੧੫ ਚੇਤ ੨੦੧੬ ਬਿਕ੍ਰਮੀ ਸੋਹਣ ਸਿੰਘ ਦੇ ਘਰ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਸਰਬ ਜੀਅ ਦਾਤਾ, ਏਕਾ ਏਕਉਂਕਾਰਿਆ। ਖੇਲੇ ਖੇਲ ਖੇਲ ਤਮਾਸ਼ਾ, ਭੇਵ ਅਭੇਦਾ ਭੇਵ ਕੋਇ ਨਾ ਪਾ ਰਿਹਾ। ਲੱਖ ਚੁਰਾਸੀ ਪਿਤਾ ਮਾਤਾ, ਇਕ ਅਕੇਲਾ ਆਪ ਅਖਵਾ ਰਿਹਾ। ਹਰਿਜਨ ਬੰਧੇ ਚਰਨ ਕਵਲ ਨਾਤਾ, ਚਰਨ ਪ੍ਰੀਤੀ ਇਕ ਸਿਖਾ ਰਿਹਾ। ਸ਼ਬਦ ਜਣਾਈ ਸਾਚੀ ਗਾਥਾ, ਬੋਧ ਅਗਾਧ ਅਲ੍ਹਾ ਰਿਹਾ। ਜੁਗ ਜੁਗ ਚਲਾਏ ਸਾਚਾ ਰਾਥਾ, ਰਥ ਰਥਵਾਹੀ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲਧਾਰੀ ਨਾਉਂ ਰਖਾ ਲਿਆ। ਅਕਲ ਕਲ ਧਾਰ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਰੂਪ ਸਮਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਲੱਖਣਾ ਲੇਖ ਨਾ ਰਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾਈਆ। ਥਿਰ ਘਰ ਸਾਚੇ ਕਰ ਪਸਾਰ, ਹਰਿ ਬੈਠਾ ਬੇਪਵਾਹੀਆ। ਸ਼ਬਦ ਅਨਾਦ ਸੱਚੀ ਧੁਨਕਾਰ, ਆਪ ਆਪਣੀ ਰਿਹਾ ਵਜਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਸੰਤ ਸੁਹੇਲੇ ਆਪੇ ਲਾਧ, ਜੁਗ ਜੁਗ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਨਿਰਾਕਾਰ, ਏਕਾ ਏਕ ਅਖਵਾਇੰਦਾ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰ ਤਿਆਰ, ਗਣ ਗੰਧਰਬ ਲੇਖ ਲਿਖਾਇੰਦਾ। ਰਵ ਸਸ ਕਰ ਪਿਆਰ, ਮੰਡਲ ਮੰਡਪ ਆਪ ਸੁਹਾਇੰਦਾ। ਸ਼ਾਹੋ ਸ਼ਾਬਾਸ਼ ਖੇਲ ਅਪਾਰ, ਨਿਰਗੁਣ ਧਾਰਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਆਪ ਸੁਹਾਇੰਦਾ। ਸਚ ਮਹੱਲਾ ਇਕ ਅਕੱਲਾ, ਹਰਿ ਹਰਿ ਆਪ ਸੁਹਾਇੰਦਾ। ਆਪੇ ਵੇਖੇ ਜਲਾਂ ਥਲਾਂ, ਡੂੰਘੀ ਕੰਦਰ ਫੋਲ ਫੁਲਾਇੰਦਾ। ਆਪਣੀ ਜੋਤੀ ਆਪੇ ਬਲਾ, ਪਰਕਾਸ਼ ਪਰਕਾਸ਼ ਵਖਾਇੰਦਾ। ਸ਼ਬਦ ਅਗੰਮੀ ਕਰੇ ਹੱਲਾ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਜੀਵ ਜੰਤ ਭੁਲਾਏ ਕਰ ਕਰ ਵਲ ਛੱਲਾ, ਅਛਲ ਛਲ ਧਾਰੀ ਭੇਵ ਨਾ ਆਇੰਦਾ। ਜਨ ਭਗਤ ਦਵਾਰੇ ਆਪੇ ਖਲਾ, ਸਵੱਛ ਸਰੂਪੀ ਦਰਸ ਦਿਖਾਇੰਦਾ। ਸਚ ਸਿੰਘਾਸਣ ਹਰਿ ਹਰਿ ਮੱਲਾ, ਥਿਰ ਘਰ ਸਾਚੇ ਡੇਰਾ ਲਾਇੰਦਾ। ਇਕ ਸੁਨੇਹੜਾ ਏਕਾ ਘਲਾ, ਏਕਾ ਰਾਗ ਅਲਾਇੰਦਾ। ਜੋਤੀ ਦੀਪਕ ਏਕ ਬੱਲਾ, ਅਗਿਆਨ ਅੰਧੇਰ ਮਿਟਾਇੰਦਾ। ਆਪੇ ਫੁਲਿਆ ਆਪੇ ਫਲਾ, ਫੁਲ ਫੁਲਵਾੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਨੂਰ ਹਰਿ ਅਕਾਲ, ਆਪਣੀ ਕਲ ਵਰਤਾਈਆ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਦੀਨਾਂ ਨਾਥਾਂ ਵੇਖ ਵਖਾਈਆ। ਹਰਿਜਨ ਵੇਖੇ ਸਾਚੇ ਲਾਲ, ਜੁਗ ਜੁਗ ਵੱਡੀ ਵਡਿਆਈਆ। ਸ਼ਬਦੀ ਸ਼ਬਦ ਸ਼ਬਦ ਗੁਰ ਬਣ ਦਲਾਲ, ਲੋਕਮਾਤ ਫੇਰਾ ਪਾਈਆ। ਤੋੜਨਹਾਰਾ ਜਗਤ ਜੰਜਾਲ, ਦਾਤਾ ਦਾਨੀ ਬੇਪਰਵਾਹੀਆ। ਇਕ ਵਖਾਏ ਸਚ ਸੱਚੀ ਧਰਮਸਾਲ, ਅਨਹਦ ਰਾਗ ਅਨਾਦੀ ਗਾਈਆ। ਅੰਮ੍ਰਿਤ ਸੋਹੇ ਸਾਚਾ ਤਾਲ, ਤ੍ਰਿਬੈਣੀ ਨੈਣੀ ਇਕ ਸੁਹਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ, ਏਕਾ ਰੰਗ ਸਮਾਇੰਦਾ। ਉਤਮ ਰੱਖੇ ਆਪਣੀ ਜਾਤਾ, ਵਰਨ ਗੋਤ ਨਾ ਕੋਇ ਬਣਾਇੰਦਾ। ਸੰਤ ਭਗਵੰਤ ਚਰਨ ਕਵਲ ਬੰਧਾਏ ਸਾਚਾ ਨਾਤਾ, ਚਰਨ ਚਰਨੋਦਕ ਮੁਖ ਚਵਾਇੰਦਾ। ਦੋ ਜਹਾਨੀ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਆਪੇ ਹੋ ਤ੍ਰਿਲੋਕੀ ਨਾਥਾ, ਨਾਥ ਅਨਾਥਾ ਗਲੇ ਲਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਚਲਾਏ ਆਪਣੀ ਗਾਥਾ, ਗੀਤ ਸੁਹਾਗੀ ਗਾਇੰਦਾ। ਆਪੇ ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲ ਮਿਲਾਇੰਦਾ। ਭੇਵ ਖੁਲ੍ਹਾਏ ਸਾਢੇ ਤਿੰਨ ਤਿੰਨ ਹਾਥਾ, ਰਵਦਾਸ ਚੁਮਾਰਾ ਮੁਖ ਸਲਾਹਿੰਦਾ। ਕਲਜੁਗ ਅੰਤਮ ਹਰਿਜਨ ਸਾਚੇ ਤੇਰਾ ਕਰਨ ਆਇਆ ਪੂਰਾ ਘਾਟਾ, ਆਤਮ ਅੰਤਰ ਇਕ ਗਿਆਨ ਸ਼ਬਦੀ ਸ਼ਬਦ ਜਣਾਇੰਦਾ। ਜੋਤ ਨਿਰੰਜਣ ਜਗੇ ਲਲਾਟਾ, ਆਦਿ ਨਿਰੰਜਣ ਸੇਵਾ ਲਾਇੰਦਾ। ਆਤਮ ਸੇਜਾ ਵੇਖੇ ਸਾਚੀ ਖਾਟਾ, ਹਰਿ ਗੋਬਿੰਦ ਸ਼ਬਦ ਮਿਲਾਇੰਦਾ। ਦਰ ਘਰ ਸਾਚੇ ਸਾਚੀ ਵਾਟਾ, ਦੂਰ ਨੇੜੇ ਨਾ ਕੋਇ ਰਖਾਇੰਦਾ। ਅੰਮ੍ਰਿਤ ਪਿਆ ਸਾਚੇ ਬਾਟਾ, ਕਾਇਆ ਕਾਸਾ ਆਪ ਭਰਾਇੰਦਾ। ਲਹਿਣਾ ਦੇਣ ਚੁਕਾਏ ਹਾਥੋ ਹਾਥਾ, ਵਣਜ ਵਣਜਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਖਲਾਇੰਦਾ। ਨਿਰਗੁਣ ਖੇਲ ਹਰਿ ਹਰਿ ਖੇਲਾ, ਹਰਿ ਸਾਚੇ ਵਡ ਵਡਿਆਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੂਪ ਸਮਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਜੁਗਾ ਜੁਗੰਤਰ ਵੇਸ ਵਟਾਈਆ। ਆਪੇ ਵਸੇ ਸਦ ਨਵੇਲਾ, ਹਰ ਘਟ ਆਪੇ ਡੇਰਾ ਲਾਈਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਆਪ ਭਵਾਈਆ। ਆਪੇ ਸਚ ਦਰਬਾਰੇ ਸਚ ਚੜ੍ਹਾਏ ਤੇਲਾ, ਸਾਚਾ ਸਗਨ ਆਪ ਮਨਾਈਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਆਪੇ ਘੜੇ ਆਪੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਵਾਸਾ ਪੁਰਖ ਅਬਿਨਾਸ਼ਾ, ਖੇਲੇ ਖੇਲ ਨਰ ਨਿਰੰਕਾਰੀਆ। ਲੱਖ ਚੁਰਾਸੀ ਵੇਖ ਤਮਾਸ਼ਾ, ਜੀਵਾਂ ਜੰਤਾਂ ਪਾਵੇ ਸਾਰੀਆ। ਜਨ ਭਗਤਾਂ ਦੇਵੇ ਚਰਨ ਕਵਲ ਭਰਵਾਸਾ, ਆਤਮ ਅੰਤਰ ਇਕ ਪਿਆਰੀਆ। ਸੰਤ ਸੁਹੇਲਾ ਦਾਸੀ ਦਾਸਾ, ਸੇਵਕ ਸੇਵਾ ਆਪ ਕਮਾ ਰਿਹਾ। ਜਾਣੇ ਜਣਾਏ ਪ੍ਰਿਥਮੀ ਆਕਾਸ਼ਾ, ਗਗਨ ਪਾਤਾਲਾਂ ਫੇਰਾ ਪਾ ਰਿਹਾ। ਸਾਚੇ ਮੰਡਲ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾ ਰਿਹਾ। ਆਪੇ ਰਸਨ ਆਪ ਸਵਾਸਾ, ਗੁਰਸਿਖ ਕਾਇਆ ਗੜ੍ਹ ਸੁਹਾ ਰਿਹਾ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸਾ, ਸ਼ਾਹ ਸੁਲਤਾਨ ਨਾਮ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੀਵਾ ਨਿਰਗੁਣ ਬਾਤੀ ਆਪ ਜਗਾਏ ਕਮਲਾਪਾਤੀ ਉਚ ਮਹੱਲ ਅਟੱਲ ਮੁਨਾਰ ਆਪ ਟਿਕਾ ਲਿਆ। ਮਹੱਲ ਅਟੱਲ ਉਚ ਮੁਨਾਰਾ, ਹਰਿ ਸਾਚੇ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਪੁਰਖ ਕਰਤਾਰਾ, ਭੈ ਭੰਜਨ ਆਪ ਅਖਵਾਈਆ। ਜੂਨੀ ਰਹਿਤ ਖੇਲ ਨਿਆਰਾ, ਅਕਲ ਕਲ ਧਾਰੀ ਵੇਸ ਵਟਾਈਆ। ਸਚਖੰਡ ਸੁਹਾਏ ਸਚ ਦਵਾਰਾ, ਸਚ ਸਿੰਘਾਸਣ ਬੈਠਾ ਡੇਰਾ ਲਾਈਆ। ਥਿਰ ਘਰ ਵਸੇ ਇਕ ਦਵਾਰਾ, ਦਰ ਦਰਵੇਸ਼ਾ ਵੇਖ ਵਖਾਈਆ। ਸ਼ਬਦ ਸ਼ਬਦੀ ਬੋਲ ਜੈਕਾਰਾ, ਏਕਾ ਨਾਅਰਾ ਲਾਈਆ। ਅਲਖ ਅਗੰਮ ਕਰੇ ਖ਼ਬਰਦਾਰਾ, ਸਚਖੰਡ ਵੱਜੇ ਵਧਾਈਆ। ਸੁੰਨ ਅਗੰਮ ਪਾਰ ਕਿਨਾਰਾ, ਆਪ ਆਪਣਾ ਰਾਹ ਤਕਾਈਆ। ਲੋਆਂ ਪੁਰੀਆਂ ਦਏ ਸਹਾਰਾ, ਗਗਨ ਗਗਨੰਤਰ ਵੇਖ ਵਖਾਈਆ। ਜੁਗਾ ਜੁਗੰਤਰ ਸਾਚੀ ਧਾਰਾ, ਆਪ ਆਪਣੀ ਰਿਹਾ ਚਲਾਈਆ। ਸਾਂਤਕ ਸਤਿ ਸਤਿ ਸਤਿ ਵਰਤੇ ਹਰਿ ਕਰਤਾਰਾ, ਕਰਨੀ ਕਰਤਾ ਆਪ ਅਖਵਾਈਆ । ਸੱਚ ਖ਼ੁਦਾ ਬੇਐਬ ਪਰਵਰਦਿਗਾਰਾ, ਨੂਰੋ ਨੂਰ ਨੂਰ ਇਲਾਹੀਆ। ਹੱਕ ਹਕੀਕਤ ਪਾਵੇ ਸਾਰਾ, ਮੁਕਾਮੇ ਹੱਕ ਵੇਖ ਵਖਾਈਆ। ਲਾਸ਼ਰੀਕ ਲਾਏ ਏਕਾ ਨਾਅਰਾ, ਏਕਾ ਕਲਮਾ ਦਏ ਪੜ੍ਹਾਈਆ। ਲੋਕਮਾਤ ਹੋ ਉਜਿਆਰਾ, ਆਪ ਆਪਣਾ ਵੇਖ ਵਖਾਈਆ। ਕਲਜੁਗ ਤੇਰੀ ਕਾਲੀ ਧਾਰਾ, ਕਾਲਾ ਸੂਸਾ ਤਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੀ ਅੱਲਾ ਅੱਲਾ ਨੂਰ ਡਗਮਗਾਈਆ। ਨੂਰੀ ਅੱਲਾ ਸ਼ਾਹ ਨਵਾਬ, ਪਰਵਰਦਿਗਾਰ ਆਪ ਅਖਵਾਇੰਦਾ। ਹੱਕ ਹਕੀਕਤ ਵੇਖ ਜ਼ਨਾਬ, ਦੋ ਦੋ ਆਬ ਫੋਲ ਫੋਲਾਇੰਦਾ। ਆਪਣਾ ਵੇਖ ਆਪ ਆਫ਼ਤਾਬ, ਨੂਰੀ ਨੂਰ ਆਪ ਸਮਾਇੰਦਾ। ਆਪਣੇ ਹੱਥ ਰੱਖ ਆਬ ਹਯਾਤ, ਆਪਣੀ ਉਮਤ ਆਪ ਪਿਲਾਇੰਦਾ। ਆਪੇ ਆਪਣਾ ਬਣ ਆਪ ਅਹਿਬਾਬ, ਆਪਣੀ ਰਬਾਬ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਇਲਾਹੀ ਆਪ ਅਖਵਾਇੰਦਾ। ਨੂਰੀ ਅੱਲਾ ਪਰਵਰਦਿਗਾਰ, ਏਕਾ ਏਕਉਂਕਾਰਿਆ। ਵਾਸਤਕ ਰੂਪ ਨਿਰਾਧਾਰ, ਨਿਰਗੁਣ ਧਾਰ ਇਕ ਚਲਾ ਰਿਹਾ। ਕਲਮੀ ਕਲਮਾ ਕਰ ਤਿਆਰ, ਕਾਇਨਾਤ ਆਪ ਪੜ੍ਹਾ ਰਿਹਾ। ਚਾਰੇ ਵੇਦਾਂ ਪਾਵੇ ਸਾਰ, ਪੁਰਾਨ ਅਠਾਰਾਂ ਫੋਲ ਫੋਲਾ ਰਿਹਾ। ਸਿਮਰਤ ਸ਼ਾਸਤਰ ਦਏ ਆਧਾਰ, ਮਨ ਮਤ ਬੁਧ ਮੇਲ ਮਿਲਾ ਰਿਹਾ। ਕਾਇਆ ਕਾਅਬਾ ਕਰ ਤਿਆਰ, ਸਾਚਾ ਹਾਜ਼ੀ ਹੱਜ ਵਖਾ ਰਿਹਾ। ਅੰਮ੍ਰਿਤ ਨਾਭਾ ਭਰ ਭੰਡਾਰ, ਹਰਿਜਨ ਸਾਚੇ ਆਪ ਵਰਤਾ ਰਿਹਾ। ਪੁੰਨ ਸਵਾਬਾ ਵਸਿਆ ਬਾਹਰ, ਆਪਣੀ ਅਜ਼ਮਤ ਆਪ ਜਮਾ ਰਿਹਾ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾ ਲਿਆ। ਸ਼ਬਦ ਡੰਕਾ ਅਪਰ ਅਪਾਰ, ਚਾਰੇ ਕੁੰਟਾਂ ਦਹਿ ਦਿਸ਼ਾ ਆਪ ਸੁਣਾ ਲਿਆ। ਚਾਰ ਯਾਰੀ ਕਰੇ ਖ਼ਬਰਦਾਰ, ਸੰਗ ਮੁਹੰਮਦ ਆਪ ਉਠਾ ਲਿਆ। ਈਸਾ ਮੂਸਾ ਦਏ ਹੁਲਾਰ, ਕਲਜੁਗ ਅੰਤ ਹੁਲਾਰਾ ਏਕਾ ਲਾ ਲਿਆ। ਅੰਜੀਲ ਕੁਰਾਨਾ ਪਾਵੇ ਸਾਰ, ਤੀਸ ਬਤੀਸਾ ਆਪੇ ਗਾ ਲਿਆ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਵੇਖੇ ਸ਼ਾਹ ਅਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾ ਲਿਆ। ਦੀਨ ਇਸਲਾਮ ਹੋ ਤਿਆਰ, ਨਿਸ਼ਕਾਮ ਆਪਣਾ ਕਾਮ ਕਰਾ ਰਿਹਾ। ਜੋਤੀ ਨੂਰ ਨੂਰ ਉਜਿਆਰ, ਜਲਵਾ ਨੂਰ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾ ਲਿਆ। ਕਾਲਾ ਸੂਸਾ ਕਾਲੀ ਧਾਰ, ਕਲਜੁਗ ਆਪ ਚਲਾਈਆ। ਲੱਖ ਚੁਰਾਸੀ ਪਾਵੇ ਸਾਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਜੇਰਜ ਅੰਡਜ ਹੋ ਉਜਿਆਰ, ਉਤਭੁਜ ਸੇਤਜ ਫੋਲ ਫੋਲਾਈਆ। ਬ੍ਰਹਮੇ ਨੇਤਰ ਦਏ ਉਘਾੜ, ਆਪ ਆਪਣੇ ਅੰਗ ਸੁਹਾਈਆ। ਸ਼ਿਵ ਸ਼ੰਕਰ ਟੋਹੇ ਨਾੜ ਨਾੜ, ਭੋਲਾ ਨਾਥ ਸੋਇਆ ਰਹਿਣ ਨਾ ਪਾਈਆ। ਕਰੋੜ ਤੇਤੀਸਾ ਵਖਾਏ ਇਕ ਅਖਾੜ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਚੌਦਾਂ ਲੋਕਾਂ ਵਾ ਤੱਤੀ ਹਾੜ, ਚੌਦਾਂ ਤਬਕਾਂ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਕਲਮਾ ਹਰਿ ਅਮਾਮ, ਆਪਣਾ ਆਪ ਉਪਾਇੰਦਾ। ਆਪੇ ਸੀਤਾ ਆਪੇ ਰਾਮ, ਕਾਹਨਾ ਬੰਸਰੀ ਆਪ ਵਜਾਇੰਦਾ। ਆਪੇ ਨਿਰਗੁਣ ਵਸੇ ਸਾਚੇ ਧਾਮ, ਆਪ ਆਪਣਾ ਜਾਮ ਪਿਆਇੰਦਾ। ਆਪੇ ਕਰੇ ਆਪਣਾ ਤਾਮ, ਆਪਣੀ ਤ੍ਰਿਸਨਾ ਭੁੱਖ ਆਪ ਮਿਟਾਇੰਦਾ। ਆਪੇ ਸੁਬਹ ਆਪੇ ਸ਼ਾਮ, ਰੈਣ ਅੰਧੇਰੀ ਆਪ ਰਖਾਇੰਦਾ। ਆਪੇ ਨਗਰ ਆਪ ਗਰਾਮ, ਕਾਇਆ ਖੇੜਾ ਆਪ ਸੁਹਾਇੰਦਾ। ਆਪੇ ਦੇਵੇ ਭਰ ਭਰ ਜਾਮ, ਸਾਚਾ ਸਾਕੀ ਦਿਸ ਨਾ ਆਇੰਦਾ। ਆਪੇ ਲੇਖੇ ਲਾਏ ਕਾਇਆ ਮਾਟੀ ਹੱਡ ਨਾੜੀ ਮਾਸ ਚਾਮ, ਪੰਜ ਤੱਤ ਫੋਲ ਫੋਲਾਇੰਦਾ। ਆਪੇ ਹੋਏ ਜਾਣੀ ਜਾਣ, ਲੱਖ ਚੁਰਾਸੀ ਵੇਖ ਵੇਸ ਵਟਾਇੰਦਾ। ਆਪੇ ਖਾਣੀ ਬਾਣੀ ਕਰ ਪਛਾਨ, ਨਿਰਗੁਣ ਰਾਣੀ ਆਪ ਬਣਾਇੰਦਾ। ਆਪੇ ਤ੍ਰੈਗੁਣ ਮਾਇਆ ਚੋਲਾ ਰਿਹਾ ਤਾਣੀ, ਸੋਲਾਂ ਕਲੀਆਂ ਆਪ ਗੁੰਦਾਇੰਦਾ। ਆਪੇ ਜਾਣੇ ਆਪਣਾ ਪਦ ਨਿਰਬਾਣੀ, ਥਿਰ ਘਰ ਸਾਚਾ ਆਪ ਸੁਹਾਇੰਦਾ। ਆਪੇ ਗਾਏ ਆਪਣੀ ਅਕੱਥ ਕਹਾਣੀ, ਦੂਸਰ ਕੋਇ ਨਾ ਆਖ ਸੁਣਾਇੰਦਾ। ਆਪਣੇ ਘਰ ਆਪੇ ਬਣੇ ਸਚ ਸਵਾਣੀ, ਸਾਚਾ ਕੰਤ ਆਪ ਹੰਢਾਇੰਦਾ। ਆਪੇ ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਨਿਝਰ ਧਾਰਾ ਆਪ ਚਲਾਇੰਦਾ। ਆਪੇ ਸ਼ਬਦ ਗੁਰ ਬਣ ਸਾਚਾ ਹਾਣੀ, ਨਾਨਕ ਸੁਰਤੀ ਆਪ ਪਰਨਾਇੰਦਾ। ਦਰਗਹਿ ਸਾਚੀ ਇਕ ਵਖਾਨੀ, ਦੋ ਜਹਾਨਾਂ ਪੰਧ ਮੁਕਾਇੰਦਾ। ਏਕਾ ਰਾਗ ਅਨਹਦ ਧੁਨ ਸੱਚੀ ਬਾਣੀ, ਧੁਨੀ ਨਾਦ ਆਪ ਵਜਾਇੰਦਾ। ਵੇਖ ਵਖਾਏ ਅੱਲਾ ਰਾਣੀ, ਮੁਖ ਕਾਲਾ ਘੁੰਗਟ ਲਾਹਿੰਦਾ। ਚੌਦਾਂ ਤਬਕਾਂ ਬਣ ਹਟਵਾਨੀ, ਤੇਰਾਂ ਤੋਲਾ ਧਾਰ ਚਲਾਇੰਦਾ। ਕਲਜੁਗ ਅੰਤਮ ਲੇਖੇ ਲਾਏ ਚਾਰੇ ਖਾਣੀ, ਚੌਥੇ ਜੁਗ ਵੇਸ ਵਟਾਇੰਦਾ। ਗੁਰਮੁਖਾਂ ਮਿਲੇ ਸ਼ਬਦ ਗੁਰ ਪੂਰਾ ਸਾਚਾ ਹਾਣੀ, ਗੁਰ ਗੋਬਿੰਦ ਵਿਛੜ ਨਾ ਜਾਇੰਦਾ। ਆਵਣ ਜਾਵਣ ਚੁੱਕੇ ਕਾਣੀ, ਧਰਮ ਰਾਏ ਨੇੜ ਨਾ ਆਇੰਦਾ। ਪਾਰਬ੍ਰਹਮ ਵਡ ਦਾਤਾ ਦਾਨੀ, ਨਾਮ ਭੰਡਾਰਾ ਇਕ ਵਰਤਾਇੰਦਾ। ਗੁਰਮੁਖਾਂ ਦੇਵੇ ਸਚ ਨਿਸ਼ਾਨੀ, ਜਗਤ ਨਿਸ਼ਾਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲ ਵਰਤੰਤਾ ਹਰਿ ਭਗਵੰਤਾ, ਭਗਵਨ ਵੇਸ ਵਟਾਈਆ। ਖੇਲੇ ਖੇਲ ਜੁਗਾਂ ਜੁਗੰਤਾ, ਜੁਗ ਕਰਤੇ ਵਡ ਵਡਿਆਈਆ। ਦਰਸ ਦਿਖਾਏ ਸਾਚੇ ਸੰਤਾ, ਆਤਮ ਬ੍ਰਹਮਾ ਬ੍ਰਹਮ ਜਣਾਈਆ। ਤੋੜੇ ਗੜ੍ਹ ਹਉਮੇ ਹੰਗਤਾ, ਮਾਇਆ ਮਮਤਾ ਰਹਿਣ ਨਾ ਪਾਈਆ। ਹਰਿਜਨ ਅੰਗ ਲਗਾਏ ਜਿਉਂ ਨਾਨਕ ਅੰਗਦਾ, ਅੰਗੀਕਾਰ ਆਪ ਅਖਵਾਈਆ। ਨਾਮ ਦਾਨ ਜੋ ਸਾਚਾ ਮੰਗਦਾ, ਸਾਚੀ ਭਿਛਿਆ ਝੋਲੀ ਪਾਈਆ। ਕਾਇਆ ਚੋਲੀ ਗੁਰਸਿਖ ਰੰਗਦਾ, ਨਾਮ ਮਜੀਠੀ ਰੰਗ ਚੜ੍ਹਾਈਆ। ਔਂਦਾ ਜਾਂਦਾ ਮੂਲ ਨਾ ਸੰਗਦਾ, ਲੋਕ ਲੱਜਿਆ ਨਾ ਕੋਇ ਵਖਾਈਆ। ਗੁਰਸਿਖ ਤੇਰੇ ਨੌ ਦਵਾਰੇ ਆਪੇ ਲੰਘਦਾ, ਦਸਵਾਂ ਮੇਲ ਮਿਲਾਈਆ। ਮਾਣੇ ਰਸ ਆਤਮ ਸੇਜ ਪਲੰਘ ਦਾ, ਸਾਚੀ ਸੇਜਾ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਧਰਿਆ, ਪੁਰਖ ਅਕਾਲ ਵਡਿਆਇਆ। ਨਰ ਨਰਾਇਣ ਆਪੇ ਨਰਿਆ, ਨਰ ਹਰਿ ਨਾਉਂ ਧਰਾਇਆ। ਅਗੰਮ ਅਗੰਮੜੀ ਕਾਰ ਕਰਿਆ, ਹੱਡ ਮਾਸ ਨਾੜੀ ਚਮੜਾ ਨਾ ਮੇਲ ਮਿਲਾਇਆ। ਨਿਰਭੌ ਰੂਪ ਕਦੇ ਨਾ ਡਰਿਆ, ਨਾ ਮਰੇ ਨਾ ਜਾਇਆ । ਜਨ ਭਗਤਾਂ ਦਰ ਦਵਾਰੇ ਅੱਗੇ ਖੜਿਆ, ਜੁਗ ਜੁਗ ਆਪਣੀ ਦਇਆ ਕਮਾਇਆ। ਮਨਮੁਖਤਾ ਤੇਰੇ ਨਾਲ ਸਦ ਸਦ ਲੜਿਆ, ਨਾਮ ਖੰਡਾ ਹੱਥ ਉਠਾਇਆ। ਸ਼ਾਹ ਸੁਲਤਾਨ ਕੋਇ ਨਾ ਅੜ੍ਹਿਆ, ਗੜ੍ਹ ਹੰਕਾਰੀ ਰਹਿਣ ਨਾ ਪਾਇਆ। ਖੇਲੇ ਖੇਲ ਬਹੱਤਰ ਨੜਿਆ, ਨਾੜੀ ਨਾੜੀ ਵੇਖ ਵਖਾਇਆ। ਗੁਰਸਿਖ ਤੇਰੀ ਕਾਇਆ ਪੌੜੇ ਆਪੇ ਚੜ੍ਹਿਆ, ਹਰਿ ਮੰਦਰ ਡੇਰਾ ਲਾਇਆ। ਨਾ ਕੋਈ ਸੀਸ ਨਾ ਕੋਈ ਧੜਿਆ, ਪੰਜ ਤੱਤ ਨਾ ਕੋਇ ਜਣਾਇਆ। ਹਿੰਦੂ ਮੁਸਲਮ ਸਿਖ ਈਸਾਈ ਆਪੇ ਫੜਿਆ, ਫੜਨਹਾਰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਲੇਖ ਲਿਖਾਇਆ। ਲੇਖਾ ਲਿਖਣਹਾਰ ਪੁਰਖ ਸਮਰਥ, ਹਰਿ ਹਰਿ ਵੱਡੀ ਵਡਿਆਈਆ। ਆਪੇ ਗਾਏ ਆਪਣਾ ਗਾਥ, ਚਾਰ ਵਰਨਾਂ ਕਰੇ ਪੜ੍ਹਾਈਆ। ਬਰਨ ਅਠਾਰਾਂ ਏਕਾ ਸਾਥ, ਊਚਾਂ ਨੀਚਾਂ ਮੇਲ ਮਿਲਾਈਆ। ਜਗਤ ਦਾਤਾ ਜਗਨ ਨਾਥ, ਜਗਤ ਜੁਗਤ ਇਕ ਜਣਾਈਆ। ਤ੍ਰੈ ਤ੍ਰੈ ਲੋਕਾਂ ਤ੍ਰੈਲੋਕੀ ਨਾਥ, ਤ੍ਰੈ ਤ੍ਰੈ ਮਾਇਆ ਬੰਧਨ ਪਾਈਆ। ਚੌਥੇ ਜੁਗ ਚੌਥੇ ਘਰ ਸਾਥ, ਜਨ ਭਗਤਾਂ ਆਪ ਰਖਾਈਆ। ਪੰਚਮ ਮੇਲਾ ਹਰਿ ਸੱਜਣ ਸੁਹੇਲਾ ਲਹਿਣਾ ਚੁੱਕੇ ਪੂਜਾ ਪਾਠ, ਨੇਤਰ ਲੋਚਨ ਦਰਸ਼ਨ ਪਾਈਆ। ਛੇਵੇ ਛੱਪਰ ਛੰਨ ਨਾ ਕੋਈ ਠਾਠ, ਮਹੱਲ ਅਟੱਲ ਨਾ ਕੋਇ ਵਖਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਜੋਤ ਨਿਰੰਕਾਰੀ ਏਕ ਲਾਟ, ਨੂਰ ਨੁਰਾਨੀ ਡਗਮਗਾਈਆ। ਅੱਠ ਤੱਤ ਨਾ ਤੀਰਥ ਅਠਸਠ, ਜਲ ਧਾਰਾ ਨਾ ਕੋਇ ਵਹਾਈਆ। ਨੌ ਦਵਾਰੇ ਕਰੇ ਭੱਠ, ਨੌ ਨੌ ਖੰਡ ਫੇਰਾ ਪਾਈਆ। ਦਸਮ ਦਵਾਰੀ ਸਾਚਾ ਹੱਟ, ਸਤਿਗੁਰ ਪੂਰਾ ਆਪ ਖ਼ੁਲ੍ਹਾਈਆ। ਗੁਰਮੁਖ ਵਿਰਲੇ ਲਾਹਾ ਲੈਣ ਖੱਟ, ਮਨਮੁਖ ਗੂੜ੍ਹੀ ਨੀਂਦ ਸੁਵਾਈਆ। ਕਲਜੁਗ ਸਭ ਦੀ ਚੋਟੀ ਰਿਹਾ ਕੱਟ, ਲਜਪਤ ਅੰਤ ਰਹਿਣ ਨਾ ਪਾਈਆ। ਖੇਲੇ ਖੇਲ ਨਟੂਆ ਨੱਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਗੁਰਸਿਖਾਂ ਤਨ ਪਹਿਨਾਏ ਪਟ, ਆਪਣੀ ਅਲਫ਼ੀ ਆਪੇ ਲਾਹੀਆ। ਅੰਮ੍ਰਿਤ ਆਤਮ ਸਚ ਸਰੋਵਰ ਕਾਇਆ ਮੰਦਰ ਦਏ ਝੱਟ, ਮਾਨ ਸਰੋਵਰ ਇਕ ਸੁਹਾਈਆ। ਦੂਈ ਦਵੈਤੀ ਮੇਟੇ ਫਟ, ਅੰਮ੍ਰਿਤ ਆਤਮ ਜਾਮ ਪਿਆਈਆ। ਦੁਰਮਤ ਮੈਲ ਦੇਵੇ ਕੱਟ, ਨਿਰਮਲ ਨਿਰਮਲ ਆਪ ਵਖਾਈਆ। ਅਨਹਦ ਨਗਾਰੇ ਮਾਰੇ ਸੱਟ, ਤਾਲ ਤਲਵਾੜਾ ਇਕ ਵਜਾਈਆ। ਹਉਮੇ ਹੰਗਤਾ ਜਾਏ ਢੱਠ, ਪੰਚ ਵਿਕਾਰ ਮੁਖ ਛੁਪਾਈਆ। ਗੁਰਸਿਖਾਂ ਵਸੇ ਘਟ ਘਟ, ਹਰ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਜੋਤ ਕਰ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਹੱਕ ਖ਼ੁਦਾਈਆ। ਹੱਕ ਖ਼ੁਦਾਮਤੀ ਗਨੀਮ, ਗਫਲਤ ਵਿਚ ਕਦੇ ਨਾ ਆਇੰਦਾ। ਆਪੇ ਅਲਫ਼ ਡੰਡਾ ਜਾਣੇ ਨੁਕਤਾ ਮੀਮ, ਨੂਨ ਆਪ ਟਿਕਾਇੰਦਾ। ਆਪੇ ਤ੍ਰਿਲੋਕੀ ਤੇਰੇ ਤ੍ਰੈਮੁਖ ਜਾਣੇ ਸੀਨ, ਸਾਚਾ ਸਈਆ ਵੇਖ ਵਖਾਇੰਦਾ। ਆਪੇ ਚਾਰ ਯਾਰ ਸੰਗ ਮੁਹੰਮਦ ਅੱਲਾ ਰਾਣੀ ਹੋ ਅਧੀਨ, ਕਲਮੀ ਕਲਮਾ ਇਕ ਅਖਵਾਇੰਦਾ। ਆਪੇ ਨਬੀ ਰਸੂਲ ਬਾਬੀਣ, ਗੁਰਮਤੋ ਕਸਤਮੋ ਆਪਣੇ ਤੋਲ ਤੁਲਾਇੰਦਾ। ਆਪੇ ਦਾਤਾ ਦਾਨੀ ਵਡ ਪਰਬੀਣ, ਪਾਰਬ੍ਰਹਮ ਆਪ ਅਖਵਾਇੰਦਾ। ਆਪਣੀ ਵਸਤ ਦੇਵੇ ਦਸਤ ਆਪੇ ਲਏ ਛੀਣ, ਦੂਸਰ ਕੋਇ ਨਾ ਸੰਗ ਰਖਾਇੰਦਾ। ਆਪੇ ਹਰਿਜਨ ਹਰਿ ਹਰਿ ਜਿਉਂ ਜਲ ਮੀਨ, ਜਲ ਧਾਰਾ ਰੂਪ ਵਟਾਇੰਦਾ। ਆਪੇ ਵਜਾਏ ਹੰਕਾਰੀ ਬੀਨ, ਭੰਨਣਹਾਰ ਆਪ ਅਖਵਾਇੰਦਾ। ਆਪੇ ਹੋਇਆ ਮੁਹੰਮਦੀ ਦੀਨ, ਆਪਣਾ ਵੇਸ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਮਾਮ ਇਕ ਇਕ ਸੁਹਾਇੰਦਾ। ਇਕ ਅਮਾਮ ਅਮਾਮ ਮੈਂਹਦੀ, ਏਕਾ ਕਲ ਵਰਤਾਇੰਦਾ। ਖੇਲੇ ਖੇਲ ਦਿਸ਼ਾ ਲਹਿੰਦੀ, ਪਹਿਲੀ ਕੂਟੇ ਫੇਰਾ ਪਾਇੰਦਾ। ਅੰਜੀਲ ਕੁਰਾਨ ਇਕ ਦੂਜੇ ਦੇ ਨਾਲ ਖਹਿੰਦੀ, ਜਗਤ ਮਸੱਲਾ ਹੇਠ ਵਛਾਇੰਦਾ। ਅੱਲਾ ਰਾਣੀ ਰੋ ਰੋ ਕਹਿੰਦੀ, ਪੱਲੂ ਨਾ ਕੋਇ ਟਿਕਾਇੰਦਾ। ਪੰਜ ਸ਼ੈਤਾਨ ਨਦੀ ਵਹਿੰਦੀ, ਬੇੜਾ ਪਾਰ ਨਾ ਕੋਇ ਕਰਾਇੰਦਾ। ਚਾਰ ਯਾਰੀ ਪਿੱਛੇ ਹੋ ਹੋ ਬਹਿੰਦੀ, ਸੰਗ ਮੁਹੰਮਦ ਨੈਣ ਸ਼ਰਮਾਇੰਦਾ। ਗੋਬਿੰਦ ਧਾਰਾ ਤਿਖੀ ਹੋ ਹੋ ਤੇਰਾ ਵਾਰ ਸਹਿੰਦੀ, ਪ੍ਰਭ ਸਾਚਾ ਹੱਥ ਉਠਾਇੰਦਾ। ਅੰਤਮ ਏਕਾ ਗਾਹੇ ਵੇਖੋ ਗਹਿੰਦੀ, ਪਾਰਬ੍ਰਹਮ ਆਪਣਾ ਖੇਲ ਖਿਲਾਇੰਦਾ। ਧਰਤ ਮਾਤ ਤੇਰੀ ਹੱਥੀਂ ਲਾਏ ਮਹਿੰਦੀ, ਤੇਰਾ ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਾਲਾ ਸੂਸਾ ਵੇਖੇ ਖੇਲ ਈਸਾ ਮੂਸਾ ਸ਼ਾਹ ਅਬਨੂਸਾ ਸੰਗ ਰਲਾਇੰਦਾ। ਧਰਤ ਮਾਤ ਲਾਲ ਰੰਗ ਰੰਗਣ ਆਇਆ, ਪਾਰਬ੍ਰਹਮ ਪ੍ਰਭ ਬੇਅੰਤ। ਲੱਖ ਚੁਰਾਸੀ ਧਰਮ ਰਾਏ ਦਰ ਟੰਗਣ ਆਇਆ, ਮੇਲ ਮਿਲਾਏ ਸਾਚੇ ਸੰਤ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘਣ ਆਇਆ, ਤੋੜੇ ਗੜ੍ਹ ਹੰਕਾਰੀ ਹੰਗਤ। ਗੁਰਮੁਖਾਂ ਅੱਗੇ ਨਾਮ ਭਿਛਿਆ ਮੰਗਣ ਆਇਆ, ਸਤਿਗੁਰ ਪੂਰਾ ਆਪਣੀ ਰੰਗਤ। ਗਰੀਬ ਨਿਮਾਣਿਆਂ ਗੁਰਮੁਖਾਂ ਕਾਇਆ ਚੋਲੀ ਰੰਗਣ ਆਇਆ। ਆਪੇ ਹੋਇਆ ਭੁੱਖਾ ਨੰਗਤ। ਸਾਚਾ ਨਾਮ ਕੰਗਣ ਤਨ ਪਹਿਨਾਵਣ ਆਇਆ, ਚਾਰ ਵਰਨ ਬਣਾਏ ਸਾਚੀ ਸੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਖੇਲ ਆਪਣੇ । ਆਇਆ ਪੁਰਖ ਪੁਰਖ ਸੁਲਤਾਨ, ਹਰਿ ਵੱਡਾ ਸ਼ਾਹੋ ਭੂਪਿਆ। ਧਰਮ ਉਠਾਏ ਇਕ ਨਿਸ਼ਾਨ, ਨਾ ਜਣਾਏ ਰੇਖ ਰੂਪਿਆ। ਸ੍ਰਿਸ਼ਟ ਸਬਾਈ ਪਾਏ ਏਕਾ ਆਣ, ਵੇਖ ਵਖਾਏ ਚਾਰੇ ਕੂਟਿਆ। ਮੇਟ ਮਿਟਾਏ ਰਾਜ ਰਾਜਾਨ, ਖ਼ਾਕ ਰਲਾਏ ਜੂਠ ਝੂਠਿਆ। ਜਨ ਭਗਤਾਂ ਦੇਵੇ ਏਕਾ ਦਾਨ, ਹਰਿ ਹਰਿ ਸਾਚਾ ਆਪੇ ਤੂਠਿਆ। ਆਪੇ ਵਾਸਾ ਰੱਖੇ ਕਬਰਸਤਾਨ, ਦੋਜ਼ਖ ਬਹਿਸ਼ਤ ਆਪੇ ਨੱਠ ਨੱਠ ਉਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਨਗਾਰੇ ਲਾਏ ਏਕਾ ਚੋਟਿਆ। ਸ਼ਬਦ ਨਗਾਰੇ ਲਾਈ ਚੋਟ, ਹਰਿ ਸਾਚੇ ਆਪ ਵਜਾਇਆ। ਕੂੜੀ ਕਿਰਿਆ ਕੱਢੇ ਖੋਟ, ਕਲਜੁਗ ਵੇਲਾ ਅੰਤਮ ਆਇਆ। ਸਾਧਾਂ ਸੰਤਾਂ ਭਰੀ ਨਾ ਪੋਟ, ਮਾਇਆ ਮਮਤਾ ਮੋਹ ਵਧਾਇਆ। ਤੀਰਥ ਤੱਟਾਂ ਬੰਨ ਲੰਗੋਟ, ਜਗਤ ਵੇਸਵਾ ਵੇਸ ਹੰਢਾਇਆ। ਲੱਭਦੇ ਫਿਰਦੇ ਕੋਟੀ ਕੋਟ, ਕੋਟਨ ਕੋਟਾਂ ਦਿਸ ਨਾ ਆਇਆ। ਕੋਟੀ ਕੋਟ ਚੜ੍ਹੇ ਪਰਬਤ ਚੋਟ, ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੁੰਦਰ ਕੋਟੀ ਕੋਟ ਫਿਰਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਜਿਸ ਜਨ ਰੱਖੀ ਓਟ, ਵੇਲੇ ਅੰਤਮ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਵੇਸ ਵਟਾਇਆ।
