੨੬ ਮੱਘਰ ੨੦੧੬ ਬਿਕ੍ਰਮੀ ਰਾਮਪੁਰ ਮਾਸਟਰ ਸੋਹਣ ਸਿੰਘ ਦੇ ਘਰ
ਗੁਰਮੁਖ ਰਤਨ ਅਨਮੋਲ, ਹਰਿ ਗੋਬਿੰਦ ਆਪ ਉਪਾਇੰਦਾ। ਬੰਦ ਦਵਾਰਾ ਸਾਚਾ ਖੋਲ੍ਹ, ਘਰ ਸਾਚੇ ਆਪ ਟਿਕਾਇੰਦਾ। ਸ਼ਬਦ ਅਗੰਮੀ ਕੰਡੇ ਤੋਲ, ਕੀਮਤ ਕਰਤਾ ਆਪੇ ਪਾਇੰਦਾ। ਲੱਖ ਚੁਰਾਸੀ ਲਏ ਵਰੋਲ, ਹਰਿਜਨ ਸਾਚਾ ਵੇਖ ਵਖਾਇੰਦਾ। ਆਪਣੀ ਧਾਰਨ ਆਪੇ ਬੋਲ, ਆਪਣਾ ਵਾਕ ਸੁਣਾਇੰਦਾ। ਲੇਖਾ ਜਾਣੇ ਕਾਇਆ ਚੋਲ, ਆਪਣਾ ਚੋਲਾ ਆਪ ਬਦਲਾਇੰਦਾ। ਆਦਿ ਜੁਗਾਦਿ ਰਹੇ ਅਡੋਲ, ਗੁਰਮੁਖ ਸਦਾ ਅਡੋਲ ਰਖਾਇੰਦਾ। ਸਦਾ ਅਤੀਤਾ ਵਸੇ ਕੋਲ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਣਕ ਵੇਖ ਵਖਾਇੰਦਾ। ਗੁਰਮੁਖ ਹੀਰਾ ਸਾਚਾ ਲਾਲ, ਹਰਿ ਸਾਚੇ ਆਪ ਉਪੰਨਿਆ। ਦੋ ਜਹਾਨੀ ਬਣੇ ਦਲਾਲ, ਸਤਿਗੁਰ ਪੂਰਾ ਏਕਾ ਮੰਨਿਆ। ਦੇਵੇ ਨਾਮ ਸੱਚਾ ਧਨ ਮਾਲ, ਜਨ ਜਨਣੀ ਏਕਾ ਜਣਿਆ। ਆਪਣੀ ਘਾਲਣ ਆਪੇ ਘਾਲ, ਆਪਣਾ ਬੇੜਾ ਆਪੇ ਬੰਨਿਆ। ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਕਾਇਆ ਗੜ੍ਹ ਆਪੇ ਵਿੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਭਿੰਨਿਆਂ। ਭਿੰਨੜਾ ਰੰਗ ਮਿੱਠਾ ਰਸ, ਹਰਿਜਨ ਹਰਿ ਹਰਿ ਆਪ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਦੇਵਣਹਾਰਾ ਬਤੀਸ ਬਤੀਸ, ਦੇਂਦਿਆਂ ਦੇ ਤੋਟ ਨਾ ਆਇੰਦਾ। ਮੇਲ ਮਿਲਾਵਾ ਨੱਸ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਹਿਰਦੇ ਅੰਦਰ ਵਸ ਵਸ, ਆਪ ਆਪਣਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਿਖਾਇੰਦਾ। ਲਾਲ ਅਨਮੁਲੜਾ ਗੁਰਮੁਖ ਹੀਰਾ, ਗੁਰ ਸਤਿਗੁਰ ਹੱਟ ਵਕਾਇੰਦਾ। ਪੁਰਖ ਅਬਿਨਾਸ਼ੀ ਗਹਿਰ ਗੰਭੀਰਾ, ਆਪਣੇ ਤੱਕੜ ਆਪ ਤੁਲਾਇੰਦਾ। ਲੱਖ ਚੁਰਾਸੀ ਕੀਮਤ ਰੱਖੇ ਨਾ ਇਕ ਕਸੀਰਾ, ਗੁਰਸਿੱਖ ਮੁੱਲ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਵਿਖਾਇੰਦਾ। ਗੁਰਮੁਖ ਸੱਜਨ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਵਡ ਦਾਤਾ ਸੂਰਾ ਸਰਬੰਗ, ਸਰਬ ਕਲ ਵਡ ਵਡਿਆਈਆ। ਹਰਿਜਨ ਮੰਦਰ ਜਾਏ ਲੰਘ, ਨਿਝ ਆਤਮ ਖੋਲ੍ਹ ਖੁਲਾਈਆ। ਸਾਚੀ ਵਸਤ ਏਕਾ ਮੰਗ, ਆਪਣੀ ਭਿਛਿਆ ਵੇਖ ਵਖਾਈਆ। ਨਜ਼ਰ ਨਾ ਆਏ ਜਲ ਤਰੰਗ, ਭਵਰੀ ਭਵਰ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸਾਚੇ ਘਰ ਸਮਾਈਆ। ਘਰ ਸਚਾ ਸਮਰਥ, ਹਰਿ ਹਰਿ ਆਪ ਉਪਾਇਆ। ਆਪਣੀ ਮਹਿਮਾ ਜਾਣੇ ਅਕਥ, ਲੇਖਾ ਆਪਣੇ ਹੱਥ ਰਖਾਇਆ। ਗੁਰਮੁਖ ਮਾਰਗ ਸਾਚਾ ਦੱਸ, ਆਪ ਆਪਣਾ ਮੇਲ ਮਿਲਾਇਆ। ਤ੍ਰੈਗੁਣ ਮਾਇਆ ਨਾ ਸਕੇ ਡੱਸ, ਪੰਜ ਵਿਕਾਰ ਨਾ ਹੋਏ ਹਲਕਾਇਆ। ਨਿਝਰ ਦੇਵੇ ਸਾਚਾ ਰਸ, ਰਸਕ ਰਸਕ ਰਸਕ ਆਪ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਘਰ ਮੰਦਰ ਡੇਰਾ ਲਾਇਆ। ਮੰਦਰ ਅੰਦਰ ਹਰਿ ਨਿਰੰਕਾਰਾ, ਨਿਰਗੁਣ ਆਪਣਾ ਰੂਪ ਰਖਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਘਟ ਮੰਦਰ ਵੇਖ ਵਿਖਾਇੰਦਾ। ਸਾਚਾ ਨਾਦ ਸ਼ਬਦ ਧੁਨਕਾਰਾ, ਨਾਦ ਅਨਾਦੀ ਆਪ ਵਜਾਇੰਦਾ। ਸਰ ਸਰੋਵਰ ਠੰਡਾ ਠਾਰਾ, ਅੰਮ੍ਰਿਤ ਜਾਮ ਪਿਆਲਾ ਭਰ ਪਿਆਇੰਦਾ। ਆਪੇ ਵਸੇ ਸਭ ਤੋਂ ਬਾਹਿਰਾ, ਆਪ ਆਪਣਾ ਖੇਲ ਖਿਲਾਇੰਦਾ। ਮੰਦਰ ਅੰਦਰ ਰਾਜ ਦਵਾਰਾ, ਰਾਜ ਜੋਗੀਸ਼ਰ ਆਪਣਾ ਆਸਨ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਜਨ ਹਰਿ ਜੁਗ ਜੁਗ ਜੁਗ ਜੁਗ ਜਨ ਆਪਣੇ ਲੇਖੇ ਲਾਇੰਦਾ।
