੨੭ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਸਾਧੂ ਸਿੰਘ ਦੇ ਘਰ
ਹਰਿ ਮੰਦਰ ਹਰਿ ਸੁਹਾਇਆ, ਹਰਿ ਵਸੇ ਗਹਿਰ ਗੰਭੀਰ। ਹਰਿ ਮੰਦਰ ਹਰਿ ਜੋਤ ਜਗਾਇਆ, ਹਰਿ ਵੇਖੇ ਚੋਟੀ ਚੜ ਅਖੀਰ। ਹਰਿ ਮੰਦਰ ਹਰਿ ਰਾਗ ਅਲਾਇਆ, ਹਰਿ ਅੰਮ੍ਰਿਤ ਬਖਸ਼ੇ ਠੰਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਲੀ ਚਿਟੀ ਇਕ ਲਕੀਰ। ਨਿਰਗੁਣ ਚਿਟੀ ਧਾਰ, ਸਰਗੁਣ ਕਾਲਾ ਰੰਗ ਰੰਗਾਈਆ। ਦੋਹਾਂ ਵਿਚੋਲਾ ਆਪ ਨਿਰੰਕਾਰ, ਤਖਤ ਨਵਾਸੀ ਬੇਪਰਵਾਹੀਆ। ਸਚਖੰਡ ਨਿਵਾਸੀ ਏਕੰਕਾਰ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ । ਸਰਗੁਣ ਜੋਤੀ ਕਰ ਉਜਿਆਰ, ਆਪ ਆਪਣੀ ਕਰੇ ਰੁਸ਼ਨਾਈਆ। ਸਾਚਾ ਮੰਦਰ ਸੁਹਾਏ ਬੰਕ ਦਵਾਰ, ਜਿਸ ਘਰ ਬੈਠਾ ਬੇਪਰਵਾਹੀਆ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਗਿਆਨੀ ਧਿਆਨੀ ਨਾ ਪਾਵੇ ਕੋਈ ਸਾਰ, ਬੇਅੰਤ ਬੇਅੰਤ ਬੇਅੰਤ ਰਹੇ ਸਰਬ ਗਾਈਆ। ਸਾਧ ਸੰਤ ਰਹੇ ਪੁਕਾਰ, ਭਗਤ ਮੰਗਣ ਬਣ ਭਿਖਾਰ, ਗੁਰਮੁਖ ਢਹਿ ਢਹਿ ਕਰਨ ਨਿਮਸਕਾਰ, ਗੁਰਸਿਖ ਬਾਹਾਂ ਰਹੇ ਹੁਲਾਰ, ਮਨਮੁਖ ਰੋਵਨ ਜ਼ਾਰੋ ਜ਼ਾਰ, ਪਾਰਬ੍ਰਹਮ ਪ੍ਰਭ ਖੇਲ ਅਪਾਰ, ਹਰਿਮੰਦਰ ਸੋਹੇ ਇਕ ਦਵਾਰ, ਸਚ ਮਹੱਲਾ ਇਕ ਅਕੱਲਾ ਨਿਰਗੁਣ ਦਾਤਾ ਪੁਰਖ ਬਿਧਾਤਾ ਆਪ ਆਪਣਾ ਰਿਹਾ ਸੁਹਾਈਆ। ਹਰਿ ਮੰਦਰ ਸੁਹਾਏ ਸੋਭਾਵੰਤ, ਹਰਿ ਸੱਚਾ ਸੱਚੀ ਵਡ ਵਡਿਆਈਆ। ਸਰਬ ਜੀਆਂ ਦਾ ਏਕਾ ਕੰਤ, ਲੱਖ ਚੁਰਾਸੀ ਨਾਰੀ ਨਰ ਨਰਾਇਣ ਪਰਨਾਈਆ। ਲੇਖੇ ਲਾਏ ਸਾਚਾ ਸੰਤ, ਜਿਸ ਜਨ ਆਪਣੇ ਰੰਗ ਰੰਗਾਈਆ। ਰਸਨਾ ਜਿਹਵਾ ਮਨੀਆ ਮੰਤ, ਅਨਡਿਠੜਾ ਸ਼ਬਦ ਚਲਾਈਆ। ਦੋ ਜਹਾਨ ਬਣਾਏ ਬਣਤ, ਲੋਕਮਾਤ ਵੇਖ ਵਖਾਈਆ। ਪੁਰਖ ਅਕਾਲ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਖੋਲ੍ਹ ਸਚ ਦਰਵਾਜ਼ਾ, ਖੇਲੇ ਖੇਲ ਗਰੀਬ ਨਵਾਜਾ, ਜਨ ਭਗਤਾਂ ਮਾਰੇ ਸ਼ਬਦ ਅਗੰਮੀ ਵਾਜਾਂ, ਨਾਦ ਅਨਾਦੀ ਇਕ ਵਜਾਈਆ। ਨਾਦ ਅਨਾਦ ਸੱਚੀ ਧੁਨਕਾਰ, ਧੁਨ ਆਤਮਕ ਆਪ ਰਖਾਇੰਦਾ। ਸਗਲ ਸ੍ਰਿਸ਼ਟੀ ਸੁਣਨੇਹਾਰ, ਸੁੰਨ ਸਮਾਧ ਸਮਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਅੰਦਰ ਮੰਦਰ ਮੇਲ ਮਿਲਾਇੰਦਾ। ਘਰ ਮੇਲਾ ਕੰਤ ਭਤਾਰ, ਸਾਚੀ ਸਖੀਆਂ ਵੇਖ ਵਖਾਇੰਦਾ। ਦਿਵਸ ਰੈਣ ਮੰਗਲਾਚਾਰ, ਢੋਲਾ ਸੋਹਲਾ ਏਕਾ ਗਾਇੰਦਾ। ਗੁਰਮੁਖ ਨਾਰੀ ਕਰ ਸ਼ੰਗਾਰ, ਆਸਨ ਸੋਲਾਂ ਤਨ ਸ਼ੰਗਾਰ ਕਰਾਇੰਦਾ। ਨੇਤਰ ਨੈਣਾ ਨਾਮ ਕਜਲਾ ਤਿਖੀ ਧਾਰ, ਦੋ ਧਾਰਾ ਮੁਖ ਭਵਾਇੰਦਾ। ਰਾਹ ਤੱਕੇ ਹਰਿ ਸੱਜਣ ਮੀਤ ਮੁਰਾਰ, ਆਪ ਆਪਣੀ ਭੁਜਾ ਉਠਾਇੰਦਾ। ਪਾ ਗਲਵਕੜੀ ਮਿਲੇ ਨਿਰੰਕਾਰ, ਸੁਰਤ ਸਵਾਣੀ ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਠੰਡਾ ਜਲ ਪਾਣੀ ਦੇਵੇ ਵਾਰ, ਜੋਤ ਨਿਰੰਜਨ ਸੇਵਾ ਲਾਇੰਦਾ। ਧੁਰ ਦੀ ਬਾਣੀ ਸਾਚੀ ਰਾਣੀ ਭਗਤ ਪਛਾਨੀ ਆਪੇ ਗਾਏ ਆਪਣੀ ਵਾਰ, ਆਪਣੀ ਧਾਰ ਆਪ ਚਲਾਇੰਦਾ। ਆਪੇ ਉਤਪਤ ਕਰੇ ਸਰਬ ਸੰਸਾਰ ਲਖ ਚੁਰਾਸੀ ਆਪੇ ਪਾਰ ਕਰਾਇੰਦਾ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਮਰੇ ਨਾ ਜੰਮੇ ਵਿਚ ਸੰਸਾਰ, ਮਰਨ ਜੀਵਤ ਜੀਵਤ ਮਰਨ ਏਕਾ ਰੰਗ ਵਖਾਇੰਦਾ। ਘਰ ਮੰਦਰ ਵੇਖੇ ਹਰੀ ਦਵਾਰ, ਹਰਿ ਸਾਚਾ ਆਸਨ ਲਾਇੰਦਾ। ਕਮਲਾਪਾਤੀ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਬੇੜਾ ਕਰ ਜਾਏ ਪਾਰ, ਸ਼ੌਹ ਦਰਯਾ ਨਾ ਕੋਏ ਰੁੜਾਇੰਦਾ। ਹਰਿ ਸੰਗਤ ਮੇਲਾ ਇਕ ਨਿਰੰਕਾਰ, ਨਾਮ ਭੋਜਨ ਇਕ ਖਵਾਇੰਦਾ। ਸਾਚੀ ਪੰਗਤ ਸੋਹੇ ਦਰਬਾਰ, ਕਾਇਆ ਰੰਗਤ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚੁਕਾਏ ਜਗਤ ਡਰ, ਨਿਰਭੈ ਭੈ ਆਪਣਾ ਇਕ ਵਿਖਾਇੰਦਾ।
