ਧੰਨ ਗੁਰਸਿੱਖ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਪਛਾਣਿਆਂ । ਸਚਖੰਡ ਪ੍ਰਭ ਵਸਣੇਹਾਰ । ਜਿਥੇ ਜੋਤ ਨਿਰੰਜਣ ਆਕਾਰ । ਡਗਮਗ ਜੋਤ ਜਗੇ ਅਪਾਰ । ਉਨੰਜਾ ਪਵਣ ਸਿਰ ਛਤਰ ਝੁਲਾਰ । ਬੈਠ ਅਡੋਲ ਰਿਹਾ ਕਰਤਾਰ । ਜੋ ਹੈ ਆਪਣੀ ਜੋਤ ਅਧਾਰ । ਜੋਤ ਜਗਾਵੇ ਵਿਚ ਸੰਸਾਰ । ਜੀਵ ਜੀਵ ਵਿਚ ਰਿਹਾ ਸਮਾਰ । ਕੋਈ ਨਾ ਜਾਣੇ ਪ੍ਰਭ ਕੀ ਸਾਰ । ਆਦਿ ਅੰਤ ਪ੍ਰਭ ਏਕੰਕਾਰ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ । ਈਸ਼ਰ ਆਪਣਾ ਆਪ ਬਣਾਇਆ । ਜੋਤ ਸਰੂਪ ਖੇਲ ਰਚਾਇਆ । ਖੰਡ ਬ੍ਰਹਿਮੰਡ ਹੋਏ ਰੁਸ਼ਨਾਇਆ । ਨਾਉਂ ਨਿਰੰਕਾਰ ਪ੍ਰਭ ਆਪ ਰਖਾਇਆ । ਕੁਦਰਤ ਰੂਪ ਸ੍ਰਿਸ਼ਟ ਉਪਾਇਆ । ਜੂਨ ਚੁਰਾਸੀ ਲੱਖ ਈਸ਼ਰ ਜੋਤ ਜਗਾਇਆ । ਹੋਏ ਪ੍ਰਭ ਕਿਰਪਾਲ , ਗਰੜ ਨੂੰ ਸੇਵਾ ਲਾਇਆ । ਜਿਸ ਉਠਾਇਆ ਕੰਧ , ਆਕਾਸ਼ ਚੱਕਰ ਲਗਾਇਆ । ਲੱਜਿਆ ਰੱਖਣ ਭਗਤ , ਪ੍ਰਭ ਬਣਤ ਬਣਾਇਆ । ਅੰਮ੍ਰਿਤ ਦਿਤਾ ਮੁਖ , ਮਾਤਲੋਕ ਨੂੰ ਆਇਆ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਇਆ । ਕਿਰਪਾ ਕੀਨੀ ਆਪ , ਵਿਚ ਮਾਤ ਲਿਆਇਆ । ਦਿਤੀ ਦਾਤ ਪ੍ਰਭ ਆਪ , ਭਗਤਨ ਦੇ ਮੁਖ ਚੁਆਇਆ । ਏਕ ਬੂੰਦ ਕਾਰਨੇ , ਗੰਗਾ ਨੀਰ ਵਹਾਇਆ । ਜਿਥੇ ਪ੍ਰਗਟ ਆਪ , ਰਵਿਦਾਸ ਚੁਮਿਆਰ ਤਰਾਇਆ । ਲੈ ਕਸੀਰਾ ਹੱਥ ਕੱਢ ਦੇ ਕੰਗਣ , ਪ੍ਰਭ ਬਾਂਹ ਦਿਖਾਇਆ । ਜਿਸ ਦੇ ਮੈਲੇ ਚੀਥੜੇ , ਵਿਚ ਭਗਵਾਨ ਬਹਾਇਆ । ਹੋਇਆ ਪ੍ਰਭ ਕਿਰਪਾਲ , ਆਣ ਦਰਸ ਦਿਖਾਇਆ । ਨਿਮਾਣਿਆਂ ਨਿਤਾਣਿਆਂ ਗੁਰ ਗਲੇ ਲਗਾਇਆ । ਜ਼ਾਤ ਪਾਤ ਆਣ ਸਾਰਾ ਭੇਤ ਮੁਕਾਇਆ । ਕਿਰਪਾ ਕੀਨੀ ਆਪ , ਪ੍ਰਭ ਚਾਰ ਵਰਨ ਇਕ ਰੰਗ ਕਰਾਇਆ । ਸਭ ਗਵਾਏ ਮਾਣ , ਰਾਓ ਰੰਕ ਕਰ ਇਕ ਬਹਾਇਆ । ਸੋਹੰ ਸ਼ਬਦ ਸਚ ਨੀਸਾਣ , ਗੁਰ ਰਾਹ ਬਤਾਇਆ । ਉਤਰੇ ਸਿੱਖ ਸਭ ਪਾਰ , ਜਿਨ ਹਰਿ ਗੁਣ ਗਾਇਆ । ਮਹਾਰਾਜ ਸ਼ੇਰ ਸਿੰਘ ਦੀਨ ਦਿਆਲ , ਜਿਸ ਭਰਮ ਭੈ ਗਵਾਇਆ । ਭਰਮ ਗੁਵਾਏ ਸਭ ਸੁੱਖ ਪਾਏ । ਚਰਨ ਕਵਲ ਸੰਗ ਪ੍ਰੀਤ ਲਗਾਏ । ਧੰਨ ਧੰਨ ਗੁਰ ਪੂਰਾ ਜਿਸ ਜੀਵ ਤਰਾਏ । ਧੰਨ ਧੰਨ ਗੁਰਸਿਖ ਜੋ ਗੁਰ ਚਰਨ ਲਗਾਏ । ਧੰਨ ਧੰਨ ਗੁਰਸਿਖ ਜੋ ਪ੍ਰਭ ਸ਼ਰਨ ਪਾਏ । ਧੰਨ ਧੰਨ ਗੁਰਸਿਖ ਜਿਨ ਸੰਗ ਬੇਮੁਖ ਤਰ ਜਾਏ । ਧੰਨ ਧੰਨ ਗੁਰਸਿਖ , ਜੋ ਸੋਹੰ ਨਾਮ ਜਪਾਏ । ਧੰਨ ਧੰਨ ਗੁਰਸਿੱਖ , ਜਿਨ੍ਹਾਂ ਪ੍ਰਭ ਦੇ ਦਰਸ਼ਨ ਪਾਏ । ਪ੍ਰਭ ਦੇ ਉਪੱਠੀ ਮਤਿ , ਜਗਤ ਇਹ ਧੰਦੇ ਲਾਇਆ । ਮਨ ਮੇਂ ਭਰ ਹੰਕਾਰ , ਆਪਣਾ ਨਾਮ ਭੁਲਾਇਆ । ਅੰਤ ਕਾਲ ਹੋਈ ਹਾਰ , ਜਗਤ ਇਹ ਧੱਕਾ ਲਾਇਆ । ਹੋਵੇ ਜਿੰਨ ਖਬੀਸ , ਮੁਖ ਇਹ ਵਿਸ਼ਟਾ ਪਾਇਆ । ਗੁਰ ਤੋਂ ਹੋਵੇ ਬੇਮੁੱਖ , ਦੁੱਖ ਡਾਹਢਾ ਪਾਇਆ । ਕੋਇ ਨਾ ਬਚਾਵੇ ਆਣ , ਜਿਨ੍ਹਾਂ ਪ੍ਰਭ ਨਾਮ ਭੁਲਾਇਆ । ਹੋਏ ਆਪ ਕਿਰਪਾਲ , ਆਪਣਾ ਆਪ ਉਪਾਇਆ । ਸਤਿਗੁਰ ਹੋ ਮਿਹਰਵਾਨ , ਆਪਣਾ ਨਾਮ ਰਖਾਇਆ । ਤਰੇਤੇ ਹੋਏ ਕਿਰਪਾਲ , ਰਾਮ ਦਸਰਥ ਜਾਇਆ । ਦਵਾਪਰ ਭਇਆ ਗੋਪਾਲ , ਕ੍ਰਿਸ਼ਨ ਨਾਮ ਰਖਾਇਆ । ਕਲਜੁਗ ਕਰੀ ਕਲਿਆਣ , ਨਿਹਕਲੰਕ ਅਖਵਾਇਆ । ਪ੍ਰਗਟੀ ਜੋਤ ਅਕਾਲ , ਸ਼ੇਰ ਸਿੰਘ ਨਾਮ ਰਖਾਇਆ । ਤਰਨ ਤਾਰਨ ਸਮਰਥ , ਪ੍ਰਭ ਦਰਸ ਦਿਖਾਇਆ । ਦਿਤਾ ਸਭ ਨੂੰ ਤਾਰ , ਜਿਨ੍ਹਾਂ ਸ਼ਬਦ ਸੋਹੰ ਗਾਇਆ । ਪ੍ਰਗਟਿਆ ਈਸ਼ਰ ਆਪ , ਕਲੂ ਦਾ ਕਾਲ ਕਰਾਇਆ । ਮਹਾਰਾਜ ਸ਼ੇਰ ਸਿੰਘ ਸਮਰਥ , ਜਿਨ ਇਹ ਖੇਲ ਰਚਾਇਆ । ਸੋਹੰ ਸ਼ਬਦ ਸਭ ਗੁਣ ਹੋਵੇ । ਗੁਣਵੰਤ ਪ੍ਰਭ ਆਪ , ਭਗਤ ਜਨ ਰਿਦੇ ਪਰੋਵੇ । ਸੋਹੰ ਦਿਤਾ ਜਾਪ , ਦੁਬਦਾ ਮੈਲ ਹੈ ਧੋਵੇ । ਸੱਚਾ ਸ਼ਬਦ ਗਿਆਨ , ਦੁੱਖ ਦਲਿਦਰ ਧੋਵੇ । ਨਾਮ ਮੇਰੇ ਦੀ ਬਾਣ , ਥਨੀਂ ਰੋਗ ਨਾ ਹੋਵੇ । ਸੋਹੰ ਜਪ ਕੇ ਨਾਮ , ਦੁੱਖੀ ਥਨ ਹੈ ਧੋਵੇ । ਸਤਿਗੁਰ ਹੋਏ ਦਿਆਲ , ਦੁੱਖ ਨਸ਼ਟ ਹੈ ਹੋਵੇ । ਫੁਲਬੈਹਰੀ ਇਹ ਦੇਹ ਨੂੰ ਬਾਣ । ਡਾਹਢਾ ਰੋਗ ਸਰਬ ਪਛਾਣ । ਕੋਈ ਨਾ ਇਸ ਦੀ ਰੱਖੇ ਖਾਣ । ਸੋਹੰ ਸ਼ਬਦ ਗੁਰ ਮਾਰਿਆ ਬਾਣ । ਕੀਤਾ ਨਾਸ ਵਾਂਗ ਮਸਾਣ । ਪਵਣ ਪਾਣੀ ਅਗਨੀ ਹੈ ਜਾਣ । ਮਹਾਰਾਜ ਸ਼ੇਰ ਸਿੰਘ ਦੁੱਖ ਭੰਜਣ ਜਾਣ ।
G01L027 ੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
Pages: 1 2
