Granth 05 Likhat 072: Pahili Faggan 2012 Bikarmi Har Bhagat Dwar Jethuwal Maharajia ate Santa nu Shabad Sandesh Bhejia ki Pahili Chet to aap de paas Shabdi Likhat Mutabik Auna Hai

ਪਹਿਲੀ ਫੱਗਣ ੨੦੧੨ ਹਰਿ ਭਗਤ ਦਵਾਰ ਜੇਠੂਵਾਲ ਮਹਾਰਾਜਿਆਂ ਅਤੇ ਸੰਤਾਂ ਨੂੰ ਸ਼ਬਦ ਸੰਦੇਸ ਭੇਜਿਆ ਕਿ ਪਹਿਲੀ ਚੇਤ ਤੋਂ ਆਪ ਦੇ ਪਾਸ ਸ਼ਬਦੀ ਲਿਖਤ ਮੁਤਾਬਿਕ ਆਉਣਾ ਹੈ

ਪੂਰਨ ਜੋਤ ਹੋਏ ਪਰਕਾਸ਼, ਹਰਿ ਸ਼ਬਦ ਜਗਤ ਜੈਕਾਰਾ। ਪਰਗਟ ਹੋਏ ਹਰਿ ਅਬਿਨਾਸ਼, ਕਰੇ ਮਾਤ ਸਚ ਵਿਹਾਰਾ। ਭਗਤ ਜਨਾਂ ਹਰਿ ਦਾਸਨ ਦਾਸ, ਸ਼ਬਦ ਘੋੜ ਅਸਵਾਰਾ। ਨਿੱਜ ਘਰ ਆਤਮ ਰੱਖੇ ਵਾਸ, ਕਾਇਆ ਕੰਦਰ ਚਾਰ ਦਿਵਾਰਾ। ਵੇਖਣ ਆਏ ਮੰਡਲ ਰਾਸ, ਨਗਰ ਖੇੜਾ ਸ਼ਹਿਰ ਅਪਾਰਾ। ਰਾਜ ਰਾਜਾਨਾਂ ਮੇਲਾ ਸ਼ਾਹੋ ਸ਼ਾਬਾਸ, ਸਾਧਾਂ ਸੰਤਾਂ ਵਣਜ ਵਪਾਰਾ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਏਕਾ ਏਕ ਏਕੰਕਾਰਾ। ਲੱਖ ਚੁਰਾਸੀ ਹੋਣੀ ਨਾਸ, ਮਾਰੇ ਸ਼ਬਦ ਤੇਜ ਕਟਾਰਾ। ਪਹਿਲੀ ਚੇਤ ਚੇਤਨ ਚਿਤ ਰੱਖਣਾ ਯਾਦ, ਦਿਵਸ ਦਿਹਾੜਾ। ਸ਼ਬਦ ਭਰਪੂਰ ਜੋਤ ਆਧਾਰੀ। ਵੇਖੇ ਦਰ ਦਰਬਾਰ, ਰਾਜ ਰਾਜਾਨਾਂ ਵਾਰੋ ਵਾਰੀ। ਪਹਿਲੀ ਚੇਤ ਆਏ ਦਰ, ਸ਼ਾਹ ਸੰਗਰੂਰ ਕਰ ਤਿਆਰੀ। ਦੂਜੀ ਚੇਤ ਮੀਤ ਮੁਰਾਰ, ਸ਼ਾਹ ਪਟਿਆਲਾ ਕਰੇ ਉਧਾਰੀ। ਤੀਜੇ ਚੇਤ ਨਾਮ ਆਧਾਰ, ਕੋਟ ਫਰੀਦ ਖ਼ਬਰਦਾਰੀ। ਚੇਤਰ ਚਾਰ ਖੇਲ ਅਪਾਰ, ਸਿੰਘ ਈਸ਼ਰ ਰਹਿਣਾ ਖ਼ਬਰਦਾਰੀ। ਪੰਚਮ ਚੇਤ ਨੇਤਨ ਨੇਤ ਸਿੰਘ ਰਣਧੀਰ ਵੇਖੇ ਤਨ ਬਸਤਰ ਚੀਰ ਲੱਥੇ ਅਪਰ ਅਪਾਰੀ। ਛੇ ਚੇਤ ਵੇਖੇ ਕਾਇਆ ਖੇਤ, ਸਿੰਘ ਮੇਹਰ ਫੜ ਸ਼ਬਦ ਕਟਾਰੀ। ਚੇਤ ਸੱਤ ਪ੍ਰਭ ਵੇਖੇ ਪਤ, ਥਲ ਕਪੂਰ ਕਰ ਕਰਮ ਵਿਚਾਰੀ। ਚੇਤ ਅੱਠ ਦਰ ਘਰ ਇਕੱਠ ਸ਼ਬਦ ਘੋੜੇ ਨੱਠ, ਸਿੰਘ ਗੁਰਚਰਨ ਤੇਰੀ ਆਈ ਵਾਰੀ। ਚੇਤ ਨੌਂ ਦਹਿ ਦਿਸ਼ਾਂ ਵੇਖਣੀਆਂ ਭੌਂ, ਚਾਰ ਕੁੰਟ ਮਹੱਲ ਅਪਾਰੀ। ਸਿੰਘ ਤੇਜਾ ਬਾਂਹ ਦੇ ਸਰਹਾਣੇ ਨਾ ਰਹਿਣ ਸੌਂ, ਵੇਖੇ ਖੇਲ ਦਸਮ ਦਵਾਰੀ ਮੇਲ ਹਰਿ ਗਿਰਧਾਰੀ। ਸਿੰਘ ਲਾਭ ਕਵਣ ਵਿਚੋਲਾ ਵਿਚ ਦੋ ਆਬ, ਕਵਣ ਤੇਜ ਝੁੱਲੇ ਤਾਬ ਕਿਸ ਮਿਲੇ ਦਵਾਰੀ। ਸਿੰਘ ਹਰਨਾਮ ਗੁਰ ਗੋਬਿੰਦੇ ਕਵਣ ਚਰਨ ਘੋੜੇ ਦਿਸੇ ਰਕਾਬ, ਕਵਣ ਕੂਟੇ ਕਰੇ ਅਸਵਾਰੀ। ਚੇਤ ਦਸ ਜੋਤੀ ਸ਼ਬਦ ਏਕਾ ਘਰ ਗਏ ਵਸ ਨਾ ਜਾਇਣ ਨੱਸ, ਕਾਇਆ ਮਹੱਲ ਚਾਰ ਦਿਵਾਰੀ। ਕਵਣ ਦਵਾਰੇ ਮਿਲੇ ਪਰਕਾਸ਼ ਰਵ ਸਸ, ਕਵਣ ਮੇਲਾ ਮੇਲ ਮਿਲਾਏ ਦਸਮ ਦਵਾਰੀ। ਕਵਣ ਗੁਰ ਕਵਣ ਚੇਲਾ, ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਦੇਵੇ ਵਰ, ਰਾਜ ਰਾਜਾਨਾਂ ਸਾਧਨ ਸੰਤਾਂ ਦਰ ਦਰਵੇਸਾ ਕਾਲਾ ਵੇਸਾ ਵੇਖਣ ਆਏ ਬੰਕ ਦਵਾਰੀ। ਸੰਤ ਜਗਾਏ ਸਤਿ ਪੁਰਖ, ਜੁਗ ਜੁਗ ਸਾਚੀ ਧਾਰਾ। ਏਕਾ ਏਕ ਵਖਾਏ ਨਾਮ ਪਰਖ, ਤ੍ਰਿਸ਼ਨਾ ਤ੍ਰਿਖ ਮਿਟਾਏ ਜਗਤ ਧੁੰਦੂਕਾਰਾ। ਪੰਚ ਪੰਚਾਇਣ ਰਹੀ ਹਰਖ, ਮਾਇਆ ਮਮਤਾ ਪਾਏ ਵੈਣ ਨੈਣ ਵਿਹੂਣੀ ਕਰੇ ਹਾਹਾਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਬੋਲੇ ਆਤਮ ਬੋਲਾ, ਖੋਲ੍ਹੇ ਜਗਤ ਭੰਡਾਰਾ। ਜਗਤ ਭੰਡਾਰਾ ਖੋਲ੍ਹ, ਭਗਤ ਜਗਾਇਆ। ਨਾਮ ਚਹੁ ਅੱਖਰ ਬੋਲ, ਕਰਮ ਕਮਾਇਆ। ਆਪੇ ਵੇਖੇ ਕਾਇਆ ਸੱਥਰ, ਅੱਥਰ ਨੇਤਰ ਨੀਰ ਵਹਾਇਆ। ਬੰਦ ਕਵਾੜਾ ਕਪਾਟੀ ਪੱਥਰ, ਅੰਮ੍ਰਿਤ ਸੀਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਦਵਾਰਾ ਇਕ ਵਿਖਾਇਆ। ਜਗਤ ਦਵਾਰਾ ਭਗਤ ਜਣਾਈ, ਪ੍ਰਭ ਸਾਚਾ ਆਪ ਕਰਾਇੰਦਾ। ਦੇਵੇ ਨਾਮ ਸ਼ਬਦ ਅਪਾਰਾ, ਦਰ ਘਰ ਸਾਚੇ ਵਜੇ ਵਧਾਈ, ਸਾਚਾ ਮੇਲ ਮਿਲਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਨਾਦ ਵਜਾਏ ਅਨਹਦ ਧਾਰਾ, ਸਾਚੀ ਤਾਰ ਹਿਲਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਮਹੱਲ ਅਚਲ ਇਕ ਉਸਾਰਾ, ਦਿਸ ਕਿਸੇ ਨਾ ਆਇੰਦਾ। ਸ਼ਬਦ ਸਰੂਪੀ ਚਾਰ ਦਿਵਾਰਾ, ਸ਼ਾਹੋ ਭੂਪੀ ਸੁੱਤਾ ਪੈਰ ਪਸਾਰਾ, ਦਿਸ ਕਿਸੇ ਨਾ ਆਇੰਦਾ। ਇਕ ਇਕੱਲਾ ਏਕੰਕਾਰਾ, ਸ਼ਬਦ ਮਹੱਲਾ ਜੋਤ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕਰੇ ਨਾਮ ਪਿਆਰਾ, ਆਤਮ ਝੋਲੀ ਪਾਇੰਦਾ। ਆਤਮ ਝੋਲੀ ਆਪ ਭਰਾਏ, ਹਰਿ ਹਰਿ ਨਾਮ ਅਮੋਲਾ। ਕਾਇਆ ਚੋਲੀ ਨਾਮ ਰੰਗਾਏ, ਦਰ ਦਵਾਰਾ ਏਕਾ ਖੋਲ੍ਹਾ। ਸਾਚੀ ਡੋਲੀ ਆਪ ਉਠਾਏ, ਇਕ ਸੁਣਾਏ ਸ਼ਬਦ ਸੱਚਾ ਢੋਲਾ। ਹੌਲੀ ਹੌਲੀ ਅੰਦਰ ਬੋਲਾ। ਆਪ ਚੁਕਾਏ ਪੜਦਾ ਉਹਲਾ। ਤਨ ਸ਼ਿੰਗਾਰ ਕਰਾਏ ਸੋਲਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਬਣਾਇਆ ਦਰ ਘਰ ਗੋਲਾ। ਸੋਲਾਂ ਤਨ ਸ਼ਿੰਗਾਰ, ਨੌਂ ਸਤ ਵੰਡਿਆ। ਸੋਲਾਂ ਇੱਛਿਆ ਕਰ ਵਿਚਾਰ, ਮੇਲਾ ਮਿਲੇ ਹਰਿ ਵਰਭੰਡਿਆ। ਦਹਿ ਦਿਸ਼ਾ ਪਾਵੇ ਸਾਰ, ਵੇਖ ਵਖਾਣੇ ਬ੍ਰਹਿਮੰਡਿਆ। ਸਾਚੀ ਭਿੱਛਿਆ ਨਾਮ ਅਪਾਰ, ਪਾਰ ਕਰਾਏ ਜੇਰਜ ਅੰਡਿਆ। ਕਰੇ ਰੱਖਿਆ ਵਿਚ ਸੰਸਾਰ, ਭਗਤ ਜਗਤ ਜਗਤ ਭਗਤ ਤਨ ਮਨ ਸਦਾ ਰੱਖੇ ਠੰਢਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਬਿਆਸ ਕਿਨਾਰਾ ਪਾਰ ਆਰ ਕੰਢਿਆ। ਬੇਆਸ ਬੇਆਸ ਮਨਮੁਖ ਮਨ ਮਤੀ ਦਏ ਦੁਹਾਈਆ। ਸਦਾ ਸਦਾ ਤਨ ਰਹੇ ਦੁੱਖ, ਵਾ ਤੱਤੀ ਅਗਨ ਜਲਾਈਆ। ਆਵੇ ਜਾਵੇ ਗਰਭ ਉਲਟਾ ਰੁਖ਼, ਨਾਮ ਰਤੀ ਹੱਥ ਨਾ ਆਈਆ। ਜਗਤ ਤ੍ਰਿਸ਼ਨਾ ਰਹੇ ਭੁੱਖ, ਧੀਰਜ ਯਤੀ ਨਾ ਕੋਈ ਦਵਾਈਆ। ਕਲਜੁਗ ਕਾਲਖ ਕਾਲਾ ਹੋਇਆ ਮੁੱਖ, ਚਰਨ ਨੀਤੀ ਨਾ ਕੋਈ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਬਿਆਸ ਕਿਨਾਰਾ ਪਾਰ ਆਰ ਕੰਢਿਆ, ਜਨ ਭਗਤਾਂ ਦੇ ਸਮਝਾਵੇ ਮਤੀ, ਏਕਾ ਨਾਮ ਰਸਨਾ ਭੋਗ, ਰਾਗ ਰਾਗਣੀ ਛੱਤੀ ਲੇਖਾ ਦਏ ਚੁਕਾਈਆ। ਜੋ ਜਨ ਗਾਏ ਦੰਦ ਬੱਤੀ, ਸੁਰਤ ਸਵਾਣੀ ਹੋਏ ਸਤੀ, ਸਤਿਗੁਰ ਸਾਚਾ ਪੰਚਾਂ ਚਿਖਾ ਆਪ ਬਣਾਏ ਲੋਕ ਵਿਕਾਰਾ ਰਿਹਾ ਜਲਾਇਆ। ਸਾਚੀ ਚਿਖਾ ਕਰ ਤਿਆਰ, ਅਚਰਜ ਖੇਲ ਰਚਾਇਆ। ਮਾਇਆ ਮਮਤਾ ਕਰ ਪਿਆਰ, ਦੋਹਾਂ ਮੇਲ ਮਿਲਾਇਆ। ਅਗੰਮ ਅਗੰਮਾ ਕਰੇ ਖੁਆਰ, ਜੂਠਾ ਝੂਠਾ ਤੇਲ ਚੜ੍ਹਾਇਆ। ਕਲਜੁਗ ਵੇਖ ਅੰਤਮ ਵਾਰ, ਖਾਲੀ ਠੂਠਾ ਲੱਖ ਚੁਰਾਸੀ ਹੱਥ ਫੜਾਇਆ। ਗੁਰਮੁਖ ਸਾਚੇ ਸੰਤ ਦੁਲਾਰ ਦੇਵੇ ਨਾਮ ਏਕਾ ਮੁਠਾ, ਸ਼ਬਦ ਝੋਲੀ ਰਿਹਾ ਭਰਾਇਆ। ਭਰਿਆ ਰਹੇ ਭਗਤ ਭੰਡਾਰ, ਨਰ ਨਰਾਇਣ ਸਾਚਾ ਤੁੱਠਾ, ਤੋਟ ਰਹੇ ਨਾ ਰਾਇਆ। ਜਗਤ ਕਰਾਏ ਵਣਜ ਵਾਪਾਰ ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠਾ, ਵੇਖ ਵਖਾਣੇ ਅੰਦਰ ਬਾਹਰ ਸੰਤ ਸੁਹੇਲਾ ਜੋ ਜਨ ਰੁੱਠਾ, ਜੁਗਾਂ ਜੁਗਾਂ ਦਾ ਵਿਛੜਿਆਂ ਯਾਰ,।