ਅਗੰਮ ਸੰਦੇਸ਼
ਮਿੱਤਰ ਮਾਹੀ ਪਿਆਰੜਾ, ਏਕਾ ਰੰਗ ਕਰਤਾਰ। ਸੱਥਰ ਸੱਚਾ ਯਾਰੜਾ, ਵਿਛਾਏ ਵਿਚ ਸੰਸਾਰ। ਵਾਜਾਂ ਮਾਰੇ ਲਾਲ ਦੁਲਾਰੜਾ, ਲੰਬੀ ਬਾਂਹ ਹੁਲਾਰ। ਵੇਖੇ ਪਾਰ ਕਿਨਾਰੜਾ, ਦੋ ਜਹਾਨੀ ਵੇਖ ਵਿਚਾਰ। ਵਸਿਆ ਆਪ ਨਿਆਰੜਾ, ਨਿਰਗੁਣ ਰੂਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਚਾਰ। ਯਾਰ ਨਿਆਰਾ ਸਾਚਾ ਮਿੱਤਰ, ਮੀਤਾ ਮੀਤ ਅਖਵਾਇਆ। ਆਪੇ ਜਾਣੇ ਆਪਣਾ ਚਲਿੱਤਰ, ਚਿਤ ਚਿਤਵਤ ਨਾ ਕਿਸੇ ਰਖਾਇਆ। ਖੇਲੇ ਖੇਲ ਸੁਫਨ ਬਚਿੱਤਰ, ਪਵਨ ਪਵਿੱਤਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇਆ। ਸਾਚਾ ਮਿੱਤਰ ਸੱਜਣ ਸੁਹੇਲਾ, ਸਾਖਿਆਤ ਅਖਵਾਏ। ਆਪ ਆਪਣਾ ਕਰ ਕਰ ਮੇਲਾ, ਪਾਰਜਾਤ ਬਣਾਏ। ਵੇਖੇ ਖੇਲ ਗੁਰੂ ਗੁਰ ਚੇਲਾ, ਸਾਚੀ ਦਾਤ ਵਖਾਏ। ਸਦਾ ਵਸਿਆ ਰੰਗ ਨਵੇਲਾ, ਇਕ ਅਕਾਂਤ ਸਮਾਏ। ਆਪਣਾ ਖੇਲ ਆਪੇ ਖੇਲਾ, ਜੁਗ ਜੁਗ ਵੇਸ ਵਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਯਾਰੜਾ ਆਪ ਅਖਵਾਏ। ਸਾਚਾ ਮਿੱਤਰ ਹਰਿ ਸ਼ਬਦ, ਗੁਰ ਗੋਬਿੰਦ ਮੇਲ ਮਿਲਾਇਆ। ਆਪ ਉਤਾਰੇ ਆਪਣਾ ਕਰਜ਼, ਲਹਿਣਾ ਦੇਣਾ ਝੋਲੀ ਪਾਇਆ। ਪੂਰ ਕਰਾਏ ਸਾਚਾ ਫਰਜ਼, ਦੂਜੀ ਗਰਜ਼ ਰਹਿਣ ਨਾ ਪਾਇਆ। ਰਾਗ ਨਾਦ ਨਾ ਜਾਣੇ ਕੋਈ ਤਰਜ਼, ਤਾਲ ਤਲਵਾੜਾ ਨਾ ਕੋਈ ਵਜਾਇਆ। ਆਪ ਆਪਣਾ ਆਪੇ ਵਰਜ, ਆਪ ਆਪਣੇ ਘਰ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਿੱਤਰ ਆਪ ਅਖਵਾਇਆ। ਹਰਿ ਮਿੱਤਰ ਹਰਿ ਨਿਰੰਕਾਰਾ, ਹਰਿ ਹਰਿ ਸੰਗ ਰਖਾਇਆ। ਹਰਿ ਜੋਤ ਹਰਿ ਉਜਿਆਰਾ, ਹਰਿ ਹਰਿ ਗਿਆਨ ਦ੍ਰਿੜਾਇਆ। ਹਰਿ ਹਰਿ ਖੇਲੇ ਖੇਲ ਨਿਆਰਾ, ਕੋਟਨ ਕੋਟੀ ਕੋਟ ਰੂਪ ਵਟਾਇਆ। ਹਰਿ ਹਰਿ ਲਗਾਏ ਆਪਣੀ ਚੋਟ, ਨਰ ਹਰਿ ਨਗਾਰਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੀਤ ਮੁਰਾਰਾ ਇਕ ਉਪਜਾਇਆ। ਮਾਹੀ ਪਾਹੀ ਬੇਪਰਵਾਹ, ਆਪਣਾ ਪੰਧ ਮੁਕਾਏ। ਦੋ ਜਹਾਨਾਂ ਵੇਖੇ ਏਕਾ ਥਾਂ, ਦੇਰ ਕੋਈ ਨਾ ਲਾਏ। ਸ਼ਬਦ ਸੁਨੇਹੜਾ ਪਕੜੇ ਬਾਂਹ, ਪਾਰਬ੍ਰਹਮ ਸੁਣਾਏ। ਮਿੱਤਰ ਮਾਹੀ ਬਣਾਏ ਆਪਣਾ ਨਾਂ, ਨਾ ਕੋਈ ਦੂਜਾ ਸੰਗ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਇਆ ਕਮਾਏ। ਗੁਰ ਗੋਬਿੰਦੇ ਆਸਣ ਲਾ, ਆਪਣੀ ਸੇਜ ਵਿਛਾਈਆ। ਪਲੰਘ ਗਲੀਚਾ ਦਿਸੇ ਨਾ, ਖਾਕੀ ਖਾਕ ਟਿਕਾਈਆ। ਬਾਗ ਬਗੀਚਾ ਵਸੇ ਨਾ, ਨਾ ਕੋਈ ਸੇਵਕ ਸੇਵ ਕਮਾਈਆ। ਗੁਰ ਸੰਗਤ ਬਹਿ ਬਹਿ ਹੱਸੇ ਨਾ, ਕਲਗੀ ਤੋੜਾ ਨਾ ਸੀਸ ਟਿਕਾਈਆ। ਰਣਜੀਤ ਨਗਾਰਾ ਵੱਜੇ ਨਾ, ਨਾ ਧੌਂਸਾ ਕੋਈ ਲਗਾਈਆ। ਨੀਲਾ ਘੋੜਾ ਨੱਚੇ ਨਾ, ਨਾ ਆਪਣਾ ਸੁੰਭ ਹਿਲਾਈਆ। ਕਿਲਾ ਕੋਟ ਕੋਈ ਦਿਸੇ ਨਾ, ਪੁਰੀ ਅਨੰਦ ਨਜ਼ਰ ਨਾ ਆਈਆ। ਪੰਚਮ ਪਿਆਰਾ ਦਿਸੇ ਨਾ, ਨਾ ਕੋਈ ਸੰਗ ਨਿਭਾਈਆ। ਤੀਰ ਨਿਰਾਲਾ ਕੱਸੇ ਨਾ, ਨਾ ਕੋਈ ਕਮਾਨ ਖਿਚਾਈਆ। ਹੱਥ ਕਟਾਰ ਫਬੇ ਨਾ, ਨਾ ਸ਼ੱਤਰੂ ਵੇਖ ਵਖਾਈਆ। ਫੜ ਚਰਨ ਆਪਣੇ ਕੋਈ ਦੱਬੇ ਨਾ, ਨਾ ਕੋਈ ਅੰਗ ਲਗਾਈਆ। ਸੰਗੀ ਸਾਥੀ ਕੋਈ ਲੱਭੇ ਨਾ, ਨਾ ਕੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਈਆ। ਗੁਰ ਗੋਬਿੰਦਾ ਪੈਰ ਪਸਾਰ, ਆਪਣਾ ਆਸਣ ਲਾਇਆ। ਨਾ ਕੋਈ ਸਾਜਣ ਮੀਤ ਮੁਰਾਰ, ਪਿਤਾ ਪੂਤ ਨਾ ਕੋਈ ਦਿਸਾਇਆ। ਨਾ ਕੋਈ ਕਰੇ ਮੰਗਲਾਚਾਰ, ਬਵੰਜਾ ਬਵੰਜਾ ਨਾ ਕੋਈ ਅਲ੍ਹਾਇਆ। ਨਾ ਕੋਈ ਦਿਸੇ ਸਚ ਦਰਬਾਰ, ਚੋਬਦਾਰ ਨਾ ਕੋਈ ਵਖਾਇਆ। ਕਲਗੀ ਤੋੜਾ ਨਾ ਸੀਸ ਦਸਤਾਰ, ਖੁਲੜੇ ਕੇਸ ਰਖਾਇਆ। ਆਪ ਆਪਣੀਆਂ ਭੁਜਾਂ ਪਸਾਰ, ਬੈਠਾ ਆਸਣ ਲਾਇਆ। ਏਕਾ ਲਿਵ ਏਕਾ ਤਾਰ, ਇਕ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਵੇਲੇ ਅੰਤਮ ਚੇਤਾ ਆਇਆ। ਰੋ ਰੋ ਨੇਤਰ ਕਰੇ ਪੁਕਾਰ, ਸਾਚਾ ਲੇਖਾ ਵੇਖ ਵਖਾਇਆ। ਪੂਤ ਸਪੂਤਾ ਸਚ ਦੁਲਾਰ, ਗੋਬਿੰਦ ਤੇਰਾ ਨਾਮ ਉਪਾਇਆ। ਗੋਬਿੰਦ ਤੇਰਾ ਰੂਪ ਅਪਾਰ, ਤੇਰੀ ਧਾਰ ਚਲਾਇਆ । ਨੇਤਰ ਨੈਣ ਵੇਖ ਉਘਾੜ, ਸੁਤ ਮਾਤਾ ਗੁਜਰੀ ਲਾਲ ਸਾਚਾ ਜਾਇਆ। ਸੁੱਤਾ ਵਿਚ ਉਜਾੜ, ਇਕ ਤੇਰੀ ਓਟ ਤਕਾਇਆ। ਹਰਿਜਨ ਸਾਚੇ ਮੀਤ ਮੁਰਾਰ, ਤੇਰਾ ਰਾਹ ਤਕਾਇਆ। ਦਏ ਸੁਨੇਹੜਾ ਪਵਣ ਹੁਲਾਰ, ਅਵਗਵਣਾ ਨਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਪੜਦਾ ਲਾਹਿਆ। ਗੁਰ ਗੋਬਿੰਦੇ ਅੰਤਮ ਧਾ, ਏਕਾ ਏਕ ਲਗਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਘਰ ਸੁੱਤਾ ਬੇਪਰਵਾਹੀਆ। ਮੇਲ ਮਿਲਾਵਾ ਏਕਾ ਥਾਂ, ਜਗਤ ਵਿਛੋੜਾ ਦਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋੜਾ ਮੇਲ ਮਿਲਾ ਸਾਚਾ ਘੋੜਾ ਰਿਹਾ ਭਜਾਈਆ। ਵਾਗਾਂ ਮੋੜ ਆਪ ਅਖਵਾ, ਆਪਣਾ ਪੌੜਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਬੁਝਾਈਆ। ਗੁਰ ਗੋਬਿੰਦੇ ਬੂਝ ਬੁਝਾ, ਹਰਿ ਆਪਣੀ ਦਇਆ ਕਮਾਇੰਦਾ। ਆਪ ਆਪਣਾ ਭੇਵ ਖੁਲ੍ਹਾ, ਨੇਤਰ ਵੇਖ ਵਖਾਇੰਦਾ। ਸ਼ਬਦ ਸਰੂਪੀ ਰਿਹਾ ਬੁਲਾ, ਸ਼ਬਦੀ ਵਾਜ਼ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦਾ ਇਹ ਸਮਝਾਇੰਦਾ। ਗੁਰ ਗੋਬਿੰਦੇ ਕਰ ਵਿਚਾਰ, ਇਕ ਧਿਆਨ ਲਗਾਇਆ। ਸ਼ਬਦ ਸੁਨੇਹੜਾ ਦਏ ਅਪਾਰ, ਸ਼ਬਦੀ ਸ਼ਬਦ ਸੇਵਾ ਲਾਇਆ। ਹੋਏ ਵਿਚੋਲਾ ਵਿਚ ਸੰਸਾਰ, ਸੋਹੰ ਢੋਲਾ ਏਕਾ ਗਾਇਆ। ਸੰਮਤ ਤੇਰਾ ਵੇਖ ਦਵਾਰ, ਪ੍ਰਭ ਅਬਿਨਾਸ਼ੀ ਚਰਨ ਛੁਹਾਇਆ। ਗੁਰ ਗੋਬਿੰਦੇ ਭਰਿਆ ਹਰਿ ਭੰਡਾਰ, ਸੋਹੰ ਵਸਤ ਝੋਲੀ ਪਾਇਆ। ਆਪੇ ਕੀਤਾ ਬੰਦ ਕਿਵਾੜ, ਆਪੇ ਕੁੰਡਾ ਲਾਹਿਆ। ਪਰਗਟ ਕਰੇ ਵਿਚ ਉਜਾੜ, ਮਾਛੂਵਾੜੇ ਸੰਗ ਨਿਭਾਇਆ। ਸੋ ਪੁਰਖ ਨਿਰੰਜਣ ਦੋ ਜਹਾਨਾਂ ਪੈਂਡਾ ਗਿਆ ਪਾੜ, ਸਾਚੇ ਯਾਰੜੇ ਮੇਲ ਮਿਲਾਇਆ। ਆਪ ਕਰਾਏ ਪਾਰ ਕਿਨਾਰ, ਅਧਵਿਚਕਾਰ ਨਾ ਕੋਈ ਰਖਾਇਆ। ਏਕਾ ਸੁਰ ਏਕਾ ਤਾਲ, ਇਕ ਸਤਾਰ ਹਿਲਾਇਆ। ਨਾਨਕ ਵੇਖੇ ਦਰ ਦਰਬਾਰ, ਲੋਕਮਾਤ ਰਾਹ ਤਕਾਇਆ। ਸ਼ਬਦ ਵਿਚੋਲਾ ਆਵੇ ਵਾਰੋ ਵਾਰ, ਗੁਰ ਗੋਬਿੰਦਾ ਰਿਹਾ ਘਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿੱਤਰ ਮਾਹੀ ਮੇਲ ਮਿਲਾਇਆ। ਸਾਚਾ ਮਾਹੀ ਆਦਿ ਨਿਰੰਜਣ, ਏਕਾ ਏਕ ਅਖਵਾਇੰਦਾ। ਗੁਰ ਗੋਬਿੰਦਾ ਮਿੱਤਰ ਸੱਜਣ, ਸਾਚਾ ਮੇਲ ਮਿਲਾਇੰਦਾ। ਆਵੇ ਜਾਵੇ ਮੇਲ ਮਿਲਾਵੇ ਪੁਰਖ ਅਬਿਨਾਸ਼ੀ ਪੜਦੇ ਕੱਜਨ, ਏਕਾ ਪੜਦਾ ਆਪਣਾ ਪਾਇੰਦਾ। ਅੰਤਮ ਮੇਲਾ ਸਾਚੇ ਘਰ ਹਰਿ ਸਾਚੇ ਸੱਜਣ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਹੀ ਮਿੱਤਰ ਯਾਰ ਮੀਤੜਾ, ਸਾਚੇ ਸਥ ਆਪ ਮਿਲਾਇੰਦਾ। ਭੱਠ ਖੇੜਾ ਨਗਰ ਗਿਰਾਂ, ਪੰਜ ਤਤ ਨਾ ਭਾਏ। ਪੁਰਖ ਅਕਾਲਾ ਤੇਰਾ ਨਾਂ, ਏਕਾ ਏਕ ਸਤਾਏ। ਦੀਨ ਦਿਆਲਾ ਪਕੜੀਂ ਬਾਂਹ, ਪੂਤ ਸਪੂਤਾ ਰਿਹਾ ਕੁਰਲਾਏ। ਗੋਬਿੰਦ ਗੋਪਾਲਾ ਏਕਾ ਥਾਂ, ਮੇਲਾ ਸਹਿਜ ਸੁਭਾਏ। ਸਾਚਾ ਲਾਲਾ ਗਲੇ ਲਗਾ, ਲਹਿਣਾ ਲਏ ਮੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਏ। ਭਠ ਖੇੜੇ ਕਾਇਆ ਰਹਿਣਾ ਗੋਬਿੰਦ ਮੂਲ ਨਾ ਭਾਇਆ। ਪੁਰਖ ਅਬਿਨਾਸ਼ੀ ਤੇਰੇ ਚਰਨੀ ਬਹਿਣਾ, ਸਾਚਾ ਧਾਮ ਸੁਹਾਇਆ। ਅੱਠੇ ਪਹਿਰ ਦਰਸ ਨੈਣਾਂ, ਆਪ ਆਪਣਾ ਦਏ ਕਰਾਇਆ। ਏਕਾ ਅੰਗ ਏਕਾ ਸੰਗ ਏਕਾ ਮੰਗ ਦਰ ਦਵਾਰੇ ਪ੍ਰਭ ਸਾਚੇ ਸਾਕ ਸੱਜਣ ਸੈਣਾ, ਨਾਤਾ ਬਿਧਾਤਾ ਇਕ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ।
ਗੁਰ ਗੋਬਿੰਦੇ ਮਿਲਿਆ ਮੇਲਾ, ਹਰਿ ਗੋਬਿੰਦ ਵਿਚ ਸਮਾਇਆ। ਖੇਲੇ ਖੇਲ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਅਖਵਾਇਆ। ਆਪੇ ਹੋਇਆ ਸੱਜਣ ਸੁਹੇਲਾ, ਹਰਿ ਸਾਚਾ ਸੰਗ ਨਿਭਾਇਆ। ਆਪ ਆਪਣਾ ਜਾਣੇ ਵੇਲਾ, ਆਪ ਆਪਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਹਰਿ ਗੋਬਿੰਦਾ ਆਪ ਅਖਵਾਇਆ। ਹਰਿ ਗੋਬਿੰਦ ਹਰਿ ਸਮਾ, ਹਰਿ ਹਰਿ ਜੋਤ ਜਗਾਈਆ। ਹਰਿ ਹਰਿ ਸਾਜਣ ਲਏ ਉਪਾ, ਹਰਿ ਹਰਿ ਵੇਖ ਵਖਾਈਆ। ਹਰਿ ਹਰਿ ਰੰਗ ਦਏ ਰੰਗਾ, ਹਰਿ ਹਰਿ ਰੰਗਣ ਇਕ ਰੰਗਾਈਆ। ਹਰਿ ਹਰਿ ਸੰਗ ਦਏ ਨਿਭਾ, ਹਰਿ ਹਰਿ ਸਗਲਾ ਸੰਗ ਨਿਭਾਈਆ। ਹਰਿ ਹਰਿ ਅੰਗ ਲਏ ਲਗਾ, ਹਰਿ ਹਰਿ ਅੰਗੀ ਕਾਰ ਅਖਵਾਈਆ। ਹਰਿ ਹਰਿ ਮਰਦੰਗ ਦਏ ਵਜਾ, ਹਰਿ ਹਰਿ ਮਰਦੰਗਾ ਆਪ ਵਜਾਈਆ। ਹਰਿ ਹਰਿ ਪਲੰਘਾ ਦਏ ਵਿਛਾ, ਹਰਿ ਹਰਿ ਸਾਚੀ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੰਗ ਨਿਭਾਈਆ। ਗੋਬਿੰਦ ਮੇਲਾ ਸਗਲਾ ਸਾਥਾ, ਹਰਿ ਸੱਜਣ ਸ਼ਾਹੋ ਪਾਇਆ। ਏਕ ਚਲਾਏ ਸਾਚਾ ਰਾਥਾ, ਬੇਪਰਵਾਹੋ ਆਪ ਅਖਵਾਇਆ। ਪਰਗਟ ਹੋਏ ਤ੍ਰਿਲੋਕੀ ਨਾਥਾ, ਨਾਥ ਅਨਾਥਾਂ ਹੋਏ ਸਹਾਇਆ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਆਪ ਚਲਾਇਆ। ਪਾਰਬ੍ਰਹਮ ਪ੍ਰਭ ਸਰਬ ਕਲਾ ਸਮਰਥਾ, ਸਮਰਥ ਪੁਰਖ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਾਚੀ ਜੋਤ ਜਗਾਇਆ। ਗੋਬਿੰਦ ਜੋਤੀ ਆਪ ਜਗਾ, ਆਪਣੇ ਹੱਥ ਰੱਖੀ ਵਡਿਆਈਆ। ਆਪ ਆਪਣਾ ਨਗਰ ਉਪਾ, ਚਾਰ ਦਵਾਰੀ ਵੇਖ ਵਖਾਈਆ । ਨਾ ਕੋਈ ਦਿਸੇ ਜਗਤ ਨਿਸ਼ਾਨ, ਇੱਟਾ ਗਾਰਾ ਨਾ ਕੋਈ ਲਾਈਆ। ਨਾ ਕੋਈ ਬਾਢੀ ਸਕੇ ਬਣਾ, ਨਾ ਕੋਈ ਜੋੜ ਜੁੜਾਈਆ। ਨਾ ਕੋਈ ਲਾਡੀ ਸਕੇ ਲਡਾ, ਨਾ ਕੋਈ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਲਏ ਉਪਾਈਆ। ਗੁਰ ਗੋਬਿੰਦਾ ਆਪ ਉਪਾਏ, ਆਪਣੀ ਕਲ ਧਾਰਿਆ। ਸਾਚੀ ਨਗਰੀ ਧਾਮ ਸੁਹਾਏ, ਮਹੱਲ ਅਟੱਲ ਉਚ ਮੁਨਾਰਿਆ। ਏਕਾ ਬਾਤੀ ਏਕਾ ਦੀਵਾ ਪੁਰਖ ਅਬਿਨਾਸ਼ੀ ਆਪ ਜਗਾਏ, ਮੇਟ ਮਿਟਾਏ ਅੰਧ ਅੰਧਿਆਰਿਆ। ਨੀਵਾਂ ਹੋ ਹੋ ਵੇਖ ਵਖਾਏ, ਦਿਸ ਕਿਸੇ ਨਾ ਆ ਰਿਹਾ। ਸਾਢੇ ਤਿੰਨ ਹੱਥ ਸੀਆਂ ਭਾਗ ਲਗਾਏ, ਹਰਿ ਖੇਲੇ ਖੇਲ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦਾ ਜਨਮ ਦਵਾ ਲਿਆ। ਗੁਰ ਗੋਬਿੰਦਾ ਜਨਮ ਦਵਾ, ਸਗਲੀ ਚਿੰਦ ਮਿਟਾਈਆ। ਸੰਬਲ ਨਗਰੀ ਦਏ ਵਸਾ, ਸਾਚਾ ਧਾਮ ਸੁਹਾਈਆ। ਜੋਤ ਅਗੰਮੜੀ ਇਕ ਰਖਾ, ਸਚ ਸਮਗਰੀ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਈਆ । ਸੰਬਲ ਨਗਰੀ ਸਾਚੀ ਰੁੱਤ, ਹਰਿ ਸਾਚੇ ਆਪ ਸੁਹਾਈਆ। ਆਪੇ ਵੇਖੇ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਆਪ ਆਪਣੀ ਅੱਖ ਖੁਲ੍ਹਾਈਆ। ਪੂਤ ਸਪੂਤਾ ਪਾਇਆ ਸਾਚਾ ਸੁੱਤ, ਧੁਰ ਦੀ ਬਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨਿਸ਼ਾਨਾ ਰਿਹਾ ਜਣਾਈਆ। ਸੰਬਲ ਨਗਰੀ ਸਚ ਨਿਸ਼ਾਨਾ, ਹਰਿ ਸਾਚੇ ਆਪ ਰਖਾਇਆ। ਆਪੇ ਵੇਖੇ ਮਾਰ ਧਿਆਨਾ, ਵੇਖਣਹਾਰ ਆਪ ਅਖਵਾਇਆ। ਆਪ ਉਡਾਏ ਇਕ ਬਿਬਾਣਾ, ਲੋਆਂ ਪੁਰੀਆਂ ਆਪ ਫਿਰਾਇਆ। ਆਪੇ ਗਾਏ ਇਕ ਤਰਾਨਾ, ਏਕਾ ਰਾਗ ਅਲਾਇਆ। ਆਪੇ ਬੰਨੇ ਏਕਾ ਗਾਨਾ, ਸਾਚਾ ਸਗਨ ਮਨਾਇਆ। ਆਪੇ ਬਖ਼ਸ਼ੇ ਤੀਰ ਕਮਾਨਾ, ਸਾਚਾ ਚਿੱਲਾ ਇਕ ਚੜ੍ਹਾਇਆ। ਆਪੇ ਹੋਏ ਜੋਧਾ ਸੂਰਬੀਰ ਬਲੀ ਬਲਵਾਨਾ, ਆਪੇ ਵਿਚ ਮੈਦਾਨਾ ਆਇਆ। ਆਪੇ ਗੋਪੀ ਆਪੇ ਕਾਹਨਾ, ਆਪੇ ਮੰਡਲ ਰਾਸ ਰਚਾਇਆ। ਆਪੇ ਅਰਜਨ ਦੇਵੇ ਬ੍ਰਹਮ ਗਿਆਨਾ, ਗੀਤਾ ਗੋਝ ਖੁਲ੍ਹਾਇਆ। ਆਪੇ ਹੋਏ ਕ੍ਰਿਸ਼ਨ ਭਗਵਾਨਾ, ਕੰਸਾ ਮੇਟ ਮਿਟਾਇਆ। ਆਪੇ ਰਾਮਾ ਰਾਮ ਅਖਵਾਨਾ, ਆਪੇ ਸੀਤਾ ਸੰਗ ਰਖਾਇਆ। ਆਪੇ ਰਾਵਣ ਮਾਰੇ ਵਿਚ ਜਹਾਨਾ, ਦਹਿਸਿਰ ਕਾਲ ਕਰਾਇਆ। ਆਪੇ ਬੈਠੇ ਸਚ ਬਿਬਾਨਾ, ਆਪ ਆਪਣਾ ਰਿਹਾ ਉਡਾਇਆ। ਆਪੇ ਪਰਗਟ ਹੋ ਪੁਰਖ ਸੁਲਤਾਨਾ, ਪਾਰਬ੍ਰਹਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਾਚੇ ਘਰ ਬਹਾਇਆ। ਸੰਬਲ ਨਗਰ ਵਸੇ ਖੇੜਾ, ਹਰਿ ਸਾਚੇ ਰਚਨ ਰਚਾਈਆ। ਗੁਰ ਗੋਬਿੰਦੇ ਬੰਨੇ ਬੇੜਾ, ਆਪਣੇ ਹੱਥ ਰੱਖੇ ਵਡਿਆਈਆ। ਨੌਂ ਖੰਡ ਪ੍ਰਿਥਮੀ ਕਰੇ ਨਿਬੇੜਾ, ਲੱਖ ਚੁਰਾਸੀ ਫੋਲ ਫੋਲਾਈਆ। ਸੱਤਾਂ ਦੀਪਾਂ ਏਕਾ ਗੇੜਾ, ਗਗਨ ਪਤਾਲਾਂ ਆਪ ਹਿਲਾਈਆ। ਧਰਤ ਮਾਤ ਤੇਰਾ ਖੁਲ੍ਹਾ ਵੇਹੜਾ, ਹਰਿ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਕਾਇਆ ਗੜ੍ਹ ਸੁਹਾਈਆ। ਗੋਬਿੰਦ ਕਾਇਆ ਗੜ੍ਹ ਸੁਹੰਜਣਾ, ਹਰਿ ਸਾਚੇ ਮਹੱਲ ਉਪਾਇਆ। ਉਪਰ ਚੜ੍ਹੇ ਆਦਿ ਨਿਰੰਜਣਾ, ਆਪਣਾ ਆਸਣ ਲਾਇਆ। ਹਰ ਘਟ ਬੈਠਾ ਸੱਚਾ ਦਰਦ ਦੁੱਖ ਭੈ ਭੰਜਨਾ, ਹਰਿਸੰਗਤ ਮੇਲ ਮਿਲਾਇਆ। ਨੇਤਰ ਪਾਏ ਧੂੜੀ ਅੰਜਨਾ, ਦੁਰਮਤ ਮੈਲ ਗਵਾਇਆ। ਸੰਮਤ ਚੌਦਾਂ ਛੱਬੀ ਪੋਹ ਕਲਜੁਗ ਅੰਤਮ ਵੇਲਾ ਸਾਚਾ ਸਾਕ ਸੱਜਣਾ, ਮਾਤ ਪਿਤ ਆਪ ਅਖਵਾਇਆ। ਜੋ ਘੜਿਆ ਸੋ ਭੱਜਣਾ, ਨਿਤ ਨਵਿਤ ਇਹ ਖੇਲ ਰਚਾਇਆ। ਕਾਇਆ ਗੜ੍ਹ ਲੱਖ ਚੁਰਾਸੀ ਅੰਤਮ ਤਜਨਾ, ਝੂਠਾ ਮੋਹ ਵਧਾਇਆ। ਗੁਰਮੁਖ ਵਿਰਲੇ ਗੁਰਚਰਨ ਦਵਾਰੇ ਅੰਮ੍ਰਿਤ ਆਤਮ ਪੀ ਪੀ ਰੱਜਣਾ, ਕਾਗੋਂ ਹੰਸ ਬਣਾਇਆ। ਸ਼ਬਦ ਨਗਾਰਾ ਏਕਾ ਵੱਜਣਾ, ਸੰਬਲ ਨਗਰੀ ਦਏ ਵਜਾਇਆ। ਗੁਰਮੁਖ ਸਾਚੇ ਮੀਤ ਮੁਰਾਰੇ ਸੱਜਣਾ, ਗੋਬਿੰਦ ਮੇਲਾ ਰਿਹਾ ਮਿਲਾਇਆ। ਵੇਲੇ ਅੰਤਮ ਰੱਖੇ ਲੱਜਣਾ, ਜੁਗ ਵਿਛੜੇ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੜ੍ਹ ਸੁਹਾਇਆ। ਗੋਬਿੰਦ ਗੜ੍ਹ ਉਚ ਮਹੱਲਾ, ਅਟੱਲ ਅਟੱਲ ਅਖਵਾਇਆ। ਪੁਰਖ ਅਬਿਨਾਸ਼ੀ ਬੈਠ ਇਕ ਅਕੱਲਾ, ਜਲ ਥਲ ਵੇਖ ਵਖਾਇਆ। ਲੋਆਂ ਪੁਰੀਆਂ ਬੋਲੇ ਏਕਾ ਹੱਲਾ, ਬ੍ਰਹਿਮੰਡਾਂ ਫੇਰਾ ਪਾਇਆ। ਚੌਥੇ ਜੁਗ ਪਏ ਤਰਥੱਲਾ, ਹਰਿ ਸਾਚੇ ਖੇਲ ਰਚਾਇਆ। ਕਲਜੁਗ ਕੂੜਾ ਹੋਇਆ ਝੱਲਾ, ਨਾ ਕੋਈ ਸੰਗ ਰਖਾਇਆ। ਸਾਚਾ ਦੀਪਕ ਕਿਤੇ ਨਾ ਬਲਾ, ਸਾਧ ਸੰਤ ਨਾ ਕੋਈ ਵਖਾਇਆ। ਦੂਈ ਦਵੈਤੀ ਲੱਗਾ ਸਲਾ, ਜੀਵ ਜੰਤ ਰਹੇ ਕੁਰਲਾਇਆ। ਪੰਚ ਵਿਕਾਰਾ ਫੜਿਆ ਭੱਲਾ, ਤਿਖਾ ਮੁਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰਾ ਦਰ ਸੁਹਾਇਆ। ਗੋਬਿੰਦ ਤੇਰਾ ਸਚ ਦਰ, ਉਚ ਮਹੱਲ ਅਟਾਰੀ। ਪੁਰਖ ਅਬਿਨਾਸ਼ੀ ਕਿਰਪਾ ਕਰ, ਘਰ ਘਰ ਵਿਚ ਲਿਆ ਉਸਾਰੀ। ਏਕਾ ਬੈਠਾ ਅੰਦਰ ਵੜ, ਆਪੇ ਖੇਲ ਖਿਲਾਰੀ। ਆਪੇ ਤੋੜੇ ਕਿਲਾ ਹੰਕਾਰੀ ਗੜ੍ਹ, ਰਿਹਾ ਪੈਜ ਸਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਨਗਰੀ ਵੇਖ ਵਿਚਾਰੀ। ਗੋਬਿੰਦ ਨਗਰੀ ਸਾਚਾ ਖੇੜਾ, ਪ੍ਰਭ ਸਾਚੇ ਆਪ ਵਸਾਇਆ। ਸਤਿ ਪੁਰਖ ਨਿਰੰਜਣ ਵੇਖੇ ਝੇੜਾ, ਲੱਖ ਚੁਰਾਸੀ ਮਾਤ ਲਗਾਇਆ। ਆਦਿ ਨਿਰੰਜਣ ਕਰੇ ਨਿਬੇੜਾ, ਹੱਕੋ ਹੱਕ ਵਖਾਇਆ। ਕਾਲ ਕਰਤਾ ਦੇਵੇ ਗੇੜਾ, ਏਕਾ ਲੱਠ ਗਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦਾ ਲਏ ਜਗਾਈਆ। ਸੰਮਤ ਵੀਹ ਸੌ ਬਿਕ੍ਰਮੀ ਕਰ ਪਿਆਰ, ਗੋਬਿੰਦ ਜੋਤ ਜਗਾਈਆ। ਸੰਬਲ ਨਗਰੀ ਕਰ ਉਜਿਆਰ, ਹਰਿ ਸਾਚੇ ਖ਼ੁਸ਼ੀ ਮਨਾਈਆ। ਇਕ ਅਕੱਲਾ ਪਾਵੇ ਸਾਰ, ਏਕਾ ਰੰਗ ਰੰਗਾਈਆ। ਵੀਹ ਸੌ ਦੋ ਬੰਨੇ ਧਾਰ, ਦੂਜਾ ਭੌ ਚੁਕਾਈਆ। ਤੀਜੇ ਤਨ ਕਰੇ ਵਿਚਾਰ, ਤ੍ਰੈਗੁਣ ਮਾਇਆ ਪਰੇ ਹਟਾਈਆ। ਚੌਥਾ ਘਰ ਅਪਰ ਅਪਾਰ, ਆਪਣਾ ਆਪ ਸੁਹਾਈਆ। ਪੰਚਮ ਵੇਖੇ ਨਾਰੀ ਨਾਰ, ਸਾਚਾ ਰੂਪ ਸਮਾਈਆ। ਛੇਵੇਂ ਮੇਲਾ ਸ਼ਬਦ ਧਾਰ, ਸਾਚੀ ਛਹਿਬਰ ਲਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਅਪਰ ਅਪਾਰ, ਆਪਣੀ ਜੋਤ ਜਗਾਈਆ। ਅੱਠਵੇਂ ਅੱਠ ਅਗੰਮ ਅਪਾਰ, ਨਾ ਕੋਈ ਵੇਖ ਵਖਾਈਆ। ਨੌਂ ਦਵਾਰੇ ਵਸਿਆ ਬਾਹਰ, ਦਿਸ ਕਿਸੇ ਨਾ ਆਈਆ। ਦੱਸਵਾਂ ਮਹੱਲ ਇਕ ਉਸਾਰ, ਘਰ ਘਰ ਵਿਚ ਬੈਠਾ ਆਸਣ ਲਾਈਆ। ਵੀਹ ਦੋ ਦਸ ਤੇਰਾ ਪਿਆਰ, ਪ੍ਰਭ ਸਾਚਾ ਆਪ ਕਰਾਈਆ। ਵੀਹ ਸਦ ਬਾਰਾਂ ਕਰ ਪਿਆਰ, ਆਪਣੀ ਰਚਨ ਰਚਾਈਆ। ਗੋਬਿੰਦ ਸਾਚੇ ਲਏ ਉਭਾਰ, ਪਹਿਲੀ ਚੇਤਰ ਲੇਖ ਲਿਖਾਈਆ। ਵੀਹ ਸਦ ਬਾਰਾਂ ਬੰਨੇ ਧਾਰ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਹਰਿਸੰਗਤ ਪ੍ਰਭ ਕਰ ਤਿਆਰ, ਲੋਕਮਾਤ ਦਏ ਵਡਿਆਈਆ। ਤੇਰਾਂ ਤੇਰੀ ਬੰਨੇ ਧਾਰ, ਨਾਨਕ ਤੋਲਾ ਇਕ ਰਖਾਈਆ। ਸਾਧਾ ਸੰਤਾਂ ਪਾਵੇ ਸਾਰ, ਰਾਜ ਰਾਜਾਨਾਂ ਦਏ ਹਿਲਾਈਆ। ਸੰਮਤ ਚੌਦਾਂ ਕਰ ਪਿਆਰ, ਗੁਰ ਗੋਬਿੰਦੇ ਖ਼ੁਸ਼ੀ ਮਨਾਈਆ। ਸੰਬਲ ਨਗਰੀ ਕਰ ਉਜਿਆਰ, ਸਾਚੀ ਜੋਤ ਕਰੇ ਰੁਸ਼ਨਾਈਆ। ਆਪੇ ਵੇਖੇ ਸ਼ਾਹ ਅਸਵਾਰ, ਚਿੱਟਾ ਅਸਵ ਇਕ ਦੌੜਾਈਆ। ਸੋਲਾਂ ਕਲੀਆਂ ਕਰ ਸ਼ੰਗਾਰ, ਬੈਠਾ ਆਸਣ ਲਾਈਆ। ਆਵੇ ਜਾਵੇ ਵਾਰੋ ਵਾਰ, ਏਕਾ ਪੌੜਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰੀ ਦਏ ਸੁਹਾਈਆ। ਸੰਬਲ ਨਗਰੀ ਜੋਤ ਉਜਾਗਰ, ਹਰਿ ਸਾਚੇ ਆਪ ਕਰਾਈਆ। ਗੁਰੂ ਗੋਬਿੰਦ ਬਣਿਆ ਸ਼ਬਦ ਸੌਦਾਗਰ, ਪ੍ਰਭ ਸਾਚਾ ਵਣਜ ਕਰਾਈਆ। ਨਿਰਮਲ ਕਰਮ ਹੋਏ ਉਜਾਗਰ, ਜਿਸ ਜਨ ਆਪਣੇ ਅੰਗ ਲਗਾਈਆ। ਅੰਮ੍ਰਿਤ ਬਖ਼ਸ਼ੇ ਕਾਇਆ ਗਾਗਰ, ਹਾੜ ਸਤਾਰਾਂ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦਾ ਸੰਗ ਰਖਾਈਆ। ਗੁਰ ਗੋਬਿੰਦੇ ਚੜ੍ਹਿਆ ਚਾ, ਵੇਲਾ ਅੰਤਮ ਆਇਆ। ਪੁਰਖ ਅਬਿਨਾਸ਼ੀ ਸੰਗ ਮਲਾਹ, ਗੁਰਮੁਖਾਂ ਬੇੜਾ ਰਿਹਾ ਚਲਾਇਆ। ਫੜ ਫੜ ਬਾਂਹੋਂ ਰਾਹੇ ਪਾ, ਨੌ ਦਵਾਰੇ ਪਾਰ ਕਰਾਇਆ। ਅੰਦਰ ਬੈਠਾ ਬੇਪਰਵਾਹ, ਸਚ ਸਿੰਘਾਸਣ ਆਸਣ ਲਾਇਆ। ਇਕ ਜਪਾਏ ਸਾਚਾ ਨਾਂ, ਨਾਨਕ ਵਿਚੋਲਾ ਆਪ ਰਖਾਇਆ। ਬਣਿਆ ਤੋਲਾ ਏਕਾ ਥਾਂ, ਸਾਚੀ ਧਾਰਾ ਤੋਲ ਤੁਲਾਇਆ। ਸਾਚਾ ਡੋਲਾ ਦਏ ਵਖਾ, ਗੁਰਮੁਖ ਸਾਚੇ ਲਏ ਚੜ੍ਹਾਇਆ। ਬਣਿਆ ਗੋਲਾ ਦਰ ਦਰ ਘਰ ਘਰ ਫੇਰੀ ਪਾ, ਗੁਰਮੁਖ ਸਾਚੇ ਲਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਚੌਦਾਂ ਵੇਖ ਵਖਾਇਆ। ਸੰਮਤ ਚੌਦਾਂ ਹਰਿ ਅਬਿਨਾਸ਼, ਆਪਣੀ ਦਇਆ ਕਮਾਈਆ। ਗੁਰ ਗੋਬਿੰਦ ਹੋਇਆ ਦਾਸ, ਸਾਚਾ ਸੰਗ ਰਖਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਅਕਾਸ਼ ਆਕਾਸ਼ਾ ਡੇਰਾ ਲਾਈਆ। ਆਦਿ ਅੰਤ ਨਾ ਹੋਏ ਵਿਨਾਸ, ਨਾ ਮਰੇ ਨਾ ਜਾਈਆ। ਸਦਾ ਸੁਹੇਲਾ ਵਸੇ ਪਾਸ, ਦਿਵਸ ਰੈਣ ਖ਼ੁਸ਼ੀ ਮਨਾਈਆ। ਲੋਕਮਾਤ ਪਾਏ ਰਾਸ, ਪਹਿਲੀ ਚੇਤਰ ਖ਼ੁਸ਼ੀ ਮਨਾਈਆ। ਗੁਰ ਗੋਬਿੰਦੇ ਕਰੀ ਅਰਦਾਸ, ਪ੍ਰਭ ਸਾਚਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰੀ ਡੇਰਾ ਲਾਈਆ। ਗੁਰ ਗੋਬਿੰਦੇ ਮੰਗੀ ਮੰਗ, ਦੋਏ ਜੋੜ ਨਿਮਸਕਾਰੇ। ਪੁਰਖ ਅਬਿਨਾਸ਼ੀ ਤੇਰਾ ਸੰਗ, ਅਸਥਿਲ ਸੋਹਿਣ ਚੁਬਾਰੇ। ਤੇਰੀ ਕਾਇਆ ਤੇਰਾ ਰੰਗ, ਤੇਰੀ ਚੋਲੀ ਬਸਤਰ ਅਪਾਰੇ। ਤੇਰੀ ਧਾਰ ਤੇਰੀ ਗੰਗ, ਤੇਰੀ ਅੰਮ੍ਰਿਤ ਧਾਰੇ। ਤੇਰਾ ਨਾਮ ਤੇਰਾ ਪਲੰਘ, ਤੇਰੀ ਸੇਜ ਅਪਾਰੇ। ਏਕਾ ਮੰਗਣ ਰਿਹਾ ਮੰਗ, ਕੱਠੇ ਰਹੇ ਕੰਤ ਭਤਾਰੇ। ਗੁਰ ਗੋਬਿੰਦਾ ਸਾਚੀ ਨਾਰੀ, ਹਰਿ ਹਰਿ ਕੰਤ ਮਨਾਇਆ। ਅੱਠੇ ਪਹਿਰ ਸੇਵਕ ਕਰੇ ਸੇਵਾਦਾਰੀ, ਚਰਨ ਸਰਨ ਸਰਨਾਇਆ। ਏਕਾ ਪੂਜਾ ਪਾਠ ਪੁਜਾਰੀ, ਅਕਾਲ ਅਕਾਲ ਧਿਆਇਆ। ਮੰਦਰ ਦੇਹੁਰਾ ਗੁਰੂਦਵਾਰਾ ਨਾ ਲਿਆ ਕੋਈ ਉਸਾਰੀ, ਨਾ ਕੋਈ ਥਾਨ ਸੁਹਾਇਆ। ਪ੍ਰਭ ਚਰਨ ਮਿਲੀ ਸੱਚੀ ਸਿਕਦਾਰੀ, ਸਾਚਾ ਧਾਮ ਸੁਹਾਇਆ। ਏਕਾ ਲਿਵ ਏਕਾ ਤਾਰੀ, ਇਕ ਗਿਆਨ ਦ੍ਰਿੜਾਇਆ। ਏਕਾ ਗੁਰ ਇਕ ਅਵਤਾਰੀ, ਏਕਾ ਏਕ ਅਖਵਾਇਆ। ਏਕਾ ਪੈਜ ਰਿਹਾ ਸਵਾਰੀ, ਸਿਰ ਆਪਣਾ ਹੱਥ ਟਿਕਾਇਆ। ਏਕਾ ਜੋਤ ਇਕ ਅਕਾਰੀ, ਇਕ ਨਿਰੰਜਣ ਆਪ ਅਖਵਾਇਆ। ਏਕਾ ਪਾਰਬ੍ਰਹਮ ਪ੍ਰਭ ਪਾਏ ਸਾਰੀ, ਅਗੰਮ ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤਾ ਗੋਦ ਉਠਾਇਆ। ਪੂਤ ਸਪੂਤਾ ਸਾਚਾ ਸੁੱਤ, ਲਏ ਸਚ ਹੁਲਾਰਾ। ਪੁਰਖ ਅਬਿਨਾਸ਼ੀ ਆਪੇ ਤੁਠ, ਕਰੇ ਸਚ ਪਿਆਰਾ। ਅੰਮ੍ਰਿਤ ਆਤਮ ਦੇਵੇ ਘੁੱਟ, ਏਕਾ ਨਿਝਰ ਧਾਰਾ। ਅਵਣ ਗਵਣ ਗਿਆ ਛੁੱਟ, ਕਾਲ ਮਹਾਂਕਾਲ ਮੰਗੇ ਦਰ ਦਵਾਰਾ। ਅੰਤਮ ਕਲਜੁਗ ਆਪ ਸਹੌਣੀ ਆਪਣੀ ਰੁੱਤ, ਆਪ ਆਪਣਾ ਲਏ ਅਵਤਾਰਾ। ਮਨਮੁਖਾਂ ਮੁਖ ਪਾਏ ਥੁੱਕ, ਨਿੰਦਕ ਨਿੰਦਿਆ ਝੱਖ ਮਾਰਾ। ਗੁਰ ਗੋਬਿੰਦਾ ਵੇਖੇ ਝੁਕ, ਸੰਬਲ ਨਗਰੀ ਧਾਮ ਨਿਆਰਾ। ਪੁਰਖ ਅਬਿਨਾਸ਼ੀ ਲਿਆਇਆ ਚੁੱਕ, ਕਰਿਆ ਆਪ ਪਸਾਰਾ। ਕਦਮ ਕਦਮ ਨਾ ਪੈਂਡਾ ਜਾਏ ਮੁੱਕ, ਜੇ ਕੋਈ ਚਲੇ ਜੀਵ ਗਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਲਏ ਅਵਤਾਰਾ। ਲੋਕਮਾਤ ਹਰਿ ਲਏ ਅਵਤਾਰ, ਆਪਣੀ ਜੋਤ ਜਗਾਈਆ। ਮਾਨਸ ਦੇਹੀ ਲੇਖਾ ਪਾਰ, ਨਾ ਕੋਈ ਲੇਖ ਲਿਖਾਈਆ। ਸਾਲ ਬਸਾਲਾ ਹਰਿ ਕਰਤਾਰ, ਰਿਹਾ ਮੁਖ ਛੁਪਾਈਆ। ਸ਼ਾਹ ਕੰਗਾਲਾ ਖੇਲ ਅਪਾਰ, ਛਿਨ ਛਿਨ ਆਪ ਕਰਾਈਆ। ਜਗਤ ਦਲਾਲਾ ਪਾਵੇ ਸਾਰ, ਗੁਰਮੁਖ ਵਿਰਲੇ ਲਏ ਜਗਾਈਆ। ਸਿੰਘ ਪਾਲ ਕਰ ਤਿਆਰ, ਸੋਹੰ ਦੇਵੇ ਨਾਮ ਵੱਡੀ ਵਡਿਆਈਆ। ਜੋਤੀ ਨੂਰ ਕਰ ਉਜਾਲਾ, ਸਾਚਾ ਲਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖ਼ੁਸ਼ੀ ਮਨਾਈਆ। ਸਿੰਘ ਪਾਲਾ ਹਰਿ ਰਖਵਾਲਾ, ਪਰਮ ਪੁਰਖ ਅਖਵਾਇਆ। ਸੋਹੰ ਦੇਵੇ ਨਾਮ ਸੱਚਾ ਧੰਨ ਮਾਲਾ, ਦੂਸਰ ਕਿਸੇ ਹੱਥ ਨਾ ਆਇਆ। ਬਵੰਜਾ ਸਾਲ ਰਿਹਾ ਕੰਗਾਲਾ, ਨਾ ਕੋਈ ਮੰਤਰ ਨਾਮ ਦ੍ਰਿੜਾਇਆ। ਫਲ ਨਾ ਲੱਗਾ ਕਿਸੇ ਡਾਲਾ, ਖਾਲੀ ਬੁਤ ਵਖਾਇਆ। ਆਤਮ ਸੇਜ ਨਾ ਕਿਸੇ ਵਿਛਾਈ ਸੱਚੀ ਮ੍ਰਿਗਸ਼ਾਲਾ, ਪੂਤ ਸਪੂਤਾ ਦਏ ਭੁਲਾਇਆ। ਆਪੇ ਖੇਲੇ ਖੇਲ ਹੱਕ ਹਲਾਲਾ, ਹੱਕ ਹਕੀਕਤ ਵੇਖ ਵਖਾਇਆ। ਆਪੇ ਚਲੇ ਆਪਣੀ ਚਾਲਾ, ਚਲਣਹਾਰ ਆਪ ਹੋ ਜਾਇਆ। ਤੇਗ ਬਹਾਦਰ ਦਰ ਏਕਾ ਭਾਲਾ, ਸੀਸ ਭੇਟ ਚੜ੍ਹਾਇਆ। ਆਪੇ ਤੋੜੇ ਜਗਤ ਜੰਜਾਲਾ, ਬੰਧਨ ਬੰਧੀ ਕੱਟ ਵਖਾਇਆ। ਗੁਰਮੁਖ ਸਾਚਾ ਸੱਜਣ ਆਪ ਉਠਾਲਾ, ਲੋਕਮਾਤੀ ਜਨਮ ਦਵਾਇਆ। ਇਕ ਜਪਾਇਆ ਨਾਮ ਸੁਖਾਲਾ, ਸਾਚਾ ਮਾਰਗ ਲਾਇਆ। ਕਲਜੁਗ ਅੰਤਮ ਹੋਏ ਹਾਲ ਬੇਹਾਲਾ, ਗੁਰਮੁਖਾਂ ਦਏ ਵਡਿਆਇਆ। ਗੁਰਮੁਖਾਂ ਵਖਾਏ ਸੱਚੀ ਧਰਮਸਾਲਾ, ਸਤਿ ਧਰਮੀ ਧਰਮ ਕਮਾਇਆ। ਪਾਰਬ੍ਰਹਮ ਬ੍ਰਹਮ ਖੇਲ ਨਿਰਾਲਾ, ਵਰ ਬ੍ਰਹਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਸੁਹਾ, ਹਰ ਘਟ ਮੰਡਲ ਰਾਸਾ। ਆਪ ਆਪਣਾ ਰਿਹਾ ਛੁਪਾ, ਆਪਣਾ ਆਪ ਕਰੇ ਪਰਕਾਸ਼ਾ। ਆਪਣਾ ਦੀਵਾ ਬੱਤੀ ਰਿਹਾ ਜਗਾ, ਅੰਧ ਕੂਪ ਆਪ ਹੋ ਜਾਸਾ। ਸਾਚਾ ਧੂਪ ਰਿਹਾ ਧੁਖਾ, ਸਚ ਸੁਗੰਧੀ ਵੇਖ ਤਮਾਸ਼ਾ। ਚਾਰੇ ਕੂਟਾਂ ਫੇਰਾ ਪਾ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। ਸੰਬਲ ਨਗਰੀ ਧਾਮ ਸੁਹਾ, ਗੁਰ ਗੋਬਿੰਦੇ ਦਏ ਭਰਵਾਸਾ। ਆਪ ਆਪਣਾ ਨਾਲ ਰਖਾ, ਆਪੇ ਵੇਖੇ ਖੇਲ ਤਮਾਸ਼ਾ। ਨਿਹਕਲੰਕਾ ਡੰਕ ਵਜਾ, ਗੁਰਮੁਖਾਂ ਲੇਖੇ ਲਾਏ ਕਾਇਆ ਰਸਨ ਸਵਾਸਾ। ਰਾਓ ਰੰਕਾਂ ਰਿਹਾ ਉਠਾ, ਪਾਰਬ੍ਰਹਮ ਪੁਰਖ ਅਬਿਨਾਸ਼ਾ। ਵਾਸੀ ਪੁਰੀ ਘਨਕਾ ਆਪ ਅਖਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਏ ਆਪਣੀ ਰਾਸਾ। ਸੰਮਤ ਚੌਦਾਂ ਸਾਚਾ ਰੰਗ, ਹਰਿ ਸਾਚੇ ਆਪ ਰੰਗਾਇਆ। ਹਰਿਸੰਗਤ ਹਰਿ ਹੋਇਆ ਸੰਗ, ਆਪਣੀ ਬਣਤ ਬਣਾਇਆ। ਸ਼ਬਦ ਉਡਾਰੀ ਇਕ ਪਤੰਗ, ਡੋਰੀ ਨਾਮ ਬੰਧਾਇਆ। ਏਕਾ ਧਾਰ ਸਾਚੀ ਗੰਗ, ਏਕਾ ਨੀਰ ਵਹਾਇਆ। ਏਕਾ ਬੈਠਾ ਹਰਿ ਪਲੰਘ, ਗੁਰਮੁਖ ਸਾਚੇ ਲਏ ਤਰਾਇਆ। ਗੁਰ ਗੋਬਿੰਦੇ ਮੰਗੀ ਮੰਗ, ਕਲਜੁਗ ਵੇਲਾ ਅੰਤਮ ਆਇਆ। ਨੌਂ ਦਵਾਰੇ ਵੇਖੇ ਲੰਘ, ਗੁਰਮੁਖ ਸਾਚੇ ਲਏ ਜਗਾਇਆ। ਚਿੱਟੇ ਅਸਵ ਕੱਸਿਆ ਤੰਗ, ਸਾਚਾ ਆਸਣ ਲਾਇਆ। ਸ਼ਬਦ ਗੁਰ ਬਣ ਮਲੰਘ, ਘਰ ਘਰ ਨੱਚਣ ਆਇਆ। ਲਿਖਿਆ ਲੇਖਾ ਨਿਭੇ ਸੰਗ, ਨਾ ਕੋਈ ਤੋੜ ਤੁੜਾਇਆ। ਹੋਇਆ ਵਿਛੋੜਾ ਪੁਰੀ ਅਨੰਦ, ਸਰਸਾ ਭੇਟ ਚੜ੍ਹਾਇਆ। ਜੋ ਜਨ ਗਾਏ ਸੁਣਾਏ ਸੋਹੰ ਸੁਹਾਗੀ ਸਾਚਾ ਛੰਦ, ਪੂਰਬ ਲਹਿਣਾ ਝੋਲੀ ਪਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਨੇਤਰ ਨੈਣਾ ਦਰਸ ਦਿਖਾਇਆ। ਦੂਈ ਦਵੈਤੀ ਢਾਈ ਕੰਧ, ਭਰਮ ਗੜ੍ਹ ਰਹਿਣ ਨਾ ਪਾਇਆ। ਗੁਰਮੁਖ ਸਾਚੇ ਪਰਮਾਨੰਦ, ਚਰਨ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਆਪ ਬਖ਼ਸ਼ਿੰਦ, ਸੰਮਤ ਚੌਦਾਂ ਲਏ ਤਰਾਇਆ। ਲਿਖਿਆ ਕਰ ਨਾ ਸਕੇ ਕੋਈ ਕਲਮਬੰਦ, ਏਕਾ ਕਲਮਾ ਰਿਹਾ ਪੜ੍ਹਾਇਆ। ਲੱਖ ਚੁਰਾਸੀ ਦੇਵੇ ਦੰਡ, ਭੇਖ ਪਖੰਡਾ ਦਏ ਮਿਟਾਇਆ। ਮਨਮੁਖ ਮੇਟੇ ਨਾਰ ਦੁਹਾਗਣ ਰੰਡ, ਕੰਤ ਸੁਹਾਗ ਨਾ ਕੋਈ ਹੰਢਾਇਆ। ਆਪੇ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇਆ। ਖੇਲੇ ਖੇਲ ਵਿਚ ਬ੍ਰਹਿਮੰਡ, ਪਾਰਬ੍ਰਹਮ ਅਖਵਾਇਆ। ਕਲਜੁਗ ਤੇਰੀ ਵੱਢੇ ਕੰਡ, ਦਿਸ ਕਿਸੇ ਨਾ ਆਇਆ। ਜਨ ਭਗਤਾਂ ਆਤਮ ਪਾਏ ਠੰਡ, ਸੰਮਤ ਚੌਦਾਂ ਨੀਂਹ ਧਰਾਇਆ। ਪਹਿਲੀ ਚੇਤਰ ਵੰਡੀ ਵੰਡ, ਏਕਾ ਇਕੀ ਪਾਇਆ। ਸਾਚੀ ਸਿਖੀ ਤੁਟੀ ਗੰਢ, ਮਾਝੇ ਜੋੜ ਜੁੜਾਇਆ। ਆਪ ਉਠਾਈ ਸਿਰ ਆਪਣੇ ਪੰਡ, ਗੁਰਮੁਖ ਹੌਲੇ ਭਾਰ ਰਖਾਇਆ। ਸਿੰਘ ਮਨਜੀਤੇ ਵੰਡੀ ਵੰਡ, ਜ਼ੋਰੇ ਜ਼ੋਰ ਦਵਾਇਆ। ਜਗਤ ਜਗਦੀਸ਼ਾ ਤੋੜੇ ਘਮੰਡ, ਨੌ ਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰੀ ਜੋੜ ਜੁੜਾਇਆ। ਸੰਬਲ ਨਗਰੀ ਜੁੜਿਆ ਜੋੜਾ, ਹਰਿ ਸਾਚੇ ਆਪ ਜੁੜਾਇਆ। ਪੁਰਖ ਅਬਿਨਾਸ਼ੀ ਏਕਾ ਘੋੜਾ, ਦੋ ਜਹਾਨੀ ਰਿਹਾ ਦੋੜਾਇਆ। ਇਕ ਲਗਾਇਆ ਸਾਚਾ ਪੌੜਾ, ਏਕਾ ਚਰਨ ਉਠਾਇਆ। ਆਪੇ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜਾ, ਉਚੇ ਟਿੱਲੇ ਪਰਬਤ ਆਸਣ ਲਾਇਆ। ਲੋਕਮਾਤ ਆਏ ਦੌੜਾ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਨਾ ਕੋਈ ਵੇਖ ਵਖਾਇਆ। ਫਲ ਨਾ ਦਿਸੇ ਮਿੱਠਾ ਕੌੜਾ, ਰਸਨਾ ਰਸ ਨਾ ਚਖੇ ਰਾਇਆ। ਸ਼ਬਦੀ ਜੋਤੀ ਜੁੜਿਆ ਜੋੜਾ, ਹਰਿ ਸਾਚੀ ਬਣਤ ਬਣਾਇਆ। ਗੁਰਮੁਖਾਂ ਘਰ ਘਰ ਆਪੇ ਬੌਹੜਾ, ਸੰਮਤ ਚੌਦਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਰਿਹਾ ਪਾਇਆ। ਏਕਾ ਇਕੀ ਆਪੇ ਪਾ, ਏਕਾ ਕਲ ਵਰਤਾਈਆ। ਆਪਣੀ ਸਿਖੀ ਆਪ ਬਣਾ, ਆਪੇ ਸੰਗ ਰਖਾਈਆ। ਧਾਰੋਂ ਤਿਖੀ ਦਏ ਵਖਾ, ਚਾਰ ਵਰਨ ਇਕ ਸਰਨਾਈਆ। ਏਕਾ ਦੂਜਾ ਭੌ ਮਿਟਾ, ਤੀਜੇ ਨੇਤਰ ਕਰੇ ਰੁਸ਼ਨਾਈਆ। ਚੌਥੇ ਘਰ ਦਏ ਬਹਾ, ਗੁਰ ਪੂਰੇ ਹੱਥ ਵਡਿਆਈਆ। ਧਰਮ ਰਾਏ ਨਾ ਦਏ ਫਾਹ, ਚਿਤਰ ਗੁਪਤ ਨਾ ਵੇਖ ਵਖਾਈਆ। ਲਾੜੀ ਮੌਤ ਨਾ ਕਰੇ ਨਿਕਾਹ, ਨਾ ਕੋਈ ਸਗਨ ਮਨਾਈਆ। ਦਰ ਦਵਾਰੇ ਨਾ ਫੇਰਾ ਸਕੇ ਪਾ, ਮੁਖ ਘੁੰਗਟ ਰਹੀ ਸ਼ਰਮਾਈਆ। ਹੱਥੀ ਮਹਿੰਦੀ ਨਾ ਬਹੇ ਲਾ, ਪੀੜ੍ਹਾ ਲਾਲ ਨਾ ਡਾਹੀਆ। ਗੁਰਮੁਖਾਂ ਮਿਲਿਆ ਸਚ ਮਲਾਹ, ਸਤਿਗੁਰ ਪੂਰਾ ਆਪ ਅਖਵਾਈਆ। ਗੁਰ ਗੋਬਿੰਦਾ ਦੇਵੇ ਸਚ ਸਲਾਹ, ਦੇ ਮਤ ਆਪ ਸਮਝਾਈਆ। ਪੁਰਖ ਅਬਿਨਾਸ਼ੀ ਜੋਤ ਜਗਾ, ਸੰਬਲ ਨਗਰ ਬੈਠਾ ਆਸਣ ਲਾਈਆ। ਗੁਰਮੁਖਾਂ ਹਉਮੇ ਰੋਗ ਗਵਾ, ਚਿੰਤਾ ਰਿਹਾ ਮਿਟਾਈਆ। ਏਕਾ ਜੋਗ ਰਿਹਾ ਸਿਖਾ, ਸੋਹੰ ਸ਼ਬਦ ਵੱਡੀ ਵਡਿਆਈਆ। ਆਤਮ ਭੋਗੀ ਭੋਗ ਕਰਾ, ਸਾਚੀ ਸੇਜ ਹੰਢਾਈਆ। ਧੁਰ ਸੰਜੋਗੀ ਮੇਲ ਮਿਲਾ, ਵਿਛੜ ਕਦੇ ਨਾ ਜਾਈਆ। ਦਰਸ ਅਮੋਘੀ ਦਏ ਵਖਾ, ਪਰਗਟ ਹਰ ਘਟ ਥਾਈਂਆ। ਸਾਚੀ ਚੋਗੀ ਦਏ ਚੁਗਾ, ਮਾਣਕ ਮੋਤੀ ਇਕ ਖਵਾਈਆ। ਤੀਨ ਲੋਕੀ ਪਾਰ ਕਰਾ, ਸਾਚੇ ਧਾਮ ਬਹਾਈਆ। ਪੂਜਾ ਪਾਠ ਨਾ ਕੋਈ ਕਰਾ, ਏਕਾ ਏਕ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਸਾਚੇ ਪੌੜੇ ਦਏ ਚੜ੍ਹਾ, ਆਪ ਆਪਣਾ ਲੜ ਫੜਾਈਆ। ਸੁਖਮਨ ਨਾੜੀ ਪਾਰ ਕਰਾ, ਟੇਢੀ ਬੰਕ ਤੁੜਾਈਆ। ਆਪਣਾ ਉਪਰ ਹੱਥ ਰਖਾ, ਆਵੇ ਜਾਵੇ ਵਾਹੋ ਦਾਹੀਆ। ਗੁਰਮੁਖ ਸਾਚੇ ਸੰਗ ਰਖਾ, ਸੁਰਤ ਸਵਾਣੀ ਲਏ ਪਰਨਾਈਆ। ਸਚ ਦਵਾਰੇ ਕੁੰਡਾ ਲਾ, ਆਪਣਾ ਘਰ ਸੁਹਾਈਆ। ਸਾਚੀ ਸੇਜਾ ਦਏ ਵਿਛਾ, ਫੂਲਣ ਬਰਖਾ ਲਾਈਆ। ਅੰਮ੍ਰਿਤ ਧਾਰਾ ਰਿਹਾ ਵਹਾ, ਇਕ ਸਰੋਵਰ ਵੇਖ ਵਖਾਈਆ। ਅਨਹਦ ਰਾਗ ਰਿਹਾ ਸੁਣਾ, ਸਾਚੀ ਸੇਵਾ ਲਾਈਆ। ਆਪ ਆਪਣਾ ਪੜਦਾ ਲਾਹ, ਆਪਣਾ ਮੁਖ ਵਖਾਈਆ। ਸੁਰਤ ਸਵਾਣੀ ਚੜ੍ਹੇ ਚਾ, ਮਿਲੇ ਗੁਰ ਪੂਰੇ ਸਾਚੇ ਮਾਹੀਆ। ਏਕਾ ਰੰਗਣ ਰੰਗ ਰੰਗਾ, ਸਾਚਾ ਚੂੜਾ ਤਨ ਛੁਹਾਈਆ। ਛੈਲ ਛਬੀਲਾ ਆਪ ਅਖਵਾ, ਸਾਚਾ ਜੋਬਨ ਇਕ ਹੰਢਾਈਆ। ਪਲੰਘ ਰੰਗੀਲਾ ਇਕ ਵਿਛਾ, ਏਕਾ ਧਾਮ ਸੁਹਾਈਆ। ਨਾਰੀ ਕੰਤਾ ਮੇਲ ਮਿਲਾ, ਘਰ ਸਾਚੇ ਵੱਜੇ ਵਧਾਈਆ । ਰੰਗ ਬਸੰਤਾ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਜੀਵਾਂ ਜੰਤਾਂ ਰਿਹਾ ਜਣਾ, ਨਿਹਕਲੰਕ ਸੱਚੀ ਸਰਨਾਈਆ। ਸਤਿਜੁਗ ਸਾਚੀ ਬਣਤਾ ਰਿਹਾ ਬਣਾ, ਕਲਜੁਗ ਮਿਟੇ ਕੂੜੀ ਛਾਹੀਆ। ਮਹਿਮਾ ਅਗਣਤ ਗਣਤ ਨਾ ਕੋਈ ਸਕੇ ਗਿਣਾ, ਲਿਖਿਆ ਲੇਖ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰੀ ਧਾਮ ਸੁਹਾਈਆ। ਸੰਬਲ ਨਗਰੀ ਤੇਰਾ ਰੂਪ, ਹਰਿ ਸਾਚਾ ਵੇਖ ਵਖਾਇੰਦਾ। ਪੁਰਖ ਸੁਲਤਾਨਾ ਸਾਚਾ ਭੂਪ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਧਿਆਨ ਰਖਾਇੰਦਾ। ਕਲਜੁਗ ਕੂੜਾ ਦਿਸੇ ਜੂਠ, ਝੂਠੀ ਕਿਰਿਆ ਕਰਮ ਨਾ ਕੋਈ ਵਖਾਇੰਦਾ। ਪੁਰਖ ਅਬਿਨਾਸ਼ੀ ਗਿਆ ਤੁਠ, ਜਨ ਭਗਤਾਂ ਜਨਮ ਲੇਖੇ ਲਾਇੰਦਾ। ਏਕਾ ਇਕੀ ਏਕਾ ਮੁਠ, ਸਾਚੀ ਸਿਖੀ ਆਪ ਬਣਾਇੰਦਾ। ਲੱਖ ਚੁਰਾਸੀ ਰਿਹਾ ਲੁੱਟ, ਦਿਸ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਪਈ ਫੁਟ, ਨਾ ਕੋਈ ਧੀਰ ਧਰਾਇੰਦਾ। ਸੰਮਤ ਪੰਦਰਾਂ ਪਏ ਜੁਟ, ਜੋੜੀ ਜੋੜ ਜੁੜਾਇੰਦਾ। ਰਾਜ ਰਾਜਾਨਾ ਖਾਲੀ ਠੁਠ, ਦਰ ਦਵਾਰ ਆਪ ਫਿਰਾਇੰਦਾ। ਮਾਇਆ ਰਾਣੀ ਦਏ ਕੁਠ, ਏਕਾ ਸੱਟ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰੀ ਦੇਵੇ ਵਰ, ਗੁਰ ਗੋਬਿੰਦੇ ਸੰਗ ਰਲਾਇੰਦਾ। ਗੁਰ ਗੋਬਿੰਦਾ ਸਾਚਾ ਸੁੱਤ, ਪਾਰਬ੍ਰਹਮ ਸਰਨਾਈਆ। ਏਕਾ ਤਾਲ ਏਕਾ ਸੁਰ, ਏਕਾ ਰਾਗ ਅਲਾਈਆ। ਏਕਾ ਚਰਨ ਪ੍ਰੀਤੀ ਗਈ ਜੁੜ, ਨਾ ਕੋਈ ਤੋੜ ਤੁੜਾਈਆ। ਏਕਾ ਚੜ੍ਹਿਆ ਸਾਚੇ ਘੋੜ, ਵਾਗਾਂ ਆਪਣੇ ਹੱਥ ਰਖਾਈਆ। ਪਹਿਲੀ ਚੇਤਰ ਗਿਆ ਬੌਹੜ, ਸਚ ਸਿੰਘਾਸਣ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਈਆ। ਪਹਿਲੀ ਚੇਤਰ ਰੰਗ ਅਵੱਲਾ, ਹਰਿ ਆਪਣਾ ਆਪ ਕਰਾਇਆ। ਗੁਰਮੁਖਾਂ ਵਖਾਏ ਸਚ ਮਹੱਲਾ, ਸਾਚਾ ਦਰ ਸੁਹਾਇਆ। ਜੋਤ ਸਰੂਪੀ ਇਕ ਅਕੱਲਾ, ਹਰਿਸੰਗਤ ਸੰਗ ਰਖਾਇਆ। ਇਕੀ ਇਕੀ ਫੇਰਿਆ ਪੱਲਾ, ਇਕੀ ਇਕੀ ਧਾਰ ਚਲਾਇਆ। ਏਕਾ ਇਕੀ ਵੇਖੇ ਨਿਹਚਲ ਧਾਮ ਅਟੱਲਾ, ਸਚ ਧਾਮ ਸੁਹਾਇਆ। ਆਪੇ ਫਲਿਆ ਆਪੇ ਫੁਲਾ, ਫੁਲ ਫੁਲਵਾੜੀ ਵੇਖ ਵਖਾਇਆ। ਕਲਜੁਗ ਬੂਟਾ ਅੰਤਮ ਹੁੱਲਾ, ਪਤਝੜ ਵੇਲਾ ਆਇਆ। ਲੱਖ ਚੁਰਾਸੀ ਜੀਵ ਜੰਤ ਤੇਰਾ ਕੋਈ ਨਾ ਪੈਣਾ ਮੁੱਲਾ, ਨਾ ਕੀਮਤ ਕੋਈ ਚੁਕਾਇਆ। ਮਾਨਸ ਜਨਮ ਲਾਲ ਅਨਮੁਲੜਾ ਰੁੱਲਾ, ਬਿਨ ਹਰਿ ਨਾਮੇ ਵਕ਼ਤ ਗਵਾਇਆ। ਪਾਣੀ ਪਿਆ ਕਾਇਆ ਚੁੱਲ੍ਹਾ, ਦੀਪਕ ਜੋਤ ਨਾ ਕੋਈ ਜਗਾਇਆ। ਪੰਜ ਤਤ ਨਾ ਕਰਾਏ ਕੋਈ ਸੁਲ੍ਹਾ, ਮਤ ਬੁਧ ਰਹੀ ਸ਼ਰਮਾਇਆ। ਅੰਮ੍ਰਿਤ ਆਤਮ ਸਭ ਦਾ ਡੁੱਲਾ, ਕਵਲ ਨਾਭ ਨਾ ਕੋਈ ਭਰਾਇਆ। ਗੁਰਮੁਖ ਪੂਰਾ ਗੁਰ ਪੂਰੇ ਤੇਰੀ ਚਰਨ ਪ੍ਰੀਤੀ ਘੋਲ ਘੁਲਾ, ਚਰਨ ਚਰਨੋਦਕ ਮੁਖ ਚੁਆਇਆ। ਸੋਹੰ ਗੌਂਦੇ ਸੋਹੰ ਬੁਲ੍ਹਾ, ਰਸਨਾ ਜਿਹਵਾ ਆਪ ਹਲਾਇਆ। ਆਪਣੇ ਕੰਡੇ ਆਪੇ ਤੁਲਾ, ਆਪੇ ਭਾਰ ਉਠਾਇਆ। ਗੁਰਮੁਖਾਂ ਉਧਾਰੇ ਸਾਚੀ ਕੁਲਾ, ਏਕਾ ਇਕੀ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਰੰਗ ਰੰਗਾਇਆ। ਸਾਚੀ ਸਿਖੀ ਗੁਰਮੁਖ ਸਾਜਣ, ਪ੍ਰਭ ਸਾਚੇ ਆਪ ਬਣਾਈਆ। ਨਾਲ ਰਲਾਇਆ ਸ਼ਾਹੋ ਸ਼ਬਾਸਨ, ਰਾਜ ਰਾਜਾਨ ਆਪ ਅਖਵਾਈਆ। ਆਪੇ ਹੋਇਆ ਦਾਸੀ ਦਾਸਨ, ਸੇਵਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸਾਚੀ ਨਗਰੀ ਸਾਚਾ ਘਰ, ਘਰ ਘਰ ਵੱਜੇ ਵਧਾਈਆ। ਸੰਮਤ ਚੌਦਾਂ ਗਿਆ ਚੜ੍ਹ, ਪ੍ਰਭ ਸਾਚੇ ਖ਼ੁਸ਼ੀ ਮਨਾਈਆ। ਸਚ ਸਿੰਘਾਸਣ ਉਪਰ ਖੜ, ਗੁਰਮੁਖਾਂ ਲੇਖ ਲਿਖਾਈਆ। ਏਕਾ ਵਿਦਿਆ ਜਾਏ ਪੜ੍ਹ, ਸੋਹੰ ਵਡ ਵਡਿਆਈਆ। ਕਾਇਆ ਮਾਟੀ ਜਾਏ ਸੜ, ਮੜੀ ਗੋਰ ਦਬਾਈਆ। ਪੰਚਮ ਵਿਕਾਰਾ ਰਿਹਾ ਲੜ, ਅੱਠੇ ਪਹਿਰ ਲੜਾਈਆ। ਲੱਗੀ ਅੱਗ ਬਹੱਤਰ ਨੜ, ਨਾ ਕੋਈ ਸਕੇ ਬੁਝਾਈਆ। ਜੋ ਜਨ ਸਰਨੀ ਗਏ ਪੜ, ਪ੍ਰਭ ਸਾਚਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਇਕੀ ਵੇਖ ਵਖਾਈਆ। ਪਹਿਲੀ ਚੇਤਰ ਹਰਿ ਕਰਤਾਰਾ, ਆਪਣਾ ਸੰਗ ਰਖਾਇਆ। ਗੁਰਮੁਖਾਂ ਵੇਖੇ ਸਚ ਦਵਾਰਾ, ਦਰ ਘਰ ਫੇਰਾ ਪਾਇਆ। ਦੂਜੀ ਚੇਤਰ ਖੋਲ੍ਹ ਕਿਵਾੜਾ, ਆਪਣਾ ਕੁੰਡਾ ਲਾਹਿਆ। ਤੀਜੇ ਚੇਤਰ ਪਏ ਧਾੜਾ, ਪੰਚਮ ਰਹਿਣ ਨਾ ਪਾਇਆ। ਚੌਥੀ ਚੇਤਰ ਸ਼ਾਹ ਅਸਵਾਰਾ, ਏਕਾ ਘੋੜਾ ਰਿਹਾ ਉਠਾਇਆ। ਪੰਚਮ ਚੇਤਰ ਜਗਤ ਅਖਾੜਾ, ਗੁਰਮੁਖ ਘਰ ਸੁਹਾਇਆ। ਛੇਵੇਂ ਚੇਤਰ ਸਾਚਾ ਲਾੜਾ, ਗੁਰਸਿਖ ਨਾਰੀ ਲਏ ਪਰਨਾਇਆ। ਸਤਵੇਂ ਚੇਤਰ ਮਾਰੇ ਤਾੜਾ, ਹਰਿਜਨ ਸਾਚੇ ਲਏ ਜਗਾਇਆ। ਅੱਠ ਚੇਤਰ ਕਰ ਪਿਆਰਾ, ਸੁਖ ਆਸਣ ਆਸਣ ਲਾਇਆ। ਨੌਂ ਚੇਤਰ ਸੋਹੇ ਦਵਾਰਾ, ਗ਼ਰੀਬ ਨਿਮਾਣਾ ਗਲੇ ਲਗਾਇਆ। ਦਸ ਚੇਤਰ ਪਾਵੇ ਸਾਰਾ, ਦਹਿ ਦਿਸ਼ਾ ਵੇਖ ਵਖਾਇਆ। ਗਿਆਰਾ ਚੇਤਰ ਕਰ ਤਿਆਰਾ, ਆਪ ਆਪਣਾ ਕਦਮ ਉਠਾਇਆ। ਗੁਰਸਿਖ ਸੁਹਾਏ ਬੰਕ ਦਵਾਰਾ, ਬੰਕ ਦਵਾਰੀ ਆਪ ਅਖਵਾਇਆ। ਬਾਰਾਂ ਚੇਤਰ ਖੇਲ ਅਪਾਰਾ, ਵਰਨ ਬਰਨ ਨਾ ਕੋਈ ਜਣਾਇਆ। ਤੇਰਾਂ ਚੇਤਰ ਮੀਤ ਮੁਰਾਰਾ, ਤੀਰਥ ਤਟ ਸੁਹਾਇਆ। ਚੌਦਾਂ ਚੇਤਰ ਹੋ ਉਜਿਆਰਾ, ਮੋਹਣੀ ਰੂਪ ਵਟਾਇਆ। ਮਿਲਿਆ ਮੇਲਾ ਦੂਜੀ ਵਾਰਾ, ਵਿਛੜ ਕਦੇ ਨਾ ਜਾਇਆ। ਪੰਦਰਾਂ ਚੇਤਰ ਜਗਤ ਨਿਆਰਾ, ਗੁਰਮੁਖ ਨਾਲ ਕਰੇ ਕੁੜਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਇਆ। ਸੋਲਾਂ ਚੇਤਰ ਕਰ ਸ਼ੰਗਾਰ, ਸੋਲਾਂ ਤਨ ਸ਼ੰਗਾਰਿਆ। ਜੁਗ ਵਿਛੜੇ ਪਾਵੇ ਸਾਰ, ਮੇਲਾ ਮੇਲ ਸੱਚੇ ਦਰਬਾਰਿਆ। ਚੇਲਾ ਰੂਪ ਆਪ ਕਰਤਾਰ, ਗੁਰ ਗੋਬਿੰਦ ਸੰਗ ਨਿਭਾ ਰਿਹਾ। ਖੇਲੇ ਖੇਲ ਅਪਰ ਅਪਾਰ, ਸਤਾਰਾਂ ਚੇਤਰ ਪਾਰ ਕਰਾ ਰਿਹਾ। ਬਣੇ ਵਿਚੋਲਾ ਵਿਚ ਸੰਸਾਰ, ਸਾਚੀ ਪੱਲੇ ਗੰਢ ਬੰਨਾ ਰਿਹਾ। ਏਕਾ ਢੋਲਾ ਹਰਿ ਨਿਰੰਕਾਰ, ਜਿਹਵਾ ਰਸਨਾ ਗਾ ਰਿਹਾ। ਪੂਰਨ ਤੋਲਾ ਹਰਿ ਕਰਤਾਰ, ਹਰਿ ਕਰਤਾਰ ਸਾਚੇ ਕੰਡੇ ਆਪ ਤੁਲਾ ਰਿਹਾ। ਦਏ ਝਕੋਲਾ ਅਪਰ ਅਪਾਰ, ਪਵਣ ਹਵਨੀ ਮੁਖ ਸ਼ਰਮਾ ਰਿਹਾ। ਏਕਾ ਬੋਲਾ ਜੈ ਜੈਕਾਰ, ਜੈ ਜੈਵੰਤ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਠਾਰਾਂ ਚੇਤਰ ਵੇਖ ਵਖਾ ਰਿਹਾ। ਅਠਾਰਾਂ ਚੇਤਰ ਰੰਗੇ ਰੰਗ, ਰੰਗਣਹਾਰ ਕਰਤਾਰਾ। ਆਪੇ ਸ਼ਾਹ ਆਪੇ ਨੰਗ, ਆਪੇ ਪਰਵਰਦਿਗਾਰਾ। ਆਪੇ ਮੰਗਣ ਰਿਹਾ ਮੰਗ, ਆਪੇ ਭਰੇ ਭੰਡਾਰਾ। ਭਗਤ ਸੁਹੇਲਾ ਵਸਿਆ ਸੰਗ, ਜੁਗ ਜੁਗ ਲਏ ਅਵਤਾਰਾ। ਉਨੀ ਚੇਤਰ ਦਰ ਦਵਾਰਾ ਲੰਘ, ਗ਼ਰੀਬ ਨਿਮਾਣਾ ਪਾਰ ਕਿਨਾਰਾ। ਆਪੇ ਸੋਇਆ ਆਪਣੇ ਪਲੰਘ, ਆਪੇ ਪਾਏ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਨੀ ਉਨੀਸਾ ਦਏ ਹੁਲਾਰਾ। ਉਨੀ ਉਨੀਸਾ ਹਰਿ ਜਗਦੀਸਾ, ਗੁਰਮੁਖ ਗਲੇ ਲਗਾਇੰਦਾ ਖੇਲੇ ਖੇਲ ਬੀਸ ਬੀਸਾ, ਬਾਲ ਅੰਞਾਣੇ ਦਇਆ ਕਮਾਇੰਦਾ। ਛਤਰ ਝੁਲਾਏ ਸਾਚੇ ਸੀਸਾ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਇੰਦਾ। ਸਾਚਾ ਘਰ ਹਰਿ ਕਰਤਾਰ, ਆਪਣਾ ਵੇਖ ਵਖਾਇਆ। ਇਕੀ ਚੇਤਰ ਆਏ ਦਵਾਰ, ਸੰਬਲ ਨਗਰੀ ਧਾਮ ਸੁਹਾਇਆ। ਸ਼ਬਦ ਸਿੰਘਾਸਣ ਅਪਰ ਅਪਾਰ, ਸਾਢੇ ਤਿੰਨ ਹੱਥ ਇਹ ਉਪਾਇਆ। ਲੇਖਾ ਲੱਗੇ ਰਵਦਾਸ ਚੁਮਾਰ, ਚੰਮ ਦ੍ਰਿਸ਼ਟੀ ਰਹਿਣ ਨਾ ਪਾਇਆ। ਜਨ ਭਗਤਾਂ ਭਰੇ ਹਰਿ ਭੰਡਾਰ, ਏਕਾ ਵਸਤ ਝੋਲੀ ਪਾਇਆ। ਖੇਲੇ ਖੇਲ ਖੇਲਣਹਾਰ, ਅਕਲ ਕਲਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਚੇਤਰ ਦਿਵਸ ਸੁਹਾਇਆ। ਇਕੀ ਚੇਤਰ ਏਕਾ ਚਿਤ, ਹਰਿਸੰਗਤ ਆਪ ਰਖਾਈਆ। ਸਤਿਗੁਰ ਪੂਰਾ ਸਾਚਾ ਮਿਤ, ਏਕਾ ਮੀਤ ਹੋ ਜਾਈਆ। ਲੇਖੇ ਲਾਏ ਬੂੰਦ ਰਿਤ, ਆਪ ਆਪਣੀ ਦਇਆ ਕਮਾਈਆ। ਕਾਇਆ ਆਤਮ ਦਏ ਸਿਤ, ਅੰਮ੍ਰਿਤ ਜਲ ਕਰੇ ਸਿੰਚਾਈਆ। ਏਕਾ ਬੀਜ ਦੇਵੇ ਸਿਟ, ਸੋਹੰ ਸਾਚਾ ਹਲ ਚਲਾਈਆ। ਕਾਇਆ ਮੌਲੇ ਹੋਏ ਹਰੀਆਵਲੀ ਸਾਚਾ ਖੇਤ, ਪ੍ਰਭ ਸਾਚਾ ਵੇਖ ਵਖਾਈਆ। ਫੁਲ ਫੁਲਵਾੜੀ ਰੁੱਤ ਚੇਤ, ਬਸੰਤੀ ਬਸੰਤ ਸੁਹਾਈਆ। ਵੇਖਣਹਾਰਾ ਨੇਤਨ ਨੇਤ, ਨਿਤ ਨਵਿਤ ਜੋਤ ਜਗਾਈਆ। ਆਪੇ ਜਾਣੇ ਆਪਣਾ ਭੇਤ, ਵੇਦ ਕਤੇਬ ਨਾ ਲੇਖ ਲਿਖਾਈਆ। ਸੰਮਤ ਚੌਦਾਂ ਹਰਿਜਨ ਵੇਖ, ਆਪ ਆਪਣਾ ਸੰਗ ਨਿਭਾਈਆ। ਨਾ ਕੋਈ ਜਾਣੇ ਧਾਰੀ ਕੇਸ, ਮੂੰਡ ਮੁੰਡਾਏ ਸਾਰ ਨਾ ਰਾਈਆ। ਪਰਗਟ ਹੋਇਆ ਦਸ ਦਸਮੇਸ, ਮਾਝੇ ਖੇਲ ਰਚਾਈਆ। ਨਾਲ ਰਲਾਇਆ ਨਰ ਨਰੇਸ਼, ਨਿਰਗੁਣ ਰੂਪ ਸਮਾਈਆ। ਹਰ ਘਟ ਆਪੇ ਰਿਹਾ ਵੇਖ, ਬੈਠਾ ਆਸਣ ਲਾਈਆ। ਭਗਤ ਦਵਾਰੇ ਦਰ ਦਰਵੇਸ਼, ਏਕਾ ਅਲੱਖ ਜਗਾਈਆ। ਗੁਰਸਿਖ ਦਵਾਰਾ ਰਿਖੀ ਕੇਸ਼, ਕਰਮ ਗਵਰਧਨ ਹੱਥ ਉਠਾਈਆ। ਆਪੇ ਕਰਿਆ ਆਪਣਾ ਵੇਸ, ਨਿਰਧਨ ਸਰਧਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਚੌਦਾਂ ਦਏ ਦੁਹਾਈਆ। ਵੀਹ ਸਦ ਚੌਦਾਂ ਸਾਚਾ ਸਾਥੀ, ਹਰਿ ਹਰਿ ਆਪ ਅਖਵਾਇਆ। ਪਰਗਟ ਹੋ ਤ੍ਰਿਲੋਕੀ ਨਾਥੀ, ਨਾਥ ਅਨਾਥਾਂ ਦਇਆ ਕਮਾਇਆ। ਏਕਾ ਟਿੱਕਾ ਮਸਤਕ ਲਾਏ ਮਾਥੀ, ਸਾਚਾ ਚੰਦਨ ਚੰਦ ਛੁਹਾਇਆ। ਇਕ ਚਲਾਏ ਆਪਣੀ ਗਾਥੀ, ਸੋਹੰ ਜਾਪ ਜਪਾਇਆ। ਸਰਬ ਕਲਾ ਆਪੇ ਸਮਰਾਥੀ, ਸਤਿ ਪੁਰਖ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਫੇਰਾ ਪਾਇਆ। ਲੋਕਮਾਤ ਖੇਲ ਖਿਲਾਰੀ, ਖੇਲਣਹਾਰ ਨਿਰੰਕਾਰ। ਸੰਮਤ ਚੌਦਾਂ ਵੇਖ ਵਿਚਾਰੀ, ਪ੍ਰਭ ਸਾਚਾ ਪਾਵੇ ਸਾਰ। ਛੱਬੀ ਪੋਹ ਜੋਤ ਉਜਿਆਰੀ, ਗੁਰਮੁਖ ਸਾਚੇ ਲਏ ਉਭਾਰ। ਜੋ ਜਨ ਆਏ ਬੰਕ ਦਵਾਰੀ, ਜਨਮ ਮਰਨ ਗੇੜਾ ਦਏ ਨਵਾਰ। ਸਤਿਜੁਗ ਸਾਚੇ ਪੈਜ ਸਵਾਰੀ, ਮਰੇ ਨਾ ਜਨਮੇ ਵਿਚ ਸੰਸਾਰ। ਮਨਮੁਖ ਰੋਵਣ ਜ਼ਾਰੋ ਜ਼ਾਰੀ, ਉਚੀ ਬਾਂਹ ਹੁਲਾਰ। ਕਲਜੁਗ ਕੂੜਾ ਕਰੇ ਖਵਾਰੀ, ਸਾਧਾਂ ਸੰਤਾਂ ਆਈ ਹਾਰ। ਬੈਠੇ ਉਚ ਮਹੱਲ ਅਟਾਰੀ, ਬਸਤਰ ਤਨ ਸ਼ੰਗਾਰ। ਪੜ੍ਹ ਪੜ੍ਹ ਥੱਕੇ ਪੂਜ ਪੁਜਾਰੀ, ਨਾ ਪਾਇਆ ਹਰਿ ਦਵਾਰ। ਮਾਨਸ ਦੇਹੀ ਅੰਤਮ ਹਾਰੀ, ਨਾ ਦਿਸੇ ਪਾਰ ਕਿਨਾਰ। ਕਲਜੁਗ ਮਾਇਆ ਲੱਗੀ ਚੰਗਿਆਰੀ, ਦਿਵਸ ਰੈਣ ਰਹੀ ਸਾੜ। ਬਿਨ ਗੁਰ ਪੂਰੇ ਕੋਈ ਨਾ ਪਾਰ ਉਤਾਰੀ, ਨਾ ਦੇਵੇ ਸਚ ਪਿਆਰ। ਗੁਰਮੁਖ ਸੋਹਣ ਬੰਕ ਦਵਾਰੀ, ਇਕ ਵਖਾਏ ਸਚ ਦਵਾਰ। ਮਿਲਿਆ ਮੇਲ ਵਡ ਸੰਸਾਰੀ, ਹਰਿ ਸਾਚਾ ਮੇਲਣਹਾਰ। ਸੰਮਤ ਚੌਦਾਂ ਖੇਲ ਅਪਾਰੀ, ਛੱਬੀ ਪੋਹ ਦਿਵਸ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਵਾਰ। ਸੰਮਤ ਚੌਦਾਂ ਲਿਖਿਆ ਲੇਖਾ, ਛੱਬੀ ਪੋਹ ਵੱਜੀ ਵਧਾਈਆ। ਆਪੇ ਕੱਢੇ ਭਰਮ ਭੁਲੇਖਾ, ਜੋ ਜਨ ਰਹੇ ਸਰਨਾਈਆ। ਸਤਿਗੁਰ ਸਾਚਾ ਜਿਸ ਜਨ ਆਪਣੇ ਨੇਤਰ ਪੇਖਾ, ਲੱਖ ਚੁਰਾਸੀ ਫੰਦ ਕਟਾਈਆ। ਗੁਰੂ ਗੁਰ ਚੇਲਾ ਦੱਸ ਦਸਮੇਸਾ, ਦਹਿ ਦਿਸ਼ਾ ਵੇਖ ਵਖਾਈਆ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ਿਵ ਗਣੇਸ਼ਾ ਨਾ ਪੂਜ ਪੁਜਾਈਆ। ਕਰੋੜ ਤੇਤੀਸਾ ਕਰੇ ਅਦੇਸਾ, ਸੁਰਪਤ ਰਾਜਾ ਰਿਹਾ ਸ਼ਰਮਾਈਆ। ਨੌਂ ਖੰਡ ਪ੍ਰਿਥਮੀ ਕਰਿਆ ਵੇਸਾ, ਸੱਤਾਂ ਦੀਪਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਕਰੇ ਚੜ੍ਹਾਈਆ। ਸੰਮਤ ਪੰਦਰਾਂ ਕਰ ਚੜ੍ਹਾਈ, ਇੰਦਰ ਇੰਦ ਚੜ੍ਹਾਇਆ। ਸ਼ਿਵ ਸ਼ੰਕਰ ਤੇਰੀ ਸ਼ਬਦ ਲੜਾਈ, ਏਕਾ ਬਾਣ ਲਗਾਇਆ। ਬ੍ਰਹਮਾ ਢਹਿ ਪਏ ਸ਼ਰਨਾਈ, ਵੇਲਾ ਅੰਤਮ ਆਇਆ। ਸਚਖੰਡ ਦਵਾਰੇ ਜੋਤ ਜਗਾਈ, ਪ੍ਰਭ ਸਾਚਾ ਰੰਗ ਰੰਗਾਇਆ। ਚੌਦਾਂ ਲੋਕਾਂ ਫੇਰਾ ਪਾਈ, ਚੌਦਾਂ ਤਬਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰ ਘਟ ਥਾਂਇਆ। ਚੌਦਾਂ ਲੋਕ ਏਕਾ ਰਾਮ, ਏਕਾ ਨਾਮ ਜਪਾਇੰਦਾ। ਏਕਾ ਇਛਿਆ ਏਕਾ ਕਾਮ, ਏਕਾ ਭਿਛਿਆ ਪਾਇੰਦਾ। ਏਕਾ ਸਿਖਿਆ ਏਕਾ ਜਾਮ, ਏਕਾ ਨਾਮ ਪਿਆਇੰਦਾ। ਏਕਾ ਲਿਖਿਆ ਲੇਖ ਹਰਿ ਭਗਵਾਨ, ਨਾ ਕੋਈ ਮੇਟ ਮਿਟਾਇੰਦਾ। ਏਕਾ ਸ਼ਬਦ ਏਕਾ ਗਿਆਨ, ਏਕਾ ਮੰਤਰ ਦ੍ਰਿੜਾਇੰਦਾ। ਏਕਾ ਗੁਰ ਇਕ ਧਿਆਨ, ਏਕਾ ਚਰਨ ਵਖਾਇੰਦਾ। ਏਕਾ ਪੀਣ ਏਕਾ ਖਾਣ, ਏਕਾ ਬਸਤਰ ਤਨ ਪਹਿਨਾਇੰਦਾ। ਏਕਾ ਮਾਣ ਏਕਾ ਤਾਣ, ਇਕ ਨਿਸ਼ਾਨ ਜਣਾਇੰਦਾ। ਏਕਾ ਰਾਗ ਏਕਾ ਕਾਨ, ਏਕਾ ਧੁਨ ਵਜਾਇੰਦਾ। ਏਕਾ ਪਵਣ ਇਕ ਮਸਾਣ, ਏਕਾ ਪਾਣੀ ਮੁਖ ਚੁਆਇੰਦਾ। ਏਕਾ ਹਾਣੀ ਨੌਜਵਾਨ, ਗੁਰ ਸ਼ਬਦ ਆਪ ਮਿਲਾਇੰਦਾ। ਖਾਣੀ ਬਾਣੀ ਹੋਏ ਹੈਰਾਨ, ਕਲਜੁਗ ਵੇਲਾ ਅੰਤਮ ਆਇੰਦਾ। ਵੇਦ ਪੁਰਾਨਾ ਪੁਣ ਛਾਣ, ਪ੍ਰਭ ਸਾਚਾ ਆਪ ਕਰਾਇੰਦਾ। ਅੰਜੀਲ ਕੁਰਾਨੀ ਲੱਥੇ ਮਕਾਨ, ਨੇਤਰ ਰੋ ਰੋ ਨੀਰ ਵਹਾਇੰਦਾ। ਕਲਜੁਗ ਤੇਰੀ ਮਿਟੇ ਦੁਕਾਨ, ਹੱਟ ਬਜ਼ਾਰ ਨਾ ਕੋਈ ਵਖਾਇੰਦਾ। ਨਾ ਕੋਈ ਦਿਸੇ ਉਚ ਮਕਾਨ, ਨਾ ਕੋਈ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਇਆ ਹਰਿ ਹਰਿ ਗੋਬਿੰਦਾ, ਹਰਿ ਹਰਿ ਜੋਤ ਜਗਾਈਆ। ਆਪ ਮਿਟਾਏ ਸਗਲੀ ਚਿੰਦਾ, ਆਤਮ ਘਰ ਵੱਜੇ ਵਧਾਈਆ। ਆਪੇ ਖੋਲ੍ਹੇ ਲੱਗਾ ਜਿੰਦਾ, ਜੋ ਜਨ ਜਿੰਦੜੀ ਘੋਲ ਘੁਮਾਈਆ। ਜੋਧਾ ਸੂਰ ਵਡ ਮਰਗਿੰਦਾ, ਗੁਰ ਸ਼ਬਦ ਕਰੇ ਲੜਾਈਆ। ਨਾਮ ਰਖਾਏ ਏਕਾ ਖੰਡਾ, ਤਿਖੀ ਧਾਰ ਵਖਾਈਆ। ਖੇਲੇ ਖੇਲ ਵਿਚ ਬ੍ਰਹਿਮੰਡਾ, ਜੇਰਜ ਅੰਡਾ ਵੇਖ ਵਖਾਈਆ। ਲੱਖ ਚੁਰਾਸੀ ਤੇਰਾ ਭੇਖ ਪਖੰਡਾ, ਗੁਰ ਪੂਰਾ ਦਏ ਮਿਟਾਈਆ। ਸਤਿਜੁਗ ਸਾਚਾ ਵੰਡੇ ਵੰਡਾ, ਧਰਤ ਮਾਤ ਵੇਖ ਵਖਾਈਆ। ਗੁਰਸਿਖ ਆਤਮ ਹੋਏ ਨਾ ਰੰਡਾ, ਏਕਾ ਕੰਤ ਹੰਢਾਈਆ। ਅੰਮ੍ਰਿਤ ਆਤਮ ਜਲ ਦੇਵੇ ਠੰਡਾ, ਸਰ ਸਰੋਵਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਦਏ ਵਡਿਆਈਆ। ਸੰਮਤ ਪੰਦਰਾਂ ਚੌਦਾਂ ਲੋਕ, ਚਾਰ ਵਰਨ ਜਗਾਇਆ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਨਾ ਕੋਈ ਮੇਟ ਮਿਟਾਇਆ। ਲੱਖ ਚੁਰਾਸੀ ਦੇਵੇ ਝੋਕ, ਰਾਏ ਧਰਮ ਦਏ ਸਜਾਇਆ। ਜਨ ਭਗਤਾਂ ਦੇਵੇ ਸਾਚੀ ਮੋਖ, ਚਰਨ ਦਵਾਰ ਇਕ ਵਖਾਇਆ। ਹੋਏ ਸਹਾਈ ਲੋਕ ਪਰਲੋਕ, ਦੋ ਜਹਾਨਾਂ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਵਾਨ ਆਪ ਅਖਵਾਇਆ। ਹਰਿ ਸੰਗਤ ਹਰਿ ਰੱਤ ਹੈ, ਸਾਚੀ ਰੱਤ ਉਪਾਏ। ਆਪੇ ਦੇ ਸਮਝਾਵੇ ਮਤ ਹੈ, ਏਕਾ ਬੂਝ ਬੁਝਾਏ। ਆਪ ਰਖਾਏ ਏਕਾ ਤਤ ਹੈ, ਇਕ ਗਿਆਨ ਦ੍ਰਿੜਾਏ। ਇਕ ਰਖਾਏ ਧੀਰਜ ਯਤ ਹੈ, ਸਤਿ ਸੰਤੋਖ ਸਮਾਏ। ਏਕਾ ਤੀਰਥ ਤਟ ਹੈ, ਪਾਰ ਕਿਨਾਰਾ ਇਕ ਵਖਾਏ। ਏਕਾ ਸਾਚਾ ਹੱਟ ਹੈ, ਏਕਾ ਵਣਜ ਕਰਾਏ। ਏਕਾ ਖੇਲ ਬਾਜ਼ੀਗਰ ਨੱਟ ਹੈ, ਹਰਿ ਸਾਚਾ ਆਪ ਕਰਾਏ। ਏਕਾ ਜੋਤੀ ਲਟ ਲਟ ਹੈ, ਏਕਾ ਘਰ ਜਗਾਏ। ਏਕਾ ਵਸੇ ਘਟ ਘਟ ਹੈ, ਘਟ ਘਟ ਡੇਰਾ ਲਾਏ। ਏਕਾ ਕਾਇਆ ਮਟ ਹੈ, ਏਕਾ ਰੰਗ ਰੰਗਾਏ। ਏਕਾ ਨਾਮ ਏਕਾ ਰਸਨਾ ਰਹੀ ਰਟ ਹੈ, ਏਕਾ ਏਕ ਅਲਾਏ। ਏਕਾ ਮੈਲ ਰਿਹਾ ਕੱਟ ਹੈ, ਏਕਾ ਰੋਗ ਗਵਾਏ। ਏਕਾ ਮਾਰੇ ਸਾਚੀ ਸੱਟ ਹੈ, ਏਕਾ ਤਾਲ ਵਜਾਏ। ਏਕਾ ਮੰਦਰ ਜਾਏ ਢੱਠ ਹੈ, ਏਕਾ ਬਣਤ ਬਣਾਏ। ਏਕਾ ਅਗਨੀ ਮਠ ਹੈ, ਏਕਾ ਰਿਹਾ ਤਪਾਏ। ਏਕਾ ਤੀਰਥ ਅਠ ਸਠ ਹੈ, ਏਕਾ ਮਾਣ ਰਖਾਏ। ਏਕਾ ਕਿਨਾਰਾ ਗੋਦਾਵਰੀ ਤਟ ਹੈ, ਆਪਣਾ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਹਰਿ ਸਮਾਏ। ਹਰਿਸੰਗਤ ਹਰਿ ਸਮਾਇਆ, ਆਪਣੀ ਜੋਤ ਜਗਾ। ਮੂਰਖ ਮੂੜ੍ਹੇ ਗਲੇ ਲਗਾਇਆ, ਫੜ ਫੜ ਪਾਏ ਰਾਹ। ਚਰਨ ਧੂੜੀ ਟਿੱਕਾ ਲਾਇਆ, ਰਸਨ ਜਪਾਏ ਨਾਂ। ਨਾਤਾ ਕੂੜੋ ਕੂੜੀ ਤੋੜ ਤੁੜਾਇਆ, ਇਕ ਵਖਾਏ ਸਾਚਾ ਥਾਂ। ਕਾਇਆ ਗੂੜ੍ਹੀ ਰੰਗ ਚੜ੍ਹਾਇਆ, ਹੰਸ ਬਣਾਏ ਕਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਠੰਡੀ ਛਾਂ। ਹਰਿਸੰਗਤ ਹਰਿ ਰਚਿਆ, ਰਚਣਹਾਰ ਕਰਤਾਰਾ। ਹਰਿ ਵੇਖੇ ਭਾਂਡਾ ਕੱਚਿਆ, ਪਰਖੇ ਪਰਖਣਹਾਰਾ। ਮਨ ਕਲੰਦਰ ਘਟ ਘਟ ਨੱਚਿਆ, ਖੇਲੇ ਖੇਲ ਜਗਤ ਦਵਾਰਾ। ਗੁਰਮੁਖ ਮੇਲਾ ਸਾਜਨ ਸੱਚਿਆ, ਘਰ ਸਾਚੇ ਇਕ ਮਨਾਰਾ। ਨਾ ਪੱਕਾ ਨਾ ਕੱਚਿਆ, ਨਾ ਇੱਟਾ ਨਾ ਗਾਰਾ। ਨਾ ਦਰਵਾਜ਼ਾ ਕੋਈ ਰੱਖਿਆ, ਕੀਆ ਬੰਦ ਕਿਵਾੜਾ। ਗ਼ਰੀਬ ਨਿਵਾਜ਼ਾ ਆਪੇ ਵਸਿਆ, ਆਪਣੀ ਕਿਰਪਾ ਧਾਰਾ। ਆਪਣੇ ਮੰਦਰ ਆਪੇ ਹੱਸਿਆ, ਗੁਰਮੁਖਾਂ ਕਰੇ ਪਿਆਰਾ। ਰਾਹ ਸਾਚਾ ਏਕਾ ਦੱਸਿਆ, ਗੁਰਚਰਨ ਸਾਚਾ ਗੁਰਦਵਾਰਾ। ਮਿਟੇ ਰੈਣ ਅੰਧੇਰੀ ਸ਼ਾਮਾ ਮੱਸਿਆ, ਨਾ ਦਿਸੇ ਧੂੰਆਂਧਾਰਾ । ਤੀਰ ਨਿਰਾਲਾ ਏਕਾ ਕਸਿਆ, ਕਲਜੁਗ ਤੇਰੀ ਅੰਤਮ ਵਾਰਾ। ਧੁਰਦਰਗਾਹੀ ਆਇਆ ਨੱਸਿਆ, ਲੋਕਮਾਤ ਲਏ ਉਭਾਰਾ। ਕੋਟਨ ਕੋਟ ਕਰੇ ਪਰਕਾਸ਼ ਰਵ ਸਸਿਆ, ਗੁਰਮੁਖ ਸਾਚੇ ਕਰ ਪਿਆਰਾ। ਹਰਿਸੰਗਤ ਹਰਿ ਹਿਰਦੇ ਅੰਦਰ ਵਸਿਆ, ਜਿਸ ਜਨ ਦੇਵੇ ਨਾਮ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਪਿਆਰਾ। ਹਰਿਸੰਗਤ ਹਰਿ ਨਾਮ ਜਪਾ, ਆਪਣਾ ਜਾਪ ਜਪਾਇਆ। ਤੀਨੋ ਤਾਪ ਦਏ ਮਿਟਾ, ਦਰਗਹਿ ਸਾਚੀ ਧਾਮ ਸੁਹਾਇਆ। ਨੈਣਾਂ ਰੋਗ ਦਏ ਗਵਾ, ਹਉਮੇ ਹੰਗਤਾ ਮੈਲ ਗਵਾਇਆ। ਸਾਚੀ ਸੰਗਤਾ ਦਏ ਬਣਾ, ਜੋ ਜਨ ਦਵਾਰੇ ਆਇਆ। ਭੁੱਖਾ ਨੰਗਤਾ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾ, ਊਚਾਂ ਨੀਚਾਂ ਗਲੇ ਲਗਾਇਆ। ਆਪੇ ਮੰਗਤਾ ਹੋਏ ਦੋ ਜਹਾਨਾਂ, ਗੁਰਮੁਖਾਂ ਦਰ ਦਵਾਰੇ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਸੰਗਤ ਹਰਿ ਸਾਚਾ ਸਾਜਨ, ਦੋ ਜਹਾਨਾ ਵਾਲੀ। ਪਾਰਬ੍ਰਹਮ ਵਡ ਰਾਜ ਰਾਜਨ, ਖੇਲੇ ਖੇਲ ਨਿਰਾਲੀ। ਕਲਜੁਗ ਅੰਤਮ ਰਚਿਆ ਕਾਜਨ, ਚਲੇ ਚਾਲ ਨਿਰਾਲੀ। ਜੋਤੀ ਜਾਮਾ ਦੇਸ ਮਾਝਨ, ਦੀਪਕ ਜਗੇ ਜੋਤ ਦਿਵਾਲੀ। ਆਪ ਆਪਣਾ ਸਾਜਿਆ ਸਾਜਨ, ਆਪਣੀ ਆਪ ਕਰੇ ਰਖਵਾਲੀ। ਆਪੇ ਚੜ੍ਹਿਆ ਸਾਚੇ ਤਾਜਨ, ਆਪੇ ਚਾਲ ਚਲੇ ਨਿਰਾਲੀ। ਆਪੇ ਮਾਰਨਹਾਰਾ ਵਾਜਨ, ਗੁਰਮੁਖ ਸਾਚੇ ਆਪ ਉਠਾਲੀ। ਅੰਤਮ ਵੇਲੇ ਰੱਖਣ ਲਾਜਨ, ਹਰਿ ਜੋਤੀ ਨੂਰ ਅਕਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਸੰਗ ਨਿਭਾਲੀ। ਹਰਿਸੰਗਤ ਹਰਿ ਸੰਗ ਨਿਭਾਵਣਾ, ਆਪਣਾ ਰੰਗ ਰੰਗਾਇਆ। ਏਕਾ ਮਾਰਗ ਮਾਤ ਲਾਵਣਾ, ਏਕਾ ਥਾਨ ਮਿਲਾਇਆ। ਏਕਾ ਨਾਦ ਹਰਿ ਵਜਾਵਣਾ, ਏਕਾ ਘਰ ਸੁਹਾਇਆ। ਏਕਾ ਰਾਗ ਰਸਨ ਅਲਾਵਣਾ, ਏਕਾ ਧੁਨ ਉਪਜਾਇਆ। ਏਕਾ ਮਾਘ ਮਜਨ ਨੁਹਾਵਨਾ, ਅਠਸਠ ਮਾਣ ਗਵਾਇਆ। ਏਕਾ ਸੱਜਣ ਸਚ ਅਖਵਾਵਣਾ, ਜਗਤ ਠੱਗਣ ਆਪੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਵਣਾ। ਹਰਿਸੰਗਤ ਹਰਿ ਨੇਤਰ ਵੇਖ, ਹਰਿਜਨ ਦਏ ਵਡਿਆਈਆ। ਲਿਖਣਹਾਰਾ ਆਪੇ ਲੇਖ, ਆਪੇ ਮੇਟ ਮਿਟਾਈਆ। ਨੇਤਰ ਲੋਚਣ ਆਪੇ ਪੇਖ, ਸਗਲੀ ਚਿੰਦ ਮਿਟਾਈਆ। ਜੋਧਾ ਸੂਰ ਨਰ ਨਰੇਸ਼, ਮਹਿਮਾ ਅਗਣਤ ਨਾ ਕੋਇ ਗਣਾਈਆ। ਹਰਿਜਨ ਦਵਾਰੇ ਸਦਾ ਦਰਵੇਸ਼, ਰਿਹਾ ਅਲੱਖ ਜਗਾਈਆ। ਆਪੇ ਹੋਇਆ ਦਸ ਦਸਮੇਸ, ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਜੋਗ ਕਮਾਈਆ। ਹਰਿਸੰਗਤ ਹਰਿ ਸਾਚਾ ਜੋਗ, ਏਕਾ ਏਕ ਰਖਾਇੰਦਾ। ਏਕਾ ਰਸ ਏਕਾ ਭੋਗ, ਏਕਾ ਵੇਖ ਵਖਾਇੰਦਾ। ਏਕਾ ਲੇਖਾ ਧੁਰ ਸੰਜੋਗ, ਏਕਾ ਮੇਲ ਮਿਲਾਇੰਦਾ। ਏਕਾ ਕਟੇ ਹਉਮੇ ਰੋਗ, ਏਕਾ ਵੇਖ ਵਖਾਇੰਦਾ। ਏਕਾ ਦੇਵੇ ਦਰਸ ਅਮੋਘ, ਏਕਾ ਨੂਰ ਉਪਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਇੰਦਾ। ਹਰਿਸੰਗਤ ਹਰਿ ਨਾਤਾ ਜੋੜ, ਸਾਚਾ ਜੋੜ ਜੁੜਾਇਆ। ਇਕ ਚੜ੍ਹਾਏ ਆਪਣੇ ਘੋੜ, ਆਪੇ ਰਿਹਾ ਦੌੜਾਇਆ। ਆਪ ਲਗਾਇਆ ਆਪਣਾ ਪੌੜ, ਡੰਡਾ ਆਪਣੇ ਹੱਥ ਰਖਾਇਆ। ਬ੍ਰਹਿਮੰਡਾ ਵੇਖੇ ਮਿੱਠਾ ਕੌੜ, ਲੱਖ ਚੁਰਾਸੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਫਾਸੀ ਕੱਟ ਵਖਾਇਆ। ਹਰਿਸੰਗਤ ਹਰਿ ਕਟੇ ਫਾਹ, ਰਾਏ ਧਰਮ ਨਾ ਦਏ ਸਜ਼ਾਈਆ। ਏਕਾ ਮਿਲਿਆ ਸਚ ਮਲਾਹ, ਗੁਰ ਗੋਬਿੰਦ ਸੰਗ ਰਖਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਪਰਮ ਪੁਰਖ ਅਖਵਾਈਆ। ਗੋਤਮ ਨਾਰੀ ਲਏ ਤਰਾ, ਸਤੀ ਅਹਿਲਿਆ ਪਾਰ ਕਰਾਈਆ। ਲੋਕਮਾਤੀ ਜੋਤ ਜਗਾ, ਗੁਰਮੁਖ ਸੁਰਤੀ ਨਾਉਂ ਰਖਾਈਆ। ਰਾਮ ਰਾਮਾ ਦੇਵੇ ਚਰਨ ਛੁਹਾ, ਆਪਣੀ ਦਇਆ ਕਮਾਈਆ। ਸਰ ਸਰੋਵਰ ਤਟ ਕਿਨਾਰੇ ਬਜਰ ਕਪਾਟੀ ਸਿਲਾ ਦਏ ਤੁੜਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਜੋਤ ਕਰੇ ਰੁਸ਼ਨਾਈਆ। ਹਰਿਸੰਗਤ ਡਗਮਗਾ, ਏਕਾ ਨੂਰ ਕਰੇ ਉਜਿਆਰਾ। ਏਕਾ ਜੋਤੀ ਦੀਪ ਜਗਾ, ਖੇਲੇ ਖੇਲ ਵਿਚ ਸੰਸਾਰਾ। ਏਕਾ ਗੋਤੀ ਦਏ ਬਣਾ, ਚਾਰ ਵਰਨਾਂ ਇਕ ਪਿਆਰਾ। ਏਕਾ ਸੋਟੀ ਹੱਥ ਉਠਾ, ਨਾਮ ਖੰਡਾ ਦੋ ਧਾਰਾ। ਸਾਧਾਂ ਸੰਤਾਂ ਧੀਰਜ ਯਤ ਲੰਗੋਟੀ ਦਏ ਤੁੜਾ, ਨਾ ਦਿਸੇ ਕੋਈ ਸਹਾਰਾ। ਕੋਟਨ ਕੋਟੀ ਲਏ ਉਠਾ, ਨਿਉਲੀ ਕਰਮ ਆਸਣ ਕਰਨ ਜਗ ਭਾਰਾ। ਕੋਟਨ ਕੋਟੀ ਲਏ ਹਲਾ, ਜੋ ਲਟਕੇ ਮੂੰਹ ਦੇ ਭਾਰਾ। ਕੋਟਨ ਕੋਟੀ ਵੇਖ ਵਖਾ, ਤੀਰਥ ਤੱਟਾਂ ਪਾਵੇ ਸਾਰਾ। ਕੋਟਨ ਕੋਟੀ ਦੇਵੇ ਮੇਟ ਮਿਟਾ, ਲੱਖ ਚੁਰਾਸੀ ਪਾਰ ਕਿਨਾਰਾ। ਗੁਰਮੁਖ ਚੋਟੀ ਦਏ ਚੜ੍ਹਾ, ਦਸਮ ਦਵਾਰੀ ਸਚ ਘਰ ਬਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਸੁਹਾਏ ਇਕ ਦਵਾਰਾ। ਇਕ ਦਵਾਰ ਏਕਾ ਘਰ, ਏਕਾ ਕਮਲਾਪਾਤੀ। ਏਕਾ ਨਾਰੀ ਏਕਾ ਨਰ, ਏਕਾ ਦੀਵਾ ਬਾਤੀ। ਏਕਾ ਸਰੋਵਰ ਏਕਾ ਸਰ, ਏਕਾ ਨਹਾਵਣ ਨ੍ਹਾਤੀ। ਏਕਾ ਹਰੀ ਏਕਾ ਹਰਿ, ਇਕ ਚੜ੍ਹਾਏ ਸਾਚੀ ਘਾਟੀ। ਏਕਾ ਤਰਨੀ ਏਕਾ ਤਰ, ਏਕਾ ਤੀਰਥ ਏਕਾ ਤਾਟੀ। ਏਕਾ ਮਰਨੀ ਜਾਏ ਮਰ, ਗੁਰਚਰਨ ਸਰਨ ਸਰਨ ਚਰਨ ਗੁਰ ਲਹਿਣਾ ਦੇਣਾ ਚੁੱਕੇ ਬਾਕੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲਾ ਸਾਚੇ ਦਰ, ਮੇਲ ਮਿਲਾਏ ਸੁੱਤਿਆਂ ਰਾਤੀ। ਗੁਰਮੁਖ ਸੁੱਤੇ ਸਾਚੀ ਰੈਣ, ਹਰਿ ਸਾਚਾ ਆਪ ਜਗਾਇੰਦਾ। ਦਰਸ ਦਿਖਾਏ ਸਾਚੇ ਨੈਣ, ਸਾਚਾ ਨੈਣ ਆਪ ਖੁਲ੍ਹਾਇੰਦਾ। ਭੇਵ ਨਾ ਪਾਇਣ ਸੱਜਣ ਮੀਤ ਭਾਈ ਭੈਣ, ਜਗਤ ਬਿਧਾਤਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਨਿਤ ਅਖਵਾਇੰਦਾ। ਇਕ ਇਕਾਂਤ ਹਰਿ ਬਨਵਾਰੀ, ਪਾਰਬ੍ਰਹਮ ਬੇਅੰਤਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਦੇਵੇ ਮਾਣ ਸਾਚੀ ਸੰਗਤਾ। ਦੇਵੇ ਦਰਸ ਵਾਰੋ ਵਾਰੀ, ਤੋੜੇ ਗੜ੍ਹ ਹੰਕਾਰੀ ਹੰਗਤਾ। ਕਾਇਆ ਮੰਦਰ ਸਚ ਅਟਾਰੀ, ਮਿਲੇ ਮੇਲਾ ਸ੍ਰੀ ਭਗਵੰਤਾ। ਨਿਰਮਲ ਜੋਤ ਕਰੇ ਉਜਿਆਰੀ, ਆਪ ਆਪਣਾ ਵੇਖ ਵਖੰਤਾ। ਸਾਚਾ ਸ਼ਬਦ ਸੱਚੀ ਧੁਨਕਾਰੀ, ਸਾਚਾ ਰਾਗ ਸੁਣੰਤਾ। ਸਾਚਾ ਸੋਹਲਾ ਮੰਗਲਾਚਾਰੀ, ਸਾਚਾ ਤਾਲ ਵਜੰਤਾ। ਸਾਚਾ ਦਰ ਖੋਲ੍ਹ ਕਿਵਾੜੀ, ਸਾਚਾ ਧਾਮ ਸੁਹੰਤਾ। ਸਾਚਾ ਪੁਰਖ ਹਰਿ ਸਾਚੀ ਨਾਰੀ, ਗੁਰ ਪਿਆਰੀ ਆਪ ਰਖੰਤਾ। ਫੜ ਉਠਾਏ ਭੁਜਾਂ ਪਸਾਰੀ, ਚਤੁਰਭੁਜ ਹਰਿ ਸਾਚਾ ਕੰਤਾ। ਅੰਗੀ ਅੰਗ ਕਰੇ ਇਕ ਦਵਾਰੀ, ਜੋ ਜਨ ਚਰਨ ਧਿਆਨ ਰਖੰਤਾ। ਮਿਲੇ ਮੇਲ ਸਚ ਦਰਬਾਰੀ, ਦਰ ਦਰਬਾਰਾ ਇਕ ਸੁਹੰਤਾ। ਥਿਰ ਘਰ ਬੈਠਾ ਹਰਿ ਨਿਰੰਕਾਰੀ, ਆਪ ਆਪਣਾ ਵੇਖ ਵਖੰਤਾ। ਗੁਰਮੁਖ ਸਾਜਣ ਸਦ ਬਲਹਾਰੀ, ਜਿਸ ਪਾਇਆ ਪੂਰਨ ਭਗਵੰਤਾ। ਹਰਿਸੰਗਤ ਤੇਰੀ ਪੈਜ ਸਵਾਰੀ, ਕਾਇਆ ਚੋਲੀ ਹਰਿ ਹਰਿ ਰੰਗਤਾ। ਨੰਗੇ ਚਰਨ ਫਿਰੇ ਦਵਾਰੀ, ਦਰ ਦਵਾਰੇ ਹੋਇਆ ਮੰਗਤਾ। ਪੌਣੀ ਭਿਛਿਆ ਏਕਾ ਵਾਰੀ, ਪੰਚ ਵਿਕਾਰਾ ਹੋਏ ਨੰਗਤਾ। ਦੇਵੇ ਨਾਮ ਸੱਚੀ ਖੁਮਾਰੀ, ਸਾਚੀ ਚੋਲੀ ਆਪੇ ਰੰਗਤਾ। ਲੌਣੀ ਸ਼ਬਦ ਇਕ ਉਡਾਰੀ, ਪਾਰ ਕਿਨਾਰਾ ਇਕ ਵਖੰਤਾ। ਕਾਇਆ ਗੜ੍ਹ ਤੁਟੇ ਹੰਕਾਰੀ, ਮਿਲੇ ਵਡਿਆਈ ਵਿਚ ਜੀਵ ਜੰਤਾ। ਗੁਰਮੁਖ ਮੇਲਾ ਦੂਜੀ ਵਾਰੀ, ਪ੍ਰਭ ਆਪ ਮਿਲਾਇਆ ਸਾਚੇ ਕੰਤਾ। ਭਰਮੇ ਭੁੱਲੇ ਜੀਵ ਗਵਾਰੀ, ਪ੍ਰਭ ਮਾਇਆ ਪਾਏ ਬੇਅੰਤਾ। ਹਰਿਸੰਗਤ ਹਰਿ ਢਹਿ ਪਏ ਦਵਾਰੀ, ਧੰਨ ਵਡਿਆਈ ਸਾਚੇ ਸੰਤਾ। ਸੰਤ ਸਾਜਨ ਸਚ ਸੁਹੇਲਾ, ਸਤਿਗੁਰ ਪੁਰਖ ਮਨਾਇਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਮੰਦਰ ਵੇਖਣ ਆਇਆ। ਦਰ ਘਰ ਸਾਚੇ ਚਾੜ੍ਹੇ ਤੇਲਾ, ਸਾਚਾ ਸਗਨ ਮਨਾਇਆ। ਪੰਚਮ ਸਖੀਆਂ ਮਿਲ ਮਿਲ ਪਾਇਣ ਵੇਲਾਂ, ਸਾਚਾ ਮੰਗਲ ਗਾਇਆ। ਨਾਮ ਸ਼ਬਦੀ ਰੰਗ ਨਵੇਲਾ, ਲਾਲ ਭੂਸ਼ਨ ਤਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਚਨ ਰਚਾਇਆ। ਬਸਤਰ ਭੂਸ਼ਨ ਸਾਚਾ ਗਹਿਣਾ, ਗੁਰਮੁਖ ਅੰਗ ਲਗਾਇੰਦਾ। ਨਾਮ ਕਜਲ ਸਾਚੇ ਨੈਣਾਂ, ਸਾਚੀ ਧਾਰ ਰਖਾਇੰਦਾ। ਗੁਰਚਰਨ ਦਵਾਰੇ ਸਾਚਾ ਬਹਿਣਾ, ਕਮਲਾਪਤੀ ਆਪ ਮਨਾਇੰਦਾ। ਏਕਾ ਸੇਜਾ ਸਦਾ ਰਹਿਣਾ, ਦੇ ਮਤ ਆਪ ਸਮਝਾਇੰਦਾ। ਏਕਾ ਧਾਮ ਅਕੱਠੇ ਬਹਿਣਾ, ਦੋਏ ਮੂਰਤੀ ਏਕਾ ਜੋਤ ਜਗਾਇੰਦਾ। ਗੁਰ ਸੰਗਤ ਗੁਰ ਮੰਨਣਾ ਕਹਿਣਾ, ਦੇ ਮਤ ਆਪ ਸਮਝਾਇੰਦਾ। ਕਲਜੁਗ ਮਾਇਆ ਵਿਚ ਨਾ ਵਹਿਣਾ, ਗੁਰ ਪੂਰਾ ਪਾਰ ਕਰਾਇੰਦਾ। ਲੱਖ ਚੁਰਾਸੀ ਭਾਣਾ ਸਹਿਣਾ ਪੈਣਾ, ਨਾ ਕੋਈ ਮੇਟ ਮਿਟਾਇੰਦਾ। ਅੰਤਮ ਨਾਤਾ ਤੁਟੇ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਨਾ ਕੋਈ ਬਚਾਇੰਦਾ। ਨਾਮ ਸੁਹਾਗੀ ਏਕਾ ਲੈਣਾ, ਸੋਹੰ ਸ਼ਬਦ ਸੁਣਾਇੰਦਾ। ਤਨ ਬੈਰਾਗੀ ਸੁਰਤੀ ਸੋਈ ਜਾਗੀ, ਪਾਇਆ ਹਰਿ ਵਡ ਭਾਗੀ, ਚਰਨ ਧੂੜ ਮਜਨ ਮਾਘੀ, ਹੰਸ ਬਣਾਏ ਕਾਗੀ, ਜਿਸ ਜਨ ਸਚ ਪ੍ਰੀਤੀ ਲਾਗੀ, ਸਾਚਾ ਮਾਰਗ ਇਕ ਵਖਾਇਆ। ਦੇਵੇ ਨਾਮ ਸੱਚਾ ਅਨਰਾਗੀ, ਦੁਰਮਤ ਮੈਲ ਧੋਵੇ ਦਾਗ਼ੀ, ਅਨਹਦ ਮਾਰੇ ਸਾਚੀ ਵਾਜੀ, ਬ੍ਰਹਿਮੰਡ ਖੋਜੇ ਆਦਿ ਜੁਗਾਦੀ, ਜੁਗ ਜੁਗ ਖੋਜ ਖੋਜਾਇਆ। ਰਸਨਾ ਗਾਏ ਨਾਮ ਸਵਾਦੀ, ਜਿਹਵਾ ਏਕਾ ਨਾਮ ਅਰਾਧੀ, ਸਰਵਨ ਸੁਣ ਸੁਣ ਹੋਏ ਸਮਾਧੀ, ਨਾਸਕਾ ਸੁੰਘੇ ਸ਼ਬਦ ਅਗਾਧੀ, ਨੈਣ ਦਰਸ਼ਨ ਮੋਹਣ ਮਾਧੀ, ਦਰ ਦਵਾਰਾ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲ ਮਿਲਾਇਆ । ਮਿਲਿਆ ਮੇਲਾ ਪਾਰਬ੍ਰਹਮ, ਪਰਮ ਪੁਰਖ ਸੁਲਤਾਨਿਆ। ਹਰਿਸੰਗਤ ਤੇਰਾ ਏਕਾ ਧਰਮ, ਏਕਾ ਰੂਪ ਵਖਾਨਿਆ। ਏਕਾ ਜੋਗ ਏਕਾ ਕਰਮ, ਏਕਾ ਚਰਮ ਜਾਣਿਆ । ਏਕਾ ਮਿਲੀ ਸਾਚੀ ਸਰਨ, ਸਰਨ ਸਰਨਾਈ ਇਕ ਵਖਾਨਿਆ। ਏਕਾ ਕਰਤਾ ਕਰਨੀ ਕਰਨ, ਕਰਤਾ ਪੁਰਖ ਆਪ ਅਖਵਾਨਿਆ। ਏਕਾ ਧਰਤੀ ਧਰਤ ਧਰਨ, ਧਵਲ ਆਪ ਸੁਹਾਨਿਆ। ਆਪੇ ਖੋਲ੍ਹੇ ਹਰਨ ਫਰਨ, ਏਕਾ ਰੂਪ ਵਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਨ ਸਚ ਕਰੇ ਪਰਵਾਨਿਆ। ਦਰ ਘਰ ਸਾਚੇ ਕਰ ਪਰਵਾਨਾ, ਦੇਵੇ ਨਾਮ ਨਿਧਾਨਿਆ। ਸਾਚਾ ਬਖ਼ਸ਼ੇ ਤੀਰ ਕਮਾਨਾ, ਰਸਨਾ ਚਿੱਲਾ ਇਕ ਵਖਾਨਿਆ। ਆਤਮ ਅੰਤਰ ਬ੍ਰਹਮ ਗਿਆਨਾ, ਏਕਾ ਸ਼ਬਦ ਪੜ੍ਹਾਨਿਆ। ਸੋਹੰ ਬੰਨੇ ਹੱਥੀ ਗਾਨਾ, ਗੁਰ ਪੂਰਾ ਸਗਨ ਮਨਾਨਿਆ। ਮੇਲ ਮਿਲਾਏ ਦੋ ਜਹਾਨਾਂ, ਏਕਾ ਰਾਗ ਸੁਣਾਨਿਆ । ਇਕ ਵਖਾਏ ਪਦ ਨਿਰਬਾਨਾ, ਸਾਚਾ ਪਦ ਨਿਰਬਾਨਿਆ। ਹਰਿਜਨ ਸਾਚਾ ਸੁਘੜ ਸਿਆਨਾ, ਮੂਰਖ ਮੂੜ੍ਹ ਤਰਾਨਿਆ। ਨਾ ਕੋਈ ਪੂਜਾ ਪਾਠ ਵੇਦ ਪੁਰਾਨਾ, ਖਾਣੀ ਬਾਣੀ ਨਾ ਕੋਈ ਹਿਲਾਨਿਆ। ਨਾ ਕੋਈ ਆਇਤ ਸ਼ਰਾਇਤ ਅੰਜੀਲ ਕੁਰਾਨਾ, ਨਾ ਕੋਈ ਕਲਮਾ ਨਬੀ ਸਿਖਾਨਿਆ। ਨਾ ਕੋਈ ਤਿਲਕ ਮਸਤਕ ਟਿੱਕਾ ਆਪ ਲਗਾਣਾ, ਤ੍ਰਿਸੂਲ ਨਾ ਕੋਈ ਵਖਾਨਿਆ। ਏਕਾ ਦੇਵੇ ਨਾਮ ਨਿਧਾਨਾ, ਕਿਰਪਾ ਕਰ ਸ੍ਰੀ ਭਗਵਾਨਿਆ। ਗੁਰ ਪੂਰੇ ਸਾਚੇ ਚਰਨ ਧਿਆਨਾ, ਜਪ ਤਪ ਜੋਗ ਅਭਿਆਸ ਬੈਠੇ ਮੁਖ ਸ਼ਰਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲ ਮਿਲਾਨਿਆ। ਸੱਜਣ ਹਰਿ ਹਰਿ ਸਾਚਾ ਮੀਤਾ, ਪੱਤਤ ਪਾਵਨ ਅਖਵਾਇਆ। ਆਪੇ ਜਾਣੇ ਆਪਣੀ ਰੀਤਾ, ਆਪੇ ਰਿਹਾ ਚਲਾਇਆ। ਆਪੇ ਰਾਮਾ ਆਪੇ ਸੀਤਾ, ਆਪੇ ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਆਪੇ ਜਾਣੇ ਅਰਜਨ ਗੀਤਾ, ਆਪੇ ਗਿਆਨ ਦ੍ਰਿੜਾਇਆ। ਆਪੇ ਮੰਦਰ ਆਪੇ ਮਸੀਤਾ, ਗੁਰੂਦਵਾਰੇ ਆਪ ਬਣਾਇਆ। ਆਪੇ ਹੋਏ ਸਦਾ ਅਤੀਤਾ, ਆਪੇ ਹਰ ਘਟ ਆਪ ਸਮਾਇਆ। ਆਪੇ ਹੋਏ ਨਾਮ ਅਨਡੀਠਾ, ਆਪੇ ਲੇਖਾ ਲੇਖ ਲਿਖਾਇਆ। ਆਪੇ ਕਰੇ ਕਰਾਏ ਕੌੜਾ ਰੀਠਾ, ਆਪੇ ਅੰਮ੍ਰਿਤ ਮੁਖ ਚੁਆਇਆ। ਆਪੇ ਚਾੜ੍ਹੇ ਰੰਗ ਮਜੀਠਾ, ਆਪੇ ਨਿਰਮਲ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਸੰਗਤ ਲਏ ਤਰਾਇਆ।
ਹਰਿ ਮੂਰਤ ਅਕਾਲ, ਅਕਾਲ ਪੁਰਖ ਅਕਾਲਾ। ਸਤਿਗੁਰ ਪੁਰਖ ਦਿਆਲ, ਦੀਨਾਂ ਬੰਧਪ ਦੀਨ ਦਿਆਲਾ। ਪੰਜ ਤਤ ਨਾ ਦਿਸੇ ਖਾਲ, ਜੋਤੀ ਨੂਰ ਇਕ ਉਜਾਲਾ। ਨਾ ਕੋਈ ਮੰਦਰ ਨਾ ਧਰਮਸਾਲ, ਨਾ ਕੋਈ ਦਿਸੇ ਸ਼ਿਵਦਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਗੁਰ ਗੋਪਾਲਾ। ਮੂਰਤ ਅਕਾਲ ਆਦਿ ਨਿਰੰਜਣ, ਅਲੱਖ ਅਗੰਮ ਅਪਾਰਾ। ਆਪ ਆਪਣਾ ਬਣਿਆ ਸੱਜਣ, ਆਪ ਆਪਣਾ ਲਏ ਅਵਤਾਰਾ। ਆਪ ਆਪਣਾ ਕਰਿਆ ਮਜਨ, ਆਪ ਆਪਣਾ ਮੀਤ ਮੁਰਾਰਾ। ਆਪ ਆਪਣਾ ਚਲਾਏ ਜਹਾਜ਼ਨ, ਆਪੇ ਆਪ ਹੋਏ ਅਸਵਾਰਾ। ਆਪ ਆਪਣਾ ਰਚਿਆ ਕਾਜਨ, ਆਪ ਆਪਣਾ ਕਾਜ ਸਵਾਰਾ। ਆਪ ਆਪਣਾ ਬਣਿਆ ਰਾਜਨ, ਆਪ ਸੁਹਾਏ ਬੰਕ ਦਵਾਰਾ। ਆਪ ਆਪਣੇ ਚੜ੍ਹਿਆ ਤਾਜਨ, ਆਪ ਆਪਣਾ ਕਰੇ ਸ਼ੰਗਾਰਾ। ਆਪ ਆਪਣੀ ਮਾਰੇ ਵਾਜਨ, ਆਪ ਆਪਣਾ ਸ਼ਬਦ ਕਰੇ ਜੈਕਾਰਾ। ਆਪ ਆਪਣੀ ਰੱਖੇ ਲਾਜਨ, ਆਪ ਆਪਣਾ ਹੋਏ ਪਹਿਰੇਦਾਰਾ। ਆਪੇ ਆਪ ਗ਼ਰੀਬ ਨਿਵਾਜਨ, ਆਪਣਾ ਆਪ ਹੋਏ ਰਖਵਾਰਾ। ਆਪ ਆਪਣਾ ਰਚਿਆ ਕਾਜਨ, ਘਰ ਸਾਚਾ ਸੋਹੇ ਇਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰਾ। ਅਕਾਲ ਮੂਰਤ ਹਰਿ ਭਗਵੰਤਾ, ਭਗਵਨ ਰੂਪ ਸਮਾਇਆ। ਆਪੇ ਆਦਿ ਆਪੇ ਅੰਤਾ, ਆਦਿ ਅੰਤ ਆਪ ਅਖਵਾਇਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇਆ। ਆਪੇ ਜੀਵ ਆਪੇ ਜੰਤਾ, ਜੀਵ ਜੰਤਾ ਆਪ ਅਖਵਾਇਆ। ਆਪੇ ਮਹਿਮਾ ਜਾਣੇ ਅਗਣਤਾ, ਆਪ ਆਪਣਾ ਲੇਖ ਲਿਖਾਇਆ। ਆਪੇ ਹਉਮੇ ਆਪੇ ਹੰਗਤਾ, ਆਪੇ ਗੜ੍ਹ ਤੁੜਾਇਆ। ਆਪੇ ਭੁੱਖਾ ਆਪੇ ਮੰਗਤਾ, ਆਪੇ ਮੰਗਣ ਆਇਆ। ਆਪੇ ਕਾਇਆ ਆਪੇ ਚੋਲੀ ਰੰਗਤਾ, ਆਪੇ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤ ਕਲਾ ਹਰਿ ਗੋਬਿੰਦਾ, ਪਰਮ ਪੁਰਖ ਸਮਾਣਾ। ਆਪ ਆਪਣੀ ਉਪਜਾਏ ਬਿੰਦਾ, ਆਪ ਆਪਣੇ ਵਿਚ ਟਿਕਾਣਾ। ਆਪੇ ਸਾਗਰ ਆਪੇ ਸਿੰਧਾ, ਆਪੇ ਤਾਲ ਸੁਹਾਨਾ। ਆਪੇ ਗਾਏ ਆਪੇ ਕਰੇ ਨਿੰਦਾ, ਆਪੇ ਭਾਗ ਲਗਾਣਾ। ਆਪੇ ਹੋਏ ਹਰਿ ਬਖ਼ਸ਼ਿੰਦਾ, ਆਪ ਆਪਣੀ ਦਇਆ ਕਮਾਨਾ। ਆਪੇ ਮੇਟਣਹਾਰਾ ਚਿੰਦਾ, ਆਪੇ ਰਾਗ ਅਲ੍ਹਾਣਾ। ਆਪੇ ਬ੍ਰਹਮਾ ਸ਼ਿਵ ਆਪੇ ਇੰਦਾ, ਸੁਰਪਤ ਰਾਜਾ ਆਪ ਅਖਵਾਣਾ। ਆਪੇ ਦਾਤਾ ਗੁਣੀ ਗਹਿੰਦਾ, ਆਪੇ ਗੁਰ ਗੁਰ ਰੂਪ ਸੁਹਾਣਾ। ਆਪੇ ਮਾਰਣਹਾਰਾ ਜਿੰਦਾ, ਆਪੇ ਖੋਲ੍ਹ ਵਖਾਣਾ। ਆਪੇ ਸਾਚੇ ਧਾਮ ਬਹਿੰਦਾ, ਥਿਰ ਘਰ ਆਪ ਸੁਹਾਣਾ। ਆਪੇ ਲੇਖਾ ਲੇਖ ਲਿਖੰਦਾ, ਆਪੇ ਮੇਟ ਮਿਟਾਣਾ। ਆਪੇ ਲਹਿਣਾ ਦੇਣਾ ਦਿੰਦਾ, ਆਪੇ ਮੂਲ ਚੁਕਾਣਾ। ਆਪੇ ਰਸਨਾ ਆਪੇ ਨਾਉਂ ਕਹਿੰਦਾ, ਕਹਿ ਕਹਿ ਆਪ ਸੁਣਾਣਾ। ਆਪੇ ਆਪਣੇ ਨਾਲ ਖਹਿੰਦਾ, ਆਪੇ ਯੁਧ ਕਰਾਣਾ। ਆਪੇ ਉਤਰ ਪੂਰਬ ਪੱਛਮ ਦੱਖਣ ਚੜ੍ਹਦਾ ਹੋਏ ਲਹਿੰਦਾ, ਦੱਖਣ ਪਹਾੜ ਆਪ ਸੁਹਾਣਾ। ਆਪੇ ਭਾਣਾ ਆਪਣਾ ਸਹਿੰਦਾ, ਆਪਣਾ ਭਾਣਾ ਹੱਥ ਰਖਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵਸੇ ਆਪ ਟਿਕਾਣਾ। ਅਕਾਲ ਮੂਰਤ ਪੁਰਖ ਅਬਿਨਾਸ਼ਾ, ਆਪੇ ਆਪ ਅਖਵਾਇਆ। ਆਪਣਾ ਵੇਖੇ ਆਪ ਤਮਾਸ਼ਾ, ਵੇਖਣਹਾਰ ਆਪ ਹੋ ਜਾਇਆ। ਆਪੇ ਜੋਤੀ ਨੂਰ ਕਰੇ ਪਰਕਾਸ਼ਾ, ਅੰਧ ਅੰਧੇਰ ਆਪ ਅਖਵਾਇਆ। ਆਪੇ ਪ੍ਰਿਥਮੀ ਆਪੇ ਆਕਾਸ਼ਾ, ਗਗਨ ਪਤਾਲ ਆਪ ਅਖਵਾਇਆ। ਆਪੇ ਮੰਡਲ ਆਪੇ ਰਾਸਾ, ਚੰਦ ਸੂਰਜ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਵਖਾਇਆ। ਪੁਰਖ ਅਕਾਲ ਬੋਧ ਅਗਾਧਾ, ਅਗਾਧ ਬੋਧ ਸਮਾਇਆ। ਆਪੇ ਨਾਥ ਆਪੇ ਅਨਾਥਾ, ਦਇਆ ਨਿਧ ਆਪ ਅਖਵਾਇਆ। ਆਪੇ ਰਾਮ ਆਪੇ ਦਸਰਾਥਾ, ਰਾਵਣ ਬਾਵਨ ਆਪ ਅਖਵਾਇਆ। ਆਪੇ ਵੇਦ ਆਪੇ ਗਾਥਾ, ਆਪੇ ਨਾਮ ਅਲਾਇਆ। ਆਪੇ ਪੰਜ ਤਤ ਕਰਿਆ ਸਾਥਾ, ਮਨ ਮਤ ਬੁਧ ਆਪ ਅਖਵਾਇਆ। ਆਪੇ ਚੜ੍ਹਿਆ ਆਪਣੇ ਰਾਥਾ, ਰਥ ਰਥਵਾਹੀ ਆਪ ਹੋ ਜਾਇਆ। ਆਪੇ ਹੋਏ ਤ੍ਰਿਲੋਕੀ ਨਾਥਾ, ਆਪੇ ਸਗਲਾ ਸੰਗ ਨਿਭਾਇਆ। ਆਪੇ ਸੀਸ ਆਪੇ ਮਸਤਕ ਆਪੇ ਮਾਥਾ, ਆਪੇ ਨੈਣ ਜੋਤ ਜਗਾਇਆ। ਆਪੇ ਮੁਖ ਆਪੇ ਨੱਕ, ਆਪੇ ਸਰਵਣ ਸੰਗ ਲਗਾਇਆ। ਆਪੇ ਰੰਗ ਆਪੇ ਸੰਗ, ਆਪੇ ਭੁਜਾਂ ਰਿਹਾ ਫੈਲਾਇਆ। ਆਪੇ ਗੋਦਾਵਰੀ ਆਪੇ ਗੰਗ, ਆਪੇ ਅੰਮ੍ਰਿਤ ਧਾਰਾ ਸਿੰਧ, ਆਪੇ ਰਿਹਾ ਮੁਖ ਚੁਆਇਆ। ਆਪੇ ਰੋਗ ਆਪੇ ਸੋਗ ਆਪੇ ਹਿਰਖ਼ ਆਪੇ ਚਿੰਦ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਸਵਾਇਆ। ਅਕਾਲ ਮੂਰਤ ਹਰਿ ਰਘੁਨਾਥ ਏਕਾ ਰੰਗ ਰੰਗਾਇਆ। ਆਪੇ ਖੇਲੇ ਖੇਲ ਤਮਾਸ਼, ਖੰਡਾ ਖੜਕ ਆਪ ਅਖਵਾਇਆ। ਆਪੇ ਭੂਪ ਦਾਸੀ ਦਾਸ, ਸਤਿ ਸਰੂਪ ਆਪ ਅਖਵਾਇਆ। ਆਪੇ ਮਾਈ ਆਪੇ ਮਾਪਾ, ਆਪੇ ਪਿਤਾ ਪੂਤ ਹੋ ਜਾਇਆ। ਆਪੇ ਆਪਣਾ ਥਾਪਨ ਥਾਪਾ, ਆਪੇ ਆਪਣੀ ਗੋਦ ਉਠਾਇਆ। ਆਪੇ ਆਪ ਜਪਾਏ ਆਪਣਾ ਜਾਪਾ, ਆਪੇ ਅਜਪਾ ਜਾਪ ਜਪਾਇਆ। ਆਪੇ ਪੁੰਨ ਆਪੇ ਪਾਪਾ, ਤੀਨੋ ਤਾਪਾ ਆਪ ਅਖਵਾਇਆ। ਆਪੇ ਇਕ ਇਕ ਅਕਾਂਤਾ, ਆਪੇ ਏਕਾ ਏਕ ਲਿਵ ਲਾਇਆ। ਆਪੇ ਦਿਵਸ ਆਪੇ ਰਾਤਾ, ਘੜੀ ਪਲ ਆਪ ਅਖਵਾਇਆ। ਆਪੇ ਜ਼ਾਤ ਆਪ ਅਜ਼ਾਤਾ, ਊਚ ਨੀਚ ਆਪ ਅਖਵਾਇਆ। ਆਪੇ ਭੈਣ ਆਪ ਭਰਾਤਾ, ਸਾਕ ਸੈਣ ਆਪ ਹੋ ਜਾਇਆ। ਆਪ ਨਾਰੀ ਕੰਤ ਸੁਹਾਤਾ, ਆਪੇ ਸਾਚੀ ਸੇਜ ਹੰਢਾਇਆ। ਆਪੇ ਦੇਵਣਹਾਰਾ ਦਾਤਾ, ਆਪਣੀ ਝੋਲੀ ਆਪ ਭਰਾਇਆ। ਆਪੇ ਹੋਏ ਨਾਰ ਕਮਜ਼ਾਤਾ, ਨਾਰ ਦੁਹਾਗਣ ਆਪ ਅਖਵਾਇਆ। ਆਪੇ ਵੇਖੇ ਮਾਰ ਝਾਕਾ, ਅੰਦਰ ਬਾਹਰ ਆਪ ਹੋ ਜਾਇਆ। ਆਪੇ ਬਣੇ ਆਪਣੀ ਬਰਾਤਾ, ਆਪ ਆਪਣਾ ਲਏ ਪਰਨਾਇਆ। ਆਪੇ ਸੁਣਾਏ ਸੁਹਾਗੀ ਛੰਤਾ, ਮੰਗਲਾਚਾਰ ਕਰਾਇਆ। ਆਪੇ ਜਾਣੇ ਆਪਣੀ ਗਾਥਾ, ਗਾਵਣਹਾਰ ਆਪ ਅਖਵਾਇਆ। ਆਪੇ ਚੜ੍ਹਿਆ ਆਪਣੇ ਰਾਥਾ, ਆਪਣੇ ਮਾਰਗ ਆਪੇ ਲਾਇਆ। ਆਪ ਨਿਭਾਏ ਆਪਣਾ ਸਾਥਾ, ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਜੋਤ ਜਗਾਇਆ। ਅਕਾਲ ਮੂਰਤ ਅਕਲ ਕਲ ਧਾਰੀ, ਕਰਤਾ ਏਕਾ ਏਕ ਅਖਵਾਇੰਦਾ। ਆਪੇ ਸੋਭਾ ਤਨ ਸ਼ੰਗਾਰੀ, ਫੂਲਨਹਾਰ ਆਪ ਅਖਵਾਇੰਦਾ। ਆਪੇ ਸਿੰਚੇ ਤਨ ਕਿਆਰੀ, ਆਪੇ ਬੀਜ ਪਾਇੰਦਾ। ਆਪੇ ਲਾਏ ਫੁਲ ਫੁਲਵਾੜੀ, ਆਪੇ ਰੁੱਤ ਸੁਹਾਇੰਦਾ। ਆਪੇ ਹੋਏ ਪਿਛੇ ਅਗਾੜੀ, ਆਪੇ ਮੁਖ ਛੁਪਾਇੰਦਾ। ਆਪੇ ਮੁੱਛ ਆਪੇ ਦਾੜ੍ਹੀ, ਆਪੇ ਸੀਸ ਕਟਾਇੰਦਾ। ਆਪੇ ਹਾਡੀ ਆਪੇ ਨਾੜੀ, ਲਹੂ ਮਿਝ ਆਪ ਅਖਵਾਇੰਦਾ। ਆਪੇ ਮਾਇਆ ਆਪੇ ਛਾਇਆ ਅਗਨੀ ਤਤ ਆਪੇ ਸਾੜੀ, ਆਪੇ ਅਗਨ ਬੁਝਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜੀ, ਆਪੇ ਆਸਣ ਲਾਇੰਦਾ। ਆਪੇ ਵੇਖੇ ਸਚ ਅਖਾੜੀ, ਆਪੇ ਹੱਥ ਉਠਾਇੰਦਾ। ਆਪੇ ਵੇਖੇ ਮੰਡਪ ਮਾੜੀ, ਆਪੇ ਅੰਤ ਮਿਟਾਇੰਦਾ। ਆਪੇ ਮੌਤ ਆਪੇ ਲਾੜੀ, ਆਪੇ ਘਰ ਘਰ ਫੇਰੀ ਪਾਇੰਦਾ। ਆਪੇ ਹੋਏ ਪੰਚਮ ਧਾੜੀ, ਪੰਚ ਵਿਕਾਰ ਆਪ ਅਖਵਾਇੰਦਾ। ਆਪੇ ਮਨ ਲਾਏ ਉਡਾਰੀ, ਆਪੇ ਬੰਧ ਬੰਧਾਇੰਦਾ। ਆਪੇ ਮਤ ਪਾਏ ਸਾਰੀ, ਮਤ ਮਤਵਾਲਾ ਆਪ ਅਖਵਾਇੰਦਾ। ਆਪੇ ਬਿਧੀ ਵੇਖ ਵਿਚਾਰੀ, ਆਪੇ ਬੂਝ ਬੁਝਾਇੰਦਾ। ਆਪੇ ਲੇਖਾ ਲੇਖ ਲਿਖਾਰੀ, ਆਪੇ ਮੇਟ ਮਿਟਾਇੰਦਾ। ਆਪੇ ਸ਼ਬਦ ਸੱਚੀ ਜੈਕਾਰੀ, ਆਪੇ ਨਾਅਰਾ ਲਾਇੰਦਾ। ਆਪੇ ਧੁਨ ਹੋਏ ਧੁਨਕਾਰੀ, ਅਨਾਦ ਅਨਾਦੀ ਇਕ ਵਜਾਇੰਦਾ। ਆਪੇ ਜੋਤ ਹੋਏ ਨਿਰੰਕਾਰੀ, ਹਰ ਘਟ ਆਪੇ ਆਪ ਟਿਕਾਇੰਦਾ। ਆਪੇ ਬਾਵਨ ਭੇਖਾ ਧਾਰੀ, ਵਲ ਛਲ ਆਪ ਕਰਾਇੰਦਾ। ਆਪੇ ਮੋਹਣ ਮਾਧਵ ਹਰਿ ਗਿਰਧਾਰੀ, ਆਪੇ ਗਿਰਵਰ ਰੂਪ ਸਮਾਇੰਦਾ। ਆਪ ਆਪਣੀ ਲਾਏ ਯਾਰੀ, ਆਪੇ ਤੋੜ ਵਖਾਇੰਦਾ। ਆਪ ਆਪਣਾ ਹੋਏ ਦਰਬਾਰੀ, ਦਰ ਦਰਬਾਰ ਆਪ ਸੁਹਾਇੰਦਾ। ਆਪੇ ਕਰੇ ਘਰ ਸਚ ਅਸਵਾਰੀ, ਆਪੇ ਆਸਣ ਸਾਚਾ ਲਾਇੰਦਾ। ਆਪੇ ਮਾਰੀ ਇਕ ਉਡਾਰੀ, ਆਪੇ ਮੂੰਹ ਦੇ ਭਾਰ ਸੁਟਾਇੰਦਾ। ਆਪੇ ਬੰਨੇ ਆਪਣੀ ਧਾਰੀ, ਆਪ ਆਪਣਾ ਵੇਖ ਵਖਾਇੰਦਾ। ਆਪੇ ਏਕਾ ਏਕੰਕਾਰੀ, ਆਪੇ ਓਅੰਕਾਰਾ ਰੂਪ ਸੁਹਾਇੰਦਾ। ਆਪੇ ਨਾਮ ਖੰਡਾ ਤੇਜ਼ ਕਟਾਰੀ, ਆਪੇ ਆਪਣੇ ਅੰਗ ਕਟਾਇੰਦਾ। ਆਪੇ ਜੋਧਾ ਸੂਰ ਬਲੀ ਬਲਕਾਰੀ, ਆਪੇ ਤੀਰ ਕਮਾਨ ਚਲਾਇੰਦਾ। ਆਪੇ ਗੜ੍ਹ ਆਪੇ ਹੰਕਾਰੀ, ਆਪੇ ਭੰਨ ਵਖਾਇੰਦਾ। ਆਪੇ ਲੜ ਬੰਨੇ ਸੰਸਾਰੀ, ਆਪੇ ਤੋੜ ਵਖਾਇੰਦਾ। ਆਪੇ ਵੇਖੇ ਚੜ੍ਹ ਉਚ ਅਟਾਰੀ, ਆਪੇ ਕੀਟਾਂ ਵਿਚ ਸਮਾਇੰਦਾ। ਆਪੇ ਮਹਿਮਾ ਜਾਣੇ ਅਪਾਰੀ, ਆਪ ਆਪਣਾ ਵੇਖ ਵਖਾਇੰਦਾ। ਅਕਾਲ ਮੂਰਤ ਮੂਰਤ ਇਕ ਨਿਆਰੀ, ਏਕਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਅਖਵਾਇੰਦਾ। ਅਕਾਲ ਮੂਰਤ ਏਕਾ ਪੂਜਾ, ਏਕਾ ਰੂਪ ਸਮਾਇਆ। ਨਾ ਕੋਈ ਮਿਸਰੀ ਨਾ ਕੋਈ ਕੂਜਾ, ਨਾ ਕੋਈ ਭੇਟ ਚੜ੍ਹਾਇਆ। ਨਾ ਕੋਈ ਚੇਲਾ ਗੁਰੂ ਦਿਸੇ ਦੂਜਾ, ਨਾ ਕੋਈ ਦਰ ਖੁਲ੍ਹਾਇਆ। ਨਾ ਕੋਈ ਭੇਵ ਖੁਲ੍ਹਾਏ ਗੂਝਾ, ਨਾ ਕੋਈ ਪੜਦਾ ਪਾਇਆ। ਨਾ ਕੋਈ ਜਗਤ ਸ਼ਹੀਦੀ ਝੂਝਾ, ਨਾ ਕੋਈ ਸੀਸ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਅਕਾਲ ਮੂਰਤ ਅਨਕ ਕਲ ਧਾਰੀ, ਨੈਨਨ ਨੈਣ ਸਮਾਇਆ। ਆਪੇ ਵੇਦ ਸ਼ਾਸਤਰ ਆਪੇ ਪੁਰਾਨ ਪੁਜਾਰੀ, ਆਪੇ ਹਵਨ ਕਰਾਇਆ। ਆਪੇ ਖੇਲੇ ਖੇਲ ਖਿਲਾਰੀ, ਖੇਲਣਹਾਰ ਆਪ ਅਖਵਾਇਆ। ਆਪੇ ਉਤਭੁਜ ਆਪੇ ਸੇਤਜ , ਜੇਰਜ ਅੰਡ ਆਪ ਹੋ ਜਾਇਆ। ਆਪੇ ਪਰਬਤ ਆਪ ਪਹਾੜੀ, ਸਾਗਰ ਸਿੰਧ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇਆ। ਅਕਾਲ ਮੂਰਤ ਹਰਿ ਪਾਏ ਵੰਡਾ, ਆਪਣੀ ਵੰਡ ਵੰਡਾਈਆ। ਆਪ ਉਪਾਏ ਹਰਿ ਬ੍ਰਹਿਮੰਡਾ, ਬ੍ਰਹਿਮੰਡਾ ਵਿਚ ਸਮਾਈਆ। ਆਪੇ ਜਾਣੇ ਆਪਣਾ ਕੰਢਾ, ਆਪੇ ਲਿਆ ਉਪਾਈਆ। ਆਪੇ ਸੁਹਾਗੀ ਆਪੇ ਰੰਡਾ, ਆਪੇ ਸਾਂਗ ਵਰਤਾਈਆ। ਆਪੇ ਤੱਤਾ ਆਪੇ ਠੰਡਾ, ਸਾਂਤਕ ਰੂਪ ਆਪ ਹੋ ਜਾਈਆ। ਆਪੇ ਹੋਏ ਖੰਡ ਖੰਡਾ, ਆਪੇ ਆਪਣੀ ਵੰਡ ਵੰਡਾਈਆ। ਆਪੇ ਭੇਖ ਆਪੇ ਪਖੰਡਾ, ਆਪੇ ਦਏ ਮਿਟਾਈਆ। ਆਪੇ ਤੇਜ਼ ਕਟਾਰੀ ਖੰਡਾ, ਆਪ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਜੋਤੀ ਨੂਰ ਹਰਿ ਨਿਰੰਕਾਰਾ, ਨਿਰਵੈਰ ਰੂਪ ਅਖਵਾਇਆ। ਆਪ ਆਪਣੀ ਬੰਨੇ ਧਾਰਾ, ਆਪਣਾ ਸ਼ਬਦ ਚਲਾਇਆ। ਸ਼ਬਦ ਸੁਤ ਅਪਰ ਅਪਾਰਾ, ਸਾਚਾ ਮਾਰਗ ਲਾਇਆ। ਲੋਆਂ ਪੁਰੀਆਂ ਕਰ ਪਸਾਰਾ, ਆਪਣਾ ਵੇਖ ਵਖਾਇਆ। ਧਰਤ ਧਵਲ ਦਏ ਸਹਾਰਾ, ਅਕਾਸ਼ ਪਰਕਾਸ਼ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੀ ਭਿਛਿਆ ਆਪਣੀ ਝੋਲੀ ਪਾਇਆ। ਆਪਣੀ ਇਛਿਆ ਆਪੇ ਕਰ, ਆਪਣਾ ਰੂਪ ਉਪਾਇਆ। ਆਪਣੇ ਅੰਦਰ ਆਪੇ ਧਰ, ਆਪੇ ਬਾਹਰ ਕਢਾਇਆ। ਆਪ ਫੜਾਇਆ ਆਪਣਾ ਲੜ, ਆਪੇ ਸੰਗ ਨਿਭਾਇਆ। ਪਾਰਬ੍ਰਹਮ ਬ੍ਰਹਮ ਲਿਆ ਘੜ, ਬ੍ਰਹਮ ਬ੍ਰਹਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਅੰਗ ਕਟਾਇਆ। ਏਕਾ ਬ੍ਰਹਮ ਇਕ ਜਣਾਈ, ਇਕ ਗਿਆਨ ਦ੍ਰਿੜਾਇੰਦਾ। ਏਕਾ ਰਾਮ ਸਚ ਗੁਸਾਈਂ, ਏਕਾ ਰੂਪ ਅਖਵਾਇੰਦਾ। ਏਕਾ ਭੁਜ ਏਕਾ ਬਾਹੀਂ, ਚਤੁਰਭੁਜ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਆਪ ਆਪਣਾ ਪਾਏ ਹਿੱਸਾ, ਆਪਣੀ ਕਲ ਧਾਰਿਆ। ਪੁਰਖ ਅਬਿਨਾਸ਼ ਕਿਸੇ ਨਾ ਦਿਸਾ, ਆਪੇ ਜਾਣੇ ਆਪਣੀ ਕਾਰਿਆ। ਖੇਲੇ ਖੇਲ ਦਹਿ ਦਿਸ਼ਾ, ਚਾਰੋਂ ਕੁੰਟ ਪਸਰ ਪਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਣਜ ਕਰੇ ਵਾਪਾਰਿਆ। ਸਾਚਾ ਵਣਜ ਆਪ ਕਰਾਏ, ਅਕਲ ਕਲਾ ਕਲ ਧਾਰਾ। ਲੋਕਮਾਤ ਹਰਿ ਵੰਡ ਵੰਡਾਏ, ਖੇਲੇ ਖੇਲ ਅਪਰ ਅਪਾਰਾ। ਸਤਿਜੁਗ ਸਾਚਾ ਨਾਉਂ ਧਰਾਏ, ਦੇਵੇ ਨਾਮ ਅਧਾਰਾ। ਏਕਾ ਰੂਪ ਆਪ ਅਖਵਾਏ, ਮਹਿਮਾ ਅਨੂਪ ਨਾ ਪਾਏ ਸਾਰਾ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਦਏ ਸਹਾਰਾ। ਲੱਖ ਚੁਰਾਸੀ ਆਪ ਸਮਾ, ਆਪਣੀ ਜੋਤ ਜਗਾਈਆ। ਪਾਰਬ੍ਰਹਮ ਬ੍ਰਹਮ ਸੇਵਾ ਲਾ, ਆਪਣੀ ਕਾਰ ਕਮਾਈਆ। ਏਕਾ ਵਿਦਿਆ ਰਿਹਾ ਪੜ੍ਹਾ, ਏਕਾ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਈਆ। ਲੋਕਮਾਤ ਹਰਿ ਵੇਖਣਹਾਰਾ, ਆਪਣਾ ਰੂਪ ਵਟਾਇੰਦਾ। ਆਪੇ ਲਏ ਆਪ ਅਵਤਾਰਾ, ਆਪੇ ਇਸ਼ਟ ਅਖਵਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪੇ ਕਿਰਿਆ ਕਿਰਤ ਕਮਾਇੰਦਾ। ਆਪੇ ਪੂਤ ਸਪੂਤਾ ਹੋਇਆ ਸੰਤ ਕਮਾਰਾ, ਵਰ ਸਰਾਫਾ ਆਪ ਦਵਾਇੰਦਾ। ਆਪੇ ਲਛਮੀ ਬਹੇ ਦਵਾਰਾ, ਆਪੇ ਬਸਤਰ ਭੂਸ਼ਨ ਤਨ ਸਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਸਤਿਜੁਗ ਸਾਚੀ ਵੰਡ ਵੰਡਾਈ, ਆਪਣਾ ਅੰਗ ਕਟਾਇਆ। ਨਾ ਕੋਈ ਵੇਖੇ ਵੇਖ ਵਖਾਈ, ਦਿਸ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਵੇਖੇ ਥਾਉਂ ਥਾਈਂ, ਆਵਣ ਜਾਵਣ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਝੋਲੀ ਪਾਇਆ। ਕਲਜੁਗ ਅੰਤਮ ਚੌਥੇ ਜੁਗ, ਹਰਿ ਸਚ ਕਰੀ ਕੁੁੜਮਾਈਆ। ਸਤਿਜੁਗ ਪੈਂਡਾ ਗਿਆ ਮੁੱਕ, ਤ੍ਰੇਤਾ ਲਏ ਅੰਗੜਾਈਆ। ਖੇਲੇ ਖੇਲ ਅਬਿਨਾਸ਼ੀ ਅਚੁੱਤ, ਆਪ ਆਪਣਾ ਵੇਸ ਵਟਾਈਆ। ਆਪੇ ਹੋਇਆ ਦਸਰਥ ਸੁੱਤ, ਧਨੁੱਖ ਬਿਬਾਣਾਂ ਆਪ ਉਠਾਈਆ। ਆਪੇ ਰਾਵਣ ਰਿਹਾ ਲੁੱਟ, ਲੰਕਾ ਗੜ੍ਹ ਆਪ ਤੁੜਾਈਆ। ਆਪੇ ਜੜ ਰਿਹਾ ਪੁੱਟ, ਗਗਨ ਪਤਾਲਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਤ੍ਰੇਤੇ ਤੇਰੀ ਬੰਨੀ ਧਾਰ, ਤੇਰਾ ਰੰਗ ਰੰਗਾਇਆ। ਕਿਰਿਆ ਕਿਰਤ ਕਰਮ ਵਿਚਾਰ, ਹਰਿ ਸਾਚੇ ਮੇਲ ਮਿਲਾਇਆ। ਧੀਰਜ ਧੀਰ ਦਏ ਸੰਸਾਰ, ਰਾਮ ਰਾਮਾ ਨਾਮ ਜਪਾਇਆ। ਆਪੇ ਜਾਣੇ ਆਪਣੀ ਧਾਰ, ਆਪਣਾ ਭੇਖ ਵਟਾਇਆ। ਤ੍ਰੇਤਾ ਸੁੱਤਾ ਪੈਰ ਪਸਾਰ, ਪ੍ਰਭ ਆਪਣੀ ਝੋਲੀ ਪਾਇਆ। ਦੁਆਪਰ ਤੇਰਾ ਲੈ ਅਵਤਾਰ, ਲੋਕਮਾਤੀ ਫੇਰਾ ਪਾਇਆ। ਰੂਪ ਅਨੂਪਾ ਅਗੰਮ ਅਪਾਰ, ਅਗੰਮ ਅਗੋਚਰ ਆਪ ਅਖਵਾਇਆ। ਲੇਖਾ ਲਿਖਣਹਾਰ ਕਰਤਾਰ, ਲੇਖਾ ਲਿਖਣ ਵਿਚ ਕਿਸੇ ਨਾ ਆਇਆ। ਜੋਤ ਸਰੂਪੀ ਕਰ ਆਕਾਰ, ਏਕਾ ਜੋਤ ਜਗਾਇਆ। ਸੋਲਾਂ ਕਲੀਆਂ ਤਨ ਸ਼ੰਗਾਰ, ਸੋਲਾਂ ਕਲ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਵਲ ਸੁੰਦਰ ਮੋਹਣ ਮਾਧਵ ਸਾਚੇ ਮੰਡਲ ਮੁਕਟ ਬੈਨ ਕਵਲ ਨੈਨ ਆਪ ਅਖਵਾਇਆ। ਕਵਲ ਨੈਣਾਂ ਨੈਣ ਮੁੰਧਾਰੀ, ਨਰ ਨਰਾਇਣ ਅਖਵਾਇਆ। ਖੇਲੇ ਖੇਲ ਅਪਰ ਅਪਾਰੀ, ਆਪ ਆਪਣਾ ਵੇਖਣ ਆਇਆ। ਨਾ ਕੋਈ ਸ਼ਸਤਰ ਨਾ ਤੇਜ਼ ਕਟਾਰੀ, ਨਾ ਕੋਈ ਬਾਣ ਚਲਾਇਆ। ਆਪਣੀ ਕਲ ਆਪੇ ਧਾਰੀ, ਆਪਣਾ ਖੇਲ ਰਚਾਇਆ। ਆਪਣੇ ਰਥ ਕਰ ਅਸਵਾਰੀ, ਆਪਣੀ ਲਾਏ ਉਡਾਰੀ, ਆਪੇ ਸਾਰਥੀ ਆਪੇ ਮਹਾਂਸਾਰਥੀ, ਆਪੇ ਜੂਏ ਬਾਜ਼ੀ ਜਾਏ ਹਾਰੀ, ਖੇਲਣਹਾਰ ਆਪ ਅਖਵਾਇਆ । ਦੁਆਪਰ ਤੇਰੀ ਅੰਤ ਕਿਨਾਰੀ, ਲਹਿਣਾ ਦੇਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਘਰ ਸੁਹਾਇਆ। ਸਾਚਾ ਘਰ ਹਰਿ ਕਰਤਾਰਾ, ਏਕਾ ਏਕ ਰਖਾਇਆ। ਆਪੇ ਆਪਣਾ ਬਣ ਵਰਤਾਰਾ, ਆਪਣਾ ਆਪ ਆਪ ਵਰਤਾਇਆ। ਆਪੇ ਬਣੇ ਜਗਤ ਭੰਡਾਰਾ, ਆਪੇ ਬੰਦ ਕਰਾਇਆ। ਆਪੇ ਸਤਿਜੁਗ ਤ੍ਰੇਤਾ ਦੁਆਪਰ ਦਏ ਆਧਾਰਾ, ਆਪੇ ਮੁਖ ਭਵਾਇਆ। ਆਪੇ ਕਲਜੁਗ ਹੋਏ ਮੀਤ ਮੁਰਾਰਾ, ਲੋਕਮਾਤੀ ਜਨਮ ਦਵਾਇਆ। ਆਪੇ ਕਰੇ ਕਾਲਾ ਸੂਸਾ ਤਨ ਸ਼ੰਗਾਰਾ, ਤ੍ਰੈਗੁਣ ਮਾਇਆ ਤੇਲ ਚੜ੍ਹਾਇਆ। ਆਪੇ ਹੋਏ ਹੰਗਤਾ, ਆਪੇ ਜੂਠ ਝੂਠ ਵਿਕਾਰਾ ਨਾਉਂ ਰਖਾਇਆ। ਆਪੇ ਸਾਜਨ ਆਪੇ ਸੰਗਤਾ, ਆਪੇ ਸਤਿਗੁਰ ਰੂਪ ਸਮਾਇਆ। ਆਪੇ ਭੇਖੀ ਆਪੇ ਮੰਗਤਾ, ਮੰਗਣਹਾਰ ਆਪ ਅਖਵਾਇਆ। ਆਪੇ ਭੁੱਖਾ ਆਪੇ ਨੰਗਤਾ, ਆਪੇ ਨੇਤਰ ਰੋ ਰੋ ਨੀਰ ਵਹਾਇਆ। ਆਪੇ ਨਾਨਕ ਆਪੇ ਅੰਗਦਾ, ਆਪੇ ਸੰਗ ਮੁਹੰਮਦ ਚਾਰ ਯਾਰੀ ਰਿਹਾ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਆਪ ਅਖਵਾਇਆ। ਪੁਰਖ ਅਕਾਲਾ ਹਰਿ ਸਾਜਨ ਮੀਤਾ, ਆਪਣਾ ਆਪ ਅਖਵਾਇੰਦਾ। ਆਪੇ ਜਾਣੇ ਰਾਜ ਜੋਗ ਸਾਚੀ ਨੀਤਾ, ਆਪੇ ਸਾਚਾ ਕਰਮ ਕਮਾਇੰਦਾ। ਆਪੇ ਪਾਰਬ੍ਰਹਮ ਪੁਰਖ ਅਬਿਨਾਸ਼ੀ ਕਰਤਾ ਹੋਏ ਪੱਤਤ ਪੁਨੀਤਾ, ਪੱਤਤ ਪਾਵਨ ਆਪ ਅਖਵਾਇੰਦਾ। ਆਪੇ ਰਾਮਾ ਆਪੇ ਸੀਤਾ, ਆਪੇ ਕਾਜ ਰਚਾਇੰਦਾ। ਆਪੇ ਅਰਜਨ ਆਪੇ ਗੀਤਾ, ਆਪੇ ਗਿਆਨ ਜਣਾਇੰਦਾ। ਆਪੇ ਬੈਠ ਸਦਾ ਅਤੀਤਾ, ਨਿਰਗੁਣ ਰੂਪ ਅਖਵਾਇੰਦਾ। ਆਪੇ ਹਸਤ ਆਪੇ ਕੀਟਾ, ਨੀਕਨ ਨੀਕ ਆਪ ਹੋ ਜਾਇੰਦਾ । ਆਪੇ ਕੌੜਾ ਆਪੇ ਮੀਠਾ, ਰਸਨਾ ਰਸ ਵੇਖ ਵਖਾਇੰਦਾ। ਆਪੇ ਹੋਏ ਸ਼ਬਦ ਅਨਡੀਠਾ, ਆਪੇ ਗੁਰ ਸ਼ਬਦ ਉਪਜਾਇੰਦਾ। ਆਪੇ ਮੜੀ ਗੋਰ ਬਣੇ ਅੰਗੀਠਾ, ਆਪੇ ਧਰਤੀ ਵਿਚ ਦਬਾਇੰਦਾ। ਆਪੇ ਚਾੜ੍ਹੇ ਰੰਗ ਮਜੀਠਾ, ਆਪੇ ਵੇਖ ਵਖਾਇੰਦਾ। ਆਪੇ ਪੀਸਨ ਆਪੇ ਪੀਠਾ, ਆਪਣੀ ਚੱਕੀ ਆਪ ਚਲਾਇੰਦਾ। ਆਪੇ ਹਾਰੇ ਆਪੇ ਜੀਤਾ, ਆਪੇ ਯੁਧ ਕਰਾਇੰਦਾ। ਆਪੇ ਪਰਖਣਹਾਰਾ ਨੀਤਾ, ਨੀਤ ਅਨੀਤਾ ਆਪ ਹੋ ਜਾਇੰਦਾ। ਆਪੇ ਜਾਣੇ ਅਗਲਾ ਪਿਛਲਾ ਬੀਤਾ, ਕਰਨਹਾਰ ਆਪ ਅਖਵਾਇੰਦਾ । ਆਪੇ ਪਿਤਾ ਆਪੇ ਪੂਤਾ, ਆਪੇ ਭਗਤੀ ਲਾਇੰਦਾ। ਆਪ ਉਠਾਇਆ ਗੋਬਿੰਦ ਸੁੱਤਾ, ਆਪਣੀ ਦਇਆ ਕਮਾਇੰਦਾ। ਦੁਸ਼ਟ ਦਮਨ ਮਨਾਇਆ ਰੂਠਾ, ਹਿਮਾਚਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਅਕਾਲਾ ਆਪ ਅਖਵਾਇੰਦਾ। ਆਪੇ ਗੋਬਿੰਦ ਆਪੇ ਗੁਰ, ਆਪ ਗੋਬਿੰਦ ਅਖਵਾਈਆ । ਆਪੇ ਸ਼ਬਦ ਆਪੇ ਸੁਰ, ਆਪੇ ਤਾਲ ਵਜਾਈਆ। ਆਪੇ ਚਰਨੀ ਜਾਏ ਜੁੜ, ਆਪੇ ਸੀਸ ਝੁਕਾਈਆ। ਆਪੇ ਅੰਤਮ ਜਾਏ ਬੌਹੜ, ਆਪੇ ਮੇਲ ਮਿਲਾਈਆ। ਆਪ ਚੜ੍ਹਾਏ ਸਾਚੇ ਘੋੜ, ਆਪੇ ਰਿਹਾ ਦੌੜਾਈਆ। ਆਪੇ ਵਾਗਾਂ ਰਿਹਾ ਮੋੜ, ਆਪੇ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੀ ਵਡਿਆਈਆ। ਆਪੇ ਸੱਜਣ ਗੁਰ ਗੋਬਿੰਦਾ, ਆਪੇ ਗੋਬਿੰਦ ਰੂਪ ਸਮਾਇਆ। ਆਪੇ ਹੋਏ ਹਰਿ ਬਖ਼ਸ਼ਿੰਦਾ, ਬਖ਼ਸ਼ਣਹਾਰ ਨਾਮ ਰਖਵਾਇਆ। ਆਪੇ ਉਪਾਏ ਸਾਚੀ ਬਿੰਦਾ, ਸਾਚਾ ਨਾਉਂ ਧਰਾਇਆ। ਆਪੇ ਤੋੜਨਹਾਰਾ ਜਿੰਦਾ, ਦੋ ਜਹਾਨਾਂ ਏਕਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪੇ ਰੰਗਣਹਾਰ ਲਿਲਾਰੀ, ਆਪੇ ਰੰਗੇ ਚੋਲਾ। ਆਪੇ ਖੇਲੇ ਖੇਲ ਨਿਰਾਲੀ, ਆਪੇ ਗਾਏ ਆਪਣਾ ਢੋਲਾ। ਆਪੇ ਜੋਤ ਹੋਏ ਨਿਰੰਕਾਰੀ, ਨਿਰੰਕਾਰ ਨਾਨਕ ਆਪੇ ਬੋਲਾ। ਆਪੇ ਹੋਏ ਅਕਲ ਕਲਾ ਕਲ ਧਾਰੀ, ਆਪ ਆਪਣਾ ਬਣਿਆ ਤੋਲਾ, ਆਪ ਆਪਣੀ ਪੈਜ ਸਵਾਰੀ। ਆਪ ਆਪਣਾ ਖੇਲੇ ਹੋਲਾ, ਆਪ ਆਪਣੀ ਕਰ ਅਸਵਾਰੀ। ਆਪ ਆਪਣਾ ਆਪੇ ਫੋਲਾ, ਆਪ ਆਪਣੀ ਕਰ ਜੋਤ ਉਜਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸ਼ਬਦ ਜੈਕਾਰੀ। ਸ਼ਬਦ ਜੈਕਾਰਾ ਹਰਿ ਨਿਰੰਕਾਰਾ, ਏਕਾ ਏਕ ਅਲਾਇਆ। ਗੁਰ ਗੋਬਿੰਦਾ ਕਰਿਆ ਖ਼ਬਰਦਾਰਾ, ਸੋਇਆ ਪੂਤ ਉਠਾਇਆ। ਏਕਾ ਦੇਵੇ ਨਾਮ ਅਧਾਰਾ, ਨਾਮ ਅਮੋਲਾ ਝੋਲੀ ਪਾਇਆ। ਪਰਗਟ ਹੋ ਵਿਚ ਸੰਸਾਰਾ, ਹਰਿ ਸਾਚੇ ਆਖ ਸੁਣਾਇਆ। ਗੁਰ ਗੋਬਿੰਦਾ ਦੋਏ ਜੋੜ ਕਰੇ ਨਿਮਸਕਾਰਾ, ਪੁਰਖ ਅਬਿਨਾਸ਼ੀ ਤੇਰਾ ਦਰ ਸਾਚਾ ਘਰ ਹਰੀ ਹਰਿ ਏਕਾ ਮੋਹੇ ਪਾਇਆ। ਨਾ ਜਨਮਾ ਨਾ ਜਾਵਾਂ ਮਰ, ਆਵਣ ਜਾਵਣ ਚੁਕਿਆ ਡਰ, ਤੇਰੀ ਸਰਨੀ ਗਿਆ ਪੜ੍ਹ, ਮੰਗਾਂ ਵਰ ਅੱਗੇ ਖੜ, ਲੋਕਮਾਤ ਨਾ ਦਏ ਸਜ਼ਾਇਆ। ਪੁਰਖ ਅਬਿਨਾਸ਼ੀ ਬਾਹੋਂ ਫੜ, ਆਪ ਲਗਾਇਆ ਆਪਣੇ ਲੜ, ਨਾ ਕੋਈ ਵਖਾਇਆ ਸੀਸ ਧੜ, ਸ਼ਬਦੀ ਸ਼ਬਦੀ ਪੌੜੇ ਚੜ੍ਹ, ਜੋਤੀ ਜੋਤ ਮਿਲਾਇਆ। ਲੋਕਮਾਤ ਨਾ ਜਾਣਾ ਸੜ, ਮੜੀ ਗੋਰ ਨਾ ਜਾਣਾ ਪੜ, ਨਾ ਕੋਈ ਵੇਖੇ ਤੇਰਾ ਸੀਸ ਧੜ, ਨਾ ਕੋਈ ਅੰਗੀਠਾ ਫੋਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਇਹ ਸਮਝਾਇਆ। ਗੁਰ ਗੋਬਿੰਦਾ ਸੁਣ ਪੁਕਾਰ, ਹਰਿ ਸਾਚਾ ਅਲਾਈਆ। ਤੇਰੀ ਤੇਰਾ ਬੰਨੇ ਧਾਰ, ਤੇਰਾ ਸੰਗ ਨਿਭਾਈਆ। ਤੇਰਾ ਰੂਪ ਆਪ ਕਰਤਾਰ, ਨਾਨਕ ਵਿਚ ਸਮਾਈਆ। ਨਾਨਕ ਮੰਗਿਆ ਇਕ ਦਰਬਾਰ, ਪ੍ਰਭ ਸਾਚੇ ਭਿਛਿਆ ਪਾਈਆ। ਪਹਿਲੇ ਦਰ ਜਗਤ ਖਵਾਰ, ਦੂਜੇ ਧੀਰ ਨਾ ਕੋਈ ਧਰਾਈਆ। ਤੀਜੇ ਰੋਵਣ ਜ਼ਾਰੋ ਜ਼ਾਰ, ਚੌਥੇ ਪਈ ਲੜਾਈਆ। ਪੰਜਵਾ ਛੁਟਿਆਂ ਮੀਤ ਮੁਰਾਰ, ਛੇਵੇਂ ਵੰਡ ਵੰਡਾਈਆ। ਸੱਤਵੇਂ ਬੈਠਾ ਅਧਵਿਚਕਾਰ, ਅੱਠਵੇਂ ਮੁਖ ਭਵਾਈਆ। ਨੌਂ ਦਰ ਵੇਖੇ ਜਗਤ ਕਿਵਾੜ, ਨਾਵਾਂ ਗੁਰ ਵੱਡੀ ਵਡਿਆਈਆ। ਕਲਜੁਗ ਝੂਠੀ ਚੜ੍ਹੇ ਧਾੜ, ਗੁਰ ਗੋਬਿੰਦੇ ਦਏ ਵਡਿਆਈਆ। ਉਠ ਸਪੂਤੇ ਸਾਚੇ ਲਾੜ, ਤੇਰੀ ਸੇਵਾ ਏਕਾ ਲਾਈਆ। ਗੁਰਮੁਖ ਸਾਚੇ ਪਹਿਲੇ ਪੌੜੇ ਦੇਵੇ ਚਾੜ੍ਹ, ਦਸਮ ਦਵਾਰ ਸੁਹਾਈਆ। ਦਸਵੇਂ ਗੁਰ ਤੇਰੀ ਵਾਰ, ਪੂਜਾ ਪਾਠ ਨਾ ਕੋਈ ਕਰਾਈਆ। ਤੇਰਾ ਦਰਸ਼ਨ ਅਪਰ ਅਪਾਰ, ਪਾਰਬ੍ਰਹਮ ਦਏ ਮਿਲਾਈਆ। ਤੇਰਾ ਨਾਮ ਤੇਰਾ ਕਲਗੀ ਤੋੜਾ ਸੋਹੇ ਧਾਰ, ਸੀਸ ਜਗਦੀਸ ਹੱਥ ਟਿਕਾਈਆ। ਲੋਕਮਾਤ ਲੈਣਾ ਜਗਤ ਅਵਤਾਰ, ਪੂਤ ਸਪੂਤੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਚਨ ਰਿਹਾ ਸੁਣਾਈਆ। ਗੁਰ ਗੋਬਿੰਦਾ ਕਰ ਪਰਵਾਨਾ, ਦੋਏ ਜੋੜ ਕਰੇ ਨਿਮਸਕਾਰਾ। ਪੁਰਖ ਅਬਿਨਾਸ਼ੀ ਰਹਿਣਾ ਨਿਗਹਬਾਨ, ਏਕਾ ਮੰਗਾਂ ਦਰ ਦਵਾਰਾ। ਦੂਜੀ ਨਾ ਪਾਈਂ ਕੋਈ ਆਣ, ਨਾ ਦੇਵੀਂ ਕੋਈ ਸਹਾਰਾ। ਏਕਾ ਦੱਸੇ ਸਚ ਨਿਸ਼ਾਨ, ਕਰਾਂ ਧਰਮ ਜੈਕਾਰਾ। ਪੁਰਖ ਅਬਿਨਾਸ਼ੀ ਕਰ ਪਰਵਾਨ, ਬਖ਼ਸ਼ੇ ਚਰਨ ਪਿਆਰਾ। ਅਕਾਲ ਪੁਰਖ ਵੇਖੇ ਮਾਰ ਧਿਆਨ, ਅੱਠੇ ਪਹਿਰ ਸੇਵਾਦਾਰਾ। ਸਦ ਵਸੇ ਤੇਰੀ ਕਾਇਆ ਮੰਦਰ ਵਿਚ ਮਕਾਨ, ਨਾ ਕੋਈ ਦਿਸੇ ਹੋਰ ਗੁਰੂਦਵਾਰਾ। ਸਚ ਵਖਾਏ ਇਕ ਨਿਸ਼ਾਨ, ਦੋ ਜਹਾਨੀ ਆਪ ਝੁਲਾਰਾ। ਅੰਤਮ ਵੇਖੇ ਵਿਚ ਮੈਦਾਨ, ਖੇਲੇ ਖੇਲ ਅਪਾਰਾ। ਏਕਾ ਹਵਨ ਏਕਾ ਪਵਨ ਇਕ ਸੁਗੰਧੀ ਨੌਚੰਦੀ, ਏਕਾ ਛੰਦੀ ਏਕਾ ਬੰਦੀ ਏਕਾ ਰੰਗ ਰੰਗਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਗੁਣੀ ਗਹਿੰਦੇ ਧੁਰਦਰਗਾਹੀ ਸਚ ਮਲਾਹੀ ਬੇਪਰਵਾਹੀ ਨਾਮ ਖੰਡਾ ਵਿਚ ਬ੍ਰਹਿਮੰਡਾਂ ਇਕ ਵਖਾਈ ਸਚ ਕਿਰਪਾਨ। ਗੁਰ ਗੋਬਿੰਦਾ ਕਰ ਨਿਮਸਕਾਰ, ਮੰਗੇ ਮੰਗ ਦਾਨਾ। ਸਾਚੇ ਖੰਡੇ ਤਿਖੀ ਧਾਰ, ਪ੍ਰਭ ਤੇਰੀ ਦੋ ਜਹਾਨਾਂ। ਲੋਕਮਾਤ ਪੌਣੀ ਸਾਰ, ਦੇਣਾ ਹਰਿ ਵਰ ਦਾਨਾ। ਤੇਰਾ ਗੁਣ ਰਿਹਾ ਵਿਚਾਰ, ਤੇਰੇ ਦਰ ਹੋਏ ਪਰਵਾਨਾ। ਤੇਰਾ ਡਰ ਤੇਰੇ ਘਰ, ਤੇਰੇ ਹੋਏ ਸੱਚੀ ਸਰਕਾਰਾ, ਨਾ ਕੋਈ ਦੂਸਰ ਭੌ ਰਖਾਨਾ । ਨਾ ਕੋਈ ਸੰਗ ਨਾ ਕੋਈ ਅੰਗ ਨਾ ਕੋਈ ਮੰਗ, ਮੀਤ ਮੁਰਾਰ ਤੇਰੀ ਓਟ ਰਖਾਨਾ। ਨਾ ਕੋਈ ਅੰਮ੍ਰਿਤ ਨਾ ਕੋਈ ਧਾਰ ਵਹਾਏ ਗੰਗ, ਨਾ ਕੋਈ ਸਾਗਰ ਨਾ ਕੋਈ ਸਿੰਧ ਨਾ ਕੋਈ ਜਲ ਰੁੜ੍ਹਾਨਾ। ਨਾ ਕੋਈ ਹਰਖ ਨਾ ਕੋਈ ਸੋਗ ਨਾ ਕੋਈ ਚਿੰਤਾ ਨਾ ਕੋਈ ਵਿਜੋਗ, ਨਾ ਕੋਈ ਰਸਨ ਨਾ ਕੋਈ ਜਿਹਵਾ ਭੋਗ, ਏਕਾ ਮੰਗਾਂ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰ ਸੁਹਾਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਗੁਰ ਗੋਬਿੰਦੇ ਕਰ ਪਰਵਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਹੋਏ ਸਹਾਈ ਗੁਣ ਨਿਧਾਨਾ, ਜੋਤੀ ਨੂਰ ਦਿਸਾਇੰਦਾ। ਏਕਾ ਘਰ ਇਕ ਦਰਬਾਨਾ, ਇਕ ਦਵਾਰ ਵਖਾਇੰਦਾ। ਏਕਾ ਰਾਗ ਏਕਾ ਗਾਣਾ, ਏਕਾ ਤਾਲ ਵਜਾਇੰਦਾ। ਸੋ ਪੁਰਖ ਨਿਰੰਜਣ ਜਿਸ ਪਛਾਨਾ, ਹੰ ਹੰਗਤਾ ਵਿਚ ਨਾ ਆਇੰਦਾ। ਆਪੇ ਮਰਦ ਆਪੇ ਮਰਦਾਨਾ, ਮਰਦ ਮਰਦਾਨਾ ਆਪ ਅਖਵਾਇੰਦਾ। ਆਪੇ ਜੋਧਾ ਸੂਰ ਬਲੀ ਬਲਵਾਨਾ, ਸ਼ਸਤਰ ਧਾਰੀ ਆਪ ਹੋ ਜਾਇੰਦਾ। ਆਪੇ ਖਿਚੇ ਤੀਰ ਕਮਾਨਾ, ਆਪੇ ਚਿੱਲੇ ਚਿੱਲਾ ਇਕ ਚੜ੍ਹਾਇੰਦਾ। ਆਪੇ ਵਸਾਏ ਆਪੇ ਕਰੇ ਵੈਰਾਨਾ, ਆਪ ਉਪਜਾਏ ਆਪੇ ਢਾਹਿੰਦਾ। ਆਪੇ ਖੇਲੇ ਖੇਲ ਮਹਾਨਾ, ਖੇਲ੍ਹਣਹਾਰ ਆਪ ਅਖਵਾਇੰਦਾ। ਗੁਰ ਗੋਬਿੰਦੇ ਏਕਾ ਰੱਖਣਾ ਚਰਨ ਧਿਆਨਾ, ਹਰਿ ਗੋਬਿੰਦ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗਿਆਨ ਦ੍ਰਿੜਾਇੰਦਾ। ਗੁਰ ਗੋਬਿੰਦੇ ਚੜ੍ਹਿਆ ਚਾ, ਹਰਿ ਮਿਲਿਆ ਸੱਜਣ ਸੁਹੇਲਾ। ਸਾਚੀ ਸਿਖਿਆ ਵਰ ਘਰ ਪਾ, ਚਲਿਆ ਇਕ ਅਕੇਲਾ। ਸਾਚੇ ਮਾਹੀ ਢੋਲਾ ਗਾ, ਬਣਿਆ ਸਾਚਾ ਚੇਲਾ। ਲੋਕਮਾਤੀ ਜੋਤ ਜਗਾ, ਜਨ ਭਗਤਾਂ ਚਾੜ੍ਹੇ ਤੇਲਾ। ਮਾਤ ਪਿਤਾ ਘਰ ਪੂਤ ਅਖਵਾ, ਵਸਿਆ ਰੰਗ ਨਵੇਲਾ। ਚਾਰੇ ਕੂਟਾਂ ਫੇਰੀ ਪਾ, ਆਪਣਾ ਖੇਲ ਆਪੇ ਖੇਲਾ। ਬਾਲੀ ਬੁਧ ਨਾ ਸਕੇ ਕੋਈ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਆਪਣਾ ਵੇਲਾ। ਗੁਰ ਗੋਬਿੰਦੇ ਜਨਮ ਦਵਾਇਆ, ਆਪਣੇ ਹੱਥ ਰੱਖੇ ਵਡਿਆਈਆ। ਸਾਚਾ ਸੁਤ ਆਪ ਬਣਾਇਆ, ਪੁਰਖ ਅਕਾਲ ਪਿਤਾ ਮਾਈਆ। ਪੰਜ ਤਤ ਮਾਇਆ ਗੁਜਰੀ ਲਾਲ ਝੋਲੀ ਪਾਇਆ, ਰਕਤ ਬੂੰਦ ਤੇਗ ਬਹਾਦਰ ਰਲਾਈਆ। ਸ਼ਬਦ ਗੁਰੂ ਨਾ ਮਰੇ ਨਾ ਜਾਇਆ, ਗਰਭ ਵਾਸ ਵਿਚ ਨਾ ਆਈਆ। ਦਸਵੇਂ ਮਾਸ ਪ੍ਰਭ ਵਿਚ ਟਿਕਾਇਆ, ਗੁਰ ਦਸਵੇਂ ਦਏ ਵਡਿਆਈਆ। ਏਕਾ ਮੇਲਾ ਮੇਲ ਮਿਲਾਇਆ, ਆਦਿ ਸ਼ਕਤ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਹੋਏ ਸਹਾਇਆ, ਪਾਰਬ੍ਰਹਮ ਵਡਿਆਈਆ। ਬੋਧ ਅਗਾਧਾ ਨਾਮ ਜਣਾਇਆ, ਨਾਮੇ ਹੀ ਲਿਵ ਲਾਈਆ। ਏਕਾ ਕਾਮਾ ਕਰਮ ਕਮਾਇਆ, ਜਗਤ ਗੁਣ ਨਾ ਕੋਈ ਵਖਾਈਆ। ਸਤਿਗੁਰ ਸਾਚਾ ਹੁਕਮ ਸੁਣਾਇਆ, ਸੰਤ ਸੰਤ ਬਿਗਸਾਈਆ। ਸਾਚੀ ਕਾਰੇ ਆਪੇ ਲਾਇਆ, ਕਰਤਾ ਕਾਦਰ ਆਪ ਅਖਵਾਈਆ। ਬਾਲੀ ਬਾਲਾ ਬਾਲ ਬਣਾਇਆ, ਹਰਿ ਸਾਚੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤਾ ਵਰ, ਜਗਤ ਕਰੀ ਕੁੜਮਾਈਆ। ਲੋਕਮਾਤ ਹਰਿ ਸਗਨ ਮਨਾ, ਪਹਿਲਾ ਸਾਲ ਵਿਚਾਰਿਆ। ਦੂਜੇ ਖੇਲਾ ਸਹਿਜ ਸੁਭਾ, ਖੇਲੇ ਖੇਲ ਅਪਰ ਅਪਾਰਿਆ। ਤੀਜੇ ਰਾਜ ਰਾਜਾਨਾ ਲਏ ਮਿਲਾ, ਦੇਵੇ ਵਰ ਗੁਰ ਅਵਤਾਰਿਆ। ਚੌਥੇ ਸਾਲ ਸੰਗ ਬਣਾ, ਬਾਲ ਅਞਾਣੇ ਲਾਵੇ ਪਾਰਿਆ। ਪੰਜਵੇਂ ਪੁਰਖ ਇਕ ਮਨਾ, ਆਪਣੀ ਪਾਵੇ ਸਾਰਿਆ। ਛੇਵੇਂ ਪਿਤਾ ਪੂਤ ਰਿਹਾ ਜਣਾ, ਪੁਰੀ ਅਨੰਦ ਧਾਮ ਸੁਹਾ ਰਿਹਾ। ਸੱਤਵੇਂ ਤੇਗ ਬਹਾਦਰ ਦਏ ਵਸਾ, ਖੇਲੇ ਖੇਲ ਨਿਆਰਿਆ। ਅੱਠਵੇਂ ਚਰਨ ਦਏ ਟਿਕਾ, ਜੋਧਾ ਸੂਰ ਬਲੀ ਬਲਕਾਰਿਆ। ਨੌਵੇਂ ਸਾਲ ਖ਼ੁਸ਼ੀ ਮਨਾ, ਸੇਵਕ ਸੇਵਾ ਕਰੇ ਅਪਾਰਿਆ। ਤੇਗ ਬਹਾਦਰ ਭੇਟ ਚੜ੍ਹਾ, ਗਊ ਗ਼ਰੀਬਾਂ ਪਾਵੇ ਸਾਰਿਆ। ਨੌ ਦਰ ਵੇਖੇ ਥਾਉਂ ਥਾਂ, ਕਲਜੁਗ ਗੜ੍ਹ ਹੰਕਾਰਿਆ। ਜੂਠ ਝੂਠ ਅੰਧੇਰਾ ਰਿਹਾ ਛਾ, ਹੋਈ ਅੰਧ ਅੰਧਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਨੌ ਵੇਖੇ ਵੇਖ ਵਖਾ ਰਿਹਾ। ਨੌ ਸਾਲ ਨੌ ਦਰ, ਨਾਵੇਂ ਗੁਰ ਤਨ ਤਜਾਇਆ। ਏਕਾ ਵੇਸ ਸਾਚੇ ਘਰ, ਦਰ ਸਾਚਾ ਆਪ ਸੁਹਾਇਆ। ਗੋਬਿੰਦ ਗੁਰ ਮੰਗੇ ਵਰ, ਪ੍ਰਭ ਤੇਰਾ ਤੇਰੀ ਝੋਲੀ ਪਾਇਆ। ਪੁਰਖ ਅਬਿਨਾਸ਼ੀ ਕਿਰਪਾ ਰਿਹਾ ਕਰ, ਗੋਬਿੰਦ ਤੇਰਾ ਲਹਿਣਾ ਤੇਰੇ ਅੱਗੇ ਦਏ ਟਿਕਾਇਆ। ਗੋਬਿੰਦ ਚਰਨੀ ਗਿਆ ਪੜ੍ਹ, ਹਉਂ ਸੇਵਕ ਰਘੁਰਾਇਆ। ਪੁਰਖ ਅਬਿਨਾਸ਼ੀ ਬਾਹੋਂ ਫੜ, ਏਕਾ ਬਚਨ ਅਲਾਇਆ। ਤੇਗ ਬਹਾਦਰ ਏਕਾ ਅੱਖਰ ਗਿਆ ਪੜ੍ਹ, ਆਪ ਆਪਣਾ ਭੇਟ ਚੜ੍ਹਾਇਆ। ਲੇਖੇ ਲੱਗੇ ਸੀਸ ਧੜ, ਪ੍ਰਭ ਸਾਚਾ ਲਏ ਜਗਾਇਆ। ਗੁਰ ਗੋਬਿੰਦੇ ਤੇਰੀ ਜੜ੍ਹ, ਪ੍ਰਭ ਸਾਚਾ ਦਏ ਲਗਾਇਆ। ਆਪ ਫੜਾਇਆ ਆਪਣਾ ਲੜ, ਆਪੇ ਬੰਧ ਬੰਧਾਇਆ। ਕਲਜੁਗ ਅੰਤਮ ਜੋਤ ਧਰ, ਤੇਰਾ ਲੇਖਾ ਪੂਰ ਕਰਾਇਆ। ਤੇਗ ਬਹਾਦਰ ਦੇਵੇ ਵਰ, ਤੇਰਾ ਤੇਰੀ ਝੋਲੀ ਪਾਇਆ। ਆਪੇ ਵਸੇ ਸਾਚੇ ਘਰ, ਪੁਰਖ ਅਗੰਮਾ ਲਏ ਮਿਲਾਇਆ। ਆਪੇ ਆਪਣੀ ਕਿਰਪਾ ਕਰ, ਦਮ ਦਮਾ ਲਏ ਨਾਮ ਜਪਾਇਆ। ਸਤਿਜੁਗ ਸਾਚੀ ਨੀਂਹ ਧਰ, ਪੁਰੀਆਂ ਲੋਆਂ ਦਏ ਉਲਟਾਇਆ। ਆਪ ਉਪਾਏ ਆਪਣਾ ਸਾਚਾ ਘਰ, ਸਾਚੇ ਸੁਤ ਦਏ ਵਡਿਆਇਆ। ਤੇਗ ਬਹਾਦਰ ਤੇਲ ਗਿਆ ਚੜ੍ਹ, ਲਾਲ ਰੰਗਣ ਰੰਗ ਰੰਗਾਇਆ। ਪਾਰਬ੍ਰਹਮ ਬਣਾਏ ਸਾਚਾ ਗੜ੍ਹ, ਨਾ ਕੋਈ ਤੋੜੇ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋੜੇ ਮੇਲ ਮਿਲਾਇਆ। ਸਿੰਘ ਪਾਲ ਕਲ ਨਾਮ ਧਰ, ਨਿਹਕਲੰਕਾ ਅੰਗ ਰਖਾਇਆ। ਸਾਚੇ ਘਰ ਦੇਵੇ ਧਰ, ਨਰ ਹਰਿ ਆਪਣੀ ਦਇਆ ਕਮਾਇਆ। ਅੱਠੇ ਪਹਿਰ ਝਿਰਨਾ ਰਿਹਾ ਝਿਰ, ਚਰਨੋਦਕ ਮੁਖ ਚਵਾਇਆ। ਇਕ ਭੰਡਾਰਾ ਹਰਿ ਭਰ, ਲੱਖ ਚੁਰਾਸੀ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰੀ ਬ੍ਰਹਮ ਦਏ ਸੁਹਾਇਆ। ਗੁਰ ਗੋਬਿੰਦਾ ਵਡ ਬਲਕਾਰਾ, ਹਰਿ ਸਾਚੀ ਲਿਵ ਲਗਾਇਆ। ਆਪ ਸੁਹਾਇਆ ਬੰਕ ਦਵਾਰਾ, ਅਨੰਦ ਅਨੰਦ ਗੁਣ ਗਾਇਆ। ਆਪੇ ਖੇਲੇ ਖੇਲ ਖਿਲਾਰਾ, ਖੇਲਣਹਾਰ ਆਪ ਅਖਵਾਇਆ। ਆਪੇ ਕਰਿਆ ਬੰਦ ਕਿਵਾੜਾ, ਆਪੇ ਸਰਸਾ ਆਣ ਰੁੜਾਇਆ। ਆਪੇ ਹੋਇਆ ਸੇਵਾਦਾਰਾ, ਆਪੇ ਸੇਵਕ ਸਿਖ ਤਰਾਇਆ। ਆਪੇ ਵੇਖੇ ਗੜ੍ਹੀ ਚਮਕੌਰ ਇਕ ਦਵਾਰਾ, ਆਪੇ ਲੇਖਾ ਲੇਖ ਮਿਟਾਇਆ। ਆਪੇ ਨੀਹਾਂ ਹੇਠ ਉਸਾਰਾ, ਆਪੇ ਤੇਜ਼ ਕਟਾਰਾ ਸੀਸ ਚਲਾਇਆ। ਆਪੇ ਵਸਿਆ ਸਭ ਤੋਂ ਬਾਹਰਾ, ਮਾਛੂਵਾੜੇ ਡੇਰਾ ਲਾਇਆ। ਆਪੇ ਮੰਗੇ ਮੰਗ ਅਪਾਰਾ, ਪ੍ਰਭ ਅੱਗੇ ਝੋਲੀ ਡਾਹਿਆ। ਯਾਰੜੇ ਵਾਲਾ ਸੱਥਰ ਚੰਗੇਰਾ, ਇਕ ਸੁਨੇਹੜਾ ਘਲਾਇਆ। ਪੁਰਖ ਅਬਿਨਾਸ਼ੀ ਬੰਨੇ ਬੇੜਾ, ਘਰ ਸਾਚੇ ਖ਼ੁਸ਼ੀ ਮਨਾਇਆ। ਤ੍ਰੈਲੋਕ ਤੇਰਾ ਵਸੇ ਖੇੜਾ, ਕਲਜੁਗ ਗੇੜਾ ਦਏ ਕਟਾਇਆ। ਕਲਜੁਗ ਅੰਤਮ ਹੱਕ ਨਿਬੇੜਾ, ਗੁਰੂ ਗੋਬਿੰਦ ਤੇਰੇ ਹੱਥ ਰਖਾਇਆ। ਧਰਤ ਮਾਤ ਮੰਗੇ ਖੁਲ੍ਹਾ ਵੇਹੜਾ, ਨੇਤਰ ਦਰਸ਼ਨ ਪਾਇਆ। ਹਰਿ ਬਿਨ ਅਵਰ ਨਾ ਜਾਣੇ ਕੋਈ ਕੇਹੜਾ, ਗੁਣ ਅਵਗੁਣ ਨਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪ ਸਮਝਾਇਆ। ਗੁਰ ਗੋਬਿੰਦੇ ਮੰਗੀ ਮੰਗ, ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਤੇਰਾ ਸੰਗ, ਵਿਛੜ ਕਦੇ ਨਾ ਜਾਈਆ। ਮੇਰੀ ਚੋਲੀ ਤੇਰਾ ਰੰਗ, ਤੇਰਾ ਨਾਮ ਰੰਗਾਈਆ। ਤੇਰੀ ਡੋਰੀ ਸ਼ਬਦ ਪਤੰਗ, ਅਕਾਸ਼ ਅਕਾਸ਼ਾ ਵਿਚ ਚੜ੍ਹਾਈਆ। ਤੇਰਾ ਖੰਡਾ ਮੇਰਾ ਜੰਗ, ਲੋਆਂ ਪੁਰੀਆਂ ਕਰੇ ਲੜਾਈਆ। ਤੇਰਾ ਘੋੜਾ ਮੇਰਾ ਪਰੇਮ ਤੰਗ, ਅਕਾਲ ਪੁਰਖ ਆਪ ਕਸਾਈਆ। ਤੇਰਾ ਨਾਮ ਮੇਰਾ ਦੰਗ, ਸ਼ਬਦ ਚੋਟ ਲਗਾਈਆ। ਤੇਰਾ ਦਵਾਰਾ ਤੇਰੇ ਘਰ ਵੇਖਿਆ ਲੰਘ, ਦੂਸਰ ਕੋਈ ਦਿਸ ਨਾ ਆਈਆ। ਤੇਰੀ ਸੇਜ ਤੇਰਾ ਪਲੰਘ, ਤੇਰਾ ਤੇਰੇ ਉਪਰ ਬੈਠੇ ਆਸਣ ਲਾਈਆ। ਤੇਰੀ ਭੁੱਖ ਤੇਰੀ ਨੰਗ, ਤੇਰਾ ਪੜਦਾ ਪਾਈਆ। ਤੇਰਾ ਤੇਰੇ ਲੱਗਣਾ ਅੰਗ, ਤੇਰੀ ਗੋਦ ਸੁਹਾਈਆ। ਤੂੰ ਦਾਤਾ ਸੂਰਾ ਸਰਬੰਗ, ਗੁਰ ਗੋਬਿੰਦੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਬੁਝਾਈਆ। ਗੁਰ ਗੋਬਿੰਦ ਲੋਕਮਾਤ ਔਣਾ ਤਜ, ਪ੍ਰਭ ਸਾਚੇ ਸੇਜ ਵਿਛਾਈਆ। ਸ਼ਬਦ ਸਿੰਘਾਸਣ ਚੜ੍ਹਨਾ ਭੱਜ, ਪ੍ਰਭ ਸਾਚਾ ਲਏ ਚੜ੍ਹਾਈਆ। ਅੰਮ੍ਰਿਤ ਪੀ ਆ ਆ ਰੱਜ, ਏਕਾ ਧਾਰ ਵਹਾਈਆ। ਤੇਰਾ ਪੜਦਾ ਲਏ ਕਜ, ਤੇਰਾ ਤੇਰੀ ਝੋਲੀ ਪਾਈਆ। ਤੇਰਾ ਨਗਾਰਾ ਜਾਏ ਵੱਜ, ਲੋਆਂ ਪੁਰੀਆਂ ਦਏ ਸੁਣਾਈਆ। ਤੇਰਾ ਘਰ ਜਾਏ ਸਜ, ਤੇਰੀ ਨਗਰੀ ਦਏ ਵਸਾਈਆ। ਤੇਰਾ ਤੇਰੀ ਰੱਖੇ ਲਜ, ਤੇਰਾ ਹੋਏ ਸਹਾਈਆ। ਤੇਰੀ ਜੋਤ ਜਗਾਏ ਦੇਸ ਮਾਝ, ਸੰਬਲ ਨਗਰੀ ਨਾਉਂ ਰਖਾਈਆ। ਤੇਰਾ ਚਲਾਏ ਇਕ ਜਹਾਜ਼, ਸੋਹੰ ਨਾਉਂ ਰਖਾਈਆ। ਕਲਜੁਗ ਅੰਤਮ ਰਚਨਾ ਕਾਜ, ਸਤਿਜੁਗ ਤੇਲ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਏ ਵਡਿਆਈਆ। ਗੁਰ ਗੋਬਿੰਦੇ ਤੇਰੀ ਰੱਖ, ਦੋ ਜਹਾਨਾਂ ਆਪ ਕਰਾਈਆ। ਲੋਆਂ ਪੁਰੀਆਂ ਕਰੇ ਸੱਖ, ਫੁਲ ਫੁਲਵਾੜੀ ਤੇਰੀ ਲਾਈਆ। ਸ਼ਿਵ ਸ਼ੰਕਰ ਅੰਤਮ ਹੋਣਾ ਵੱਖ, ਪੂਤ ਸਪੂਤਾ ਦਏ ਵਡਿਆਈਆ। ਜਗਤ ਜਗਦੀਸਾ ਰਾਹ ਰਿਹਾ ਤੱਕ, ਜਗਤ ਦਵਾਰੇ ਦਏ ਤਜਾਈਆ। ਨੌਂ ਦਵਾਰੇ ਦਿਸਣ ਸੱਖ, ਦੱਸਵੇਂ ਹਰਿ ਰਘੁਰਾਈਆ। ਪਰਗਟ ਹੋ ਹਰਿ ਪਰਤੱਖ, ਤੇਰੇ ਅੰਦਰ ਜਾਏ ਸਮਾਈਆ। ਗੁਰਦਰ ਮੰਦਰ ਮਸਜਿਦ ਕਰੇ ਸੱਖ, ਸਾਧ ਸੰਤ ਨਾ ਕੋਈ ਚਤੁਰਾਈਆ। ਗੁਰਮੁਖ ਤੇਰੇ ਕਰੇ ਵੱਖ, ਜੋ ਸਰਸੇ ਰਿਹਾ ਰੁੜ੍ਹਾਈਆ। ਏਕਾ ਖੋਲ੍ਹੇ ਆਪਣੀ ਅੱਖ, ਜਗਤ ਨੇਤਰ ਬੰਦ ਕਰਾਈਆ। ਅੰਤਮ ਵੇਲੇ ਲਏ ਰੱਖ, ਆਪਣੀ ਗੋਦ ਉਠਾਈਆ। ਸ੍ਰਿਸ਼ਟ ਸਬਾਈ ਉਡਾਏ ਕੱਖ, ਕਿਸੇ ਹੱਥ ਨਾ ਆਈਆ। ਦੇਵੀ ਦੇਵਤ ਦੇਵ ਯਮਨ ਨਾ ਰੱਖੇ ਸਕ, ਗਣ ਗਧੰਰਬ ਨਾ ਕੋਈ ਸਹਾਈਆ। ਲੇਖਾ ਚੁੱਕੇ ਪੂਜਾ ਪਾਠ, ਤੇਰੇ ਦਰਸ ਵੱਡੀ ਵਡਿਆਈਆ। ਲਹਿਣਾ ਦੇਣਾ ਚੁਕੇ ਤੀਰਥ ਅਠ ਸਠ, ਗੰਗ ਗੋਦਾਵਰੀ ਮੁਖ ਭਵਾਈਆ। ਜੋ ਜਨ ਚਰਨ ਦਵਾਰੇ ਆਏ ਨੱਠ, ਪ੍ਰਭ ਸਾਚਾ ਲਏ ਬਚਾਈਆ। ਜਗਤ ਮਹੱਲੇ ਜਾਣੇ ਢੱਠ, ਥਿਰ ਕੋਈ ਰਹਿਣ ਨਾ ਪਾਈਆ। ਪ੍ਰਭ ਗੇੜਨਹਾਰਾ ਉਲਟੀ ਲੱਠ, ਜੁਗ ਜੁਗ ਆਪ ਗਿੜਾਈਆ। ਕਿਸੇ ਨਾ ਦਿਸੇ ਧੀਰਜ ਹਠ, ਸਤਿ ਸੰਤੋਖ ਨਾ ਕੋਈ ਰਖਾਈਆ। ਤ੍ਰੈਗੁਣ ਮਾਇਆ ਤਪਿਆ ਮਠ, ਪ੍ਰਭ ਸਾਚਾ ਆਪ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਏ ਵਡਿਆਈਆ। ਗੋਬਿੰਦ ਤੇਰਾ ਸਾਚਾ ਖੇੜਾ, ਪ੍ਰਭ ਸਾਚੇ ਆਪ ਵਸਾਵਣਾ। ਪੁਰੀਆਂ ਲੋਆਂ ਚੁਕੇ ਝੇੜਾ, ਹਰਿ ਸਾਚੀ ਧਾਰ ਬੰਧਾਵਨਾ। ਛੋਟਾ ਬਾਲਾ ਬੰਨੇ ਬੇੜਾ, ਪੁਰੀ ਇੰਦਰ ਆਸਣ ਲਾਵਣਾ। ਸਿੰਘ ਮਨਜੀਤੇ ਮਿਲਿਆ ਘੋੜਾ, ਸੋਹੰ ਆਪ ਦੌੜਾਵਣਾ। ਜੋਤੀ ਸ਼ਬਦੀ ਜੁੜਿਆ ਜੋੜਾ, ਮੇਲ ਵਿਛੋੜਾ ਆਪਣੇ ਹੱਥ ਰਖਾਵਣਾ। ਬ੍ਰਹਮਾ ਇੰਦ ਸ਼ਿਵ ਲੱਗੇ ਏਕਾ ਪੌੜਾ, ਪ੍ਰਭ ਸਾਚੇ ਆਪ ਲਗਾਵਣਾ। ਲੋਕਮਾਤ ਵੇਖੇ ਪਰਖੇ ਮਿੱਠਾ ਕੌੜਾ, ਆਪ ਆਪਣਾ ਖੇਲ ਰਚਾਵਣਾ। ਸਾਚਾ ਨਗਰ ਤੇਰਾ ਧਾਮ ਸਾਢੇ ਤਿੰਨ ਹੱਥ ਲੰਮਾ ਚੌੜਾ, ਭੇਵ ਕਿਸੇ ਨਾ ਪਾਵਣਾ। ਪੰਡਤ ਪਾਂਧੇ ਲੱਭਦੇ ਫਿਰਦੇ ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਵੇਖ ਵਖਾਵਣਾ। ਪੰਥੀ ਗ੍ਰੰਥੀ ਦਹਿ ਦਿਸ਼ਾ ਗੁਰ ਦਸਮੇਸ਼ ਦੀ ਲੱਗੀ ਔੜਾ, ਅੰਮ੍ਰਿਤ ਜਾਮ ਕਿਸੇ ਨਾ ਪਿਆਵਣਾ। ਜਨ ਭਗਤਾਂ ਆਤਮ ਆਪੇ ਬੌਹੜਾ, ਏਕਾ ਨਾਮ ਜਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਤੇਰਾ ਸੰਗ ਨਿਭਾਵਣਾ। ਹਰਿ ਜੋਤ ਨਿਹਕਲੰਕਾ, ਨੂਰੋ ਨੂਰ ਸਮਾਏ। ਗੁਰ ਗੋਬਿੰਦੇ ਤੇਰਾ ਸ਼ਬਦ ਡੰਕਾ, ਲੋਕਮਾਤ ਆਪ ਵਜਾਏ। ਆਪ ਉਠਾਏ ਰਾਓ ਰੰਕਾ, ਰਾਜ ਰਾਜਾਨਾ ਆਪ ਹਿਲਾਏ। ਆਪ ਸੁਹਾਏ ਦਵਾਰ ਬੰਕਾ, ਬੰਕ ਦਵਾਰੀ ਆਪ ਅਖਵਾਏ। ਪਰਗਟ ਹੋਏ ਵਾਸੀ ਪੁਰੀ ਘਨਕਾ, ਆਪ ਆਪਣਾ ਨਾਮ ਧਰਾਏ। ਖੇਲੇ ਖੇਲ ਬਾਰ ਅਨਕਾ, ਜੁਗ ਜੁਗ ਵੇਸ ਵਟਾਏ। ਗੁਰਮੁਖ ਉਧਾਰੇ ਜਿਉਂ ਜਨਕਾ, ਨਾਨਕ ਅੰਗਦ ਅੰਗ ਲਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰੂ ਗੁਰ ਚੇਲੇ ਸਾਚੇ ਮੇਲੇ ਹਰਿਸੰਗਤ ਨਾਮ ਧਰਾਏ। ਹਰਿਸੰਗਤ ਮੇਲਾ ਸਾਚੇ ਸ਼ਾਹ, ਪਾਰਬ੍ਰਹਮ ਅਬਿਨਾਸ਼ਾ। ਮਿਲਿਆ ਹਰਿ ਸਚ ਮਲਾਹ, ਗੁਰ ਗੋਬਿੰਦ ਸਰਬ ਗੁਣ ਤਾਸਾ। ਚਾਰ ਵਰਨ ਜਪਾਏ ਏਕਾ ਨਾਂ, ਹੋਇਆ ਦਾਸੀ ਦਾਸਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਅੰਮ੍ਰਿਤ ਆਤਮ ਜਾਮ ਪਿਆਏ ਕਾਇਆ ਬਾਟੇ ਸਾਚੇ ਕਾਸਾ। ਸਾਚਾ ਖੰਡਾ ਤਨ ਪਹਿਨਾਏ, ਕਿਰਪਾ ਕਰੇ ਪੁਰਖ ਅਬਿਨਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਕਲਜੁਗ ਲਏ ਵਰ, ਸੰਮਤ ਚੌਦਾਂ ਦਏ ਭਰਵਾਸਾ। ਸੰਮਤ ਚੌਦਾਂ ਚੌਦਾਂ ਲੋਕ, ਹੱਟ ਹੱਟਨ ਵਣਜਾਰਾ। ਏਕਾ ਸ਼ਬਦ ਇਕ ਸਲੋਕ, ਇਕ ਸੁਣਾਏ ਨਾਅਰਾ। ਹਰਿ ਹਰਿ ਭਾਣਾ ਕੋਈ ਨਾ ਸਕੇ ਰੋਕ, ਲੱਖ ਚੁਰਾਸੀ ਜੀਵ ਗਵਾਰਾ। ਮਨਮੁਖ ਜੀਵਾਂ ਅੰਤਮ ਦੇਵੇ ਝੋਕ, ਧਰਮ ਰਾਏ ਦਰ ਭਰੇ ਦਵਾਰਾ। ਗੁਰਮੁਖਾਂ ਮੰਗੀ ਏਕਾ ਮੋਖ, ਗੁਰਚਰਨ ਏਕਾ ਦਵਾਰਾ। ਪਾਰ ਕਰਾਏ ਤੀਨਾਂ ਲੋਕ, ਦੇਵੇ ਨਾਮ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਵਣ ਜਾਵਣ ਚੁੱਕੇ ਡਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਭਰੇ ਭੰਡਾਰਾ।
ਹਰਿ ਕਾ ਮਾਰਗ ਸਾਚਾ ਰਾਹ, ਗੁਰਮੁਖ ਵਿਰਲਾ ਪਾਇੰਦਾ। ਸ਼ਬਦ ਗੁਰ ਜਿਸ ਮਿਲੇ ਮਲਾਹ, ਫੜ ਬੇੜਾ ਬੰਨੇ ਲਾਇੰਦਾ। ਏਕਾ ਨਈਆ ਨਾਮ ਚੜ੍ਹਾ, ਵੰਝ ਮੁਹਾਣਾ ਇਕ ਰਖਾਇੰਦਾ। ਸਾਚਾ ਸਈਆ ਆਪ ਅਖਵਾ, ਸਾਚੇ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਜਗਤ ਕਲਿਆਣ ਗੁਰਮੁਖ ਸਾਚੇ, ਗੁਰ ਦਰ ਏਕਾ ਮਾਣੀਆ। ਏਕਾ ਬਖ਼ਸ਼ੇ ਚਰਨ ਧਿਆਨ ਭਾਂਡੇ ਕਾਚੇ, ਨੇਤਰ ਨੈਣ ਖੁਲ੍ਹਾਈਆ। ਗੁਰ ਕਾ ਸ਼ਬਦ ਜੋ ਜਨ ਵਾਚੇ, ਆਤਮ ਬ੍ਰਹਮ ਜਣਾਈਆ। ਨੌ ਦਰ ਕਦੇ ਨਾ ਨਾਚੇ, ਘਰ ਸਾਚਾ ਇਕ ਸੁਹਾਈਆ। ਪੰਜ ਤਤ ਨਾ ਲਾਏ ਤਮਾਚੇ, ਤਾਮਸ ਤ੍ਰਿਸਨਾ ਅਗਨ ਨਾ ਜਲਾਈਆ। ਮਿਲੇ ਮੇਲ ਹਰਿ ਸਾਚੋ ਸਾਚੇ, ਸਚ ਸੱਚੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਡਿਆਈਆ। ਨਾਮ ਸ਼ਬਦ ਗੁਰ ਅਨਡੀਠਾ, ਗੁਰਮੁਖ ਵਿਰਲੇ ਪਾਇਆ। ਜਿਸ ਜਨ ਹਰਿ ਹਰਿ ਲਾਗਾ ਮੀਠਾ, ਮਾਇਆ ਮੋਹ ਚੁਕਾਇਆ। ਮਿੱਠਾ ਕਰੇ ਕੌੜਾ ਰੀਠਾ, ਤ੍ਰਿਸਨਾ ਭੁੱਖ ਗਵਾਇਆ। ਨਾਮ ਨਿਧਾਨ ਜਿਸ ਜਨ ਗੁਰ ਦਵਾਰੇ ਪੀਤਾ, ਆਵਣ ਜਾਵਣ ਗੇੜ ਕਟਾਇਆ। ਕਾਇਆ ਭਾਂਡਾ ਸੀਤਲ ਸੀਤਾ, ਸਾਂਤਕ ਸਤਿ ਵਰਤਾਇਆ। ਮਿਲੇ ਮੇਲ ਹਰਿ ਸਾਚਾ ਮੀਤਾ, ਕਾਇਆ ਮੰਦਰ ਸਾਚੇ ਅੰਦਰ ਉਚ ਮਹੱਲੇ ਅਟੱਲੇ ਰੱਖੇ ਜਿਸ ਜਨ ਦਰਸ਼ਨ ਪਾਇਆ। ਆਪੇ ਬਖ਼ਸ਼ੇ ਸਚ ਪ੍ਰੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਹੋਏ ਕਲਿਆਣ ਸਾਚੇ ਘਰ, ਜਿਸ ਜਨ ਕਲ ਵਰਤਾਈਆ। ਆਤਮ ਖੋਲ੍ਹੇ ਬੰਦ ਦਰ, ਨੌਂ ਨਿਧ ਵੱਜੇ ਵਧਾਈਆ। ਇਕ ਅੰਮ੍ਰਿਤ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਈਆ। ਆਪਣੀ ਕਿਰਪਾ ਆਪੇ ਕਰ, ਆਪ ਆਪਣੇ ਅੰਗ ਲਗਾਈਆ। ਆਪਣੇ ਪੌੜੇ ਆਪੇ ਚੜ੍ਹ, ਆਪ ਆਪਣਾ ਦੀਪ ਜਗਾਈਆ। ਆਪ ਸੁਹਾਏ ਆਪਣਾ ਘਰ, ਆਪ ਆਪਣੀ ਸੇਜ ਵਿਛਾਈਆ। ਆਪੇ ਵੇਖੇ ਅੱਗੇ ਖੜ, ਆਪੇ ਮੁਖ ਭਵਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੁਰ ਸ਼ਬਦ ਵੱਡੀ ਵਡਿਆਈਆ। ਗੁਰਮੁਖ ਸੰਤ ਸੁਹੇਲੇ ਆਪੇ ਫੜ, ਫੜ ਬਾਂਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਰਖਾਈਆ। ਆਤਮ ਧਾਰਾ ਨਿਝਰ ਰਸ, ਗੁਰਮੁਖਾਂ ਮੁਖ ਚੁਆਇੰਦਾ। ਭਗਤ ਜਨਾਂ ਹਰਿ ਹੋਇਆ ਵਸ, ਸੇਵਕ ਸੇਵਾ ਆਪ ਕਮਾਇੰਦਾ। ਸਚ ਮਹੱਲੇ ਆਵੇ ਨੱਸ, ਦਿਸ ਕਿਸੇ ਨਾ ਆਇੰਦਾ। ਕੋਟਨ ਕੋਟ ਕਰੇ ਪਰਕਾਸ਼ ਰਵ ਸਸ, ਅੰਧ ਅੰਧੇਰ ਮੇਟ ਮਿਟਾਇੰਦਾ। ਆਪ ਆਪਣਾ ਮਾਰਗ ਆਪੇ ਦਸ, ਆਪਣਾ ਪੱਲਾ ਆਪ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਸਾਚੇ ਵੇਖ ਵਖਾਇੰਦਾ। ਸਾਚਾ ਮਾਰਗ ਸਾਚੀ ਧਾਰੀ, ਹਰਿ ਸਾਚੇ ਆਪ ਚਲਾਈਆ। ਇਕ ਅਕੱਲਾ ਏਕੰਕਾਰੀ, ਅਕਲ ਕਲਾ ਸਮਾਈਆ। ਖੇਲੇ ਖੇਲ ਵੱਡ ਸੰਸਾਰੀ, ਖੇਲਣਹਾਰ ਆਪ ਅਖਵਾਈਆ। ਆਵੇ ਜਾਵੇ ਵਾਰੋ ਵਾਰੀ, ਜੁਗ ਜੁਗ ਆਪਣੀ ਜੋਤ ਜਗਾਈਆ। ਸਾਧਾਂ ਸੰਤਾਂ ਪਾਵੇ ਸਾਰੀ, ਪੂਰਬ ਲਹਿਣਾ ਵੇਖ ਵਖਾਈਆ। ਸ਼ਬਦ ਗਹਿਨਾ ਤਨ ਸ਼ੰਗਾਰੀ, ਨਾਮ ਕੱਜਲ ਧਾਰ ਸੁਹਾਈਆ। ਆਤਮ ਸੇਜਾ ਕਰ ਪਿਆਰੀ, ਬੈਠਾ ਆਸਣ ਲਾਈਆ। ਨਿਰਮਲ ਜੋਤੀ ਕਰ ਉਜਿਆਰੀ, ਸਾਚਾ ਘਰ ਸੁਹਾਈਆ। ਆਪੇ ਬੈਠਾ ਭੁਜਾਂ ਪਸਾਰੀ, ਗੁਰਮੁਖ ਸਾਚੇ ਸਦਾ ਉਠਾਈਆ। ਨੇਤਰ ਲੋਚਣ ਇਕ ਉਘਾੜੀ, ਦੋਏ ਲੋਚਣ ਬੰਦ ਕਰਾਈਆ। ਆਪੇ ਹੋਏ ਪਿਛੇ ਅਗਾੜੀ, ਕਰ ਕਿਰਪਾ ਪਾਰ ਕਰਾਈਆ। ਨੇੜ ਨਾ ਆਏ ਪੰਚਮ ਧਾੜੀ, ਸ਼ਬਦ ਖੰਡੇ ਆਪ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਵਰ, ਆਪ ਆਪਣੇ ਮਾਰਗ ਲਾਈਆ। ਦੇਵੇ ਮਾਰਗ ਸਚ ਟਿਕਾਣਾ, ਸਾਚੀ ਬਣਤ ਬਣਾਇੰਦਾ। ਏਕਾ ਸ਼ਬਦ ਧੁਰ ਬਿਬਾਨਾ, ਹਰਿ ਆਪਣਾ ਆਪ ਰਖਾਇੰਦਾ। ਗੁਰਮੁਖ ਸਾਜਣ ਕਰ ਪਰਵਾਨਾ, ਜੁਗ ਜੁਗ ਆਪ ਚੜ੍ਹਾਇੰਦਾ। ਏਕਾ ਦੇਵੇ ਨਾਮ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਆਵਣ ਜਾਵਣ ਚੁੱਕੇ ਕਾਨਾ, ਜਿਸ ਜਨ ਆਪਣੀ ਦਇਆ ਕਮਾਇੰਦਾ । ਗੁਰਮੁਖ ਸਾਚੇ ਮੇਲ ਮਿਲਾਣਾ, ਘਟ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਦਿਸੇ ਘਰ ਹੋਏ ਕਲਿਆਨ ਵਿਚ ਜਹਾਨ, ਮਿਲੇ ਮੇਲਾ ਇਕ ਅਕੇਲਾ, ਜੋਤੀ ਨੂਰੀ ਨੂਰੋ ਨੂਰ ਸਮਾਇੰਦਾ। ਚਰਨ ਕਵਲ ਜਨ ਪ੍ਰੀਤ, ਹਰਿਜਨ ਆਪ ਕਰਾਈਆ। ਸਾਚਾ ਦੇਹੁਰਾ ਮੰਦਰ ਮਸੀਤ, ਗੁਰੂਦਵਾਰਾ ਇਕ ਵਖਾਈਆ। ਕਾਇਆ ਕਰੇ ਠੰਡੀ ਸੀਤ, ਸਾਂਤਕ ਸਤਿ ਵਰਤਾਈਆ। ਪਤਤ ਪੁਨੀਤ, ਪਤਿਤ ਪਾਵਨ ਆਪ ਅਖਵਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਹਰਿ ਸਮਾਈਆ। ਮਾਨਸ ਦੇਹੀ ਗੁਰਮੁਖ ਵਿਰਲਾ ਜਾਏ ਜੀਤ, ਜਿਸ ਜਨ ਏਕਾ ਓਟ ਰਖਾਈਆ। ਪਾਰਬ੍ਰਹਮ ਪ੍ਰਭ ਮਿਲੇ ਸਾਚਾ ਮੀਤ, ਸਤਿਗੁਰ ਪੂਰਾ ਦਰਸ ਦਿਖਾਈਆ। ਜੁਗ ਜੁਗ ਜਾਣੇ ਆਪਣੀ ਰੀਤ, ਜੁਗਾ ਜੁਗੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਵਸੇ ਹਰ ਘਟ ਬੈਠਾ ਆਸਣ ਲਾਈਆ। ਚਰਨ ਕਵਲ ਸਚ ਭਰਵਾਸਾ, ਹਰਿਜਨ ਆਪ ਕਰਾਇਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਾ, ਲੋਆਂ ਪੁਰੀਆਂ ਫੇਰਾ ਪਾਇਆ। ਭਗਤ ਦਵਾਰੇ ਦਾਸੀ ਦਾਸਾ, ਦਾਸੀ ਦਾਸ ਆਪ ਅਖਵਾਇਆ। ਕਾਇਆ ਮੰਡਲ ਪਾਵੇ ਰਾਸਾ, ਅੱਠੇ ਪਹਿਰ ਡਗਮਗਾਇਆ। ਆਦਿ ਅੰਤ ਨਾ ਕਦੇ ਵਿਨਾਸਾ, ਨਾ ਮਰੇ ਨਾ ਜਾਇਆ। ਜੋ ਜਨ ਗਾਏ ਰਸਨ ਸਵਾਸਾ, ਘਰ ਸਾਚੇ ਲਏ ਮਿਲਾਇਆ। ਦਸਮ ਦਵਾਰੀ ਕਰ ਪਰਕਾਸ਼ਾ, ਚਿੱਟੀ ਧਾਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਵਲ ਇਕ ਗਿਆਨ ਦ੍ਰਿੜਾਇਆ। ਚਰਨ ਧਿਆਨ ਸਾਚੀ ਓਟ, ਗੁਰਮੁਖ ਇਕ ਰਖਾਈਆ। ਤਨ ਨਗਾਰੇ ਲਾਏ ਚੋਟ, ਏਕਾ ਨਾਦ ਵਜਾਈਆ। ਪੰਚ ਵਿਕਾਰਾ ਕੱਢੇ ਖੋਟ, ਪੰਚਮ ਮੇਲਾ ਸਹਿਜ ਸਭਾਈਆ। ਦੇਵੇ ਭੰਡਾਰਾ ਨਾਮ ਅਤੋਟ, ਤੋਟ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨਿਰਮਲ ਜੋਤੀ ਦੀਪਕ ਦਏ ਜਗਾਈਆ। ਚਰਨ ਕਵਲ ਸੱਚੀ ਦਰਗਹਿ, ਹਰਿ ਸਾਚੇ ਇਕ ਵਖਾਈਆ। ਗੁਰ ਕੇ ਚਰਨ ਜਗਤ ਮਲਾਹ, ਜੁਗ ਜੁਗ ਪਾਰ ਕਰਾਈਆ। ਗੁਰ ਕੇ ਚਰਨ ਪਿਤਾ ਮਾਂ, ਗੁਰਮੁਖ ਬਾਲ ਅੰਞਾਣੇ ਗੋਦ ਉਠਾਈਆ। ਗੁਰ ਕੇ ਚਰਨ ਨਿਥਾਵਿਆਂ ਦੇਵੇ ਥਾਂ, ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਸੱਚੀ ਸਰਨਾਈਆ। ਚਰਨ ਸਰਨਾਏ ਸਾਚੀ ਧੂੜ, ਗੁਰਮੁਖ ਵਿਰਲਾ ਪਾਇੰਦਾ। ਗੁਰਚਰਨ ਨਾਤਾ ਤੋੜੇ ਕੂੜੋ ਕੂੜ, ਸਚ ਸਚ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਚਰਨ ਧਿਆਨ ਲਗਾਇੰਦਾ। ਚਰਨ ਸਰਨ ਸਚ ਧਿਆਨਾ, ਹਰਿਜਨ ਆਪ ਕਰਾਇਆ। ਆਪੇ ਹੋਏ ਹਰਿ ਮਿਹਰਵਾਨਾ, ਜੀਆ ਦਾਨਾ ਝੋਲੀ ਪਾਇਆ। ਆਪੇ ਆਤਮ ਅੰਤਰ ਬ੍ਰਹਮ ਗਿਆਨਾ, ਆਪੇ ਸ਼ਬਦ ਅਲਾਇਆ। ਆਪੇ ਆਤਮਕ ਧੁਨ ਵਜਾਏ ਸਚ ਤਰਾਨਾ, ਆਪੇ ਅਨਹਦ ਤਾਲ ਵਜਾਇਆ। ਆਪੇ ਰਾਗ ਰਾਗਨੀ ਗਾਏ ਗਾਣਾ, ਸੁਣਨਹਾਰ ਆਪ ਅਖਵਾਇਆ। ਆਪੇ ਜਾਣੀ ਜਾਣ ਪਦ ਨਿਰਾਬਾਨਾ, ਪਰਮ ਪੁਰਖ ਅਖਵਾਇਆ। ਗੁਰਮੁਖ ਮੇਲਾ ਮੇਲ ਮਿਲਾਏ ਵਿਚ ਜਹਾਨਾ, ਜਿਸ ਜਨ ਆਪਣਾ ਚਰਨ ਵਖਾਇਆ। ਕਾਲ ਮਹਾਂਕਾਲ ਹੋਏ ਹੈਰਾਨਾ, ਗੁਰਮੁਖ ਤੇਰੇ ਦਰ ਰਹਿਣ ਨਾ ਪਾਇਆ। ਅੰਤਮ ਮੇਲ ਸ੍ਰੀ ਭਗਵਾਨਾ, ਜਿਸ ਜਨ ਕਵਲ ਚਰਨ ਚਰਨ ਕਵਲ ਧਿਆਨ ਰਖਾਇਆ। ਮਿਲੇ ਵਡਿਆਈ ਦੋ ਜਹਾਨਾ, ਸਤਿ ਪੁਰਖ ਨਿਰੰਜਣ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਚਰਨ ਧੂੜ ਸਾਚੀ ਦਾਤ, ਹਰਿਜਨ ਝੋਲੀ ਪਾਈਆ। ਮਿਟੇ ਰੈਣ ਅੰਧੇਰੀ ਰਾਤ, ਏਕਾ ਚੰਨ ਚੜ੍ਹਾਈਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਦਰਸ ਦਿਖਾਏ ਇਕ ਇਕਾਂਤ, ਇਕ ਅਕੱਲਾ ਬੈਠਾ ਆਸਣ ਲਾਈਆ। ਜਿਸ ਜਨ ਬਖ਼ਸ਼ੇ ਚਰਨ ਨਾਤ, ਨਾਤਾ ਬਿਧਾਤਾ ਤੋੜ ਨਿਭਾਈਆ। ਮਿਲੇ ਮੇਲ ਹਰਿ ਕਮਲਾਪਾਤ, ਕੰਤ ਕੰਤੂਹਲਾ ਮੇਲ ਮਿਲਾਈਆ। ਦਰਸ ਦਿਖਾਏ ਪਰਗਟ ਹੋਏ ਸਾਖਿਆਤ, ਗੁਰਮੁਖ ਆਸਾ ਪੂਰ ਕਰਾਈਆ। ਗੁਰਮੁਖ ਸਾਜਣ ਪਾਰਜ਼ਾਤ, ਗੁਰ ਪੂਰਾ ਆਪ ਕਰਾਈਆ। ਅੰਤਮ ਵੇਲੇ ਪੁੱਛੇ ਵਾਤ, ਆਪ ਆਪਣੀ ਗੋਦ ਉਠਾਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਵਰਨ ਗੋਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਤਮ ਲਏ ਵਰ, ਨਾਰੀ ਕੰਤਾ ਮੇਲ ਮਿਲਾਈਆ। ਨਾਰੀ ਕੰਤਾ ਹਰਿ ਭਗਵਾਨਾ, ਗੁਰਮੁਖ ਰੰਗ ਰੰਗਾਇਆ। ਜਿਸ ਜਨ ਬੰਨੇ ਸਾਚਾ ਗਾਨਾ, ਤੰਦਨ ਤੰਦ ਬੰਧਾਇਆ। ਚਰਨ ਦਵਾਰ ਕਰੇ ਪਰਵਾਨਾ, ਮੇਲਾ ਮੇਲ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵਸਿਆ ਸਾਚੇ ਘਰ, ਘਰ ਘਰ ਵਿਚ ਆਸਣ ਲਾਇਆ। ਘਰ ਵਿਚ ਘਰ ਘਰ ਨਿਰੰਕਾਰ, ਘਰ ਵਿਚ ਜੋਤ ਜਗਾਈਆ। ਘਰ ਵਿਚ ਘਰ, ਘਰ ਘਰ ਵਿਚ ਬੈਠਾ ਬੰਦ ਕਰਾਈਆ। ਘਰ ਵਿਚ ਘਰ ਘਰ ਘਰ ਦੇਵੇ ਵਰ, ਘਰ ਸਾਚਾ ਆਪ ਸੁਹਾਈਆ। ਘਰ ਵਿਚ ਘਰ ਘਰ ਨੁਹਾਏ ਸਰ, ਸਰ ਸਰੋਵਰ ਘਰ ਰਖਾਈਆ। ਜੋ ਜਨ ਸਤਿਗੁਰ ਪੂਰੇ ਚਰਨੀ ਗਏ ਪੜ੍ਹ, ਪਾਰਬ੍ਰਹਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਰ ਦਵਾਰੇ ਜੁਗ ਜੁਗ ਆਵੇ ਜਾਵੇ ਫੇਰਾ ਪਾਈਆ। ਚਰਨ ਸਰਨ ਸੱਚੀ ਸਰਨਾਈ ਜੋ ਜਨ ਗਏ ਪੜ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਜਲਾਂ ਥਲਾਂ ਪਾਰ ਕਿਨਾਰਿਆ। ਆਏ ਸੱਜਣ ਘਰ, ਮਿਲਿਆ ਮੀਤ ਮੁਰਾਰਾ। ਦੇਵੇ ਨਾਮ ਧਨ, ਜੋ ਬਣੇ ਜਗਤ ਵਣਜਾਰਾ। ਚੋਰ ਯਾਰ ਨਾ ਕੋਈ ਲਾਏ ਸੰਨ੍ਹ, ਨਾ ਕੋਈ ਲੁੱਟੇ ਚੋਰ ਯਾਰਾ। ਮਨ ਪੰਛੀ ਦੇਵੇ ਬੰਨ, ਦਹਿ ਦਿਸ਼ਾ ਨਾ ਲਾਏ ਉਡਾਰਾ। ਮਤ ਮਤਵਾਲੀ ਗੁਰਮਤ ਲਏ ਮੰਨ, ਗੁਰ ਹੋਏ ਆਪ ਰਖਵਾਲਾ। ਬੁਧੀ ਕਹੇ ਧੰਨ ਧੰਨ, ਧੰਨ ਮਿਲਿਆ ਗੁਰ ਗੋਪਾਲਾ। ਗੁਰ ਪੂਰਾ ਨੌਂ ਦਵਾਰੇ ਦੇਵੇ ਡਨ, ਸੁਖਮਨ ਨਾੜੀ ਚਾੜ੍ਹੇ ਚੰਨ, ਜੋਤ ਨਿਰੰਜਣ ਬੇੜਾ ਬੰਨ, ਰਾਗ ਅਨਾਦੀ ਸੁਣਾਏ ਏਕਾ ਗਾਨਾ। ਪੰਚਮ ਸਖੀਆਂ ਨੱਚਨ ਛਿਨ ਛਿਨ, ਤਾਲ ਤਲਵਾੜਾ ਵਜਾਏ ਇਕ ਮਰਦਾਨਾ। ਗੜ੍ਹ ਹੰਕਾਰੀ ਦੇਵੇ ਭੰਨ, ਗੁਰ ਪੂਰਾ ਨੌਜਵਾਨਾ। ਪੰਚ ਵਿਕਾਰਾ ਦਏ ਡੰਨ, ਸ਼ਬਦ ਵਖਾਏ ਤੀਰ ਕਮਾਨਾ। ਗੁਰਮੁਖ ਨੁਹਾਏ ਸਾਚੇ ਸਰੋਵਰ ਸਰ, ਦੁਰਮਤ ਮੈਲ ਗਵਾਨਾ। ਕਾਗੋ ਹੰਸ ਦਏ ਕਰ, ਜਿਸ ਜਨ ਹੋਏ ਮਿਹਰਵਾਨਾ। ਬਜਰ ਕਪਾਟੀ ਤੋੜੇ ਗੜ੍ਹ, ਮਾਰੇ ਨਾਮ ਨਿਸ਼ਾਨਾ। ਸਾਚੇ ਪੌੜੇ ਆਪੇ ਚੜ੍ਹ, ਦਸਮ ਦਵਾਰੀ ਸੇਜ ਸੁਹਾਨਾ। ਹਰਿਜਨ ਲਾਏ ਆਪਣੇ ਲੜ, ਨਾਰੀ ਕੰਤ ਆਪ ਅਖਵਾਨਾ। ਏਕਾ ਅੱਖਰ ਜੋ ਜਨ ਜਾਏ ਪੜ੍ਹ, ਤੋੜੇ ਮਾਣ ਜਗਤ ਵਿਦਵਾਨਾ। ਮਿਲੇ ਮੇਲ ਪ੍ਰਭ ਸਾਚੇ ਹਰਿ, ਹਰਿ ਜੋਤੀ ਮੇਲ ਮਿਲਾਨਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ। ਮੋਹਣ ਮਾਧਵ ਰੂਪ ਕਰ, ਲੱਖਮੀ ਨਰਾਇਣ ਆਪ ਅਖਵਾਨਾ। ਗੁਰਮੁਖ ਸਾਜਣ ਦੇਵੇ ਵਰ, ਆਏ ਦਰ ਹੋਏ ਪਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਜੀਆ ਦਾਨਾ। ਸਤਿ ਪੁਰਖ ਦਿਆਲ, ਸਰਬ ਸਮਾਇਆ। ਗੁਰਮੁਖ ਸਾਚੇ ਲਾਲ, ਆਪ ਆਪਣੇ ਲਏ ਜਗਾਇਆ। ਫਲ ਲਗਾਏ ਕਾਇਆ ਡਾਲ, ਆਤਮ ਮੇਵਾ ਇਕ ਖਵਾਇਆ। ਸਰ ਸਰੋਵਰ ਇਕ ਨੁਹਾਲ, ਨਿਰਮਲ ਨੀਰ ਇਕ ਜਣਾਇਆ। ਦੀਪਕ ਜੋਤੀ ਸਾਚਾ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਭਾਗ ਲਗਾਏ ਕਾਇਆ ਖਾਲ, ਮਾਟੀ ਹਾਟੀ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਸਤਿਗੁਰ ਸੱਜਣ ਸ਼ਾਹ, ਸਤਿ ਪੁਰਖ ਆਪ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਾਹ, ਜੁਗ ਜੁਗ ਵੇਖ ਵਖਾਇੰਦਾ। ਜੁਗ ਜੁਗ ਜਨ ਭਗਤਾਂ ਦੇਵੇ ਠੰਡੀ ਛਾਂ, ਜੁਗ ਜੁਗ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਪਾਰ ਕਰਾਇੰਦਾ। ਸਤਿਗੁਰ ਸਾਚਾ ਬੇਪਰਵਾਹ, ਸਾਚੇ ਘਰ ਸਮਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਥਿਰ ਘਰ ਸਾਚਾ ਇਕ ਸੁਹਾਇਆ। ਫੜ ਫੜ ਪਕੜ ਉਠਾਏ ਬਾਂਹ, ਜੁਗ ਵਿਛੜੇ ਜਗ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਰਚਾਇਆ। ਸਤਿਗੁਰ ਪੁਰਖ ਆਦਿ ਨਿਰੰਜਣ, ਏਕਾ ਏਕ ਅਖਵਾਈਆ। ਜਨ ਭਗਤਾਂ ਨੇਤਰ ਪਾਏ ਅੰਜਨ, ਏਕਾ ਧਾਰ ਬੰਧਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਅਠ ਸਠ ਮਾਣ ਗਵਾਈਆ। ਆਪੇ ਹੋਇਆ ਪੜਦੇ ਕੱਜਣ, ਨਾਮ ਦੋਸ਼ਾਲਾ ਏਕਾ ਪਾਈਆ। ਆਪ ਉਧਾਰੇ ਠੱਗ ਸੱਜਣ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਆਪੇ ਵੇਖ ਵਖਾਈਆ। ਹਰਿ ਘਟ ਅੰਦਰ ਜੋਤ ਜਗਾ, ਪ੍ਰਭ ਆਪਣੀ ਵਸਤ ਟਿਕਾਈਆ। ਸ੍ਰਿਸ਼ਟ ਸਬਾਈ ਭਰਮ ਭੁਲਾ, ਝੂਠੇ ਧੰਦੇ ਲਾਈਆ। ਹਰਿਜਨ ਸਾਚੇ ਲਏ ਉਪਾ, ਪਰਮਾਨੰਦੇ ਆਪ ਸਮਾਈਆ। ਮਨਮੁਖ ਜੀਵਾਂ ਦਏ ਰੁਲਾ, ਪਾਪੀ ਗੰਦੇ ਦਏ ਸਜ਼ਾਈਆ। ਗੁਰਮੁਖਾਂ ਆਤਮ ਜਿੰਦੇ ਦਏ ਤੁੜਾ, ਦੂਈ ਦਵੈਤੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਗੁਰ ਕਿਰਪਾ ਹਰਿ ਮੇਲਿਆ, ਮਿਲੇ ਮੇਲ ਬਨਵਾਰੀ। ਆਪੇ ਗੁਰ ਗੁਰੂ ਗੁਰ ਚੇਲਿਆ, ਆਪੇ ਸੋਹੇ ਬੰਕ ਦਵਾਰੀ। ਆਪੇ ਵਸੇ ਇਕ ਅਕੇਲਿਆ, ਆਪੇ ਵਸੇ ਵਿਚ ਸੰਸਾਰੀ। ਆਪੇ ਖੇਲ ਆਪਣਾ ਖੇਲਿਆ, ਖੇਲਣਹਾਰ ਖਿਲਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਸੱਜਣ ਸਹਾਰੀ। ਆਪਣੀ ਕਿਰਪਾ ਆਪੇ ਧਾਰ, ਆਪਣੀ ਦਇਆ ਕਮਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਸੋ ਜਨ ਵਿਛੜ ਨਾ ਜਾਈਆ। ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ, ਗੁਰ ਪੂਰੇ ਹੱਥ ਵਡਿਆਈਆ। ਅੰਮ੍ਰਿਤ ਆਤਮ ਦੇਵੇ ਠੰਡੀ ਧਾਰ, ਭਰ ਪਿਆਲਾ ਇਕ ਪਿਆਈਆ। ਨਾਮ ਖੰਡਾ ਬਖ਼ਸ਼ੇ ਤਿਖੀ ਧਾਰ, ਕਾਇਆ ਗਾਤਰੇ ਅੰਦਰ ਆਪ ਟਿਕਾਈਆ। ਪੰਚ ਵਿਕਾਰੇ ਮਾਰੇ ਮਾਰ, ਦਿਸ ਕਿਸੇ ਨਾ ਆਈਆ। ਦੋ ਜਹਾਨੀ ਕਰੇ ਪਾਰ, ਜੋ ਜਨ ਰਹੇ ਸਰਨਾਈਆ। ਆਵਣ ਜਾਵਣ ਗੇੜ ਨਿਵਾਰ, ਸਾਚੇ ਧਾਮ ਦਏ ਸੁਹਾਈਆ। ਕਾਇਆ ਜੋਬਨ ਦਿਸੇ ਸਚ ਸ਼ੰਗਾਰ, ਸੋਲਾਂ ਕਲੀਆਂ ਤਨ ਰੰਗਾਈਆ। ਪਾਰਬ੍ਰਹਮ ਪ੍ਰਭ ਏਕ ਪਿਆਰ, ਨੇਤਰ ਨੈਣਾਂ ਇਕ ਸਮਝਾਈਆ। ਆਪੇ ਮੇਲੇ ਮੇਲਣਹਾਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਗੁਰਸਿਖ ਸਾਚਾ ਸੱਜਣ ਮੀਤ ਮੁਰਾਰ, ਗੁਰ ਗੋਬਿੰਦ ਰਾਹ ਤਕਾਈਆ। ਚਰਨ ਧੂੜ ਕਰਾਏ ਮਜਨ, ਮਾਘ ਮਜਨ ਇਕ ਅਖਵਾਈਆ। ਸਾਕ ਸੈਣ ਭਾਈ ਭੈਣ ਮਾਤ ਪਿਤ ਸਰਬ ਜਗਤ ਤਜਣ, ਜਿਸ ਮਿਲਿਆ ਬੇਪਰਵਾਹੀਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਜਿਸ ਦੇਵੇ ਨਾਮ ਵਡਿਆਈਆ। ਅਨਹਦ ਤਾਲ ਤਲਵਾੜੇ ਵੱਜਣ, ਪੰਚਮ ਸ਼ਬਦ ਕਰੇ ਕੁੜਮਾਈਆ। ਸੁਰਤੀ ਸ਼ਬਦ ਏਕਾ ਥਾਂ ਬਹਿ ਬਹਿ ਸਜਣ, ਸਾਚਾ ਧਾਮ ਆਪ ਵਖਾਈਆ। ਢੋਲ ਮਰਦੰਗੇ ਸਾਚੇ ਵੱਜਣ, ਅਨਾਦੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਜਗਤ ਵਡਿਆਈਆ। ਗੁਰਸਿਖ ਵਡਿਆਈ ਧੰਨ, ਧਨ ਪਾਇਆ ਹਰਿ ਨਾਉਂ। ਗੁਰਮੁਖ ਵਡਿਆਈ ਧੰਨ, ਧੰਨ ਧੰਨ ਪਾਇਆ ਨਗਰ ਗਰਾਉਂ। ਗੁਰਸਿਖ ਵਡਿਆਈ ਧੰਨ, ਗੁਰ ਪਾਇਆ ਅਗੰਮ ਅਥਾਹੋਂ। ਗੁਰ ਵਡਿਆਈ ਧੰਨ, ਗੁਰਸਿਖ ਸਾਚੇ ਲਏ ਤਰਾਓ। ਏਕਾ ਰਾਗ ਸੁਣਾਏ ਕੰਨ, ਏਕਾ ਸ਼ਬਦ ਅਲਾਓ। ਏਕਾ ਚੰਨ ਚੜ੍ਹਾਏ ਤਨ, ਇਕ ਪਰਕਾਸ਼ ਸਮਾਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜਨ ਹਰਿ ਦੇਵੇ ਸਦਾ ਸਦ ਠੰਡੀ ਛਾਉਂ। ਕਾਲ ਗਰਾਸ ਜਨ ਛੁਟਿਆ, ਪਾਇਆ ਗੁਰ ਗੋਬਿੰਦ। ਘਰ ਸਾਚਾ ਸਾਚੇ ਲਾਹਾ ਲੁੱਟਿਆ, ਮੇਟ ਮਿਟਾਈ ਸਗਲੀ ਚਿੰਦ। ਅੰਮ੍ਰਿਤ ਆਤਮ ਪੀਤਾ ਘੁਟਿਆ, ਉਪਜੀ ਸਾਚੀ ਬਿੰਦ। ਆਵਣ ਜਾਵਣ ਲੱਖ ਚੁਰਾਸੀ ਛੁਟਿਆ, ਜਿਸ ਮਿਲਿਆ ਗੁਣੀ ਗਹਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਸਦਾ ਸਦਾ ਆਪ ਬਖ਼ਸ਼ਿੰਦ।
