰ ਲਓ ਮੇਰੀ । ਆਓ ਸਾਹਮਣੇ ਲਾਓ ਨਾ ਦੇਰੀ । ਐਸੀ ਕਲਾ ਹੁਣ ਵਰਤਾਵਾਂ । ਸਰਬ ਸ੍ਰਿਸ਼ਟੀ ਨੂੰ ਭਸਮ ਕਰਾਵਾਂ । ਕਲਜੁਗ ਦਾ ਹੁਣ ਹੋਇਆ ਕਿਨਾਰਾ । ਸਤਿਜੁਗ ਦਾ ਖੁਲ੍ਹਾ ਭੰਡਾਰਾ । ਸਤਿਜੁਗ ਵਿਚ ਸਤਿਗੁਰ ਆਇਆ । ਜਿਸ ਨੇ ਇਹਦਾ ਭੇਤ ਖੁਲ੍ਹਾਇਆ । ਮੈਂ ਆਪਣੇ ਵਿਚ ਸਮਾਵਾਂ । ਸੱਚਾ ਸਤਿਗੁਰ ਤਾਂ ਅਖਵਾਵਾਂ । ਸੱਚੀ ਬਖ਼ਸ਼ਾਂ ਹੁਣ ਮੈਂ ਦਾਤ । ਜਿਸ ਨੂੰ ਆਖਣ ਲੋਕ ਕਰਾਮਾਤ । ਇਹ ਕਰਾਮਾਤ ਹੈ ਮੇਰਾ ਨਾਮ । ਸੋਹੰ ਸ਼ਬਦ ਸੱਚਾ ਪਛਾਣ । ਸ਼ਬਦੋਂ ਸ਼ਬਦ ਰੂਪ ਹੋ ਜਾਵੇ । ਤ੍ਰਿਗਦ ਜੂਨ ਵਿਚ ਫੇਰ ਨਾ ਆਵੇ । ਆਪਣਾ ਸ਼ਬਦ ਆਪ ਲਿਖਾਵਾਂ । ਚਾਰ ਜੁਗ ਇਹਦਾ ਜਾਪ ਕਰਾਵਾਂ । ਬਹੱਤਰ ਜਾਮੇ ਭਗਤ ਪ੍ਰਗਟਾਵਾਂ । ਆਪਣਾ ਦਰਸ ਆਪ ਦਿਖਾਵਾਂ । ਜਿਸ ਨੇ ਦਰਸ ਮੇਰੇ ਸੀ ਪਾਏ । ਜੋਤ ਸੰਗ ਜੋਤ ਮਿਲਾਏ । ਸਤਿਗੁਰ ਜਾਂ ਦਇਆ ਕਮਾਵੇ । ਬੇੜਾ ਸਿੱਖ ਦਾ ਬੰਨ੍ਹੇ ਲਾਵੇ । ਬਣੇ ਮਲਾਹ ਵਿਚ ਦਰਗਾਹ ਦੇ । ਆਪ ਉਠਾਵੇ ਦਇਆ ਕਮਾ ਕੇ । ਐਸੀ ਦਇਆ ਗੁਰ ਆਪ ਕਰੇ । ਭਵਜਲ ਤੋਂ ਪਾਰ ਪਰੇ । ਗੁਰ ਘਰ ਵਿਚ ਸੱਚਾ ਭੰਡਾਰਾ । ਸਿੱਖਾਂ ਦਾ ਗੁਰ ਸਦਾ ਰਖਵਾਲਾ । ਐਸਾ ਤੈਨੂੰ ਮਾਣ ਦਵਾਵਾਂ । ਘਰ ਤੇਰੇ ਵਿਚ ਧਾਮ ਬਣਾਵਾਂ । ਸੇਵਾ ਜੋ ਤੁਸਾਂ ਨੇ ਕੀਤੀ । ਸ਼ੁਧ ਆਤਮਾ ਦੇਹ ਪੁਨੀਤੀ । ਐਸੀ ਦਿਤੀ ਹੈ ਅੱਜ ਦਾਤ । ਸਿੱਖ ਮੇਰੇ ਦਾ ਵਡ ਪ੍ਰਤਾਪ । ਲੰਗਰ ਵਰਤੇ ਜਿਥੇ ਮੇਰਾ । ਉਥੇ ਨਹੀਂ ਹੈ ਕੋਈ ਤੋੜਾ । ਲੰਗਰ ਗੁਰੂ ਕਾ ਗੁਰ ਭੰਡਾਰਾ । ਆਪੇ ਬੂਝੇ ਆਪ ਬੂਝਣਹਾਰਾ । ਐਸੀ ਸੋਝੀ ਤੁਹਾਨੂੰ ਪਾਵਾਂ । ਦੁੱਖ ਕਲੇਸ਼ਾਂ ਦਾ ਨਾਸ ਕਰਾਵਾਂ । ਐਸੀ ਕਲਮ ਆਪ ਚਲਾਵਾਂ । ਦਾਤ ਪੁੱਤਾਂ ਦੀ ਝੋਲੀ ਪਾਵਾਂ । ਆਪਣੀ ਦਾਤ ਆਪ ਵਰਤਾਈ । ਆਈ ਸੰਗਤ ਦੀ ਆਸ ਪੁਜਾਈ ।