ਮੇਲ ਮਿਲਾਏ ਦਰ ਦਰਬਾਰ, ਜਗਤ ਭਗਤ ਪ੍ਰੀਤੀ ਸਚ ਵਿਹਾਰ, ਆਪ ਆਪਣਾ ਕਰਮ ਕਮਾਇਆ। ਆਪੇ ਜਾਣੇ ਜੋਗ ਜੁਗਤ, ਜੋਗ ਜੁਗੀਸ਼ਰ ਆਪ। ਆਪੇ ਜਾਣੇ ਮੋਖ ਮੁਕਤ, ਤਪ ਤਪੀਸ਼ਰ ਆਪ। ਆਪੇ ਜਾਣੇ ਸਚ ਭਗਤ, ਮੁਨ ਮੁਨੀਸ਼ਰ ਆਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਵਡ ਪਰਤਾਪ। ਵਡ ਪਰਤਾਪ ਕਰੇ ਰਘੁਰਾਈ। ਲੇਖਾ ਰਿਹਾ ਬਾਕੀ ਸਾਲ ਢਾਈ। ਨਾਤਾ ਤੁਟੇ ਧੀ ਜੁਵਾਈ। ਲਾੜੀ ਮੌਤ ਕਰੇ ਕੁੜਮਾਈ। ਧਰਮ ਰਾਏ ਘਰ ਵੱਜੀ ਵਧਾਈ। ਚੌਂਸਠ ਚੌਂਸਠ ਪਾਇਣ ਵੇਲ, ਇਕ ਰੁੱਤ ਵੇਖਣ ਕਾਇਆ ਬੁੱਤ ਮਾਈ ਕਾਲਕਾ ਆਈ। ਦਰ ਦਰ ਘਰ ਘਰ ਨੌਂ ਦਵਾਰੇ ਦਿਸੇ ਦੁੱਖ, ਮਹੱਲ ਅਟਾਰੀ ਤ੍ਰਿਸ਼ਨਾ ਭੁੱਖ, ਜੀਵ ਜੰਤ ਗਵਾਰੇ ਸਾਰ ਨਾ ਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਲੋਕਮਾਤ ਨਾ ਹੋਏ ਜੁਦਾਈ। ਏਕਾ ਢਈਆ ਸ਼ਬਦ ਨਈਆ, ਪ੍ਰਭ ਸੱਚਾ ਰਿਹਾ ਚਲਾਈਆ। ਚਿਤਰ ਗੁਪਤ ਸਾਚਾ ਸਈਆ, ਧਰਮ ਰਾਏ ਕੱਢੇ ਵਹੀਆ, ਭੈਣਾਂ ਭਈਆ ਨਾ ਕੋਈ ਸਹਾਈਆ। ਕਲਜੁਗ ਵਹਿਣ ਏਕਾ ਵਹਈਆ, ਗੁਰਮੁਖ ਵਿਰਲਾ ਮਾਤ ਰਹਈਆ, ਲੱਖ ਚੁਰਾਸੀ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਵਡੀ ਵਡਿਆਈਆ। ਢਈਆ ਢਾਹੇ ਗੜ੍ਹ ਕੋਟ ਕਿਲ੍ਹਾ ਮਹੱਲ ਅਟੱਲ ਉਚ ਮੁਨਾਰ। ਏਕਾ ਵਜੇ ਸ਼ਬਦ ਚੋਟ, ਨਿਰੰਕਾਰ ਨਿਰੰਕਾਰ ਅਪਰ ਅਪਾਰ। ਮੇਟ ਮਿਟਾਏ ਕੋਟਨ ਕੋਟ, ਗੁਰਮੁਖ ਵਿਰਲਾ ਉਧਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਵੇਖੇ ਪਰਖੇ ਪਰਖਣਹਾਰ। ਜਗ ਢਈਆ ਢਹਿ ਢਹਿ ਹੋਏ ਢੇਰਾ। ਨਾ ਕੋਈ ਦੀਸੇ ਸੰਞ ਸਵੇਰਾ। ਸ੍ਰਿਸ਼ਟ ਸਬਾਈ ਆਪ ਭੁਲਾਈ, ਕਰੇ ਕਰਾਏ ਹੇਰਾ ਫੇਰਾ। ਕਲਜੁਗ ਪਾਏ ਕਾਲ ਦੁਹਾਈ, ਚਾਰੋਂ ਕੁੰਟ ਪਾਏ ਘੇਰਾ। ਦੀਨ ਦਿਆਲ ਦਇਆ ਕਮਾਈ, ਜਨ ਭਗਤ ਉਧਾਰੇ ਕਰ ਕਰ ਹੇਰਾ ਫੇਰਾ ਆਪਣੀ ਮਿਹਰਾ। ਆਪ ਆਪਣਾ ਦਰਸ ਦਿਖਾਈ, ਸਦਾ ਸਦ ਵਸੇ ਨੇਰਨ ਨੇਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਕਰ, ਕਰੇ ਕਰਾਏ ਸਚ ਨਿਬੇੜਾ। ਕਰੇ ਨਿਬੇੜਾ ਹੱਕ, ਨੂਰ ਜਲਾਲਿਆ। ਦਰ ਦਵਾਰਾ ਰਿਹਾ ਤੱਕ, ਜੋਤ ਨਿਰੰਜਣ ਇਕ ਅਕਾਲਿਆ। ਲੱਖ ਚੁਰਾਸੀ ਫ਼ਲ ਗਿਆ ਪੱਕ, ਨਾ ਕੋਈ ਜਗਤ ਦਲਾਲਿਆ। ਸਾਧ ਸੰਤ ਬੈਠੇ ਵਿਚ ਸ਼ੱਕ, ਪਰਗਟ ਹੋਏ ਗੋਬਿੰਦ ਗੋਬਿੰਦ ਗੁਰ ਗੋਪਾਲਿਆ। ਵੇਲੇ ਅੰਤਮ ਅਗੇ ਲਾਏ ਸਾਰੇ ਹੱਕ, ਕਾਇਆ ਮੰਦਰ ਇਕ ਦਵਾਲਿਆ। ਕੋਈ ਨਾ ਸਕੇ ਕਿਸੇ ਮਾਤ ਰੱਖ, ਜੋਤੀ ਜਗਤ ਬੁਝੇ ਜੁਵਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਜਾਏ ਸਾਚਾ ਤਾਲ, ਦੋ ਜਹਾਨਾਂ ਏਕਾ ਤਾਲਿਆ। ਦੋ ਜਹਾਨੀ ਵੱਜੇ ਤਾਲ, ਸ਼ਬਦ ਨਗਾਰਾ ਵਜਦਾ ਏ। ਗੁਰਮੁਖ ਵਿਰਲਾ ਸਾਚਾ ਵੇਖੇ ਲਾਲ, ਮਨਮੁਖ ਦਰ ਦਵਾਰਾ ਤਜਦਾ ਏ। ਹਰਿ ਪਕੜ ਉਠਾਏ ਕਾਲ ਮਹਾਂਕਾਲ, ਲੱਖ ਚੁਰਾਸੀ ਖਾ ਖਾ ਮੂਲ ਨਾ ਰੱਜਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗ਼ਤਾਂ ਕਰੇ ਸਦਾ ਸਦਾ ਪ੍ਰਿਤਪਾਲ, ਧਰਮ ਦਵਾਰੇ ਬਹਿ ਬਹਿ ਸਜਦਾ ਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਝੁਲਾਏ ਸ਼ਬਦ ਨਿਸ਼ਾਨ, ਜਨ ਭਗਤਾਂ ਪੜਦੇ ਕੱਜਦਾ ਏ।।

Leave a Reply

This site uses Akismet to reduce spam. Learn how your comment data is processed.