Granth 09 Likhat 014: 27 Maghar 2016 Bikarmi Mahinder Singh de Ghar Pind Kalla

੨੭ ਮੱਘਰ ੨੦੧੬ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਕੱਲਾ

ਗੁਰ ਚਰਨ ਤੁੱਟੇ ਹੰਕਾਰ, ਮਾਣ ਅਭਿਮਾਣ ਰਹਿਣ ਨਾ ਪਾਈਆ। ਗੁਰ ਚਰਨ ਤਨ ਸ਼ੰਗਾਰ, ਸ਼ਬਦ ਸਾਰ ਆਪ ਕਰਾਈਆ। ਗੁਰ ਚਰਨ ਭਗਤ ਅਧਾਰ, ਮਾਨਸ ਜਨਮ ਲੇਖੇ ਲਾਈਆ। ਗੁਰ ਚਰਨ ਰੰਗ ਕਰਤਾਰ, ਰੰਗ ਰੰਗੀਲਾ ਮੋਹਣ ਮਾਧਵ ਆਪ ਚੜ੍ਹਾਈਆ। ਗੁਰ ਚਰਨ ਸਚੀ ਸਰਕਾਰ, ਸ਼ਾਹੋ ਭੂਪ ਏਕਾ ਏਕ ਦਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚਰਨ ਖੋਲ੍ਹੇ ਹਰਨ ਫਰਨ, ਨੇਤਰ ਲੋਚਣ ਨੈਣ ਆਪਣਾ ਦਰਸ ਦਿਖਾਈਆ। ਗੁਰਚਰਨ ਰਾਗ ਨਾਦ ਸੰਗੀਤ, ਨਾਦ ਅਨਾਦੀ ਆਪ ਸੁਣਾਇੰਦਾ। ਗੁਰ ਚਰਨ ਸਾਧ ਸੰਤ ਸਚ ਪ੍ਰੀਤ, ਸਾਚੀ ਨੀਤੀ ਵੇਖ ਵਖਾਇੰਦਾ। ਗੁਰ ਚਰਨ ਮਾਨਸ ਮਨੁਖ ਜਨਮ ਲਏ ਜਿਤ, ਜਗਤ ਜੁਗਤ ਫੰਦ ਕਟਾਇੰਦਾ। ਗੁਰ ਚਰਨ ਨਿਰਮਲ ਕਰੇ ਅਤੀਤ, ਨਿਰਧਨ ਸਰਧਨ ਏਕਾ ਰੰਗ ਰੰਗਾਇੰਦਾ। ਗੁਰ ਚਰਨ ਪਤਤ ਪਾਪੀ ਕਰੇ ਪੁਨੀਤ, ਪਵਿਤ ਪਵਿਤ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿੱਖ ਆਪਣੇ ਲੇਖੇ ਲਾਇੰਦਾ।