Granth 09 Likhat 003: 25 Maghar 2016 Bikarmi Jalalabad Balwant Singh de Ghar

੨੫ ਮੱਘਰ ੨੦੧੬ ਬਿਕ੍ਰਮੀ ਜਲਾਲਾਬਾਦ ਬਲਵੰਤ ਸਿੰਘ ਦੇ ਘਰ

ਸਤਿਗੁਰ ਸੱਚਾ ਪਾਤਸ਼ਾਹ, ਨਿਰਗੁਣ ਰੂਪ ਹਰਿ ਨਿਰੰਕਾਰ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਲਏ ਅਵਤਾਰ। ਏਕੰਕਾਰਾ ਆਪਣਾ ਨਾਉਂ ਧਰਾ, ਨਿਰਗੁਣ ਖੇਲ ਕਰੇ ਅਪਾਰ। ਸਰਗੁਣ ਸਾਚਾ ਮੇਲ ਮਿਲਾ, ਜੋਤੀ ਨੂਰ ਕਰੇ ਉਜਿਆਰ। ਸ਼ਬਦ ਅਨਾਦੀ ਧੁਨ ਉਪਜਾ, ਰਾਗ ਸੁਣਾਏ ਅਨਹਦ ਧਾਰ। ਘਰ ਵਿਚ ਘਰ ਦਏ ਸੁਹਾ, ਘਰ ਮੰਦਰ ਖੇਲ ਅਪਾਰ। ਕਮਲਾਪਾਤੀ ਵੇਸ ਵਟਾ, ਕਿਰਪਾ ਕਰ ਅਗੰਮ ਅਪਾਰ। ਖੇਲ ਨਿਰਾਲੀ ਆਪ ਕਰਾ, ਖੇਲੇ ਖੇਲ ਵਿਚ ਸੰਸਾਰ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾ, ਤੈ੍ਰਗੁਣ ਮਾਇਆ ਭਰ ਭੰਡਾਰ। ਪੰਜ ਤਤ ਜੋੜ ਜੁੜਾ, ਆਪ ਆਪਣੀ ਕਿਰਪਾ ਕਰ ਦਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵਸਣਹਾਰਾ, ਸਚ ਮਹੱਲਾ ਥਿਰ ਘਰ ਵਾਸੀ ਹਰਿ ਨਿਰੰਕਾਰ। ਸਤਿਗੁਰ ਸਚਾ ਪਾਤਸ਼ਾਹ, ਪਰਮ ਪੁਰਖ ਸੁਲਤਾਨ। ਇਕ ਜਪਾਏ ਸਾਚਾ ਨਾਂ, ਪ੍ਰਗਟ ਹੋ ਵਾਲੀ ਦੋ ਜਹਾਨ। ਜਨ ਭਗਤਾਂ ਦੇਵੇ ਸਾਚਾ ਥਾਂ, ਨਿਥਾਵਿਆਂ ਦੇਵੇ ਸਾਚਾ ਮਾਣ। ਸੰਤਨ ਪਕੜੇ ਹਰਿ ਹਰਿ ਬਾਂਹ, ਨਿਰਗੁਣ ਸਰਗੁਣ ਖੇਲ ਮਹਾਨ। ਆਤਮ ਅੰਤਰ ਏਕਾ ਬ੍ਰਹਮ ਦਏ ਜਣਾ, ਪਾਰਬ੍ਰਹਮ ਸ੍ਰੀ ਭਗਵਾਨ। ਏਕਾ ਮੰਤਰ ਦਏ ਦ੍ਰਿੜਾ, ਆਤਮਕ ਧੁਨ ਸ਼ਬਦ ਸਚੀ ਧੁਨਕਾਰ। ਬੋਧ ਅਗਾਧਾ ਭੇਵ ਖੁਲ੍ਹਾ, ਦੇਵੇ ਦਰਸ ਦਰ ਦਰਬਾਨ। ਨਾਮ ਅਕੱਲਾ ਦਮਾਂ ਇਕ ਵਖਾ, ਉਚ ਮਹੱਲ ਕਰੇ ਪਛਾਨ। ਥਿਰ ਘਰ ਵਾਸੀ ਵੇਸ ਵਟਾ, ਸਚਖੰਡ ਵੇਖੇ ਸਚ ਦੁਕਾਨ। ਸਚ ਸਿੰਘਾਸਨ ਆਸਨ ਲਾ, ਸ਼ਾਹੋ ਭੂਪ ਵਡ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਮਹਾਨ। ਸਤਿਗੁਰ ਸਚਾ ਪਾਤਸ਼ਾਹ, ਪਾਰਬ੍ਰਹਮ ਬੇਅੰਤ। ਵਸਣਹਾਰਾ ਸਚ ਗਰਾਂ, ਅਬਿਨਾਸ਼ੀ ਕਰਤਾ ਆਦਿ ਅੰਤ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਬਣਾਏ ਬਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰੀ ਭਗਵੰਤ। ਸ੍ਰੀ ਭਗਵੰਤ ਹਰਿ ਭਗਵਾਨ, ਪਰਮ ਪੁਰਖ ਅਖਵਾਇੰਦਾ। ਸੋ ਪੁਰਖ ਨਿਰੰਜਨ ਹਰਿ ਮਿਹਰਵਾਨ, ਹਰਿ ਪੁਰਖ ਨਿਰੰਜਨ ਦਯਾ ਕਮਾਇੰਦਾ। ਆਦਿ ਨਿਰੰਜਨ ਜੋਤ ਮਹਾਨ, ਏਕੰਕਾਰਾ ਡਗਮਗਾਇੰਦਾ। ਸਚ ਤਖਤ ਨੌਜਵਾਨ, ਇਕ ਅਕੱਲਾ ਆਸਨ ਲਾਇੰਦਾ। ਸਚਖੰਡ ਨਿਵਾਸੀ ਹੋ ਪ੍ਰਧਾਨ, ਆਪ ਆਪਣਾ ਹੁਕਮ ਸੁਣਾਇੰਦਾ। ਧੁਰ ਫ਼ਰਮਾਨਾ ਇਕ ਗਿਆਨ, ਸ਼ਬਦ ਅਨਾਦੀ ਨਾਦ ਵਜਾਇੰਦਾ। ਪ੍ਰਗਟ ਹੋ ਸ੍ਰੀ ਭਗਵਾਨ, ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਇਕ ਅਕੱਲਾ, ਹਰਿ ਪੁਰਖ ਨਿਰੰਜਨ ਆਪ ਕਰਾਇੰਦਾ। ਵਸਣਹਾਰਾ ਉਚ ਮਹੱਲਾ, ਸਚ ਦਵਾਰਾ ਇਕ ਸੁਹਾਇੰਦਾ। ਆਪਣੀ ਸਕਤੀ ਆਪਣੀ ਜੋਤੀ ਆਪੇ ਰੱਲਾ, ਆਪ ਆਪਣਾ ਮੇਲ ਮਿਲਾਇੰਦਾ। ਆਪਣੇ ਦੀਪਕ ਆਪੇ ਬੱਲਾ, ਤੇਲ ਬਾਤੀ ਨਾ ਕੋਈ ਰਖਾਇੰਦਾ। ਆਪਣਾ ਆਸਨ ਆਪੇ ਮੱਲਾ, ਸਚ ਸਿੰਘਾਸਨ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਨਾਉਂ ਧਰਾਇੰਦਾ। ਜੂਨੀ ਰਹਿਤ ਏਕੰਕਾਰ, ਪੁਰਖ ਅਕਾਲ ਵੱਡੀ ਵਡਿਆਇਆ। ਨਿਰਭੈ ਰੂਪ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਨਾ ਮਰੇ ਨਾ ਪਏ ਜੰਮ ਵਿਚ ਸੰਸਾਰ, ਆਦਿ ਜੁਗਾਦੀ ਰਚਨ ਰਚਾਈਆ। ਤ੍ਰੈਗੁਣ ਮਾਇਆ ਵਸਿਆ ਬਾਹਿਰ, ਪੰਜ ਤਤ ਨਾ ਕੋਏ ਵਖਾਈਆ। ਮਾਤ ਪਿਤ ਨਾ ਸੁਤ ਦੁਲਾਰ, ਭਾਈ ਭੈਣ ਨਾ ਕੋਈ ਜਣਾਈਆ। ਘਰ ਮੰਦਰ ਨਾ ਕੋਏ ਦਵਾਰ, ਛੱਪਰ ਛੰਨ ਨਾ ਕੋਏ ਛੁਹਾਈਆ। ਨਾ ਕੋਈ ਦੂਸਰ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਵਖਾਈਆ। ਨਾ ਕੋਈ ਗੁਰ ਪੀਰ ਅਵਤਾਰ, ਸਾਧ ਸੰਤ ਨਜ਼ਰ ਨਾ ਆਈਆ। ਰਵ ਸਸ ਨਾ ਕੋਇ ਉਜਿਆਰ, ਤਾਰਾ ਮੰਡਲ ਨਾ ਕੋਏ ਉਪਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਆਕਾਰ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਜਲ ਬਿੰਬ ਨਾ ਕੋਇ ਧਾਰ, ਧਰਤ ਧਵਲ ਨਾ ਕੋਇ ਰਖਾਈਆ। ਜੰਗਲ ਜੂਹ ਨਾ ਕੋਇ ਪਹਾੜ, ਡੂੰਘੀ ਕੰਦਰ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਨਾ ਕੋਇ ਅਧਾਰ, ਰਜੋ ਤਮੋ ਸਤੋ ਨਾ ਰੂਪ ਵਖਾਈਆ। ਪੰਜ ਤਤ ਨਾ ਕੋਇ ਪਿਆਰ, ਪੰਚਮ ਜੋੜ ਨਾ ਕੋਇ ਜੁੜਾਈਆ। ਨਾ ਕੋਈ ਦੀਸੇ ਨੌ ਦਵਾਰ, ਘਰ ਵਿਚ ਘਰ ਨਾ ਕੋਇ ਬਣਾਈਆ। ਜੋਤ ਨਿਰੰਜਨ ਨਾ ਕੋਇ ਉਜਿਆਰ, ਵੰਡਨ ਵੰਡ ਨਾ ਕੋਏ ਰਖਾਈਆ। ਨਾ ਕੋਈ ਦੀਸੇ ਬ੍ਰਹਮ ਗਿਆਨ, ਇਸ਼ਟ ਦੇਵ ਨਾ ਕੋਇ ਜਣਾਈਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਰਚਨ ਰਚਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਇ ਰਚਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਬਾਵਨ ਭੇਖ ਵਟਾਈਆ। ਨਾ ਕੋਈ ਈਸਾ ਮੂਸਾ ਕਰਨ ਸਲਾਮ, ਮੁਹੰਮਦ ਯਾਰ ਨਾ ਸੰਗ ਰਖਾਈਆ। ਨਾਨਕ ਗੋਬਿੰਦ ਨਾ ਕੋਈ ਵਖਾਣ, ਤਤਵ ਤਤ ਨਾ ਰੂਪ ਵਟਾਈਆ। ਲੱਖ ਚੁਰਾਸੀ ਨਾ ਕੋਏ ਨਿਸ਼ਾਨ, ਨਿਸ਼ਅੱਖਰ ਨਾ ਕੋਇ ਪੜ੍ਹਾਈਆ। ਚਾਰ ਵੇਦ ਨਾ ਕੋਇ ਗਿਆਨ, ਸ਼ਾਸਤਰ ਸਿਮਰਤ ਨਾ ਕੋਏ ਲਿਖਾਈਆ। ਵੇਦ ਵਿਆਸ ਨਾ ਲਿਖੇ ਪੁਰਾਨ, ਅਠਾਰਾਂ ਮੇਲ ਨਾ ਕੋਏ ਮਿਲਾਈਆ। ਗੀਤਾ ਕਰੇ ਨਾ ਕੋਏ ਪ੍ਰਧਾਨ, ਰਾਜਨ ਮੀਤ ਤੀਸ ਬਤੀਸ ਨਾ ਕੋਏ ਗਾਈਆ। ਚਾਰ ਖਾਣੀ ਨਾ ਮੰਗੇ ਨਾਮ ਨਿਧਾਨ, ਉਤਭੁਜ ਸੇਤਜ ਜੇਰਜ ਅੰਡ ਨਾ ਵੇਖ ਵਿਖਾਈਆ। ਚਾਰ ਬਾਣੀ ਨਾ ਕੋਏ ਮਾਣ, ਪਰਾ ਪਸੰਤੀ ਮਧਮ ਬੈਖਰੀ ਕੋਏ ਨਾ ਗਾਈਆ। ਸਰ ਸਰੋਵਰ ਨਾ ਕੋਏ ਅਸ਼ਨਾਨ, ਤੀਰਥ ਤਟ ਕਿਨਾਰਾ ਨਾ ਕੋਏ ਬਣਾਈਆ। ਗੁਰਦਰ ਮੰਦਰ ਮਸਜਦ ਮਠ ਸ਼ਿਵਦਵਾਲਾ ਨਾ ਕੋਏ ਮਕਾਨ, ਕੁਲਾ ਖੰਡ ਨਾ ਰਚਨ ਰਚਾਈਆ। ਮੁਲਾਂ ਸੇਖ ਮਸਾਇਕ ਪੀਰ ਦਸਤਗੀਰ ਸਾਹ ਹਕੀਰ ਬਹਿ ਬਹਿ ਦਰ ਦਰ ਕੋਏ ਨਾ ਗਾਣ, ਨਾ ਕੋਈ ਕਰੀ ਪੜ੍ਹਾਈਆ। ਇਕ ਇਕੱਲਾ ਏਕੰਕਾਰ, ਸਚ ਮਹੱਲੇ ਕਰ ਤਿਆਰ, ਨਿਰਗੁਣ ਦੀਪਕ ਕਰ ਉਜਿਆਰ। ਸ਼ਬਦ ਅਗੰਮੀ ਸਾਚੀ ਧਾਰ, ਘਰ ਸਾਚੇ ਆਪ ਚਲਾਈਆ। ਸਾਚਾ ਘਰ ਸਚਖੰਡ ਪੁਰਖ ਅਗੰਮ ਆਪ ਉਪਾਇਆ। ਆਪੇ ਵੰਡੇ ਆਪਣੀ ਵੰਡ, ਬ੍ਰਹਿਮੰਡ ਖੰਡ ਰਚਨ ਰਚਾਇਆ। ਆਪੇ ਚਾੜ੍ਹੇ ਆਪਣਾ ਚੰਦ, ਰਵ ਸਸ ਸੇਵਾ ਸਾਚੀ ਲਾਇਆ। ਆਪੇ ਹੋਏ ਸਰਬ ਬਖਸ਼ੰਦ, ਦੀਨ ਦਇਆਲਾ ਨਾਉਂ ਧਰਾਇਆ। ਆਪ ਉਪਜਾਏ ਆਪਣਾ ਛੰਦ, ਆਪਣੀ ਧੁਨ ਆਪ ਅਲਾਇਆ। ਆਪੇ ਜਾਣੇ ਆਪਣਾ ਪਰਮਾਨੰਦ, ਨਿਜ਼ਾਨੰਦ ਆਪ ਵੇਖ ਵਿਖਾਇਆ। ਆਪੇ ਢਾਏ ਭਰਮਾਂ ਕੰਧ, ਆਪੇ ਪੜਦਾ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪਣਾ ਨਾਉਂ ਧਰਾਇਆ। ਏਕੰਕਾਰਾ ਸ਼ਹਿਨਸ਼ਾਹ, ਸ਼ਹਿਨਸ਼ਾਹ ਸੁਲਤਾਨਾ। ਵਸਣਹਾਰਾ ਸਾਚੇ ਥਾਂ, ਸਚਖੰਡ ਦਵਾਰਾ ਇਕ ਮਕਾਨਾ। ਥਿਰ ਘਰ ਬਹਿ ਬਹਿ ਪਕੜੇ ਬਾਂਹ, ਮੰਦਰ ਅੰਦਰ ਸਚ ਟਿਕਾਨਾ। ਦੋ ਜਹਾਨਾਂ ਕਰੇ ਸਚ ਨਿਆਂ, ਏਕਾ ਏਕ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਹਰਿ ਸਾਚਾ ਰਚਨ ਰਚੰਦੜਾ, ਇਕ ਅਕੱਲਾ ਏਕੰਕਾਰ। ਸਚਖੰਡ ਦਵਾਰਾ ਇਕ ਸੁਹੰਦੜਾ, ਨਿਰਗੁਣ ਨੂਰ ਕਰ ਉਜਿਆਰ। ਸ਼ਬਦ ਅਨਾਦੀ ਧੁਨ ਉਪਜੰਦੜਾ, ਆਪ ਆਪਣੀ ਕਿਰਪਾ ਧਾਰ। ਸਾਚਾ ਸੁਤ ਆਪ ਉਠੰਦੜਾ, ਸਾਰ ਸ਼ਬਦ ਕਰ ਪਿਆਰ। ਧੁਰ ਫ਼ਰਮਾਨਾ ਆਪ ਸੁਨੰਦੜਾ, ਆਪ ਹੋਇਆ ਖਬਰਦਾਰ। ਲੋਆਂ ਪੁਰੀਆਂ ਰਚਨ ਰਚੰਦੜਾ, ਮੰਡਲ ਮੰਡਪ ਲਏ ਉਸਾਰ। ਰਵ ਸਸ ਆਪਣੀ ਜੋਤ ਜਗੰਦੜਾ, ਨਿਰਗੁਣ ਮੀਤ ਮੀਤ ਮੁਰਾਰ। ਆਪਣਾ ਰੰਗ ਆਪ ਰਗੰਦੜਾ, ਵਿਸ਼ਨੂੰ ਰੂਪ ਕਰੇ ਕਰਤਾਰ। ਬ੍ਰਹਮਾ ਆਪਣੇ ਕੋਲ ਖਲੰਦੜਾ, ਆਪੇ ਅੰਦਰ ਆਪੇ ਬਾਹਿਰ। ਸ਼ੰਕਰ ਧੂਆਂਧਾਰ ਰਖੰਦੜਾ, ਨਿਰਗੁਣ ਖੇਲ ਅਪਰ ਅਪਾਰ। ਤਿੰਨਾਂ ਏਕਾ ਰੂਪ ਵਸੰਦੜਾ, ਹਰਿ ਸਾਚਾ ਸਿਰਜਨਹਾਰ। ਸਾਚੀ ਵਸਤ ਇਕ ਵਖੰਦੜਾ, ਆਪ ਆਪਣਾ ਖੋਲ੍ਹ ਦਵਾਰ, ਬ੍ਰਹਮਾ ਵਿਸ਼ਨ ਸ਼ਿਵ ਨੇਤਰ ਵੇਖ ਸੀਸ ਨਵੰਦੜਾ, ਢਹਿ ਢਹਿ ਪੈਣ ਚਰਨ ਦਵਾਰ। ਪ੍ਰਭ ਅਬਿਨਾਸ਼ੀ ਆਪਣਾ ਭੇਵ ਖੁਲੰਦੜਾ, ਬਖਸ਼ੇ ਸ਼ਬਦ ਸਚੀ ਧੁਨਕਾਰ। ਵਿਸ਼ਨੂੰ ਅਗੇ ਝੋਲੀ ਡਹੰਦੜਾ, ਪ੍ਰਭ ਭਰੇ ਇਕ ਭੰਡਾਰ। ਬ੍ਰਹਮਾ ਆਪਣੀ ਅੱਖ ਖੁਲੰਦੜਾ, ਨੇਤਰ ਗਿਆਨ ਦੇਵੇ ਪ੍ਰਭ ਕਿਰਪਾ ਧਾਰ। ਚਾਰੇ ਵੇਦਾਂ ਵੇਖ ਵੇਖ ਵਖੰਦੜਾ, ਉਤਪਤ ਕਰੇ ਸਰਬ ਸੰਸਾਰ। ਸ਼ਿਵ ਅੰਤਮ ਲੇਖ ਚੁਕੰਦੜਾ, ਜੋ ਉਪਜੇ ਦਏ ਸੰਘਾਰ। ਤਿੰਨਾਂ ਵਿਚੋਲਾ ਹਰਿ ਅਖਵੰਦੜਾ, ਵਡ ਦਾਤਾ ਸਿਰਜਨਹਾਰ। ਲੱਖ ਚੁਰਾਸੀ ਵੇਸ ਵਟੰਦੜਾ, ਆਪ ਆਪਣੀ ਕਿਰਪਾ ਧਾਰ। ਅੱਠਾਂ ਤੱਤਾਂ ਮੇਲ ਮਿਲੰਦੜਾ, ਮਨ ਮਤ ਬੁਧ ਕਰੇ ਪਿਆਰ। ਜੁਗ ਜੁਗ ਆਪਣਾ ਖੇਲ ਖਿਲੰਦੜਾ, ਨਿਰਗੁਣ ਸਰਗੁਣ ਲਏ ਅਵਤਾਰ। ਗੁਰ ਸਤਿਗੁਰ ਨਾਉਂ ਧਿਰੰਦੜਾ, ਸਾਧਾਂ ਸੰਤਾਂ ਹਰਿ ਹਰਿ ਹਿਰਦੇ ਨਾਮ ਇਕ ਆਧਾਰ। ਏਕਾ ਅੰਮ੍ਰਿਤ ਜਾਮ ਪਿਲੰਦੜਾ, ਆਤਮ ਅੰਤਰ ਠੰਡੀ ਠਾਰ। ਸਰ ਸਰੋਵਰ ਇਕ ਨੁਹੰਦੜਾ, ਡੁੰਘੀ ਭਵਰੀ ਕਰ ਵਿਚਾਰ। ਕਾਗੋਂ ਹੰਸ ਬਨੰਦੜਾ, ਸਿਰ ਰੱਖ ਹੱਥ ਕਰਤਾਰ। ਏਕਾ ਅਨਹਦ ਤਾਲ ਵਜੰਦੜਾ, ਪੰਚਮ ਸਖੀਆਂ ਮੇਲਾ ਮੀਤ ਮੁਰਾਰ। ਬੰਦ ਕੁਆੜੀ ਆਪ ਖੁਲੰਦੜਾ, ਬਜਰ ਕਪਾਟੀ ਦੇਵੇ ਪਾੜ। ਆਤਮ ਸੇਜਾ ਹਰਿ ਸੁਹੰਦੜਾ, ਆਪਣੇ ਰੰਗ ਰਵੇ ਨਿਰੰਕਾਰ। ਸੁਰਤ ਸਵਾਣੀ ਵੇਖ ਵਖੰਦੜਾ, ਗੁਰਮੁਖ ਸਾਜਨ ਕਰ ਪਿਆਰ। ਸਾਚੇ ਸ਼ਬਦ ਮੇਲ ਮਿਲੰਦੜਾ, ਨਾਤਾ ਤੁਟੇ ਸਰਬ ਸੰਸਾਰ। ਮੰਗਲ ਗਾਏ ਘਰ ਸਾਚਾ ਇਕ ਸੁਹੰਦੜਾ, ਗੀਤ ਸੁਹਾਗੀ ਸਾਚੀ ਨਾਰ। ਪਿਰ ਪਾਇਆ ਜੋਬਨ ਸਚ ਹਢੰਦੜਾ, ਘਰ ਮਿਲਿਆ ਕੰਤ ਭਤਾਰ। ਸਾਚੀ ਸੇਜਾ ਆਪ ਸੁਹੰਦੜਾ, ਨਿਰਗੁਣ ਨਿਰਗੁਣ ਕਰ ਪਿਆਰ। ਆਪਣੇ ਅੰਕ ਆਪ ਲਗੰਦੜਾ, ਅੰਗੀਕਾਰ ਆਪ ਅਖਵੰਦੜਾ, ਆਪਣੇ ਅੰਗ ਲਾਏ ਕਰਤਾਰ । ਦਸਮ ਦਵਾਰੀ ਮੇਲ ਮਿਲੰਦੜਾ, ਹਰਿ ਭਗਤਨ ਜਾਏ ਤਾਰ। ਸੱਚੇ ਪਾਤਸਾਹ ਆਪ ਅਖਵੰਦੜਾ, ਆਦਿ ਜੁਗਾਦੀ ਇਕ ਅਵਤਾਰ। ਨੌ ਸੌ ਚੁਰਾਨਵੇ ਚੌਕੜੀ ਜੁਗ ਜੁਗੰਦੜਾ, ਘਲਦਾ ਰਿਹਾ ਗੁਰ ਪੀਰ ਅਵਤਾਰ। ਆਪਣਾ ਭਾਣਾ ਆਪ ਰਖੰਦੜਾ, ਦਿਸ ਨਾ ਆਏ ਵਿਚ ਸੰਸਾਰ। ਛੱਤੀ ਜੁਗ ਨਾ ਵੇਸ ਵਟੰਦੜਾ, ਵੇਸ ਅਨੇਕਾ ਏਕੰਕਾਰ। ਸਤਿਜੁਗ ਤ੍ਰੇਤਾ ਦੁਆਪਰ ਰੇਖ ਮਿਟੰਦੜਾ, ਕਲਜੁਗ ਅੰਤਮ ਖੇਲੇ ਖੇਲ ਅਪਰ ਅਪਾਰ। ਰਾਮ ਕ੍ਰਿਸ਼ਨ ਲਹਿਣਾ ਦੇਣ ਚੁਕੰਦੜਾ, ਲੇਖਾ ਜਾਣੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ। ਨਾਨਕ ਨਿਰਗੁਣ ਖੇਲ ਖਿਲੰਦੜਾ, ਗੁਰ ਗੋਬਿੰਦ ਸਾਚੀ ਧਾਰ। ਹਰਿ ਗੋਬਿੰਦ ਮੇਲ ਮਿਲੰਦੜਾ, ਸੰਬਲ ਨਗਰੀ ਧਾਮ ਨਿਆਰ। ਸਚ ਸੰਘਾਸਨ ਇਕ ਵਖੰਦੜਾ, ਹਰਿ ਭਗਤਾਂ ਕਰ ਪਿਆਰ। ਨੇਤਰ ਆਪਣਾ ਆਪ ਖੁਲੰਦੜਾ, ਲੋਚਨ ਕਰੇ ਬੰਦ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਲਏ ਅਵਤਾਰ। ਲੋਕਮਾਤ ਹਰਿ ਅਵਤਾਰਾ, ਹਰੀ ਹਰਿ ਵੱਡੀ ਵਡਿਆਈਆ। ਜੁਗਾ ਜੁਗੰਤਰ ਖੇਲ ਨਿਆਰਾ, ਕਰਤਾ ਪੁਰਖ ਭੇਵ ਨਾ ਰਾਈਆ। ਆਪਣਾ ਨਾਮ ਸਤਿ ਭਰੇ ਭੰਡਾਰਾ, ਸਤਿ ਸਤਿ ਦਏ ਵਰਤਾਈਆ। ਨਿਰਭੈ ਰੂਪ ਹੋਏ ਵਿਚ ਸੰਸਾਰਾ, ਸ੍ਰਿਸ਼ਟ ਸਬਾਈ ਲਏ ਉਠਾਈਆ। ਮੂਰਤ ਅਕਾਲ ਖੇਲ ਨਿਆਰਾ, ਅਕਲ ਕਲ ਵੱਡੀ ਵਡਿਆਈਆ। ਜੂਨੀ ਰਹਿਤ ਵਰਤੇ ਵਰਤਾਵੇ ਨਿਰਗੁਣ ਧਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਪੁਰਖ ਨਿਰੰਜਨ ਸਿਰਜਨਹਾਰਾ, ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਹਰਿ ਪੁਰਖ ਨਿਰੰਜਨ ਕਰ ਪਸਾਰਾ, ਘਰ ਘਰ ਬੈਠਾ ਜੋਤ ਜਗਾਈਆ। ਆਦਿ ਨਿਰੰਜਨ ਹੋ ਉਜਿਆਰਾ, ਦਿਵਸ ਰੈਣ ਡਗਮਗਾਈਆ। ਸ੍ਰੀ ਭਗਵਾਨ ਪਾਵੇ ਸਾਰਾ, ਹਰਿ ਭਗਤਨ ਵੇਖ ਵਖਾਈਆ। ਪੁਰਖ ਅਬਨਾਸ਼ੀ ਮੀਤ ਮੁਰਾਰਾ, ਸੰਤ ਸੁਹੇਲੇ ਲਏ ਜਗਾਈਆ। ਪਾਰਬ੍ਰਹਮ ਪਰਗਟ ਹੋ ਵਿਚ ਸੰਸਾਰਾ, ਬ੍ਰਹਮ ਬ੍ਰਹਮ ਲਏ ਉਠਾਈਆ। ਏਕਾ ਨਾਦ ਸ਼ਬਦ ਧੁਨਕਾਰਾ, ਬ੍ਰਹਿਮ ਬ੍ਰਹਿਮਾਦ ਆਪ ਸੁਣਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਲੋਆਂ ਪੁਰੀਆਂ ਦਏ ਸਮਝਾਈਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਕ੍ਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਪ ਉਠਾਈਆ। ਗਣ ਗੰਧਰਬ ਕਿੰਨਰ ਜਛਪ ਦਏ ਦੁਹਾਈ ਲੱਖ ਚੁਰਾਸੀ ਪਾਵੇ ਸਾਰਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪਾਈਆ। ਉਚੇ ਟਿਲੇ ਪਰਬਤ ਵੇਖੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਗਾਰਾ ਜਲ ਥਲ ਮਹੀਅਲ ਰਿਹਾ ਸਮਾਈਆ। ਨਾਥ ਅਨਾਥਾਂ ਪੂਜਾ ਪਾਠ ਅਪਰ ਅਪਾਰਾ, ਏਕਾ ਅੱਖਰ ਦਏ ਪੜ੍ਹਾਈਆ। ਨਿਸ਼ਅੱਖਰ ਦਿਸ ਨਾ ਆਏ ਵਿਚ ਸੰਸਾਰਾ, ਸੋ ਪੁਰਖ ਨਿਰੰਜਣ ਆਪੇ ਗਾਈਆ। ਹਰਿ ਪੁਰਖ ਨਿਰੰਜਨ ਬੋਲ ਜੈਕਾਰਾ, ਆਪਣੇ ਨਾਮ ਦਏ ਵਡਿਆਈਆ। ਜਨ ਭਗਤਾਂ ਭਰੇ ਸਚ ਭੰਡਾਰਾ, ਅਤੋਟ ਅਤੁਟ ਰਖਾਈਆ। ਹਰਿ ਸੰਤਨ ਮੇਲਾ ਇਕ ਦਵਾਰਾ, ਸਾਚੇ ਘਰ ਮੇਲ ਮਿਲਾਈਆ। ਗੁਰਮੁਖ ਦੇਵੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਗੁਰਸਿਖਾਂ ਤਨ ਕਰੇ ਸ਼ੰਗਾਰਾ, ਤਨ ਬਸਤਰ ਭੂਸ਼ਨ ਏਕਾ ਨਾਮ ਵਖਾਈਆ। ਜਗਤ ਜਗਦੀਸ ਖੇਲ ਅਪਾਰਾ, ਸਚ ਹਦੀਸ ਕਰੇ ਪੜ੍ਹਾਈਆ। ਰਾਗ ਛਤੀਸ ਨਾ ਪਾਵੇ ਸਾਰਾ, ਨਾਰਦ ਮੁਨ ਸੁਰਸਤੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਖੇਲੇ ਖੇਲ ਜੁਗਾ ਜੁਗੰਤਾ, ਜੁਗ ਕਰਤਾ ਵਡ ਵਡਿਆਈਆ। ਜੁਗ ਕਰਤਾ ਹਰਿ ਕਰਨੇਹਾਰਾ, ਸਤਿ ਪੁਰਖ ਨਿਰੰਜਨ ਆਪ ਅਖਵਾਇੰਦਾ। ਕਲਜੁਗ ਵੇਖੇ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਇੰਦਾ। ਨਾ ਕੋਈ ਮੰਦਰ ਨਾ ਦਵਾਰਾ, ਨਾ ਕੋਈ ਸਾਚੀ ਭਿਛਿਆ ਮੰਗ ਮੰਗਾਇੰਦਾ। ਨਾ ਕੋਈ ਸ਼ਾਹ ਨਾ ਸਿਕਦਾਰਾ, ਰਾਜ ਰਾਜਾਨ ਨਾ ਕੋਇ ਅਖਵਾਇੰਦਾ। ਨਾ ਕੋਈ ਦਰ ਨਾ ਦਰਬਾਨਾ, ਨਿਉਂ ਨਿਉਂ ਸੀਸ ਨਾ ਕੋਈ ਝੁਕਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨਾ, ਨਾ ਕੋਈ ਬੰਸਰੀ ਨਾਮ ਵਜਾਇੰਦਾ। ਨਾ ਕੋਈ ਸੀਤਾ ਰਾਮ ਬੰਨੇ ਗਾਨਾ, ਸੁਰਤੀ ਸੀਤਾ ਨਾ ਕੋਈ ਪ੍ਰਨਾਇੰਦਾ। ਨਾ ਕੋਈ ਸ਼ਬਦ ਨਾ ਤਰਾਨਾ, ਅਨਹਦ ਰਾਗ ਨਾ ਕੋਈ ਅਲਾਇੰਦਾ। ਨਾ ਕੋਈ ਪੀਣਾ ਨਾ ਕੋਈ ਖਾਣਾ, ਆਤਮ ਤ੍ਰਿਸ਼ਨਾ ਭੁੱਖ ਨਾ ਕੋਏ ਮਿਟਾਇੰਦਾ। ਨਾ ਕੋਈ ਵਿਖਾਏ ਪਦ ਨਿਰਬਾਣਾ, ਬ੍ਰਹਮ ਪਾਰਬ੍ਰਹਮ ਨਾ ਮੇਲ ਮਿਲਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਜਹਾਨਾ, ਈਸ਼ ਜੀਵ ਸਾਚਾ ਰੰਗ ਨਾ ਕੋਏ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਵਟਾਇਆ ਹਰਿ ਅਵੱਲਾ, ਹਰਿ ਪੁਰਖ ਵਡ ਵਡਿਆਈਆ। ਸਚਖੰਡ ਨਿਵਾਸੀ ਇਕ ਅਕੱਲਾ, ਕਾਦਰ ਕਰਤਾ ਖੇਲ ਖਿਲਾਈਆ। ਪਾਵੇ ਸਾਰ ਰਾਣੀ ਅੱਲਾ, ਬੇਐਬ ਪਰਵਰਦਿਗਾਰ ਨੂਰ ਅਲਾਹੀਆ। ਚੌਦਾਂ ਲੋਕ ਪਏ ਤਰਥੱਲਾ, ਚੌਂਦਾਂ ਤਬਕਾਂ ਵੇਖ ਵਖਾਈਆ। ਸਚ ਸੁਨੇਹੜਾ ਏਕਾ ਘੱਲਾ, ਲਾਸ਼ਰੀਕ ਸਰਬ ਖ਼ੁਦਾਈਆ। ਮੁਕਾਮੇ ਹੱਕ ਦਰ ਘਰ ਸਾਚਾ ਏਕਾ ਮੱਲਾ, ਹਕ ਹਕੀਕਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰਾ ਹਰਿ ਨਿਰੰਕਾਰਾ, ਨਿਰਵੈਰ ਵੱਡੀ ਵਡਿਆਈਆ। ਵਡ ਵਡਿਆਈ ਪੁਰਖ ਸੁਲਤਾਨ, ਹੰ ਬ੍ਰਹਮ ਭੇਵ ਖੁਲਾਇੰਦਾ। ਲੋਕਮਾਤ ਹੋ ਪ੍ਰਧਾਨ, ਏਕਾ ਡੰਕਾ ਨਾਮ ਵਜਾਇੰਦਾ। ਨਾਤਾ ਤੋੜੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਇੰਦਾ। ਤੀਰ ਅਣਿਆਲਾ ਮਾਰੇ ਬਾਣ, ਮੁਖੀ ਤਿੱਖੀ ਆਪ ਬਣਾਇੰਦਾ। ਧਰਮ ਵਿਖਾਏ ਇਕ ਨਿਸ਼ਾਨ, ਚਾਰ ਵਰਨਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਏਕਾ ਲਾਇੰਦਾ। ਕਲਜੁਗ ਤੇਰਾ ਅੰਤਮ ਪੰਧ, ਹਰਿ ਸਾਚਾ ਆਪ ਮੁਕਾਈਆ। ਜਨ ਭਗਤਾਂ ਤੋੜੇ ਚੁਰਾਸੀ ਫੰਦ, ਰਾਏ ਧਰਮ ਨਾ ਦਏ ਸਜਾਈਆ। ਜਿਸ ਜਨ ਗਾਇਆ ਬੱਤੀ ਦੰਦ, ਨਿਝ ਘਰ ਸਾਚੇ ਮੇਲ ਮਿਲਾਈਆ। ਦਿਵਸ ਰੈਣ ਪਰਮਾਨੰਦ, ਅੱਠੇ ਪਹਿਰ ਇਕ ਲਿਵ ਲਾਈਆ। ਜੋਤ ਨਿਰੰਜਨ ਚਾੜ੍ਹੇ ਚੰਦ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਰਾਗ ਅਨਹਦ, ਤਾਰ ਸਤਾਰ ਆਪ ਹਿਲਾਈਆ। ਜਾਮ ਪਿਆਏ ਸਾਚੀ ਮਦਿ, ਭਰ ਪਿਆਲਾ ਮੁਖ ਲਗਾਈਆ। ਪਾਰ ਕਰਾਏ ਨੌਂ ਦਵਾਰੇ ਹੱਦ, ਆਪਣਾ ਕਿਲਾ ਆਪ ਤੁੜਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਚਰਨ ਦਵਾਰੇ ਆਪਣੇ ਸੱਦ, ਸਤਿਗੁਰ ਪੂਰਾ ਆਪ ਅਖਵਾਈਆ। ਜਗਤ ਵਿਕਾਰਾ ਦੇਵੇ ਕੱਢ, ਹਉਮੇ ਹੰਗਤਾ ਦਏ ਮਿਟਾਈਆ। ਸਤਿ ਪੁਰਖ ਨਿਰੰਜਨ ਲਡਾਏ ਸਾਚਾ ਲਡ, ਗੁਰਸਿੱਖ ਬਾਲ ਅੰਞਾਣੇ ਗੋਦ ਉਠਾਈਆ। ਆਪ ਕਰਾਏ ਪਾਰ ਤ੍ਰਲੋਕੀ ਹੱਦ, ਦਰਗਹਿ ਸਾਚੀ ਮੇਲ ਮਿਲਾਈਆ। ਅੱਧ ਵਿਚਕਾਰ ਨਾ ਜਾਏ ਛੱਡ, ਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਆਪਣਾ ਨਾਉਂ ਪ੍ਰਗਟਾਈਆ। ਸਤਿਗੁਰ ਪੂਰਾ ਦੀਨ ਦਇਆਲ, ਦਯਾ ਨਿਧ ਅਖਵਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਆਪ ਆਪਣਾ ਮੇਲ ਮਿਲਾਇੰਦਾ। ਅੰ੍ਰਮਿਤ ਸੁਹਾਏ ਸਾਚਾ ਤਾਲ, ਆਤਮ ਅੰਤਰ ਆਪ ਵਖਾਇੰਦਾ। ਦੇਵੇ ਨਾਮ ਸਚਾ ਧਨ ਮਾਲ, ਚੋਰ ਯਾਰ ਠੱਗ ਲੁੱਟ ਕੋਏ ਨਾ ਜਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਸਚ ਦਲਾਲ ਆਪ ਹੋ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਅੰਤਮ ਲਏ ਭਾਲ, ਗੁਰ ਗੋਬਿੰਦ ਵੇਸ ਵਟਾਇੰਦਾ। ਚਰਨ ਦਵਾਰ ਰਖਾਏ ਕਾਲ ਮਹਾਂਕਾਲ, ਕਾਲ ਦਿਆਲ ਭੇਵ ਨਾ ਆਇੰਦਾ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲ, ਆਪ ਆਪਣੀ ਸੇਵ ਕਮਾਇੰਦਾ। ਲੱਖ ਚੁਰਾਸੀ ਵੇਖੇ ਪਤ ਡਾਹਲ, ਫੁੱਲ ਫੁਲਵਾੜੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਵਟਾਇੰਦਾ। ਨਾਉਂ ਵfਟੰਦੜਾ ਗਹਿਰ ਗੰਭੀਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਪੰਜ ਤਤ ਨਾ ਕੋਇ ਸ਼ਰੀਰ, ਤ੍ਰੈਗੁਣ ਰਚਨ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਨਾ ਕੋਇ ਫੜ, ਮਾਤ ਗਰਭ ਨਾ ਕੋਇ ਟਿਕਾਇੰਦਾ। ਨੇਤਰ ਵਹਾਏ ਨਾ ਕੋਇ ਨੀਰ, ਹੰਸ ਮੁਖ ਨਾ ਕੋਇ ਖੁਲ੍ਹਾਇੰਦਾ। ਮਾਤ ਸਚ ਨਾ ਕੋਇ ਸੀਰ, ਬੱਤੀ ਧਾਰ ਨਾ ਕੋਇ ਚਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਗ ਸਮਾਇੰਦਾ। ਰੰਗ ਰਤੜਾ ਹਰਿ ਕਰਤਾਰ, ਏਕਾ ਰੰਗ ਰੰਗਾਈਆ। ਧਾਮ ਅਨਡਿਠੜਾ ਅਪਰ ਅਪਾਰ, ਬੈਠਾ ਆਸਣ ਲਾਈਆ। ਕੋਟਨ ਕੋਟੀ ਲੱਭਦੇ ਫਿਰਦੇ ਜੰਗਲ ਜੂਹ ਵਿਚ ਪਹਾੜ, ਉਚੇ ਟਿਲੇ ਪਰਬਤ ਫੇਰੀਆਂ ਪਾਈਆ। ਕੋਟਨ ਕੋਟੀ ਬੈਠੇ ਡੂੰਘੀ ਗਾਰ, ਸੁਨ ਸਮਾਧ ਲਗਾਈਆ। ਕੋਟਨ ਕੋਟੀ ਉਚੀ ਕੂਕ ਵਾਜਾਂ ਮਾਰ, ਹਰਿ ਸੁਤਾ ਬੇਪਰਵਾਹ ਨਾ ਲਏ ਅੰਗੜਾਈਆ। ਕੋਟਨ ਕੋਟੀ ਹਵਨ ਧੂਪ ਕਰਨ ਸੰਸਾਰ, ਜਗਤ ਸਮਗਰੀ ਰਹੇ ਪਾਈਆ। ਬਿਨ ਹਰਿ ਭਗਤ ਨਾ ਜਾਏ ਕੋਈ ਦਵਾਰ, ਭਗਤ ਕਬੀਰਾ ਦਏ ਗਵਾਹੀਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਜਗਤ ਕਰਤਾ ਵਡ ਵਡਿਆਈਆ। ਜਿਸ ਜਨ ਕਿਰਪਾ ਕਰੇ ਅਪਰ ਅਪਾਰ, ਭੋਲੇ ਭਾਓ ਮੇਲ ਮਿਲਾਈਆ। ਧੰਨਾ ਜੱਟ ਰਿਹਾ ਪੁਕਾਰ, ਮਿਲਿਆ ਮੇਲ ਹਰਿ ਗੋਸਾਈਂਆ। ਕਲਜੁਗ ਅੰਤਮ ਖੇਲ ਨਿਰੰਕਾਰ, ਨਿਰਗੁਣ ਆਪਣਾ ਰਿਹਾ ਖੁਲ੍ਹਾਈਆ। ਹਰਿ ਸੰਗਤ ਧੰਨੇ ਕਰ ਤਿਆਰ, ਮੂਰਖ ਮੂੜੇ ਚਤਰ ਸੁਘੜ ਬਣਾਈਆ। ਮੇਲ ਮਿਲਾਏ ਦਰ ਦਵਾਰ, ਅੰਦਰ ਮੰਦਰ ਡੂੰਘੀ ਕੁੰਦਰ ਖੋਜ ਖੁਜਾਈਆ। ਸ਼ਬਦ ਡੋਰੀ ਹੱਥ ਕਰਤਾਰ, ਏਕਾ ਏਕ ਆਪ ਰਖਾਈਆ। ਲਖ ਚਰਾਸੀ ਵਿਚੋਂ ਬੰਨ ਲਿਆਏ ਚਰਨ ਦਵਾਰ, ਆਉਂਦਾ ਜਾਂਦਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣੇ ਹੱਥ ਰੱਖੀ ਵਡਿਆਈਆ। ਹੱਥ ਵਡਿਆਈ ਨਿਹਕਲੰਕ, ਇਕ ਅਕੱਲਾ ਇਕ ਏਕੰਕਾਰਿਆ। ਲੇਖਾ ਜਾਣੇ ਰਾਓ ਰੰਕ, ਰਾਜ ਰਾਜਾਨ ਵਿਚ ਸੰਸਾਰਿਆ। ਇਕ ਸੁਹਾਏ ਸਚ ਬੰਕ, ਹਰਿ ਭਗਤਨ ਦਰ ਦਰਬਾਰਿਆ। ਗੁਰਮੁਖ ਉਪਜਾਏ ਜਿਉਂ ਜਨ ਜਨਕ, ਜਨ ਜਨਣੀ ਲੇਖੇ ਲਾ ਰਿਹਾ। ਪਰਗਟ ਹੋਇਆ ਵਾਸੀ ਪੁਰੀ ਘਨਕ, ਘਨਕਪੁਰ ਵਾਸੀ ਖੇਲ ਖਿਲਾ ਰਿਹਾ। ਖੇਲੇ ਖੇਲ ਬਾਰ ਅਨਕ, ਨਿਤ ਨਵਿਤ ਵੇਸ ਧਰਾ ਲਿਆ। ਗੁਰਮੁਖਾਂ ਮੇਟਣਹਾਰਾ ਸ਼ੰਕ, ਲੱਖ ਚੁਰਾਸੀ ਭਰਮ ਭੁਲੇਖਾ ਆਪੇ ਪਾ ਰਿਹਾ। ਲਹਿਣਾ ਦੇਣ ਚੁਕਾਏ ਬ੍ਰਹਮੇ ਸੁਤ ਸਨਕ, ਸਨਤ ਕੁਮਾਰ ਸਨਾਤਨ ਸਨੰਦਨ ਮੇਲ ਮਿਲਾ ਰਿਹਾ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਵਜਾਏ ਆਪਣਾ ਡੰਕ, ਸਾਚਾ ਨਾਅਰਾ ਏਕਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਸਾਚਾ ਨਾਉਂ ਧਰਾ ਲਿਆ। ਸਤਿਗੁਰ ਸੱਜਨ ਮੀਤੜਾ, ਸਤਿ ਪੁਰਖ ਨਿਰੰਜਨ ਏਕ। ਜਨ ਭਗਤਾਂ ਰੰਗੇ ਕਾਇਆ ਚੋਲੀ ਚੀਥੜਾ, ਮਨ ਮਤ ਬੁਧ ਕਰੇ ਬਬੇਕ। ਮਿਠਾ ਕਰੇ ਕੌੜਾ ਰੀਠੜਾ, ਆਪੇ ਜਾਣੇ ਆਪਣੀ ਰੀਤ। ਆਦਿ ਜੁਗਾਦੀ ਪਤਿਤ ਪੁਨੀਤੜਾ, ਸਦਾ ਸੁਹੇਲਾ ਠਾਂਡਾ ਸੀਤ। ਗੁਰਮੁਖਾਂ ਦੇਵੇ ਨਾਮ ਇਕ ਅਨਡੀਨੜਾ, ਦਿਵਸ ਰੈਣ ਵਸੇ ਚੀਤ। ਮਾਨਸ ਜਨਮ ਹਰਿਜਨ ਵਿਰਲੇ ਜੀਤੜਾ, ਮਿਲਿਆ ਹਰਿ ਏਕਾ ਰੰਗ ਰੰਗਾਏ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਗੁਰੂਦਵਾਰ ਮੰਦਰ ਮਸਜਦ ਵਿਚ ਮਸੀਤ। ਗੁਰਮੁਖ ਮੰਦਰ ਸਚ ਦਵਾਰ, ਕਾਇਆ ਕਾਅਬਾ ਆਪ ਵਖਾਈਆ। ਪੁਰਖ ਅਬਿਨਾਸ਼ੀ ਨਿਰਗੁਣ ਧਾਰ, ਬੈਠਾ ਆਸਨ ਲਾਈਆ। ਅੱਠੇ ਪਹਿਰ ਵਾਜਾਂ ਰਿਹਾ ਮਾਰ, ਸ਼ਬਦ ਅਨਾਦੀ ਧੁਨ ਸੁਣਾਈਆ। ਆਪਣਾ ਨੇਤਰ ਆਪ ਉਘਾੜ, ਹਰਿਜਨ ਤੇਰਾ ਰਾਹ ਤਕਾਈਆ। ਆਤਮ ਸੇਜਾ ਸੁਤਾ ਕਰ ਪਿਆਰ, ਆਪ ਆਪਣੀ ਸੇਜ ਸੁਹਾਈਆ। ਆਸਨ ਸੋਲਾਂ ਕਲੀਆਂ ਕਰ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਨੇਤਰ ਲੋਚਲ ਨੈਣ ਕਿਸੇ ਨਾ ਦੀਸਾ ਵਿਚ ਸੰਸਾਰ, ਗੁਰਮੁਖ ਸਾਚੇ ਮੇਲ ਮਿਲਾਈਆ। ਪਾਵੇ ਭਿਛਿਆ ਹਰਿ ਨਿਰੰਕਾਰ, ਨਾਮ ਵਸਤ ਇਕ ਰਖਾਈਆ। ਸਿਖਿਆ ਸਿਖ ਸਿਖ ਉਤਰੇ ਪਾਰ, ਹਰਿਜਨ ਹਰਿ ਹਰਿ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਨਾਉਂ ਧਰਾਈਆ। ਸਰਗੁਣ ਨਿਰਗੁਣ ਹਰਿ ਨਿਰੰਕਾਰ, ਰੂਪ ਅਗੰਮ ਅਪਾਰਾ। ਸਰਗੁਣ ਨਿਰਗੁਣ ਖੇਲ ਅਪਾਰ, ਆਵਨ ਜਾਵਨ ਪਤਿਤ ਪਾਵਨ ਖੇਲੇ ਖੇਲ ਵਿਚ ਸੰਸਾਰਾ।