G01L12 ੧੫ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਵਿਚ ਦਰਗਾਹ ਮਿਲੇ ਨਾ ਢੋਈ । ਦਰਗਾਹ ਮੇਰੀ ਉਚ ਅਪਾਰ । ਜਿਥੇ ਵਸਿਆ ਆਪ ਨਿਰੰਕਾਰ । ਨਿਰੰਕਾਰ ਅਛਲ ਅਡੋਲ । ਕਲਜੁਗ ਹੁਣ ਤੋਲੇ ਤੋਲ । ਐਸਾ ਤੋਲ ਹੁਣ ਪ੍ਰਭੂ ਆਪ ਤੁਲਾਏ । ਕਲਜੁਗ ਦਾ ਹੁਣ ਕਾਲ ਕਰਾਏ । ਹੋਵੇ ਜੁਗ ਸਤਿ ਪ੍ਰਭ ਸਤਿ ਵਰਤਾਏ । ਹਰਿ ਜੀਉ ਹਰਿ ਹਰਿ ਥਾਂਏ  ਸਮਾਏ । ਮੁਕੰਦ ਮਨੋਹਰ ਨਜ਼ਰੀ ਆਏ । ਲਖ਼ਮੀ ਨਰਾਇਣ ਭਗਤਨ ਕਾ ਸਹਾਏ । ਭਗਤ ਵਛਲ ਪ੍ਰਭ ਆਪ ਅਖਵਾਏ । ਬੇੜਾ ਸਿੱਖ ਦਾ ਬੰਨੇ ਲਾਏ। ਜੋ ਸਿੱਖ ਸ਼ਰਨੀ ਪੜੇ । ਚਰਨ ਕਵਲ ਤੇ ਸੀਸ ਆ ਧਰੇ । ਆਪ ਪ੍ਰਭੂ ਪ੍ਰਭ ਕਰੇ ਅਨੰਦ । ਸਤਿਜੁਗ ਦਾ ਹੁਣ ਚੜ੍ਹਿਆ ਚੰਦ । ਗਿਆ ਅੰਧੇਰ ਹੋਇਆ ਪ੍ਰਕਾਸ਼ । ਜੋਤ ਮੇਰੀ ਦਾ ਨਹੀਂ ਵਿਨਾਸ । ਸਦਾ ਅਬਿਨਾਸ਼ੀ ਆਪ ਪ੍ਰਭ ਹੋਇਆ । ਦੇਹ ਵਿਨਾਸ਼ੀ ਆਪ ਨਵਾਂ ਨਰੋਆ । ਐਸੀ ਕਿਰਪਾ ਆਪ ਪ੍ਰਭ ਧਾਰੀ । ਸਦਾ ਸਦਾ ਕਰੋ ਨਿਮਸਕਾਰੀ । ਅਛਲ ਛਲਣ  ਛਲ ਆਪ ਕਰਾਏ । ਮਾਇਆ ਵਿਚ ਲੋਭੀ ਭਰਮਾਏ । ਮਤਿ ਮਾਇਆ ਨੇ ਲਈ ਮਾਰ । ਗੁਰ ਪੂਰੇ ਦੀ ਨਾ ਕਰੀ ਵਿਚਾਰ । ਗੁਰ ਨਾ ਬੂਝਿਆ ਦਰ ਨਾ ਸੂਝਿਆ । ਅਬਗਤ ਹੋਏ ਦਰ ਦਰ ਲੂਝਿਆ । ਲੋਕ ਪ੍ਰਲੋਕ ਨਾ ਮਿਲੇ ਵਡਿਆਈ । ਵਿਚ ਸੰਗਤ ਹਰਿ ਹਰਿ ਰਸਨਾ ਧਿਆਇਆ । ਹੋਇਆ ਕਿਰਪਾਲ ਆਪ ਰਘੁਰਾਇਆ । ਦਇਆ ਧਾਰ ਕਿਰਪਾ ਨੰਦ ਆਇਆ । ਹੋਏ ਪ੍ਰਗਟ ਆ ਦਰਸ ਦਿਖਾਇਆ । ਸੱਚੇ ਸਤਿਗੁਰ ਤਖ਼ਤ ਰਚਾਇਆ ।  ਸਤਿਗੁਰ ਮਨੀ ਸਿੰਘ ਉਪਰ ਬਠਾਇਆ । ਮਹਾਰਾਜ ਸ਼ੇਰ ਸਿੰਘ ਆਪ ਕਰੇ ਕਰਾਇਆ । ਜੇਹਾ ਦੇਖੋ ਤੇਹਾ ਸਮਾਇਆ । ਅਮ੍ਰਿਤ  ਸਤਿਗੁਰ ਆਪ ਬਣਾਇਆ । ਗੁਰਮੁਖਾਂ ਦੇ ਮੁਖ ਚੁਆਇਆ । ਪੀਏ ਅਮ੍ਰਿਤ ਅਮਰ ਪਦ ਪਾਏ । ਪੂਰਾ  ਸਤਿਗੁਰ ਨਜ਼ਰੀ ਆਏ । ਕਰੀ ਨਜ਼ਰ ਅੱਜ ਆਪ ਦਾਤਾਰ । ਅਮ੍ਰਿਤ ਬਰਖੇ ਆਪ ਕਰਤਾਰ । ਐਸਾ ਅਮ੍ਰਿਤ ਆਪ ਵਰਤਾਇਆ । ਨਾਭ ਕਮਲ ਵਿਚੋਂ ਝਿਰਨਾ ਝਿਰਾਇਆ । ਝਿਰਨਾ ਝਿਰਿਆ ਨਿਝਰੋਂ ਭਾਈ । ਗੁਰ ਪੂਰੇ ਨੇ ਸੋਝੀ ਪਾਈ । ਸੂਝ ਬੂਝ ਜਾਂ ਜੀਵ ਨੂੰ ਹੋਏ । ਮਹਾਰਾਜ ਸ਼ੇਰ ਸਿੰਘ ਰਿਦੇ ਪਰੋਏ । ਰਿਦੇ ਜਪੇ ਜੋ ਮੇਰਾ ਨਾਉਂ । ਇਸ ਤੋਂ ਪਰੇ ਨਹੀਂ ਕੋਈ ਥਾਉਂ । ਈਸ਼ਰ ਆਪ ਆਪਣਾ ਆਪ ਉਪਾਇਆ । ਕੁਦਰਤ ਰੂਪ ਬ੍ਰਹਮਾ ਨਾਭ ਵਿਚੋਂ ਪ੍ਰਗਟਾਇਆ । ਬ੍ਰਹਮੇ ਨੂੰ ਬ੍ਰਹਮ ਸੁਣਾਇਆ । ਚਾਰ ਮੁੱਖਾਂ ਦਾ ਸੀਸ ਲਗਾਇਆ । ਚਾਰ ਜੁਗ ਦਾ ਭੇਤ ਖੁਲ੍ਹਾਇਆ । ਚੌਂਹਾਂ ਵੇਦਾਂ ਵਿਚ ਹਰਿ ਰੰਗ ਲਿਖਾਇਆ । ਆਪਣਾ ਭੇਤ ਆਪ ਛੁਪਾਇਆ । ਸ੍ਰਿਸ਼ਟ ਉਪਾਏ ਬ੍ਰਹਮਾ ਨੂੰ ਧੰਦੇ ਲਾਇਆ । ਦਾਤਾ ਕਰਤਾ ਪ੍ਰਭ ਆਪ ਅਖਵਾਇਆ । ਜਨਮ ਮਰਨ ਭੇਤ ਛੁਪਾਇਆ । ਇਹ ਭੇਵ ਨਾ ਕੋਈ ਬੂਝੇ  । ਬੂਝੇ ਸੋਏ ਜਿਨ  ਸਤਿਗੁਰ ਸੂਝੇ । ਜੀਵ ਜੋ ਮੇਰੀ ਕਰੇ ਵੀਚਾਰ । ਵਿਚ ਚੁਰਾਸੀ ਹੋਏ ਨਾ ਖੁਆਰ । ਬ੍ਰਹਮ ਸਰੂਪ ਬ੍ਰਹਮ ਮਾਹਿ ਸਮਾਏ । ਜਹਾਂ ਸੇ ਉਪਜੇ ਤਹਾਂ ਹੈ ਜਾਏ । ਐਸੀ ਦਇਆ ਪ੍ਰਭ ਆਪ ਕਮਾਏ । ਥਿਰ ਘਰ ਦੀ ਸੋਝੀ ਪਾਏ । ਜੋਤ ਸੰਗ ਲੈ ਜੋਤ ਮਿਲਾਏ । ਮਹਾਰਾਜ ਸ਼ੇਰ ਸਿੰਘ ਸਦਾ ਰਿਦੇ ਧਿਆਏ ।  ਦਾਸ ਅਮਰ ਇਹ ਬਚਨ ਲਿਖਾਇਆ । ਸਾਲ ਬਹੱਤਰ ਵਿਚ ਗੁਰ ਦਰਸ਼ਨ ਪਾਇਆ । ਬਿਰਧ ਅਵਸਥਾ ਵਿਚ ਠਾਕਰ ਨਜ਼ਰੀ ਆਇਆ । ਦੀਆ ਦਰਸ ਪ੍ਰਭ ਕਰ ਨਜ਼ਰੀ ਨਜ਼ਰ ਬਹਾਇਆ । ਮਨ ਆਈ ਸ਼ਾਂਤ ਜਾਂ ਦਰਸ਼ਨ ਪਾਇਆ । ਗਾਤੇ ਗੁਣ ਕੋ ਮੁਕਤ ਸਰਬ ਸੁੱਖ ਪਾਇਆ । ਗੁਣ ਗੋਬਿੰਦ ਗੁਰ ਤੇਰਾ ਨਾਉਂ । ਅਮਰਦਾਸ ਨੂੰ ਅਮਰ ਕਰਾਓ । ਦਇਆ ਧਾਰ ਧਰ  ਹਰਿ ਜੀ ਆਏ । ਸਰਬ ਠੌਰ ਪ੍ਰਭ ਜੀ ਦਰਸ ਦਖਾਏ । ਕੀਆ ਦਰਸ ਸਭ ਸੋਝੀ ਪਾਏ ।