੨੭ ਮੱਘਰ ੨੦੧੬ ਬਿਕ੍ਰਮੀ ਦਰਸ਼ਨ ਸਿੰਘ ਦੇ ਘਰ ਪਿੰਡ ਕੱਲਾ
ਗ੍ਰਹਿ ਮੰਦਰ ਹਰਿ ਮਾਣਕ ਮੋਤੀ, ਹੀਰੇ ਲਾਲ ਜਵਾਹਰ ਜੜਤ ਜੜਾਇੰਦਾ। ਗ੍ਰਹਿ ਮੰਦਰ ਹਰਿ ਨਿਰਗੁਣ ਜੋਤੀ, ਨੂਰ ਉਜਾਲਾ ਇਕ ਵਿਖਾਇੰਦਾ। ਗ੍ਰਹਿ ਮੰਦਰ ਘਰ ਏਕੋ ਜੋਤੀ, ਸਚਖੰਡ ਦਵਾਰਾ ਇਕ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੋਬਨ ਵੇਖ ਵਖਾਇੰਦਾ। ਗ੍ਰਹਿ ਮੰਦਰ ਘਰ ਵਸਿਆ, ਨਰ ਹਰਿ ਸਾਚਾ ਸੁਲਤਾਨ। ਗ੍ਰਹਿ ਮੰਦਰ ਫਿਰੇ ਨੱਸਿਆ, ਲੋਆਂ ਪੁਰੀਆਂ ਕਰ ਹੈਰਾਨ। ਗ੍ਰਹਿ ਮੰਦਰ ਮਾਰਗ ਦੱਸਿਆ, ਆਪ ਆਪਣੀ ਦਏ ਪਛਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਆਣ। ਗ੍ਰਹਿ ਮੰਦਰ ਹਰਿ ਸੁਹਾਇਆ, ਸਗਲ ਮਨੋਰਥ ਪੁਨ। ਹਰਿਜਨ ਨੇਤਰ ਦਰਸ਼ਨ ਪਾਇਆ, ਲੇਖਾ ਚੁਕਿਆ ਗੁਣ ਅਵਗੁਣ। ਪੁਰਖ ਅਬਿਨਾਸ਼ ਤਰਸ ਕਮਾਇਆ, ਜਨ ਸੱਜਣ ਲਏ ਚੁਣ। ਆਪਣਾ ਲੇਖਾ ਆਪ ਸਮਝਾਇਆ, ਸ਼ਬਦ ਜਣਾਈ ਸਾਚੀ ਧੁਨ। ਨਿਜ ਘਰ ਵਾਸੀ ਪਵਣ ਸਵਾਸੀ ਵੇਖ ਵਖਾਇਆ, ਸਰਬ ਪੁਕਾਰ ਰਿਹਾ ਸੁਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਲਖ ਚੁਰਾਸੀ ਛਾਨ ਪੁਣ। ਲਖ ਚੁਰਾਸੀ ਛਾਛ ਵਰੋਲ, ਹਰਿਜਨ ਮੱਖਣ ਲਏ ਕਢਾਈਆ। ਗੁਰਮੁਖ ਤੋਲੇ ਸਾਚੇ ਤੋਲ, ਏਕਾ ਕੰਡਾ ਹੱਥ ਉਠਾਈਆ। ਮਰਨ ਜੀਵਨ ਜੀਵਨ ਮਰਨ, ਏਕਾ ਰੰਗ ਵਿਖਾਇੰਦਾ। ਘਰ ਮੰਦਰ ਵੇਖੇ ਹਰੀ ਦਵਾਰ, ਹਰਿ ਸਾਚਾ ਆਸਣ ਲਾਇੰਦਾ। ਕਮਲਾਪਾਤੀ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਬੇੜਾ ਕਰ ਜਾਏ ਪਾਰ, ਸ਼ੌਹ ਦਰਿਆ ਨਾ ਕੋਈ ਰੁੜਾਇੰਦਾ। ਹਰਿ ਸੰਗਤ ਮੇਲਾ ਇਕ ਨਿਰੰਕਾਰ, ਨਾਮ ਭੋਜਨ ਇਕ ਖਵਾਇੰਦਾ। ਸਾਚੀ ਪੰਗਤ ਸੋਹੇ ਦਰ ਦਰਬਾਰ, ਕਾਇਆ ਰੰਗਤ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੁਕਾਏ ਜਗਤ ਡਰ, ਨਿਰਭੈ ਭੈ ਆਪਣਾ ਇਕ ਵਖਾਇੰਦਾ। ਘਰ ਮੰਦਰ ਹਰਿ ਗੋਪਾਲ, ਪਰਮ ਪੁਰਖ ਕਰਤਾਰਿਆ। ਹਰਿਜਨ ਵੇਖੇ ਸਾਚੇ ਲਾਲ, ਸੁਤ ਅਗੰਮੀ ਸ਼ਬਦ ਦੁਲਾਰਿਆ। ਦੋ ਜਹਾਨਾ ਕਰੇ ਪ੍ਰਿਤਪਾਲ, ਕਰਤਾ ਕਾਰਜ ਆਪ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾ ਰਿਹਾ। ਹਰਿ ਮੰਦਰ ਹਰਿ ਸੋਹਿਆ, ਇਕ ਅਕੱਲਾ ਏਕੰਕਾਰ। ਆਦਿ ਜੁਗਾਦਿ ਕਦੇ ਨਾ ਸੋਇਆ, ਆਲਸ ਨਿੰਦਰਾ ਨਾ ਕੋਈ ਵਿਚਾਰ। ਜਨ ਭਗਤਾਂ ਅੰਦਰ ਭਗਤੀ ਬੀਜ ਆਪੇ ਬੋਇਆ, ਹਿਰਦੇ ਨਾਮ ਦਾਨ ਉਰਧਾਰ। ਹਰਿ ਬਿਨ ਅਵਰ ਨਾ ਜਾਣੇ ਕੋਇਆ, ਭੇਵ ਨਾ ਪਾਏ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਮੰਦਰ ਮਹੱਲ ਅਟਾਰੀਆ, ਹਰਿ ਬੈਠਾ ਬੇਪ੍ਰਵਾਹ। ਨਿਰਗੁਣ ਨੂਰ ਕਰੇ ਉਜਆਰੀਆ, ਜੋਤੀ ਜੋਤ ਕਰੇ ਰੁਸ਼ਨਾ। ਸ਼ਬਦ ਅਨਾਦਿ ਸੱਚੀ ਧੁਨਕਾਰੀਆ, ਸੁਣੇ ਸੁਣਾਏ ਬੇਪ੍ਰਵਾਹ। ਸ਼ਾਹੋ ਭੂਪ ਸਚੀ ਸਿਕਦਾਰੀਆ, ਨਿਰਗੁਣ ਸਰਗੁਣ ਬਣੇ ਮਲਾਹ। ਜਨ ਭਗਤਾਂ ਦੇਵੇ ਨਾਮ ਖੁਮਾਰੀਆ, ਜੁਗ ਜੁਗ ਭੇਸ ਵਟਾ। ਨੌ ਦਵਾਰੇ ਕਰੇ ਪਾਰ ਕਿਨਾਰਿਆ, ਘਰ ਦਸਵੇ ਮੇਲਾ ਸਹਿਜ ਸੁਭਾ। ਸੁਰਤੀ ਸ਼ਬਦੀ ਬੰਨੇ ਸਾਚੀ ਧਾਰੀਆ, ਨਾਮ ਡੋਰੀ ਗੰਢ ਪਵਾ। ਆਤਮ ਸੇਜਾ ਮੇਲ ਮਿਲਾਵਾ ਕੰਤ ਭਤਾਰੀਆ, ਨਾਰ ਸੁਹਾਗਣ ਖੁਸ਼ੀ ਰਹੀ ਮਨਾ। ਪਾਇਆ ਪੁਰਖ ਇਕ ਨਿਰੰਕਾਰੀਆ, ਨਿਰਗੁਣ ਵਿਛੜ ਕਦੇ ਨਾ ਜਾ। ਘਰ ਮੰਦਰ ਸੋਹੇ ਸਚ ਦਵਾਰੀਆ, ਹਰਿ ਮੰਦਰ ਵਸਿਆ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ ਕਰੇ ਕਰਾਏ ਸਚ ਨਿਆਂ। ਜੁਗਾਂ ਜੁਗੰਤਰ ਜੁਗ ਜੁਗ ਖੇਲ, ਜੁਗ ਕਰਤਾ ਆਪ ਕਰਾਈਆ। ਬੁਝਾਏ ਬਸੰਤਰ ਜਨ ਭਗਤਾਂ ਮੇਲ, ਘਰ ਮੰਦਰ ਆਪ ਕਰਾਈਆ। ਜਾਣੇ ਅੰਤਰ ਹਰਿ ਸੱਜਣ ਸਹੇਲ, ਸਤਿਗੁਰ ਪੂਰਾ ਨਾਉਂ ਧਰਾਈਆ। ਏਕਾ ਮੰਤਰ ਅਚਰਜ ਪਾਰਬ੍ਰਹਮ ਪ੍ਰਭ ਖੇਲ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਨ ਪੁਰਖ ਅਬਿਨਾਸ਼ੀ ਦਾਤਾ ਦਾਨੀ ਦਰਦ ਭੈ ਭੰਜਨ ਹਰਿ ਭਗਤਨ ਬੇੜਾ ਪਾਰ ਕਰਾਈਆ। ਭਗਤਨ ਮੇਲਾ ਹਰਿ ਭਗਵੰਤ, ਘਰ ਮੰਦਰ ਮੇਲ ਮਿਲਾਇੰਦਾ। ਸਚ ਦਵਾਰੇ ਸੋਹਨ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਜਾਗਰਤ ਜੋਤ ਬਣਾਏ ਬਣਤ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਹਰਿਜਨ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਪਾਰਬ੍ਰਹਮ ਪ੍ਰਭ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਖੇਲ ਅਵੱਲਾ, ਅਲਖ ਅਲਖਣਾ ਆਪ ਕਰਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਵੇਸ ਵਟਾਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪ੍ਰਭਾਸ ਉਚੇ ਟਿਲੇ ਪਰਬਤ ਫੋਲ ਫੁਲਾਈਆ। ਜਨ ਭਗਤਾਂ ਅੰਦਰ ਆਤਮ ਅੰਤਰ ਜੋਤੀ ਸ਼ਬਦੀ ਰਲਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਸਚ ਸਿੰਘਾਸਨ ਸ਼ਾਹੋ ਸ਼ਾਬਾਸਨ ਕਾਇਆ ਮੰਦਰ ਆਪੇ ਮੱਲਾ, ਆਤਮ ਸੇਜਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਪਾਰਬ੍ਰਹਮ, ਹਰਿ ਹਰਿ ਨਾਮ ਕਰੇ ਕੁੜਮਾਈਆ।
