ਮਹਾਰਾਜ ਸ਼ੇਰ ਸਿੰਘ ਮਾਣ ਗਵਾਵੇ । ਗੁਰ ਚਰਨ ਸੰਗ ਰਾਖੋ ਪ੍ਰੀਤ । ਜਗਤ ਜਲੰਦਾ ਜਿਉਂ ਬਾਲੂ ਭੀਤ । ਗੁਰ ਠਾਂਡਾ ਸੀਤਲ ਸਤਿ ਸੀਤ । ਪਵਿਤ ਆਤਮਾ ਰਿਦਾ ਸ਼ੁਧ ਨੀਤ । ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤ । ਪਤਿਤ ਪਾਵਨ ਆਪ ਦੁੱਖ ਭੰਜਨ । ਹੰਕਾਰ ਨਿਵਾਰਨ ਹੈ ਭਵਖੰਡਨ । ਜਗਤ ਉਧਾਰੇ ਤ੍ਰੈਲੋਕੀ ਨੰਦਨ । ਪ੍ਰਗਟੇ ਜੋਤ ਸਰਬ ਨਿਜਾਨੰਦਨ । ਮਹਾਰਾਜ ਸ਼ੇਰ ਸਿੰਘ ਭਰਮ ਭੈ ਭੰਜਨ । ਭਰਮ ਭੁਲਾਏ ਜਗਤ ਰੁਲਾਏ ਸਿੱਖ ਤਰਾਏ , ਜਿਨ ਗੁਰ ਸ਼ਬਦ ਪਛਾਣਿਆ । ਪ੍ਰਗਟੇ ਕਰਤਾਰ ਸ੍ਰਿਸ਼ਟ ਖੁਆਰ ਆਈ ਕਲਜੁਗ ਹਾਰ , ਸੋਹੰ ਸ਼ਬਦ ਗੁਰ ਬਾਣਿਆ । ਮਾਇਆ ਜੀਵ ਭੁਲਾਏ , ਕਿਸੇ ਸ਼ਰਨ ਨਾ ਲਾਏ , ਪੂਰਨ ਸਿੱਖ ਪ੍ਰਭ ਆਪ ਤਰਾਏ , ਚਲੇ ਗੁਰ ਕੇ ਭਾਣਿਆਂ । ਜੁਗੋ ਜੁਗ ਪ੍ਰਭ ਜੋਤ ਪ੍ਰਗਟਾਏ , ਧਾਰ ਦੇਹ ਜੀਵ ਤਰਾਏ , ਕਲਜੁਗ ਵਿਚ ਸ਼ੇਰ ਸਿੰਘ ਨਾਮ ਰਖਾਏ , ਸ੍ਰਿਸ਼ਟੀ ਭੁੱਨੀ ਵਾਂਗਰ ਦਾਣਿਆਂ । ਸੱਚਾ ਗੁਰ ਘਰ ਸਾਚੇ ਆਇਆ । ਧੰਨ ਸੋ ਥਾਨ ਜਿਥੇ ਗੁਰ ਦਰਸ ਦਿਖਾਇਆ । ਕਲਜੁਗ ਦਾ ਸਚਖੰਡ ਬਣਾਇਆ । ਸਰ ਅੰਮ੍ਰਿਤ ਵਿਚ ਇਹ ਅਟਲ ਰਖਾਇਆ । ਆਪ ਅਚਲ ਚਲਤ ਨਜ਼ਰੀ ਆਇਆ । ਜੋਤ ਸਰੂਪ ਵਿਚ ਸਿੱਖ ਸਮਾਇਆ । ਹੰਕਾਰ ਨਿਵਾਰਣ ਨਿਹਕਲੰਕ ਅਖਵਾਇਆ । ਅਬਿਨਾਸ਼ੀ ਅਵਿਗਤ ਪ੍ਰਭ ਆਪ ਰਘੁਰਾਇਆ । ਭਗਤ ਉਧਾਰਨ ਦੁਸ਼ਟ ਸੰਘਾਰਨ ਸੋਹੰ ਸ਼ਬਦ ਚਲਾਇਆ । ਆਪ ਏਕ , ਸ੍ਰਿਸ਼ਟ ਸਭ ਏਕ , ਲੱਖ ਚੁਰਾਸੀ ਜੀਵ ਉਪਾਇਆ । ਪ੍ਰਗਟੇ ਜੋਤ ਉਲਟਾਵੇ ਜੁਗ , ਜਲੋਂ ਥਲ ਥਲੋਂ ਜਲ ਵਹਾਇਆ । ਧੰਨ ਸੋ ਸਿੱਖ ਜਿਨ੍ਹਾਂ ਗੁਰ ਦਰਸ਼ਨ ਪਾਇਆ । ਦੁੱਖ ਕਲੇਸ਼ ਜਗਤ ਦਾ ਲਾਹਿਆ । ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ , ਅੰਧ ਅਗਿਆਨ ਗੁਰ ਸ਼ਬਦ ਗਵਾਇਆ । ਨਿਰਭੈ ਨਿਰਵੈਰ ਮੂਰਤ ਅਕਾਲ ਘਰ ਸਿੱਖ ਦੇ ਆਇਆ । ਹੋਏ ਪ੍ਰਤੱਖ ਆਪ ਸਮਰੱਥ , ਇਹ ਸੁੱਖਨ ਸੁਣਾਇਆ । ਪ੍ਰਗਟੇ ਦਾਤਾਰ , ਬੈਠੇ ਸੰਗਤ ਵਿਚਕਾਰ , ਕਰੇ ਬਚਨ ਲਲਕਾਰ , ਮੈਂ ਹਾਂ ਰਘੁਰਾਇਆ । ਮੇਰੀ ਕਰੋ ਪਛਾਣ , ਬਿਨ ਨਾੜੀ ਦੇ ਹੈ ਜਾਨ , ਜਿਥੇ ਪ੍ਰਵੇਸ਼ ਭਗਵਾਨ , ਸਰਬ ਸੂਖ ਹੈ ਪਾਇਆ । ਨਾਮ ਅੰਜਨ ਗੁਰ ਗਿਆਨ ਦਵਾਏ । ਡੁੱਬਦੀ ਸ੍ਰਿਸ਼ਟੀ ਗੁਰ ਆਣ ਤਰਾਏ । ਚਾਰ ਮੂਰਤੀ ਇਕ ਜੋਤ ਸਮਾਏ । ਪ੍ਰਭ ਕੀ ਜੋਤ ਜਗਤ ਜਲਾਏ । ਧੰਨ ਸਿੱਖ ਜੋ ਗੁਰ ਸੇਵ ਕਮਾਏ । ਧੰਨ ਸੋ ਧਾਮ ਜਿਥੇ ਗੁਰ ਚਰਨ ਟਿਕਾਏ । ਰਿਧ ਸਿਧ ਨੌਂ ਨਿਧ ਖੜ੍ਹੇ ਦਰ ਸੀਸ ਝੁਕਾਏ । ਫਿਰਨ ਕਰੋੜ ਤੇਤੀਸ ਪ੍ਰਭ ਦਰਸ ਤਿਹਾਏ । ਦੇਵੀ ਦੇਵਤੇ ਕੋਈ ਓਥੇ ਠੋਹਰ ਨਾ ਪਾਏ । ਜਿਥੇ ਸਿੱਖ ਸੋਹੰ ਸ਼ਬਦ ਗੁਣ ਗਾਏ । ਮਹਾਰਾਜ ਸ਼ੇਰ ਸਿੰਘ ਲਾਜ ਰਖਾਏ । ਸਤਿਗੁਰ ਮਨੀ ਸਿੰਘ ਕੋਲ ਬਹਾਏ ।
G01L025 ੩ ਵਿਸਾਖ ੨੦੦੭ ਬਿਕ੍ਰਮੀ ਅੰਮ੍ਰਿਤਸਰ ਬਚਨ ਹੋਏ
- Post category:Written Harbani Granth 01
