G18L058 ੩ ਮਾਘ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਨਰਾਇਣ ਨਰਿਆ, ਸ਼ਹਿਨਸ਼ਾਹ ਤੇਰੀ ਸਰਨਾਈਆ। ਤੂੰ ਸਚ ਦੱਸ ਕੀ ਤੂੰ ਸਾਡਾ ਨਹੀਂ ਘਾੜਨ ਘੜਿਆ, ਜਗਤ ਨਾਤਾ ਲਿਆ ਜੁੜਾਈਆ। ਕਿਉਂ ਸਾਨੂੰ ਕੁਕਰਮੀ ਕਰਕੇ ਫੜਿਆ, ਤੇਰੇ ਹੁਕਮੇਂ ਅੰਦਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਕੁਕਰਮ ਕਹੇ ਮੈਂ ਬੇਸ਼ਕ ਕੂੜ, ਕੁੜਿਆਰਾ ਨਜ਼ਰੀ ਆਈਆ। ਜਗਤ ਵਿਦਿਆ ਵਲੋਂ ਮੂੜ੍ਹ, ਮੂਰਖ ਰੂਪ ਵਟਾਈਆ। ਪ੍ਰਭੂ ਤੇਰੇ ਭਗਤਾਂ ਨਾਲ ਮਿਲ ਕੇ ਮੈਂ ਵੀ ਲਾ ਲਈ ਮਸਤਕ ਧੂੜ, ਧੂੜੀ ਟਿੱਕਾ ਇਕ ਰਮਾਈਆ। ਕਿਉਂ ਨਹੀਂ ਮੇਰੇ ਮੁਆਫ਼ ਕਰਦਾ ਕ਼ਸੂਰ, ਰਹਿਮਤ ਇਕ ਵਖਾਈਆ। ਮੈਂ ਜਾਣਦਾ ਤੂੰ ਭਗਤ ਵਛਲ ਜ਼ਰੂਰ, ਸੰਤਾਂ ਹੋਏਂ ਸਹਾਈਆ। ਹੁਣ ਕਿਹੜਾ ਤੂੰ ਦੂਰ, ਸਨਮੁਖ ਬੈਠਾ ਨਜ਼ਰੀ ਆਈਆ। ਤੇਰਾ ਭੰਡਾਰਾ ਸਦਾ ਭਰਪੂਰ, ਦੇਂਦਿਆਂ ਤੋਟ ਰਹੇ ਨਾ ਰਾਈਆ। ਕੂੜ ਕੁੜਿਆਰਾ ਕਹੇ ਹੇ ਪ੍ਰਭੂ ਜੇ ਅਸੀਂ ਨਾ ਹੋਈਏ ਤੂੰ ਕਿਸ ਦਾ ਬਖ਼ਸ਼ੇਂ ਕ਼ਸੂਰ, ਰਹਿਮਤ ਕਿਸ ਦੇ ਉਤੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਲੈਣਾ ਤਰਾਈਆ। ਕੂੜ ਕੁੜਿਆਰਾ ਕਹੇ ਜੇ ਮੈਂ ਨਾ ਹੁੰਦਾ, ਭਗਵਨ ਸਚ ਦਿਆਂ ਜਣਾਈਆ। ਫੇਰ ਤੈਨੂੰ ਕਿਹੜਾ ਧਿਔਂਦਾ, ਤੇਰੀ ਲੋੜ ਰਹਿੰਦੀ ਨਾ ਰਾਈਆ। ਜੇ ਤੂੰ ਸਭ ਨੂੰ ਇਕੋ ਜਿਹਾ ਬਣੌਂਦਾ, ਇਕੋ ਘਰ ਵਖਾਈਆ। ਫੇਰ ਕਿਹੜਾ ਤੇਰੇ ਚਰਨੀ ਸੀਸ ਨਿਵੌਂਦਾ, ਟਿੱਕੇ ਮਸਤਕਾਂ ਨਾਲ ਛੁਹਾਈਆ। ਬਿਨਾ ਮੇਰੇ ਤੇਰੇ ਸਤਿ ਸਚ ਨੂੰ ਕੌਣ ਪਰਗਟੌਂਦਾ, ਉਸ ਦਾ ਰੂਪ ਕਵਣ ਸਮਝਾਈਆ । ਮੈਂ ਤੇਰੇ ਅਗੇ ਝੋਲੀ ਡਾਹੁੰਦਾ, ਭਿਛਿਆ ਇਕੋ ਮੰਗ ਮੰਗਾਈਆ। ਜੋ ਤੇਰਾ ਦਰਸ਼ਨ ਪੌਂਦਾ, ਉਸ ਦਾ ਲਹਿਣਾ ਦੇਣਾ ਪੂਰਬ ਪਾਪ ਕੁਕਰਮ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਕੂੜ ਕੁੜਿਆਰ ਕਹੇ ਪ੍ਰਭੂ ਹੋਇਆ ਚੰਗਾ, ਤੂੰ ਸਾਹਿਬ ਸਵਾਮੀ ਸਹਿਜੇ ਮਿਲਿਆ ਆਈਆ। ਜਾਣਾ ਪਿਆ ਨਾ ਕੋਲ ਗੰਗਾ, ਆਪਣਾ ਪੰਧ ਮੁਕਾਈਆ। ਵਜੌਂਣਾ ਪਿਆ ਨਾ ਕੋਇ ਸੁਰੰਗਾ, ਕਿੱਲੀ ਤੰਦ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰਾ ਕਹੇ ਬੇਸ਼ਕ ਮੈਂ ਕੁਕਰਮ, ਅਭੁਲ ਤੇਰੀ ਸਰਨਾਈਆ। ਪ੍ਰਭੂ ਜੇ ਮੈਂ ਚੰਗਾ ਨਹੀਂ ਸਾਂ ਤੇ ਮੈਨੂੰ ਕਾਹਨੂੰ ਦਿਤਾ ਜਨਮ, ਘਰ ਘਰ ਵਿਚ ਦਿਤਾ ਵਸਾਈਆ। ਮੈਨੂੰ ਇਸ ਦੇ ਵਿਚ ਭਰਮ, ਮੇਰਾ ਭੁਲੇਖਾ ਦੂਰ ਕਰਾਈਆ। ਮੈਨੂੰ ਸਾਰੇ ਉਠੇ ਫੜਨ, ਆਪਣੇ ਹੱਥ ਫੈਲਾਈਆ। ਮੈਂ ਮੰਗੀ ਤੇਰੀ ਸਰਨ, ਸਚ ਮਿਲੇ ਵਡਿਆਈਆ। ਬਖ਼ਸ਼ ਦੇ ਆਪਣਾ ਚਰਨ, ਚਰਨੋਦਕ ਮੁਖ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਕੂੜ ਕੁੜਿਆਰਾ ਕਹੇ ਮੇਰਾ ਖੇਲ ਸੁਹੰਜਣਾ, ਘਰ ਘਰ ਆਪ ਵਖਾਈਆ। ਮੈਂ ਕਿਸੇ ਦੇ ਉਤੇ ਚੜ੍ਹਨ ਨਹੀਂ ਦਿਤੀ ਤੇਰੀ ਰੰਗਣਾ, ਆਪਣਾ ਬਲ ਵਧਾਈਆ । ਹੁਣ ਤੇਰੇ ਕੋਲੋਂ ਦਾਨ ਇਕ ਮੰਗਣਾ, ਆਪਣੀ ਝੋਲੀ ਡਾਹੀਆ। ਮੈਂ ਜਨ ਭਗਤਾਂ ਨੂੰ ਜਾਂਦੀ ਵਾਰ ਕਰ ਲਵਾਂ ਬੰਦਨਾ, ਨਿਉਂ ਕੇ ਸੀਸ ਨਿਵਾਈਆ । ਮੁੜ ਕੇ ਫੇਰ ਭਗਤ ਦਵਾਰਾ ਨਹੀਂ ਲੰਘਣਾ, ਤੇਰਾ ਰੂਪ ਅਨੂਪ ਨਾ ਕੋਇ ਵਖਾਈਆ। ਤੇਰਾ ਟੁਟਿਆ ਨਾਤਾ ਆਪਣੇ ਨਾਲ ਗੰਢਣਾ, ਸਾਚਾ ਮੇਲਾ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੂੜ ਕੁੜਿਆਰਾ ਕਹੇ ਮੈਂ ਕਲਜੁਗ ਕੀਤੀ ਸੇਵਾ, ਚਾਕਰ ਰੂਪ ਵਟਾਈਆ। ਕਿਸੇ ਨੂੰ ਨਜ਼ਰ ਨਹੀਂ ਔਣ ਦਿਤਾ ਦੇਵੀ ਦੇਵਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ । ਸਭ ਦੇ ਮਸਤਕ ਲਾ ਕੇ ਥੇਵਾ, ਕੂੜੀ ਕਿਰਿਆ ਦਿਤੀ ਜਣਾਈਆ। ਸਾਚਾ ਮੰਤਰ ਜਪਿਆ ਨਹੀਂ ਗਿਆ ਕਿਸੇ ਕੋਲੋਂ ਜਿਹਵਾ, ਆਤਮ ਰੰਗ ਨਾ ਕੋਇ ਰੰਗਾਈਆ। ਤੇਰੇ ਕੋਲ ਪ੍ਰਭੂ ਇਕ ਬੜਾ ਤਿੱਖਾ ਦਿਸਦਾ ਸੰਧੇਵਾ, ਜਿਸ ਦੇ ਨਾਲ ਜੜ੍ਹਾਂ ਦਏਂ ਉਖੜਾਈਆ। ਅਬਿਨਾਸ਼ੀ ਕਰਤੇ ਤੇਰਾ ਨੌਜਵਾਨਾਂ ਵਰਗਾ ਭਰੇਵਾ, ਬਸਤਰ ਭੂਸ਼ਣ ਸੋਹਣੇ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰਾ ਕਹੇ ਮੈਂ ਗਿਆ ਪੁਠਾ, ਸ਼ਬਦੀ ਚੋਟ ਲਗਾਈਆ। ਮੈਂ ਲੰਮਾ ਰਹਿ ਗਿਆ ਇਕ ਮੁੱਠਾ, ਆਪਣਾ ਆਪ ਮਿਟਾਈਆ । ਹੁਣ ਮੈਂ ਚਲਿਆ ਲਹਿੰਦੀ ਗੁੱਠਾ, ਪੱਲਾ ਭਗਤਾਂ ਨਾਲੋਂ ਲੈਣਾ ਛੁਡਾਈਆ। ਮੈਂ ਵੇਖਣਾ ਜਾ ਕੇ ਉਹ ਅੰਗੂਠਾ, ਜੋ ਕਾਗ਼ਜ਼ ਕੋਰੇ ਉਤੇ ਟਿਕਾਈਆ । ਦਰਸ਼ਨ ਕਰਨਾ ਤੇਰੇ ਗੋਬਿੰਦ ਪੁੱਤਾ, ਜੋ ਪਤਿਪਰਮੇਸ਼ਵਰ ਤੇਰੇ ਵਿਚ ਸਮਾਈਆ। ਉਸ ਦੇ ਹੁਕਮ ਅੰਦਰ ਸਾਡੀ ਬਦਲ ਕੇ ਰੁੱਤਾ, ਰੁਤੜੀ ਆਪਣਾ ਮੁਖ ਭਵਾਈਆ। ਸਭ ਦਾ ਪੰਧ ਮੁੱਕਾ, ਬੈਠੇ ਢੇਰੀਆਂ ਢਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਬਿਨਾਸ਼ੀ ਅਚੁਤਾ, ਭਗਤ ਸੁਹੇਲੇ ਪਾਰ ਲੰਘਾਈਆ। ਕੂੜ ਕੁੜਿਆਰ ਕਹੇ ਪ੍ਰਭੂ ਔਹ ਵੇਖ ਕਾਮ ਕਰੋਧ ਮੇਰੇ ਆਏ ਕੁੜਮ, ਦੋਵੇਂ ਇਕ ਦੂਜੇ ਨਾਲ ਪੱਗਾਂ ਰਹੇ ਬਦਲਾਈਆ। ਭੁਲੇਖਾ ਪਾਈਏ ਸਾਡੇ ਉਤੇ ਕੋਈ ਨਾ ਲਗੇ ਜੁਰਮ, ਵੇਸ ਆਪਣਾ ਰਹੇ ਬਦਲਾਈਆ। ਹੌਲੀ ਜਿਹੀ ਚੋਰੀ ਚੋਰੀ ਪਿੱਛੇ ਲਗੇ ਮੁੜਨ, ਆਪਣੀ ਅੱਖ ਚੁਰਾਈਆ। ਅਜੇ ਪਹਿਲਾ ਪੈਰ ਚੁਕ ਕੇ ਲਗੇ ਸੀ ਤੁਰਨ, ਤੁਰਤ ਉਪਰੋਂ ਹੁਕਮ ਗਿਆ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮ ਹੋਇਆ ਇਧਰ ਆਉ ਕੁੜਮ ਕੁੜਮੇਟੇ, ਤੁਹਾਡੀ ਮਿਲਣੀ ਦਿਆਂ ਕਰਾਈਆ। ਪਿਛਲੇ ਪੂਰੇ ਕਰ ਕੇ ਠੇਕੇ, ਅਗੇ ਦਾ ਲੇਖਾ ਦਿਆਂ ਚੁਕਾਈਆ। ਕਾਮ ਕਰੋਧ ਕੂੜ ਕੁੜਿਆਰ ਅੱਖ ਚੁਕ ਕੇ ਵੇਖੇ, ਸਾਨੂੰ ਕੌਣ ਰਿਹਾ ਸੁਣਾਈਆ। ਹੁਕਮ ਹੋਇਆ ਤੁਸੀਂ ਨਹੀਂ ਜਾਣਦੇ ਜਿਸ ਭਗਵਾਨ ਦੇ ਭਗਤ ਬੇਟੇ, ਉਹੋ ਰਿਹਾ ਡਰਾਈਆ। ਜੋ ਜੁਗ ਚੌਕੜੀ ਲੋਕਮਾਤ ਸਭ ਨੂੰ ਭੇਜੇ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੋ ਸਾਹਿਬ ਸੁਵਾਮੀ ਅੰਤਰ ਵੇਖੇ, ਅੰਤਮ ਕਲਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇਦਾਰ ਇਕ ਅਖਵਾਈਆ। ਕੂੜ ਕੁੜਿਆਰ ਕਹੇ ਨਾ ਕੁੜਮ ਰਹੇ ਨਾ ਕੁੜਮਾਈ, ਕੁੜਮੇਟਾ ਬੈਠਾ ਮੁਖ ਭਵਾਈਆ । ਨਾ ਧੀ ਰਹੀ ਨਾ ਜਵਾਈ, ਨਾਤਾ ਬੰਧਨ ਨਾ ਕੋਇ ਬੰਧਾਈਆ। ਇਕੋ ਮਿਲਿਆ ਬੇਪਰਵਾਹੀ, ਜੋ ਸਤਿ ਸਤਿਵਾਦੀ ਨਜ਼ਰੀ ਆਈਆ। ਦਰਸ਼ਨ ਕਰ ਕੇ ਪਿਛਲੀ ਮਿਟੀ ਜੁਦਾਈ, ਦੁਖ ਦਲਿਦਰ ਡੇਰਾ ਢਾਹੀਆ। ਤੇਰੇ ਭਗਤਾਂ ਅੰਦਰੋਂ ਨਿਕਲ ਕੇ ਜਾਈਏ ਚਾਈਂ ਚਾਈਂ, ਮੁਆਫ਼ ਕਰ ਕੇ ਸਾਡੀ ਭੁਲ ਦੇਣੀ ਬਖ਼ਸ਼ਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਸਰਨਾਈ, ਤੂੰ ਸਭ ਦਾ ਮਾਲਕ ਇਕੋ ਨਜ਼ਰੀ ਆਈਆ।